ਸੋਲੀਹੁੱਲ ਕੌਂਸਲ ਦਾ ਪਹਿਲਾ ਸਿੱਖ ਮੇਅਰ ਸਰਦੂਲ ਸਿੰਘ ਮਾਰਵਾ
ਬਰਤਾਨੀਆਂ ਦੇ ਇਤਿਹਾਸ ਵਿੱਚ ਗੋਰਿਆਂ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਦੀ ਕੌਂਸਲ
ਸੋਲੀਹੁੱਲ ਦਾ ਪਹਿਲੀ ਵਾਰ ਸਰਦੂਲ ਸਿੰਘ ਮਾਰਵਾ ਮੇਅਰ ਬਣਿਆਂ ਹੈ। ਜ਼ਿੰਦਗੀ ਜਦੋਜਹਿਦ ਤੇ ਮਿਹਨਤ
ਦਾ ਦੂਜਾ ਨਾਮ ਹੈ। ਅਨੇਕਾਂ ਰੁਕਾਵਟਾਂ ਅਤੇ ਸਮੱਸਿਆਵਾਂ ਹੋਣ ਦੇ ਬਾਵਜੂਦ ਜਦੋਜਹਿਦ ਅਤੇ ਮਿਹਨਤ ਕਰਨ
ਵਾਲਾ ਵਿਅਕਤੀ ਸਫਲਤਾ ਦੀਆਂ ਬੁਲੰਦੀਆਂ ‘ਤੇ ਪਹੁੰਚ ਜਾਂਦਾ ਹੈ। ਬਰਤਾਨੀਆਂ ਦੇ ਬਰਮਿੰਘਮ ਇਲਾਕੇ
ਵਿੱਚ ਰਹਿਣ ਵਾਲਾ ਸਰਦੂਲ ਸਿੰਘ ਮਾਰਵਾ ਜਦੋਜਹਿਦ ਦੀ ਭੱਠੀ ਵਿੱਚੋਂ ਨਿਕਲਿਆ ਖ਼ਰਾ ਸੋਨਾ ਹੈ,
ਜਿਹੜਾ ਆਪਣੀ ਮਿਹਨਤ ਤੇ ਜਦੋਜਹਿਦ ਦੇ ਸਦਕੇ ਗੋਰਿਆਂ ਦੀ
ਵਸੋਂ ਵਾਲੇ ਵੈਸਟ ਮਿਡਲੈਂਡ ਇਲਾਕੇ ਵਿੱਚ
ਸੋਲੀਹੁੱਲ ਕੌਂਸਲ ਦਾ ਸਰਬਸੰਮਤੀ ਨਾਲ ਮੇਅਰ ਚੁਣਿਆਂ ਗਿਆ ਹੈ। ਪੰਜਾਬੀਆਂ ਦਾ ਇਹ ਖਾਸ ਗੁਣ ਹੈ,
ਜਿਥੇ ਵੀ ਪਰਵਾਸ ਕਰਕੇ ਜਾਂਦੇ ਹਨ, ਉਥੇ ਹੀ ਉਹ ਆਪਣੀ ਸਫਲਤਾ ਦੇ ਝੰਡੇ ਗੱਡ ਦਿੰਦੇ ਹਨ। ਸੰਸਾਰ
ਦਾ ਕੋਈ ਅਜਿਹਾ ਦੇਸ਼ ਨਹੀਂ ਜਿੱਥੇ ਪੰਜਾਬੀ ਨਾ ਪਹੁੰਚੇ ਹੋਣ, ਪਹੁੰਚੇ ਹੀ ਨਹੀਂ ਸਗੋਂ ਪੰਜਾਬੀਆਂ ਦਾ ਨਾਮ ਰੌਸ਼ਨ ਕਰ ਦਿੱਤਾ, ਖਾਸ ਤੌਰ ‘ਤੇ ਸਿੱਖਾਂ ਦੀ ਪਛਾਣ ਮਿਹਨਤੀ, ਉਦਮੀ, ਧਰਮ
ਨਿਰਪੱਖ, ਇਨਸਾਫ ਪਸੰਦ, ਕਿਰਤ ਕਰੋ ਤੇ ਵੰਡ ਛੱਕੋ ਦੇ ਮੁੱਦਈ ਅਤੇ ਸਰਬੱਤ ਦੇ ਭਲੇ ਦੇ ਪਹਿਰੇਦਾਰ ਦੇ ਤੌਰ ‘ਤੇ
ਸਥਾਪਤ ਕਰ ਦਿੱਤੀ। ਪੰਜਾਬੀਆਂ ਦਾ ਰਾਮਗੜ੍ਹੀਆ
ਭਾਈਚਾਰਾ ਮਿਹਨਤੀ ਤੇ ਹੁਨਰਮੰਦ ਹੈ। ਉਨ੍ਹਾਂ ਨੇ ਆਪਣੀ ਹੁਨਰਮੰਦ ਹੋਣ ਦੀ ਕਾਬਲੀਅਤ ਨਾਲ ਸੰਸਾਰ
ਵਿੱਚ ਆਪਣੇ ਕਾਰੋਬਾਰ ਸਥਾਪਤ ਕਰਕੇ ਹਰ ਦੇਸ ਦੀ ਆਰਥਿਕਤਾ ਨੂੰ ਭਰਵਾਂ ਹੁੰਘਾਰਾ ਦਿੱਤਾ ਹੈ। ਪਰਵਾਸ ਵਿੱਚ ਜਾ ਕੇ ਵੀ ਉਹ ਜਿਸ ਵੀ ਦੇਸ ਵਿੱਚ ਗਏ ਹਨ,
ਉਥੇ ਦੀ ਆਰਥਿਕਤਾ ਨੂੰ ਚਾਰ ਚੰਨ ਲਗਾ ਦਿੱਤੇ ਅਤੇ ਮਾਨਵਤਾ
ਦੀ ਸੇਵਾ ਵਿੱਚ ਵਰਣਨਯੋਗ ਯੋਗਦਾਨ ਪਾਇਆ ਹੈ। ਸਿੱਖੀ ਸੋਚ ਦੇ ਝੰਡੇ ਨੂੰ ਬੁਲੰਦ ਕੀਤਾ ਹੈ। ਇੱਥੇ
ਹੀ ਬਸ ਨਹੀਂ ਪੰਜਾਬੀਆਂ ਨੇ ਤਾਂ ਪਰਵਾਸ ਵਿੱਚ ਸਮਾਜ ਸੇਵਾ ਤੋਂ ਲੈ ਕੇ ਕਾਰੋਬਾਰ ਦੇ ਹਰ ਖੇਤਰ
ਵਿੱਚ ਮੱਲਾਂ ਮਾਰੀਆਂ ਹਨ। ਅਮਰੀਕਾ, ਕੈਨੇਡਾ, ਬਰਤਾਨੀਆਂ, ਆਸਟਰੇਲੀਆ,
ਨਿਊਜੀਲੈਂਡ, ਜਰਮਨ,
ਹਾਲੈਂਡ ਅਫਰੀਕਾ, ਸਮੁੱਚਾ ਯੂਰਪ ਅਤੇ ਸਿੰਘਾਪੁਰ ਦੀ ਸਿਆਸਤ ਵਿੱਚ ਇਤਨੇ ਸਰਗਰਮ ਹਨ ਕਿ ਉਹ ਉਥੋਂ ਦੀ
ਸਿਆਸਤ ਵਿੱਚ ਉਚ ਅਹੁਦੇ ਪ੍ਰਾਪਤ ਕਰਕੇ ਦੇਸ ਦੀ ਤਰੱਕੀ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।
ਬਰਤਾਨੀਆਂ ਵਿੱਚ ਤਾਂ ਇੱਕ ਭਾਰਤੀ/ਪੰਜਾਬੀ ਮੂਲ ਦਾ ਰਿਸ਼ੀ ਸੁਨਕ ਪ੍ਰਧਾਨ ਮੰਤਰੀ ਵੀ ਰਿਹਾ ਹੈ। ਇਸ
ਸਮੇਂ ਅੱਧਾ ਦਰਜਨ ਹਾਊਸ ਆਫ ਕਾਮਨਜ਼ ਦੇ ਮੈਂਬਰ ਹਨ। ਲਗਪਗ ਬਰਤਾਨੀਆਂ ਦੀ ਹਰ ਪਾਰਟੀ ਵਿੱਚ
ਪੰਜਾਬੀਆਂ ਦੀ ਸ਼ਮੂਲੀਅਤ ਹੈ। ਇਸ ਸਮੇਂ ਬਰਤਾਨੀਆਂ ਦੀਆਂ ਸਥਾਨਕ ਸੰਸਥਾਵਾਂ ਵਿੱਚ ਕਈ ਪੰਜਾਬੀ
ਮੇਅਰ ਹਨ। ਇਨ੍ਹਾਂ ਵਿੱਚ ਸਰਦੂਲ ਸਿੰਘ ਮਾਰਵਾ ਵੀ ਸ਼ਾਮਲ ਹੋ ਗਏ ਹਨ, ਜਿਹੜੇ 27 ਮਈ 2026 ਨੂੰ ਸੋਲੀਹੁੱਲ ਦੇ ਸਰਬਸੰਮਤੀ ਨਾਲ ਮੇਅਰ ਚੁਣੇ ਗਏ
ਹਨ। ਉਹ ਵੀ ਰਾਮਗੜ੍ਹੀਆ ਭਾਈਚਾਰੇ ਨਾਲ ਸੰਬੰਧਤ
ਹਨ। ਉਹ ਸੋਲੀਹੁੱਲ ਦੇ ਪਹਿਲੇ ਸਿੱਖ ਮੇਅਰ ਬਣੇ ਹਨ। ਸਰਦੂਲ ਸਿੰਘ ਮਾਰਵਾ ਨੂੰ ਬਰਤਾਨੀਆਂ ਦੇ 99.99 ਫ਼ੀਸਦੀ ਅੰਗਰੇਜ਼ਾਂ (ਗੋਰਿਆਂ) ਦੀ ਆਬਾਦੀ ਵਾਲੇ ਵੈਸਟ
ਮਿਡਲੈਂਡ ਇਲਾਕੇ ਦੀਆਂ 7 ਕੌਂਸਲਾਂ ਵਿੱਚੋਂ ਇੱਕ
ਵੱਡੇ ਮਹੱਤਵਪੂਰਨ ਸ਼ਹਿਰ ਸੋਲੀਹੁੱਲ ਦੀ ਕੌਂਸਲ ਦੇ 51 ਮੈਂਬਰਾਂ ਨੇ ਨਿਰਵਿਰੋਧ ਮੇਅਰ ਚੁਣ ਲਿਆ। ਸਰਦੂਲ ਸਿੰਘ ਮਾਰਵਾ ਵੀ ਰਾਮਗੜ੍ਹੀਆ
ਭਾਈਚਾਰੇ ਨਾਲ ਸੰਬੰਧਤ ਹਨ। ਉਸਦੀ ਸਰਬਸੰਮਤੀ ਨਾਲ ਹੋਈ ਚੋਣ ਤੋਂ ਸਾਬਤ ਹੁੰਦਾ ਹੈ ਕਿ ਸਰਦੂਲ
ਸਿੰਘ ਮਾਰਵਾ ਬਰਤਾਨੀਆਂ ਦੀ ਹਰ ਸਮੁਦਾਇ ਵਿੱਚ ਕਿਤਨੇ ਹਰਮਨ ਪਿਆਰੇ ਹਨ। ਇਸ ਤੋਂ ਪਹਿਲਾਂ ਉਹ 1984 ਵਿੱਚ
ਬਰਮਿੰਘਮ ਸ਼ਹਿਰ ਦੇ ਕੌਂਸਲਰ ਚੁਣੇ ਗਏ ਸਨ। ਉਸ ਸਮੇਂ ਉਸਨੇ ਸਿੱਖ ਧਰਮ ਦੀ ਮਾਨਵਤਾ ਦੀ ਬਰਾਬਰਤਾ
ਦੀ ਵਿਚਾਰਧਾਰਾ ‘ਤੇ ਅਧਾਰਤ ਬਰਤਾਨੀਆਂ ਦੀ ਸੰਸਦ ਵਿੱਚ ਨਸਲੀ ਭੇਦਭਾਵ ਦੇ ਵਿਸ਼ੇ ‘ਤੇ ਭਾਸ਼ਣ ਦਿੱਤਾ
ਸੀ, ਜਿਸ ਕਰਕੇ ਉਹ ਪ੍ਰਸਿੱਧ ਹੋ ਗਏ ਸਨ ਅਤੇ ਉਨ੍ਹਾਂ ਦੀ
ਹਰਮਨ ਪਿਆਰਤਾ ਵਿੱਚ ਵਿਲੱਖਣ ਵਾਧਾ ਹੋਇਆ ਸੀ।
ਸਰਦੂਲ ਸਿੰਘ ਮਾਰਵਾ ਦਾ ਜਨਮ 1947 ਵਿੱਚ ਪਿਤਾ ਅਜੀਤ ਸਿੰਘ ਦੇ ਘਰ ਮਾਤਾ ਪ੍ਰਕਾਸ਼ ਕੌਰ ਦੀ
ਕੁੱਖੋਂ ਪੰਜਾਬ ਦੇ ਜਲੰਧਰ ਜਿਲ੍ਹੇ ਦੇ ਬੰਗਾ ਨੇੜੇ ਝੰਡੇਰ ਪਿੰਡ ਵਿੱਚ ਹੋਇਆ ਸੀ। ਉਹ ਬਚਪਨ ਵਿੱਚ
ਹੀ ਹਰ ਚੀਜ਼ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਸੀ, ਭਾਵ
ਉਸਦੀ ਸਿੱਖਣ ਦੀ ਚੇਸ਼ਟਾ ਸੀ। ਉਹ ਬਹੁਤ ਹੀ ਸ਼ਾਤਰ
ਦਿਮਾਗ ਹੁਸ਼ਿਆਰ ਬੱਚਾ ਸੀ। ਸਰਦੂਲ ਸਿੰਘ ਮਾਰਵਾ ਨੇ ਸੱਤਵੀਂ ਤੱਕ ਦੀ ਪੜ੍ਹਾਈ ਚਰਨ ਕੰਵਲ ਖਾਲਸਾ
ਹਾਈ ਸਕੂਲ ਬੰਗਾ ਤੋਂ ਪ੍ਰਾਪਤ ਕੀਤੀ। ਉਹ ਆਪਣੇ
ਸੁਨਹਿਰੇ ਭਵਿਖ ਲਈ 1960 ਵਿੱਚ ਆਪਣੇ ਮਾਤਾ ਪਿਤਾ ਨਾਲ ਬਰਤਾਨੀਆਂ ਵਿੱਚ ਆ ਗਏ
ਸਨ। ਉਸਨੇ ਬਰਤਾਨੀਆਂ ਵਿੱਚ ਆ ਕੇ ਆਪਣੀ ਸੈਕੰਡਰੀ ਤੱਕ ਦੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਚਾਨਸ ਟੈਕਨੀਕਲ ਕਾਲਜ ਵਿੱਚੋਂ ਇਲੈਕਟ੍ਰੀਕਲ
ਇੰਜਿਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ। ਇਸਤੋਂ ਬਾਅਦ ਡਿਪਲੋਮਾ ਇਨ ਐਜੂਕੇਸ਼ਨ ਐਂਡ ਕੰਪਿਊਟਰ
ਹਾਰਡਵੇਅਰ ਟੈਕਨੀਸ਼ੀਨ ਹੈਂਡਜ਼ਵਰਥ ਕਾਲਜ ਤੋਂ ਪਾਸ ਕੀਤਾ।
ਸਰਦੂਲ ਸਿੰਘ ਮਰਵਾਹਾ ਨੇ ਆਪਣੀ ਪੜ੍ਹਾਈ ਦੀ ਯੋਗਤਾ
ਮੁਕੰਮਲ ਕਰਨ ਤੋਂ ਬਾਅਦ ਵਿੱਚ ਰਾਜਨੀਤੀ ਵਿੱਚ ਹਿੱਸਾ
ਲੈਣਾ ਸ਼ੁਰੂ ਕਰ ਦਿੱਤਾ ਸੀ। ਉਹ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਬਣ ਗਏ। ਉਸਨੇ ਸਖ਼ਤ ਮਿਹਨਤ
ਅਤੇ ਸਮਾਜ ਸੇਵਾ ਕੀਤੀ, ਜਿਸਦੇ ਸਿੱਟੇ ਵਜੋਂ 1982 ਵਿੱਚ ਬਰਮਿੰਘਮ ਸ਼ਹਿਰ ਦੇ ਕਾਊਂਸਲਰ ਬਣ ਗਏ ਅਤੇ ਉਹ ਇਸ
ਅਹੁਦੇ ‘ਤੇ 1988 ਤੱਕ ਰਹੇ। ਇਸ ਸਮੇਂ
ਵਿੱਚ ਆਪਣੀ ਮਿਹਨਤ, ਲਗਨ, ਦਿ੍ਰੜ੍ਹਤਾ ਅਤੇ ਦੂਰ
ਅੰਦੇਸ਼ੀ ਨਾਲ ਉਸਨੇ ਕਈ ਸੀਨਅਰ ਜ਼ਿੰਮੇਵਾਰੀਆਂ ਨਿਭਾਈਆਂ, ਜਿਨ੍ਹਾਂ ਵਿੱਚ ਨਸਲੀ ਸੰਬੰਧਾਂ ਅਤੇ ਸਮਾਨ ਅਵਸਰ ਕਮੇਟੀ ਦੇ ਚੇਅਰਮੈਨ ਅਤੇ ਮਨੋਰੰਜਨ ਸੇਵਾਵਾਂ ਕਮੇਟੀ ਦੇ
ਚੇਅਰਮੈਨ ਦੀਆਂ ਸੇਵਾਵਾਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਯੋਜਨਾ ਕਮੇਟੀ ਤਕਨੀਕੀ ਸੇਵਾਵਾਂ ਕਮੇਟੀ
ਅਤੇ ਵਾਤਾਵਰਨ ਰਾਜ ਸਕੱਤਰ ਦੀ ਪ੍ਰਧਾਨਗੀ ਵਾਲੀ ਅੰਦਰੂਨੀ ਸ਼ਹਿਰ ਭਾਈਵਾਲੀ ਕਮੇਟੀ ਵਿੱਚ ਵੀ ਸੇਵਾ
ਨਿਭਾਈ ਹੈ। ਇਨ੍ਹਾਂ ਸਿਆਸੀ ਸਰਗਰਮੀਆਂ ਕਰਕੇ ਸਰਦੂਲ ਸਿੰਘ ਮਾਰਵਾ ਦੇ ਵਿਅਕਤਿਤਵ ਵਿੱਚ ਨਿਖ਼ਾਰ
ਆਇਆ। ਉਹ ਆਪਣੇ ਪੇਸ਼ੇਵਰ ਕੈਰੀਅਰ ਵਿੱਚ ਇਲੈਕਟ੍ਰੀਕਲ ਇੰਡਸਟਰੀ ਦੇ ਵਿੱਚ ਕੰਮ ਕਰਦੇ ਰਹੇ ਅਤੇ
ਬਾਅਦ ਵਿੱਚ ਐਚ ਐਮ ਪੀ ਬਰਮਿੰਘਮ ਵਿੱਚ ਕੰਮ ਕੀਤਾ। ਆਪਣੇ ਕੈਰੀਅਰ ਦੇ ਨਾਲ ਹੀ ਉਹ ਜਨਤਕ ਸੇਵਾ,
ਸਮਾਨਤਾ ਅਤੇ ਭਾਈਚਾਰਕ ਸ਼ਮੂਲੀਅਤ ਪ੍ਰਤੀ ਜੀਵਨ ਭਰ ਵਚਨਬੱਧਤਾ
ਵਿਕਸਤ ਕੀਤੀ। ਸਰਦੂਲ ਸਿੰਘ ਮਾਰਵਾ ਨੇ 1982
ਤੋਂ 1989 ਤੱਕ ਬਰਮਿੰਘਮ 31 ਪੁਲਿਸ ਸਲਾਹਕਾਰ ਕਮੇਟੀ ਦੀ ਪ੍ਰਧਾਨਗੀ ਕੀਤੀ ਅਤੇ ਹੈਂਡਸਵਰਥ ਦੰਗਿਆਂ ਤੋਂ ਬਾਅਦ ਭਾਈਚਾਰਕ
ਸ਼ਮੂਲੀਅਤ ਵਿੱਚ ਸ਼ਾਮਲ ਰਿਹਾ। ਉਸਨੇ ਸਪੋਰਟਸ
ਕੌਂਸਲ ਬਰਮਿੰਘਮ ਦੇ ਵਾਈਸ ਚੇਅਰਪਰਸਨ ਵਜੋਂ ਵੀ ਸੇਵਾ ਨਿਭਾਈ ਸੀ, ਜਿਸ ਨਾਲ ਨੌਜਵਾਨਾਂ ਵਿੱਚ ਖੇਡਾਂ ਅਤੇ ਮਨੋਰੰਜਨ ਸਰਗਰਮੀਆਂ ਵਿੱਚ ਵਧੇਰੇ ਭਾਗੀਦਾਰੀ
ਨੂੰ ਉਤਸ਼ਾਹਤ ਕਰਨ ਵਿੱਚ ਮਦਦ ਮਿਲੀ। ਇਸੇ ਤਰ੍ਹਾਂ ਸਰਦੂਲ ਸਿੰਘ ਮਾਰਵਾ ਹੋਰ ਬਹੁਤ ਸਾਰੀਆਂ
ਕਮੇਟੀਆਂ ਦਾ ਚੇਅਰਮੈਨ ਤੇ ਮੈਂਬਰ ਰਿਹਾ, ਜਿਨ੍ਹਾਂ ਵਿੱਚ ਸਮਾਨਤਾ
ਅਤੇ ਜਨਤਕ ਸੇਵਾ, ਕਮਿਊਨਿਟੀ ਰਿਲੇਸਨਜ਼
ਕੌਂਸਲ ਬਰਮਿੰਘਮ, ਬਰਮਿੰਘਮ ਏਰੀਆ ਹੈਲਥ
ਅਥਾਰਟੀ, ਵੈਸਟ ਬਰਮਿੰਘਮ ਹੈਲਥ ਅਥਾਰਟੀ, ਬਰਮਿੰਘਮ ਸਿਵਿਕ ਹਾਊਸਿੰਗ ਐਸੋਸੀਏਸਸ਼ਨ, ਕੰਜ਼ਰਵੇਸਨ ਐਡਵਾਈਜ਼ਰੀ ਕਮੇਟੀ ਬਰਮਿੰਘਮ ਅਤੇ ਇਲੈਕਟ੍ਰੀਕਲ,
ਇਲੈਕਟਰਾਨਿਕ ਟੈਲੀਕਮਿਊਨੀਕੇਸ਼ਨ ਅਤੇ ਪਲੰਬਿੰਗ ਯੂਨੀਅਨ ਲਈ
ਰਾਸ਼ਟਰੀ ਕਮੇਟੀ ਸ਼ਾਮਲ ਹਨ। ਉਹ ਵੈਸਟ ਮਿਡਲੈਂਡਜ਼ ਕੇਬਲ ਕਮਿਊਨੀਕੇਸ਼ਨਜ਼ ਦੇ ਸੰਸਥਾਪਕ ਬੋਰਡ ਮੈਂਬਰ
ਵੀ ਸਨ, ਜੋ ਵੈਸਟ ਮਿਡਲੈਂਡਜ਼ ਵਿੱਚ ਕੇਬਲ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਪਹਿਲੀਆਂ ਕੰਪਨੀਆਂ
ਵਿੱਚੋਂ ਇੱਕ ਸੀ। ਉਹ 2023 ਵਿੱਚ ਸੋਲੀਹੁੱਲ
ਮੈਟਰੋਪੋਲੀਟਨ ਬੋਰੋ ਕੌਂਸਲ ਲਈ ਚੁਣੇ ਗਏ ਸਨ, ਮੋਨਕਸਪਾਥ
ਅਤੇ ਹਿੱਲਫੀਲਡ ਵਾਰਡ ਨਾਲ ਸੇਂਟ ਅਲਫੇਜ ਦੀ ਨੁਮਾਇੰਦਗੀ ਕਰਦੇ ਰਹੇ। ਉਸਨੇ ਲਾਇਸੈਂਸਿੰਗ ਕਮੇਟੀ
ਦੇ ਚੇਅਰਮੈਨ, ਯੋਜਨਾ ਕਮੇਟੀ, ਪੁਲਿਸ ਅਤੇ ਅਪਰਾਧ ਪੈਨਲ, ਚਿਲਡਰਨ ਸਰਵਿਸਜ਼ ਐਂਡ ਐਜੂਕੇਸ਼ਨ ਸਕਰੂਟਨੀ ਬੋਰਡ, ਸੋਲੀਹੁੱਲ ਸਕੂਲਜ਼ ਫੋਰਮ, ਆਰਥਿਕ ਵਿਕਾਸ ਅਤੇ
ਪ੍ਰਬੰਧਨ ਵਿਕਾਸ ਸਕਰੂਟਨੀ ਬੋਰਡ ਅਤੇ ਸਟਰਾਂਗਰ ਕਮਿਊਨਿਟੀਜ਼ ਐਂਡ ਨੇਬਰਹੁਡ ਸਰਵਿਸਜ਼ ਸਕਰੂਟਨੀ
ਬੋਰਡ ਵਿੱਚ ਸੇਵਾ ਕਰਦੇ ਰਹੇ। ਉਸ ਦੀਆਂ ਲੋਕ ਸੇਵਾਵਾਂ ਕਰਕੇ 1990
ਵਿੱਚ ਮਹਾਰਾਣੀ ਐਲਜਾਬੈਥ 99 ਨੇ ਸਨਮਾਨਤ ਕੀਤਾ ਸੀ।
ਸਰਦੂਲ ਸਿੰਘ ਮਾਰਵਾ 1995 ਤੋਂ 2019 ਤੱਕ ਜਸਟਿਸ ਆਫ ਦਾ ਪੀਸ ਦੀਆਂ ਸੇਵਾਵਾਂ ਵੀ ਨਿਭਾਉਂਦੇ ਰਹੇ
ਸਨ। ਉਹ ਆਪਣੀ ਸਾਰੀ ਜ਼ਿੰਦਗੀ ਸਭਿਆਚਾਰਕ ਅਤੇ ਸਿਰਜਣਾਤਮਕ ਗਤੀਵਿਧੀਆਂ ਵਿੱਚ ਵੀ ਸਰਗਰਮੀ ਨਾਲ
ਹਿੱਸਾ ਲੈਂਦੇ ਰਹੇ ਹਨ। ਉਸਨੇ 1965 ਵਿੱਚ ‘ਦਾ ਮੁਸਾਫਿਰ’
(ਦਾ ਟ੍ਰੈਵਲਰਜ਼) ਗਰੁਪ ਬਣਾਇਆ, ਜਿਹੜਾ ਬਿ੍ਰਟੇਨ ਵਿੱਚ
ਭੰਗੜਾ ਸਮੂਹਾਂ ਵਿੱਚੋਂ ਮੋਹਰੀ ਦੀ ਭੂਮਿਕਾ ਨਿਭਾਉਂਦਾ ਰਿਹਾ। ਸਰਦੂਲ ਸਿੰਘ ਮਾਰਵਾ ਚੰਗਾ ਵਕਤਾ, ਕਵੀ ਅਤੇ ਲੇਖਕ ਵੀ ਹੈ।
ਸਰਦੂਲ ਸਿੰਘ ਮਾਰਵਾ ਟੈਲੀਵਿਜ਼ਨ ‘ਤੇ ਡੀਬੇਟਸ ਵਿੱਚ ਵੀ ਹਿੱਸਾ ਲੈਂਦੇ ਰਹਿੰਦੇ ਹਨ। ਉਸਦੀ
ਸਭਿਆਚਾਰਕ ਸ਼ਮੂਲੀਅਤ ਜਨਤਕ ਚਰਚਾ ਨੂੰ ਉਤਸ਼ਾਹਤ ਕਰਨ ਵਿੱਚ ਲੰਬੇ ਸਮੇਂ ਤੋਂ ਦਿਲਚਸਪੀ ਰਹੀ ਹੈ। ਉਹ 1983 ਅਤੇ 1997 ਵਿੱਚ ਦੋ ਵਾਰੀ ਸੰਸਦੀ
ਉਮੀਦਵਾਰ ਵਜੋਂ ਅਤੇ 1999 ਵਿੱਚ ਯੂਰਪੀਅਨ ਸੰਸਦ
ਲਈ ਉਮੀਦਵਾਰ ਵਜੋਂ ਵੀ ਖੜ੍ਹੇ ਹੋਏ ਸਨ। ਉਮੀਦ ਕਰਦੇ ਹਾਂ ਕਿ ਉਹ ਸੋਲੀਹੁੱਲ ਇਲਾਕੇ ਦੇ ਵਿਕਾਸ
ਵਿੱਚ ਮਹੱਤਵਪੂਰਨ ਯੋਗਦਾਨ ਪਾਉਣਗੇ।
ਸਰਦੂਲ ਸਿੰਘ ਮਾਰਵਾ ਦਾ ਵਿਆਹ ਸਤਨਾਮ ਕੌਰ ਨਾਲ ਹੋਇਆ,
ਜੋ ਐਲ ਐਲ ਬੀ ਹਨ। ਉਨ੍ਹਾਂ ਦੇ ਤਿੰਨ ਲੜਕੇ ਹਨ, ਜਿਹੜੇ ਆਪੋ ਆਪਣੇ ਕੰਮਾਂ ਵਿੱਚ ਸੈਟਲ ਹਨ।
ਤਸਵੀਰ ਸਰਦੂਲ ਸਿੰਘ
ਮਾਰਵਾ
ਸਾਬਕਾ ਜਿਲ੍ਹਾ ਲੋਕ
ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
Comments
Post a Comment