ਪੰਜਾਬੀ ਭਾਸ਼ ਦਾ ਵਿਦੇਸ਼ਾਂ ਵਿਚ ਪਰਚਮ ਲਹਿਰਾਉਣ ਵਾਲਾ ਸਾਹਿਤਕਾਰ ਰਵਿੰਦਰ ਰਵੀ
ਪੰਜਾਬੀ, ਉਰਦੂ
ਅਤੇ ਅੰਗਰੇਜ਼ੀ ਦਾ ਸਰਬਾਂਗੀ ਪ੍ਰਤਿਭਾਵਾਨ ਸਾਹਿਤਕਾਰ ਰਵਿੰਦਰ ਰਵੀ ਵਿਲੱਖਣ ਸਖ਼ਸ਼ੀਅਤ ਦਾ ਮਾਲਕ ਹੈ।
ਉਸਨੇ ਵਿਦੇਸ਼ ਵਿਚ ਬੈਠਕੇ ਪੰਜਾਬੀ ਮਾਂ ਬੋਲੀ ਦਾ ਕਰਜ਼ ਉਤਾਰਕੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ
ਜਿਤਨੀ ਦੇਰ ਪੰਜਾਬੀ ਆਪਣੀ ਮਾਂ ਬੋਲੀ ਨੂੰ ਨਿਹਾਰਦੇ ਰਹਿਣਗੇ ਉਤਨੀ ਦੇਰ ਪੰਜਾਬੀ ਦਾ ਝੰਡਾ ਹਮੇਸ਼ਾ
ਝੁਲਦਾ ਰਹੇਗਾ। ਪੰਜਾਬੀ ਵਿਚ ਹੁਣ ਤੱਕ ਜਿਤਨਾ ਵੀ ਸਾਹਿਤ ਰਚਨਾ ਹੋਈ ਹੈ, ਉਸ ਉਪਰ ਦੇਸ਼ ਵਿਦੇਸ਼ ਅਤੇ ਪੰਜਾਬ ਵਿਚ ਚਲੀਆਂ ਲਹਿਰਾਂ ਦਾ ਗਹਿਰਾ ਪ੍ਰਭਾਵ ਪਿਆ
ਹੈ। ਬਾਬਾ ਫਰੀਦ ਦੀ ਸੂਫੀ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਧਿਆਤਮਕ,
ਸਿੰਘ ਸਭਾ, ਗਦਰੀ ਬਾਬਿਆਂ, ਦੇਸ ਦੀ ਆਜ਼ਾਦੀ, ਨਕਸਲਵਾੜੀ,
ਸੁਧਾਰਵਾਦੀ, ਪ੍ਰਗਤੀਵਾਦੀ, ਪੰਜਾਬੀ
ਸੂਬਾ, ਰੁਮਾਂਟਿਕ, ਪ੍ਰਯੋਗਵਾਦੀ,
ਖਾੜਕੂਵਾਦ, ਧਰਮ ਯੁੱਧ ਮੋਰਚਾ ਅਤੇ ਕਰੋਨਾ ਲਹਿਰਾਂ ਦੇ
ਗਹਿਰੇ ਪ੍ਰਭਾਵ ਪੰਜਾਬੀ ਸਾਹਿਤ ਦੇ ਵੱਖ-ਵੱਖ ਰੂਪਾਂ ਉਪਰ ਸਾਹਮਣੇ ਆਏ ਹਨ। ਇਨ੍ਹਾਂ ਲਹਿਰਾਂ ਵਿਚ
ਲਿਖੇ ਗਏ ਸਾਹਿਤ ਨੂੰ ਭਾਵੇਂ ਵਕਤੀ ਵੀ ਕਿਹਾ ਗਿਆ ਪ੍ਰੰਤੂ ਇਹ ਸਾਹਿਤ ਇਤਿਹਾਸ ਦਾ ਹਿੱਸਾ ਬਣਕੇ
ਸਾਡੀ ਵਿਰਾਸਤ ਦੇ ਸਮਿਆਂ ਦੀ ਪੜਚੋਲ ਹੀ ਨਹੀਂ ਕਰਦਾ ਸਗੋਂ ਮਨੁੱਖੀ ਅਧਿਕਾਰਾਂ ਤੇ ਪਹਿਰਾ ਦੇਣ ਦੀ
ਜ਼ਿੰਮੇਵਾਰੀ ਵੀ ਨਿਭਾ ਰਿਹਾ ਹੈ। ਉਸੇ ਲੜੀ ਵਿਚ ਰਵਿੰਦਰ ਰਵੀ ਵੱਲੋਂ ਲਿਖੇ ਗਏ ਸਾਹਿਤ ਦੇ ਵੱਖ
ਵੱਖ ਰੂਪਾਂ ਉਪਰ ਪ੍ਰਯੋਗਵਾਦੀ ਲਹਿਰ ਦਾ ਪ੍ਰਭਾਵ ਸਾਫ ਵਿਖਾਈ ਦਿੰਦਾ ਹੈ।
ਪੰਜਾਬੀ ਭਾਸ਼ਾ ਦੀ ਝੋਲੀ ਵਿਚ 60 ਪੁਸਤਕਾਂ ਦਾ ਯੋਗਦਾਨ ਪਾਉਣ ਵਾਲਾ ਰਵਿੰਦਰ ਰਵੀ ਬਹੁੱਪੱਖੀ ਸਰਬਾਂਗੀ ਸਾਹਿਤਕਾਰ
ਹੈ। ਉਨ੍ਹਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ
ਪਰਵਾਸ ਵਿਚ ਬਿਤਾਉਣ ਦੇ ਬਾਵਜੂਦ ਵੀ ਪੰਜਾਬੀ ਬੋਲੀ ਨਾਲੋਂ ਆਪਣਾ ਮੋਹ ਨਹੀਂ ਤੋੜਿਆ ਸਗੋਂ ਪਰਵਾਸ
ਵਿਚ ਜਾਣ ਤੋਂ ਬਾਅਦ ਪੰਜਾਬੀ ਨਾਲ ਉਸਦਾ ਮੋਹ ਹੋਰ ਗੂੜ੍ਹਾ ਹੋ ਗਿਆ। ਭਾਵੇਂ ਪਰਵਾਸ ਵਿਚ
ਰਹਿੰਦਿਆਂ ਉਨ੍ਹਾਂ ਨੇ ਅੰਗਰੇਜ਼ੀ ਸਾਹਿਤ ਬਹੁਤ
ਮਾਤਰਾ ਵਿਚ ਪੜਿ੍ਹਆ। ਪੰਜਾਬ ਵਿਚ ਰਹਿੰਦਿਆਂ ਤਾਂ ਉਸਨੇ 4
ਪੁਸਤਕਾਂ ਹੀ ਪ੍ਰਕਾਸ਼ਤ ਕਰਵਾਈਆਂ ਸਨ, ਬਾਕੀ 56
ਪੁਸਤਕਾਂ ਕੀਨੀਆਂ ਅਤੇ ਕੈਨੇਡਾ ਵਿਚ ਰਹਿੰਦਿਆਂ ਲਿਖੀਆਂ ਹਨ। ਉਨ੍ਹਾਂ ਨੇ ਸਾਹਿਤ ਦੇ
ਸਾਰੇ ਰੂਪਾਂ ਕਵਿਤਾ, ਕਹਾਣੀ, ਕਾਵਿ
ਨਾਟਕ, ਜੀਵਨੀ, ਵਾਰਤਕ ਅਤੇ
ਆਲੋਚਨਾ ਦੇ ਖੇਤਰ ਵਿਚ ਲਿਖਕੇ ਸਾਹਿਤਕ ਜਗਤ ਵਿਚ ਆਪਣਾ ਮਹੱਤਵਪੂਰਨ ਸਥਾਨ ਬਣਾਇਆ ਹੈ। ਆਮ ਤੌਰ ਤੇ
ਕਿਹਾ ਜਾਂਦਾ ਹੈ ਕਿ ਪਰਵਾਸ ਵਿਚ ਇਨਸਾਨ ਕੰਮ ਕਾਰ ਵਿਚ ਬਹੁਤਾ ਰੁਝਿਆ ਹੋਣ ਕਰਕੇ ਉਸ ਕੋਲ ਸਮੇਂ
ਦੀ ਘਾਟ ਹੁੰਦੀ ਹੈ। ਪ੍ਰੰਤੂ ਰਵਿੰਦਰ ਰਵੀ ਨੇ ਜਿਥੇ ਆਪਣੇ ਕਿੱਤੇ ਵਿਚ ਅਧਿਆਪਕ ਦੇ ਤੌਰ ਮਲਾਂ
ਮਾਰੀਆਂ ਹਨ, ਉਥੇ ਹੀ ਉਨ੍ਹਾਂ ਸਾਹਿਤਕ ਖੇਤਰ ਵਿਚ ਵੀ
ਨਾਮਣਾ ਖੱਟਿਆ ਹੈ। ਇਕ ਸੰਸਥਾ ਜਿਤਨਾ ਕੰਮ ਕੀਤਾ ਹੈ। ਰਵਿੰਦਰ ਰਵੀ ਨੇ ਸਭ ਤੋਂ ਪਹਿਲਾਂ 1955 ਵਿਚ ਕਵਿਤਾ ਲਿਖਣੀ ਸ਼ੁਰੂ ਕੀਤੀ ਸੀ ਪ੍ਰੰਤੂ ਉਸਦੀ ਪਹਿਲੀ ਕਵਿਤਾ ਦੀ ਪੁਸਤਕ
‘ਦਿਲ ਦਰਿਆ ਸਮੁੰਦਰੋਂ ਡੂੰਘੇ’ 1961 ਵਿਚ ਪ੍ਰਕਾਸ਼ਤ ਹੋਈ। ਉਸਤੋਂ ਬਾਅਦ ਦੂਜੀ
ਕਹਾਣੀਆਂ ਦੀ ਪੁਸਤਕ ਉਸਨੇ 1963 ਵਿਚ ਪ੍ਰਕਾਸ਼ਤ ਕੀਤੀ। ਉਸਤੋਂ ਬਾਅਦ ਤਾਂ ਫਿਰ
ਚਲ ਸੋ ਚਲ ਲਗਾਤਰ 1982 ਤੱਕ 60
ਪੁਸਤਕਾਂ ਲਿਖਕੇ ਪ੍ਰਕਾਸ਼ਤ ਕਰਵਾਈਆਂ। 1960 ਵਿਚ ਪ੍ਰਯੋਗਵਾਦੀ
ਕਵਿਤਾਵਾਂ ਲਿਖਣ ਦੀ ਲਹਿਰ ਸਮੇਂ ਰਵਿੰਦਰ ਰਵੀ ਮੁੱਢਲੇ ਤਿੰਨ ਪ੍ਰਯੋਗਵਾਦੀ ਕਵਿਤਾ ਲਿਖਣ ਵਾਲੇ
ਕਵੀਆਂ ਜਸਵੀਰ ਸਿੰਘ ਆਹਲੂਵਾਲੀਆ, ਸੁਖਪਾਲਵੀਰ ਸਿੰਘ ਹਸਰਤ ਅਤੇ ਖੁਦ ਮੋਹਰੀ ਦੀ
ਭੂਮਿਕਾ ਨਿਭਾ ਰਿਹਾ ਸੀ। ਉਸਨੇ ਕਵਿਤਾ ਦੀਆਂ 24, ਕਾਵਿ ਨਾਟਕ 16,
ਕਹਾਣੀਆਂ 9, ਸਾਹਿਤਕ ਆਲੋਚਨਾ 4, ਵਾਰਤਕ 4, ਯਾਤਰਾ 1, ਜੀਵਨੀ
1, ਸ਼ਾਹ ਮੁਖੀ ਵਿਚ ਕਵਿਤਾ ਦੀਆਂ 6 ਅਤੇ ਕਾਵਿ ਨਾਟਕ ਦੀਆਂ 10 ਪੁਸਤਕਾਂ
ਪ੍ਰਕਾਸ਼ਤ ਕਰਵਾਈਆਂ। 50 ਕਹਾਣੀਆਂ ਵੀ ਸ਼ਾਹਮੁਖੀ ਵਿਚ ਪ੍ਰਕਾਸ਼ਤ ਹੋਈਆਂ
ਹਨ। ਉਨ੍ਹਾਂ ਨੇ ਕੁਝ ਪੁਸਤਕਾਂ ਸੰਪਾਦਿਤ ਵੀ ਕੀਤੀਆਂ। ਰਵਿੰਦਰ ਰਵੀ ਦੀਆਂ ਪੁਸਤਕਾਂ ਹਿੰਦੀ ਅਤੇ
ਉਰਦੂ ਵਿਚ ਅਨੁਵਾਦ ਵੀ ਹੋਈਆਂ। ਉਸਨੇ ਅੰਗਰੇਜ਼ੀ ਵਿਚ ਵੀ ਪੁਸਤਕਾਂ ਲਿਖੀਆਂ। ਇਸ ਲਈ ਉਨ੍ਹਾਂ ਨੂੰ
ਬਹੁਪੱਖੀ ਸਾਹਿਤਕਾਰ ਕਿਹਾ ਜਾਂਦਾ ਹੈ। 84 ਸਾਲ ਦੀ ਉਮਰ ਵਿਚ ਵੀ ਉਹ ਆਪਣੀ ਦੀ ਕਲਮ
ਕਰਾਮਾਤ ਵਿਖਾ ਰਿਹਾ ਹੈ।
ਰਵਿੰਦਰ ਸਿੰਘ ਗਿੱਲ ਸਾਹਿਤਕ ਨਾਮ ਰਵਿੰਦਰ ਰਵੀ
ਦਾ ਜਨਮ ਸਰਕਾਰੀ ਰਿਕਾਰਡ ਮੁਤਾਬਕ 8 ਮਾਰਚ 1938
ਨੂੰ ਪਿਤਾ ਪਿਆਰਾ ਸਿੰਘ ਗਿੱਲ ਅਤੇ ਮਾਤਾ ਚਰਨਜੀਤ ਕੌਰ ਦੇ ਘਰ ਸਿਆਲਅਕੋਟ ਵਿਚ ਹੋਇਆ, ਜਿਥੇ ਉਨ੍ਹਾਂ ਦਾ ਪਿਤਾ ਅਧਿਆਪਕ ਲੱਗਿਆ ਹੋਇਆ ਸੀ। ਪ੍ਰਾਇਮਰੀ ਤੱਕ ਦੀ ਪੜ੍ਹਾਈ
ਉਨ੍ਹਾਂ ਸਿਆਲਕੋਟ ਵਿਚ ਹੀ ਕੀਤੀ। ਦੇਸ਼ ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਆਪਣੇ ਜੱਦੀ ਪਿੰਡ
ਜਗਤਪੁਰ ਜਿਲ੍ਹਾ ਜਲੰਧਰ ਵਿਚ ਆ ਗਿਆ। ਅੱਜ ਕਲ੍ਹ ਇਹ ਪਿੰਡ ਨਵਾਂ ਸ਼ਹਿਰ ਜਿਲ੍ਹੇ ਵਿਚ ਹੈ। ਉਨ੍ਹਾਂ
ਨੇ ਦਸਵੀਂ ਖਾਲਸਾ ਹਾਈ ਸਕੂਲ ਸਰਹਾਲ ਕਾਜ਼ੀਆਂ ਤੋਂ 1952
ਵਿਚ ਪਾਸ ਕੀਤੀ। ਉਨ੍ਹਾਂ ਦਾ ਪਿਤਾ ਰਵਿੰਦਰ ਰਵੀ ਨੂੰ ਡਾਕਟਰ ਬਣਾਉਣਾ ਚਾਹੁੰਦਾ ਸੀ, ਇਸ ਲਈ ਉਨ੍ਹਾਂ ਨੂੰ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਐਫ ਐਸ ਸੀ ਮੈਡੀਕਲ ਵਿਚ
ਦਾਖਲ ਕਰਵਾ ਦਿੱਤਾ ਗਿਆ ਪ੍ਰੰਤੂ ਉਨ੍ਹਾਂ ਦੀ ਮੈਡੀਕਲ ਦੀ ਪੜ੍ਹਾਈ ਵਿਚ ਦਿਲਚਸਪੀ ਨਹੀਂ ਸੀ। ਫਿਰ
ਉਹ ਜੂਨੀਅਰ ਬੇਸਿਕ ਟਰੇਨਿੰਗ ਕਰਕੇ 1956 ਵਿਚ ਆਪਣੇ ਪਿੰਡ ਹੀ ਅਧਿਆਪਕ ਲੱਗ ਗਏ।
ਉਸਤੋਂ ਬਾਅਦ ਉਨ੍ਹਾਂ ਨੇ ਸਾਰੀ ਪੜ੍ਹਾਈ ਪ੍ਰਾਈਵੇਟਲੀ ਕੀਤੀ। ਪਹਿਲਾਂ ਗਿਆਨੀ, ਬੀ ਏ ਆਨਰਜ਼, ਐਮ ਏ ਪੰਜਾਬੀ ਅਤੇ ਬੀ ਟੀ ਪਾਸ ਕੀਤੀ। 4 ਦਸੰਬਰ 1960 ਨੂੰ ਉਨ੍ਹਾਂ ਦਾ ਵਿਆਹ ਕਸ਼ਮੀਰ ਕੌਰ ਨਾਲ ਹੋ ਗਿਆ। ਉਨ੍ਹਾਂ ਦੇ ਦੋ ਲੜਕੇ
ਅੰਮਿ੍ਰਤਪਾਲ ਸਿੰਘ ਸ਼ੇਰਗਿੱਲ ਅਤੇ ਸਹਿਜਪਾਲ ਸਿੰਘ ਸ਼ੇਰਗਿੱਲ ਹਨ। ਉਨ੍ਹਾਂ ਦੀ ਨੂੰਹ ਪਲਬਿੰਦਰ ਕੌਰ
ਸ਼ੇਰਗਿਲ ਕੈਨੇਡਾ ਦੀ ਸੁਪਰੀਮ ਕੋਰਟ ਦੀ ਜੱਜ ਹੈ। ਦਸ ਸਾਲ ਪੜ੍ਹਾਉਣ ਤੋਂ ਬਾਅਦ ਸੁਨਹਿਰੇ ਭਵਿਖ ਲਈ
1967 ਵਿਚ ਕੀਨੀਆਂ ਚਲੇ ਗਏ। ਉਥੇ ਵੀ 8 ਸਾਲ ਪੜ੍ਹਾਉਣ ਤੋਂ ਬਾਅਦ ਜਦੋਂ ਪੱਕੇ ਨਾ ਹੋਏ ਤਾਂ 1974 ਵਿਚ ਅਮਰੀਕਾ ਚਲੇ ਗਏ ਪ੍ਰੰਤੂ ਉਥੇ ਵੀ ਨੌਕਰੀ ਨਾ ਮਿਲੀ ਫਿਰ ਉਹ ਕੈਨੇਡਾ ਆ ਗਏ।
ਨੌਕਰੀ ਲਈ ਏਥੇ ਜਦੋਜਹਿਦ ਕਰਨੀ ਪਈ ਪ੍ਰੰਤੂ ਅਖ਼ੀਰ ਇਕ ਸਕੂਲ ਵਿਚ ਅਧਿਆਪਕ ਦੀ ਨੌਕਰੀ ਲੱਗ ਗਈ
ਜਿਥੇ 27 ਸਾਲ ਤੋਂ ਵੱਧ ਸਮਾਂ ਪੜ੍ਹਾਉਣ ਤੋਂ ਬਾਅਦ 2003 ਵਿਚ ਸੇਵਾ ਮੁਕਤ ਹੋ ਗਏ।
ਰਵਿੰਦਰ ਰਵੀ ਲਈ ਮਾਣ ਦੀ ਗੱਲ ਹੈ ਕਿ ਉਸਦੀਆਂ
ਰਚਨਾਵਾਂ ਉਪਰ 5 ਵਿਦਿਆਰਥੀਆਂ ਨੇ ਪੀ ਐਚ ਡੀ ਅਤੇ 8 ਵਿਦਿਆਰਥੀਆਂ ਨੇ ਐਮ ਫਿਲ ਕੀਤੀ ਹੈ। ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਲਾਹੌਰ
ਵਿਖੇ ਵੀ ਇਕ ਵਿਦਿਆਰਥੀ ਨੇ ਪੀ ਐਚ ਡੀ ਕੀਤੀ ਹੈ। ਉਸ ਦੀਆਂ ਪੁਸਤਕਾਂ ਪੰਜਾਬ, ਪੰਜਾਬੀ, ਗੁਰੂ ਨਾਨਕ ਦੇਵ ਅਤੇ ਦਿੱਲੀ ਯੂਨੀਵਰਸਿਟੀਆਂ
ਵਿਚ ਬੀ ਏ ਅਤੇ ਐਮ ਏ ਦੀਆਂ ਕਲਾਸਾਂ ਵਿਚ ਲੱਗੀਆਂ ਹੋਈਆਂ ਹਨ। ਇਸੇ ਤਰ੍ਹਾਂ ਕਾਇਦੇ ਆਜ਼ਮ
ਯੂਨੀਵਰਸਿਟੀ ਇਸਲਾਮਾਬਾਦ ਪਾਕਿਸਤਾਨ ਵਿਚ ਐਮ ਏ ਵਿਚ ਉਨ੍ਹਾਂ ਦੀਆਂ ਪੁਸਤਕਾਂ ਲੱਗੀਆਂ ਹੋਈਆਂ ਹਨ।
ਉਨ੍ਹਾਂ ਦੇ ਕਾਵਿ ਨਾਟਕ ਸਭ ਤੋਂ ਜ਼ਿਆਦਾ ਪੰਜਾਬ ਵਿਚ ਚੋਟੀ ਦੇ ਨਾਟਕ ਡਾਇਰੈਕਟਰਾਂ ਜਿਨ੍ਹਾਂ ਵਿਚ
ਸੁਰਜੀਤ ਸਿੰਘ ਸੇਠੀ, ਭਾਅ ਗੁਰਸ਼ਰਨ ਸਿੰਘ, ਕੇਵਲ ਧਾਲੀਵਾਲ, ਅਜਮੇਰ ਔਲਖ, ਡਾ
ਸਾਹਿਬ ਸਿੰਘ, ਸ਼ੁਭਾਸ਼ ਪੁਰੀ, ਕਿਰਤੀ
ਕਿਰਪਾਲ ਅਤੇ ਪ੍ਰੀਤਮ ਸਿੰਘ ਢੀਂਡਸਾ ਵੱਲੋਂ ਖੇਡੇ ਗਏ। ਉਨ੍ਹਾਂ ਦੇ 12
ਨਾਟਕ ਬਹੁਤ ਹੀ ਹਰਮਨ ਪਿਆਰੇ ਹੋਏ ਅਤੇ ਵਾਰ ਵਾਰ ਖੇਡੇ ਗਏ, ਉਨ੍ਹਾਂ
ਵਿਚ ਬੀਮਾਰ ਸਦੀ, ਰੂਹ ਪੰਜਾਬ ਦੀ, ਚੌਕ
ਨਾਟਕ, ਮਕਰੀ ਨਾਟਕ, ਸਿਫਰ
ਨਾਟਕ, ਮਖੌਟੇ ਹਸਦੇ, ਮਨ
ਦੇ ਹਾਣੀ, ਚਕਰਵਿਊ ਤੇ ਪਿਰਾਮਿਡ, ਅੱਧੀ
ਰਾਤ ਦੁਪਹਿਰ, ਰੁਕੇ ਹੋਏ ਯਥਾਰਥ ਅਤੇ ਹੋਂਦ ਨਿਹੋਂਦ ਆਦਿ
ਸ਼ਾਮਲ ਹਨ। ਯੂਨੀਵਰਸਿਟੀਆਂ ਦੇ ਯੂਥ ਫੈਸਟੀਵਲਾਂ ਵਿਚ ਉਨ੍ਹਾਂ ਦੇ ਨਾਟਕ ਆਮ ਖੇਡੇ ਜਾਂਦੇ ਅਤੇ
ਹਮੇਸ਼ਾ ਇਨਾਮ ਜਿੱਤਦੇ ਸਨ। ਉਨ੍ਹਾਂ ਨੂੰ ਦੇਸ਼ ਅਤੇ
ਵਿਦੇਸ ਦੀਆਂ ਸਰਕਾਰੀ ਅਤੇ ਗ਼ੈਰ ਸਰਕਾਰੀ 50 ਸੰਸਥਾਵਾਂ ਨੇ
ਮਾਣ ਸਨਮਾਨ ਦੇ ਕੇ ਨਿਵਾਜ਼ਿਆ। ਪੰਜਾਬ ਆਰਟਸ ਕੌਂਸਲ ਨੇ ਜਦੋਂ ਡਾ ਮਹਿੰਦਰ ਸਿੰਘ ਰੰਧਾਵਾ ਉਸਦੇ
ਪ੍ਰਧਾਨ ਸਨ ਤਾਂ 1980 ਵਿਚ ਸ਼ਰੋਮਣੀ ਸਾਹਿਤਕਾਰ ਅਵਾਰਡ (ਵਿਦੇਸ਼ੀ)
ਦੇ ਕੇ ਸਨਮਾਨਿਤ ਕੀਤਾ। ਭਾਸ਼ਾ ਵਿਭਾਗ ਪੰਜਾਬ ਨੇ ਆਪਨੂੰ 1983
ਵਿਚ ਉਨ੍ਹਾਂ ਦੇ ਨਾਟਕ ‘ਅੱਧੀ ਰਾਤ ਦੁਪਹਿਰ’ ‘ਤੇ ਈਸ਼ਵਰ ਚੰਦਰ ਨੰਦਾ ਪੁਰਸਕਾਰ ਦੇ ਕੇ ਸਨਮਾਨਤ
ਕੀਤਾ।
ਹੈਰਾਨੀ ਇਸ ਗੱਲ ਦੀ ਹੈ ਕਿ ਰਵਿੰਦਰ ਰਵੀ ਨੇ ਆਪਣੀ ਸਾਰੀ ਪੜ੍ਹਾਈ ਪੰਜਾਬੀ ਮਾਧਿਅਮ ਵਿਚ
ਕੀਤੀ ਪ੍ਰੰਤੂ ਉਹ ਕੀਨੀਆਂ ਵਿਚ 8 ਸਾਲ ਅਤੇ ਕੈਨੇਡਾ ਵਿਚ 29 ਸਾਲ ਅੰਗਰੇਜ਼ੀ ਦਾ ਸਾਹਿਤ
ਪੜ੍ਹਾਉਂਦਾ ਰਿਹਾ। ਪਰਵਾਸ ਵਿਚਲੇ ਪੰਜਾਬੀਆਂ ਦਾ ਪੰਜਾਬ ਤੇ ਪੰਜਾਬੀਅਤ ਦੀ ਵਿਰਾਸਤ ਨਾਲ ਜੁੜੇ
ਰਹਿਣ ਦੇ ਹੇਰਵੇ ਵਾਲੀ ਸਿਮਬਾਕਿਲਕ ਕਵਿਤਾ ‘ਮਾਂ ਦਾ ਇਕ ਸਿਰਨਾਮਾਂ’ ਸਿਰਲੇਖ ਵਾਲੀ ਦੋਹਰੇ ਅਰਥਾਂ
ਵਾਲੀ ਕਵਿਤਾ ਹੈ -
ਅੱਕ ਕੱਕੜੀ ਦੇ ਫੰਬੇ ਖਿੰਡੇ, ਬਿਖਰੇ ਵਿਚ
ਹਵਾਵਾਂ!
ਸਵੈ-ਪਹਿਚਾਣ ‘ਚ ਉੱਡੇ ਭਟਕੇ-ਦੇਸ਼, ਦੀਪ, ਦਿਸ਼ਾਵਾਂ!
ਬਾਹਰੋਂ ਅੰਦਰ, ਅੰਦਰੋਂ
ਬਾਹਰ-ਭਟਕੇ ਚਾਨਣ, ਚਾਨਣ ਦਾ ਪਰਛਾਵਾਂ!
ਮਾਂ-ਬੋਲੀ ‘ਚੋਂ ਮਮਤਾ ਢੂੰਡਣ, ਤੜਪ ਰਹੇ ਬਿਨ ਮਾਵਾਂ!
ਮੰਗਦੀ ਹੈ ਪਹਿਚਾਣ ਇਨ੍ਹਾਂ ਦੀ, ਅੱਜ ਜੜ੍ਹ ਦਾ ਸਿਰਨਾਵਾਂ!!!
ਜੜ੍ਹਾਂ ਵਾਲਿਓ ! ਜੜ੍ਹ ਦੇ ਸੁਫਨੇ, ਲੱਥੇ ਵਿਚ ਖਲਾਵਾਂ!
ਮਾਂ-ਭੋਂ ਬਾਝੋਂ ਕਿਥੇ ਪੱਲ੍ਹਰਣ, ਸਭ ਬੇਗਾਨੀਆਂ ਥਾਵਾਂ!
ਮੋਹ ਮਾਇਆ ਦੇ ਕਈ ਸਿਰਨਾਵੇਂ, ਮਾਂ ਦਾ ਇੱਕ ਸਿਰਨਾਵਾਂ!
ਰਵਿੰਦਰ ਰਵੀ ਉਨ੍ਹਾਂ ਚੋਟੀ ਦੇ ਸਾਹਿਤਕਾਰਾਂ ਵਿਚੋਂ ਇਕ ਹਨ ਜਿਨ੍ਹਾਂ ਨੇ ਪੰਜਾਬੀ ਮਾਂ
ਬੋਲੀ ਦੀ ਝੋਲੀ ਵਿਚ ਸਾਹਿਤ ਦੇ ਸਾਰੇ ਰੂਪਾਂ ਵਿਚ ਸਾਹਿਤ ਰਚ ਕੇ ਉਸਨੂੰ ਮਾਲੋਮਾਲ ਕੀਤਾ ਹੈ। ਅੱਜ
ਕਲ੍ਹ ਉਹ ਆਪਣੇ ਪਰਿਵਾਰ ਨਾਲ ਕੈਨੇਡਾ ਵਿਚ ਰਹਿ ਰਹੇ ਹਨ ਪ੍ਰੰਤੂ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਭਿਆਚਾਰ ਨਾਲ ਬਾਵਾਸਤਾ ਰੱਖਦੇ ਹੋਏ
ਸਾਹਿਤਕ ਸਰਗਰਮੀਆਂ ਵਿਚ ਹਿੱਸਾ ਲੈ ਰਹੇ ਹਨ।
Comments
Post a Comment