ਪ੍ਰਗਤੀਵਾਦੀ ਸ਼ਾਇਰੀ ਨੂੰ ਰੁਮਾਂਸਵਾਦੀ ਪਿਉਂਦ ਦੇਣ ਵਾਲਾ ਗ਼ਜ਼ਲ ਦਾ ਬਾਦਸ਼ਾਹ : ਮਹਿੰਦਰਦੀਪ ਗਰੇਵਾਲ
ਗ਼ਜ਼ਲ ਦੇ ਖੇਤਰ ਵਿੱਚ ਮਹਿੰਦਰਦੀਪ ਗਰੇਵਾਲ ਜਾਣਿਆਂ ਪਛਾਣਿਆਂ ਨਾਮ ਹੈ। ਆਪਣੇ ਸਮੇਂ ਦੇ ਉਹ ਪ੍ਰਮੁੱਖ ਗ਼ਜ਼ਲਕਾਰਾਂ ਦੀ ਪਹਿਲੀ ਕਤਾਰ ਵਿੱਚ ਸ਼ਾਮਲ ਸੀ। ਮਹਿੰਦਰਦੀਪ ਗਰੇਵਾਲ ਨੇ ਪਿ੍ਰੰਸੀਪਲ ਤਖ਼ਤ ਸਿੰਘ ਜੋ ਉਸ ਸਮੇਂ ਸਿਰਮੌਰ ਗ਼ਜ਼ਲਗੋ ਸੀ , ਉਸਨੂੰ ਆਪਣਾ ਸਾਹਿਤਕ ਗੁਰੂ ਧਾਰਿਆ , ਜਿਸ ਕੋਲੋਂ ਉਸਨੇ ਗ਼ਜ਼ਲ ਦੇ ਗੁਰ ਸਿੱਖੇ ਸਨ। ਉਸਦਾ ਸਰਕਾਰੀ ਰਿਕਾਰਡ ਵਿੱਚ ਨਾਮ ਗੁਰਦੀਪ ਸਿੰਘ ਹੈ , ਪ੍ਰੰਤੂ ਉਸਨੇ ਆਪਣਾ ਕਲਮੀ ਨਾਮ ਮਹਿੰਦਰਦੀਪ ਗਰੇਵਾਲ ਰੱਖਿਆ ਹੋਇਆ ਹੈ। ਸਾਹਿਤਕ ਖੇਤਰ ਵਿੱਚ ਉਹ ਮਹਿੰਦਰਦੀਪ ਗਰੇਵਾਲ ਦੇ ਤੌਰ ‘ਤੇ ਪ੍ਰਸਿੱਧ ਹੈ। ਉਹ ਸਥਾਪਤ ਸੰਵੇਦਨਸ਼ੀਲ ਤੇ ਸੰਜੀਦਾ ਗ਼ਜ਼ਲਗੋ ਹੈ। ਉਹ ਪ੍ਰਤਿਭਾਵਾਨ ਜ਼ਮਨੀ ਹਕੀਕਤਾਂ ਨੂੰ ਮਹਿਸੂਸ ਕਰਨ ਵਾਲਾ ਸ਼ਾਇਰ ਹੈ। ਮਹਿੰਦਰਦੀਪ ਗਰੇਵਾਲ ਮੁੱਢਲੇ ਤੌਰ ‘ਤੇ ਪ੍ਰਗਤੀਵਾਦੀ , ਲੋਕ ਪੱਖੀ ਅਤੇ ਮਨੁੱਖੀ ਹੱਕਾਂ ਦਾ ਪਹਿਰੇਦਾਰ ਸ਼ਾਇਰ ਹੈ , ਪ੍ਰੰਤੂ ਉਹ ਪ੍ਰਗਤੀਵਾਦੀ ਸੋਚ ਨੂੰ ਪ੍ਰਣਾਇਆ ਹੋਇਆ ਹੈ ਤੇ ਆਪਣੀ ਗ਼ਜ਼ਲ ਨੂੰ ਰੁਮਾਂਸਵਾਦ ਦੀ ਪਿਉਂਦ ਦੇ ਕੇ ਦਿਲਚਸਪ ਬਣਾ ਲੈਂਦਾ ਹੈ। ਮਹਿੰਦਰਦੀਪ ਗਰੇਵਾਲ ਦੀਆਂ ਗ਼ਜ਼ਲਾਂ/ਕਵਿਤਾਵਾਂ ਦੇ ਵਿਸ਼ੇ ਮੁੱਖ ਤੌਰ ‘ਤੇ ਪਿਆਰ , ਸ਼ਾਂਤੀ , ਭਰਾਤਰੀ ਭਾਵ , ਇਨਸਾਫ , ਲੋਕ ਹਿਤੈਸ਼ੀ , ਮਨੁੱਖੀ ਰਿਸ਼ਤੇ ਅਤੇ ਅਗਾਂਹਵਧੂ ਵਿਚਾਰਾਂ ਦੇ ਪਹਿਰੇਦਾਰੀ ਨਾਲ ਸੰਬੰਧਤ ਹੁੰਦੇ ਹਨ। ਉਹ ਆਪਣੀਆਂ ਗ਼ਜ਼ਲਾਂ/ਕਵਿਤਾਵਾਂ ਵਿੱਚ ਲੋਕਾਈ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜਦੋਜਹਿਦ ਕਰਨ ਦੀ ਪ੍ਰੇਰਨਾ ਦਿੰਦਾ ...