ਦੇਸ਼ ਭਗਤਾਂ ਦੀ ਯੂਨੀਵਰਸਿਟੀ ਸਨ : ਪ੍ਰੋ ਮਲਵਿੰਦਰ ਜੀਤ ਸਿੰਘ ਵੜੈਚ
ਸੰਸਾਰ ਵਿੱਚ ਰੰਗ ਬਿਰੰਗੇ ਲੋਕ ਰਹਿੰਦੇ ਹਨ। ਉਹ
ਅਨੇਕ ਧਰਮਾ, ਜਾਤਾਂ, ਵਰਗਾਂ ਅਤੇ ਫਿਰਕਿਆਂ ਨੂੰ ਸਮਰਪਤ ਹੁੰਦੇ ਹਨ। ਸਾਰੇ ਲੋਕਾਂ
ਦੇ ਸੁਭਾਅ ਅਤੇ ਸੋਚ ਵੱਖੋ-ਵੱਖਰੇ ਹੁੰਦੇ ਹਨ। ਆਮ ਤੌਰ ‘ਤੇ ਦੋ ਤਰ੍ਹਾਂ ਦੇ ਲੋਕਾਂ ਦੀ ਭਰਮਾਰ
ਹੁੰਦੀ ਹੈ। ਬਹੁਤੇ ਲੋਕ ਤਾਂ ਸੰਸਾਰ ਵਿੱਚ ਆਉਂਦੇ
ਹਨ ਅਤੇ ਰੋਜ ਮਰਰ੍ਹਾ ਦਾ ਜੀਵਨ ਬਤੀਤ ਕਰਕੇ,
ਇਸ ਸੰਸਾਰ ਤੋਂ ਰੁਖਸਤ ਹੋ ਜਾਂਦੇ ਹਨ। ਦੂਜੀ ਕਿਸਮ
ਦੇ ਲੋਕ ਵਿਲੱਖਣ ਤੇ ਵੱਖਰੀ ਕਿਸਮ ਦੇ ਹੁੰਦੇ ਹਨ, ਉਹ
ਦੁਨੀਆਂ ਵਿੱਚ ਅਜਿਹੇ ਕੰਮ ਕਰਦੇ ਹਨ, ਜਿਹੜੇ ਇਤਿਹਾਸ ਦਾ
ਹਿੱਸਾ ਬਣਦੇ ਹੋਏ ਨਵੀਂ ਪੀੜ੍ਹੀ ਦਾ ਮਾਰਗ ਦਰਸ਼ਕ ਬਣਦੇ ਹਨ। ਉਨ੍ਹਾਂ ਵਿੱਚ ਪ੍ਰੋ ਮਲਵਿੰਦਰ ਜੀਤ
ਸਿੰਘ ਵੜੈਚ ਦਾ ਨਾਮ ਵਿਸ਼ੇਸ਼ ਤੌਰ ‘ਤੇ ਵਰਣਨਯੋਗ ਹੈ। ਪ੍ਰੋ ਮਲਵਿੰਦਰ ਜੀਤ ਸਿੰਘ ਵੜੈਚ ਉਨ੍ਹਾਂ
ਦੂਜੀ ਕਿਸਮ ਦੇ ਲੋਕਾਂ ਵਿੱਚੋਂ ਸਨ, ਜਿਨ੍ਹਾਂ ਨੇ ਭਾਰਤ ਦੀਆਂ
ਆਜ਼ਾਦੀ ਦੀਆਂ ਲਹਿਰਾਂ ਵਿੱਚ ਹਿੱਸਾ ਲੈਣ ਵਾਲੇ ਦੇਸ਼ ਭਗਤਾਂ ਦੀ ਜ਼ਿੰਦਗੀ ਦੀ ਜਦੋਜਹਿਦ ਕਰਦੇ ਹੋਏ
ਦਿੱਤੀਆਂ ਕੁਰਬਾਨੀਆਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਦਸਤਾਵੇਜਾਂ ਦੇ ਰੂਪ ਵਿੱਚ ਪੇਸ਼ ਕੀਤਾ,
ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਤੋਂ ਅਗਵਾਈ ਲੈ
ਸਕਣ। ਇਸ ਕਰਕੇ ਉਨ੍ਹਾਂ ਨੂੰ ਦੇਸ਼ ਭਗਤ ਲਹਿਰਾਂ ਦੇ ਇਤਿਹਾਸਕਾਰ ਦਾ ਦਰਜਾ ਦਿੱਤਾ ਗਿਆ ਹੈ। ਉਹ
ਨਿਮਰ ਸੁਭਾਆ ਦੇ ਹਓਮੈ ਤੋਂ ਕੋਹਾਂ ਦੂਰ ਰਹਿਣ ਵਾਲੇ
ਜ਼ਮੀਨ ਨਾਲ ਜੁੜੇ ਹੋਏ ਇਨਸਾਨ ਸਨ। ਕੁਝ ਦੇਸ਼ ਭਗਤ ਲਹਿਰਾਂ ਖਾਸ ਕਰਕੇ ਗ਼ਦਰੀਆਂ ਨੂੰ ਭਾਰਤ
ਸਰਕਾਰ ਨੇ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਸੀ, ਸਗੋਂ
ਉਨ੍ਹਾਂ ਨੂੰ ਅਣਗੌਲਿਆਂ ਕੀਤਾ ਗਿਆ ਸੀ। ਪ੍ਰੋ ਮਲਵਿੰਦਰ ਜੀਤ ਸਿੰਘ ਵੜੈਚ ਨੇ ਉਨ੍ਹਾਂ ਦੇਸ਼ ਭਗਤਾਂ
ਦੀਆਂ ਕੁਰਬਾਨੀਆਂ ਬਾਰੇ ਇੰਜਿਨੀਰਿੰਗ ਕਾਲਜ
ਲੁਧਿਆਣਾ ਵਿੱਚ ਪ੍ਰੋਫੈਸਰ ਦੇ ਅਹੁਦੇ ‘ਤੇ ਹੁੰਦੇ ਹੋਇਆ ਸਾਈਕਲ ‘ਤੇ ਪਿੰਡ, ਪਿੰਡ, ਲਾਇਬਰੇਰੀਆਂ
ਅਤੇ ਪੰਜਾਬ ਤੇ ਕੇਂਦਰ ਸਰਕਾਰ ਦੇ ਪੁਰਾਤੱਤਵ ਵਿਭਾਗਾਂ ਦੇ ਦਫ਼ਤਰਾਂ ਵਿੱਚ ਜਾ ਕੇ ਉਨ੍ਹਾਂ ਦੇ
ਦਸਤਾਵੇਜ ਇਕੱਤਰ ਕੀਤੇ ਅਤੇ ਮਗਰੋਂ ਉਨ੍ਹਾਂ ਦੀਆਂ ਪੁਸਤਕਾਂ ਪ੍ਰਕਾਸ਼ਤ ਕਰਵਾਈਆਂ। ਭਾਰਤ ਦੀ ਆਜ਼ਾਦੀ
ਦੀ ਲਹਿਰ ਵਿੱਚ ਹਿੱਸਾ ਲੈਣ ਵਾਲੇ ਦੇਸ਼ ਭਗਤਾਂ ਖਾਸ ਤੌਰ ‘ਤੇ ਗ਼ਦਰੀਆਂ ਨੂੰ ਅੰਗਰੇਜ਼ਾਂ ਨੇ
ਕਮਾਗਾਟਾ ਮਾਰੂ (ਗੁਰੂ ਨਾਨਕ ਜਹਾਜ)ਦੇ ਵਿੱਚ ਵਿਦੇਸ਼ ਤੋਂ ਵਾਪਸ ਭੇਜੇ ਅਤੇ ਫਾਂਸੀ ਤੇ ਚੜ੍ਹਾਏ ਗਏ
ਦੇਸ਼ ਭਗਤਾਂ ਦੇ ਦਸਤਾਵੇਜ ਲੱਭ ਕੇ ਉਨ੍ਹਾਂ ਨੂੰ ਕੋਰਟ ਕਚਹਿਰੀ ਰਾਹੀਂ ਆਜ਼ਾਦੀ ਘੁਲਾਟੀਆਂ ਦੀ ਸੂਚੀ
ਵਿੱਚ ਦਰਜ ਕਰਵਾਇਆ। ਦੇਸ ਭਗਤਾਂ ਦੀ ਜਾਣਕਾਰੀ ਅਤੇ ਦਸਤਾਵੇਜ ਇਕੱਤਰ ਕਰਨ ਲਈ ਉਹ ਦੂਰ ਦੁਰਾਡੇ
ਇਲਾਕਿਆਂ ਵਿੱਚ ਜਿਨ੍ਹਾਂ ਵਿਅਕਤੀਆਂ ਕੋਲੋਂ ਕੋਈ ਵੀ ਜਾਣਕਾਰੀ ਮਿਲ ਸਕਦੀ ਸੀ, ਲੈਣ ਲਈ ਚਲੇ ਜਾਂਦੇ ਸਨ। ਉਹ ਖੱਬੇ ਪੱਖੀ ਸੋਚ ਨੂੰ ਪ੍ਰਣਾਏ
ਹੋਏ ਸਨ। ਆਪਣੇ ਮੰਤਵ ਦੀ ਪੂਰਤੀ ਲਈ ਉਹ ਹਰ ਦੇਸ਼ ਭਗਤ ਦਾ ਖੁਰਾ ਖੋਜ ਲੱਭ ਲੈਂਦੇ ਸਨ, ਭਾਵੇਂ ਉਨ੍ਹਾਂ ਨੂੰ ਕਈ ਵਾਰ ਵਿਰੋਧ ਦਾ ਸ਼ਿਕਾਰ
ਹੋਣਾ ਪਿਆ ਸੀ। ਉਨ੍ਹਾਂ ਨੇ ਜਲ੍ਹਿਆਂ ਵਾਲੇ ਬਾਗ ਦੇ ਗੋਲੀ ਕਾਂਡ ਵਿੱਚ ਅੰਗਰੇਜ਼ਾਂ ਵੱਲੋਂ
ਸ਼ਹੀਦ ਕੀਤੇ ਗਏ ਆਜ਼ਾਦੀ ਸੰਗਰਾਮੀਆਂ ਅਤੇ ਕੂਕਾ ਲਹਿਰ ਨੂੰ ਵੀ ਕਾਨੂੰਨੀ ਲੜਾਈ ਲੜਕੇ ਮਾਣਤਾ ਦਿਵਾਈ
ਸੀ। ਇਸ ਲਈ ਪੰਜਾਬ ਦੇ ਇਤਿਹਾਸ ਖਾਸ ਕਰਕੇ ਗ਼ਦਰ ਪਾਰਟੀ ਅਤੇ ਗ਼ਦਰੀ ਬਾਬਿਆਂ ਦੇ ਸੰਘਰਸ਼ ਨੂੰ ਲੋਕਾਂ
ਤੱਕ ਪਹੁੰਚਾਉਣ ਵਾਲੇ ਮਹੱਤਵਪੂਰਨ ਇਤਿਹਾਸਕਾਰ ਅਤੇ ਲੇਖਕ ਵਜੋਂ ਜਾਣੇ ਜਾਂਦੇ ਹਨ। ਕਾਨੂੰਨੀ ਲੜਾਈ
ਲੜਨ ਲਈ ਉਨ੍ਹਾਂ ਨੇ ਸਰਕਾਰੀ ਨੌਕਰੀ ਵਿੱਚੋਂ ਸੇਵਾ ਮੁਕਤੀ ਤੋਂ ਬਾਅਦ ਵਡੇਰੀ ਉਮਰ ਵਿੱਚ ਕਾਨੂੰਨ
ਦੀ ਪੜ੍ਹਾਈ ਕੀਤੀ ਸੀ ਤਾਂ ਜੋ ਗ਼ਦਰੀਆਂ ਦੇ ਕੇਸ ਸੁਚੱਜੇ ਢੰਗ ਨਾਲ ਲੜੇ ਜਾ ਸਕਣ ਅਤੇ ਕਾਨੂੰਨੀ
ਕੇਸਾਂ ਦੀ ਪੈਰਵਾਈ ਕਰਨ ਵਿੱਚ ਕਿਸੇ ਕਿਸਮ ਦੀ ਕੋਈ ਕਸਰ ਬਾਕੀ ਨਾ ਰਹਿ ਸਕੇ। ਉਨ੍ਹਾਂ ਪੰਜਾਬੀਆਂ
ਨੂੰ ਆਜ਼ਾਦੀ ਸੰਗਰਾਮ ਵਿੱਚ ਹਿੱਸਾ ਲੈਣ ਵਾਲੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀ ਕਰਾਂਤੀਕਾਰੀ
ਲਹਿਰ ਅਤੇ ਗ਼ਦਰ ਅੰਦੋਲਨ ਬਾਰੇ ਡੂੰਘੀ ਖੋਜ ਕਰਕੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਗ਼ਦਰੀ ਬਾਬਿਆਂ
ਦੇ ਜੀਵਨ, ਉਨ੍ਹਾਂ ਦੀਆਂ ਕੁਰਬਾਨੀਆਂ ਅਤੇ ਦੇਸ ਪ੍ਰੇਮ ਨੂੰ
ਲਿਖਤੀ ਰੂਪ ਵਿੱਚ ਸੰਭਾਲਣ ਦਾ ਵਿਲੱਖਣ ਕਾਰਜ ਕੀਤਾ। ਉਨ੍ਹਾਂ ਨੇ ਲੇਖਾਂ, ਭਾਸਣਾਂ ਅਤੇ ਪੁਸਤਕਾਂ ਰਾਹੀਂ ਨਵੀਂ ਪੀੜ੍ਹੀ ਨੂੰ ਦੱਸਣ ਦੀ
ਕੋਸਿਸ਼ ਕੀਤੀ ਕਿ ਕਿਵੇ ਵਿਦੇਸਾਂ ਵਿੱਚ ਰਹਿੰਦੇ ਪੰਜਾਬੀਆਂ ਨੇ ਭਾਰਤ ਦੀ ਆਜ਼ਾਦੀ ਦੀ ਜੰਗ ਲੜੀ ਸੀ।
ਉਨ੍ਹਾਂ ਨੇ ਕਈ ਅਜਿਹੇ ਭੁੱਲੇ ਵਿਸਰੇ ਗ਼ਦਰੀ ਸੂਰਮਿਆਂ ਤੇ
ਨਾਇਕਾਂ ਬਾਰੇ ਜਾਣਕਾਰੀ ਇਕੱਠੀ ਕੀਤੀ, ਜਿਨ੍ਹਾਂ
ਦਾ ਨਾਮ ਆਮ ਲੋਕਾਂ ਨੂੰ ਪਤਾ ਹੀ ਨਹੀਂ ਸੀ,
ਹਾਲਾਂ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਕਿਸੇ ਨਾਲੋਂ
ਘੱਟ ਨਹੀਂ ਸਨ। ਇਸ ਨਾਲ ਪੰਜਾਬ ਦੇ ਲੋਕਾਂ ਨੂੰ ਆਪਣੇ ਇਤਿਹਾਸ ਨਾਲ ਜੁੜਨ ਦਾ ਮੌਕਾ ਮਿਲ ਗਿਆ।
ਪ੍ਰੋ ਮਲਵਿੰਦਰ ਜੀਤ ਸਿੰਘ ਵੜੈਚ ਦੀ ਖਾਸ ਗੱਲ ਇਹ ਸੀ ਕਿ ਉਸਨੇ ਪੰਜਾਬੀ ਭਾਸ਼ਾ ਵਿੱਚ ਦੇਸ ਭਗਤੀ
ਦੀਆਂ ਲਹਿਰਾਂ ਨੂੰ ਲੋਕਾਂ ਤੱਕ ਪਹੁੰਚਾਇਆ ਹੈ। ਇਸ ਨਾਲ ਗ਼ਦਰ ਲਹਿਰ ਸਿਰਫ ਵਿਦਵਾਨਾ ਤੱਕ ਸੀਮਤ
ਨਹੀਂ ਰਹੀ, ਸਗੋਂ ਪਿੰਡਾਂ ਦੇ ਆਮ ਲੋਕਾਂ ਅਤੇ ਨੌਜਵਾਨਾ ਦੀ ਪਹੁੰਚ ਵਿੱਚ ਹੋ ਗਈ। ਉਹ ਸੈਮੀਨਾਰਾਂ,
ਯਾਦਗਾਰੀ ਸਮਾਗਮਾਂ ਅਤੇ ਵਿਦਿਅਕ ਮੰਚਾਂ ‘ਤੇ ਗ਼ਦਰ ਅੰਦੋਲਨ
ਬਾਰੇ ਵਿਖਿਆਨ ਦਿੰਦੇ ਰਹੇ ਹਨ। ਪ੍ਰੋ ਮਲਵਿੰਦਰ
ਜੀਤ ਸਿੰਘ ਵੜੈਚ ਦਾ ਯਤਨ ਰਿਹਾ ਹੈ ਕਿ ਗ਼ਦਰੀ ਬਾਬਿਆਂ ਦੀ ਸੋਚ ਆਜ਼ਾਦੀ, ਬਰਾਬਰੀ ਅਤੇ ਕੌਮੀ ਏਕਤਾ ਵਰਗੀਆਂ ਪ੍ਰਵਿਰਤੀਆਂ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਇਆ
ਜਾ ਸਕੇ। ਉਨ੍ਹਾਂ ਦਾ ਮਕਸਦ ਗ਼ਦਰ ਲਹਿਰ ਅਤੇ ਦੇਸ ਭਗਤੀ ਲਹਿਰਾਂ ਦੀ ਵਿਰਾਸਤ ਨੂੰ ਆਮ ਲੋਕਾਂ ਤੱਕ
ਪਹੁੰਚਾਉਣਾ ਸੀ, ਜਿਸ ਵਿੱਚ ਉਹ ਸਫਲ ਹੋਏ
ਸਨ।
ਪ੍ਰੋ ਮਲਵਿੰਦਰ ਜੀਤ ਸਿੰਘ ਵੜੈਚ ਦੀ ਲਗਨ, ਪ੍ਰਤੀਬੱਧਤਾ, ਬਚਨਵੱਧਤਾ, ਦਿ੍ਰੜ੍ਹਤਾ ਅਤੇ ਸਿਰੜ੍ਹ
ਨੂੰ ਸਲਾਮ ਕਰਨਾ ਬਣਦਾ ਹੈ, ਜਿਨ੍ਹਾਂ ਨੇ ਅਜਿਹਾ ਕੰਮ
ਕੀਤਾ, ਜਿਹੜਾ ਕੋਈ ਸਰਕਾਰ ਤੇ ਸੰਸਥਾ ਵੀ ਨਹੀਂ ਕਰਵਾ ਸਕੀ।
ਉਹ ਭਾਵੇਂ ਇਤਿਹਾਸਕਾਰ ਨਹੀਂ ਸਨ, ਪ੍ਰੰਤੂ ਉਨ੍ਹਾਂ ਨੇ
ਜਿਹੜਾ ਕਾਰਜ ਕੀਤਾ ਉਹ ਕਿਸੇ ਇਤਿਹਾਸਕਾਰ ਨੇ ਕਰਨ ਦੀ
ਕੋਸਿਸ਼ ਹੀ ਨਹੀਂ ਕੀਤੀ। ਕਈ ਇਤਿਹਾਸਕਾਰ
ਵੀ ਮਲਵਿੰਦਰ ਜੀਤ ਸਿੰਘ ਵੜੈਚ ਤੋਂ ਅਗਵਾਈ ਲੈਂਦੇ ਰਹੇ। ਪ੍ਰੋ ਮਲਵਿੰਦਰ ਜੀਤ ਸਿੰਘ ਵੜੈਚ ਨੇ 62 ਪੁਸਤਕਾਂ ਖੋਜ, ਅਨੁਵਾਦ ਅਤੇ ਸੰਪਾਦਿਤ ਕਰਕੇ ਪ੍ਰਕਾਸ਼ਤ ਕਰਵਾਈਆਂ ਸਨ। ਉਨ੍ਹਾਂ ਹਿਊਮੈਨਟੀਜ ਦੇ
ਪ੍ਰੋਫੈਸਰ ਹੁੰਦੇ ਹੋਏ ਇਤਿਹਾਸ ਦੇ ਖੇਤਰ ਵਿੱਚ ਅਜਿਹੇ ਮਾਹਰਕੇ ਮਾਰੇ, ਜਿਨ੍ਹਾਂ ਕਰਕੇ ਅੱਜ ਸਮੁੱਚਾ ਪੰਜਾਬੀ ਜਗਤ ਉਨ੍ਹਾਂ ਨੂੰ ਨਿਵੇਕਲੇ ਅੰਦਾਜ਼ ਵਿੱਚ ਯਾਦ ਕਰ
ਰਿਹਾ ਹੈ। ਉਨ੍ਹਾਂ ਇਤਿਹਾਸਕ ਕਾਰਜ ਕਰਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਇਥੇ ਇਹ ਦੱਸਣਾ ਵੀ
ਜ਼ਰੂਰੀ ਹੈ ਕਿ ਪ੍ਰੋ ਮਲਵਿੰਦਰ ਜੀਤ ਸਿੰਘ ਰਾਜਨੀਤੀ ਸ਼ਾਸਤਰ, ਅਰਥ ਸ਼ਾਸਤਰ, ਸਮਾਜ ਵਿਗਿਆਨ ਅਤੇ
ਅੰਗਰੇਜ਼ੀ ਸਮੇਤ ਪੰਜ ਵਿਸ਼ਿਆਂ ਵਿੱਚ ਐਮ ਏ ਸਨ। ਹੈਰਾਨੀ ਇਸ ਗੱਲ ਦੀ ਹੈ ਕਿ ਉਹ ਇਤਨੇ ਮਹੱਤਵਪੂਰਨ
ਵਿਸ਼ਿਆਂ ਦੇ ਮਾਹਿਰ ਹੁੰਦੇ ਹੋਏ ਇਤਿਹਾਸ ਦੇ ਖੇਤਰ
ਵਿੱਚ ਏਨਾ ਕੰਮ ਕਿਵੇਂ ਕਰ ਗਏ, ਜਿਸ ਕਾਰਨ ਸਮਾਜ ਰਹਿੰਦੀ
ਦੁਨੀਆਂ ਤੱਕ ਉਨ੍ਹਾਂ ਦੇ ਯੋਗਦਾਨ ਨੂੰ ਸਲਾਮ ਕਰਦਾ ਰਹੇਗਾ। ਆਜ਼ਾਦੀ ਸੰਗਰਾਮੀਆਂ ਅਤੇ ਖਾਸ ਤੌਰ
‘ਤੇ ਗ਼ਦਰੀ ਬਾਬਿਆਂ ਦੀ ਜਦੋਜਹਿਦ ਅਤੇ ਕੁਰਬਾਨੀਆਂ ਬਾਰੇ ਸੁਚੇਤ ਤੌਰ ‘ਤੇ ਜਾਣਕਾਰੀ ਰੱਖਣਾ ਅੱਗੇ
ਭਵਿਖ ਪੀੜ੍ਹੀਆਂ ਨੂੰ ਸੌਂਪਣਾ ਮਹਾਨ ਸੇਵਾ ਹੈ।
ਪ੍ਰੋ ਮਲਵਿੰਦਰਜੀਤ ਸਿੰਘ ਵਰਗੇ ਸੁਘੜ ਸਿਆਣੇ ਤੇ
ਉਸਾਰੂ ਸੋਚ ਵਾਲੇ ਸਿਰੜ੍ਹੀ ਇਨਸਾਨ ਬਹੁਤ ਘੱਟ ਵੇਖਣ ਨੂੰ ਮਿਲਦੇ ਹਨ, ਜਿਹੜੇ ਇਤਨੀ ਜ਼ਿੰਮੇਵਾਰੀ, ਤਨਦੇਹੀ ਅਤੇ ਦਿਆਨਤਦਾਰੀ
ਨਾਲ ਲਾਮਿਸਾਲ ਕੰਮ ਕਰਦੇ ਹੋਣ। ਆਧੁਨਿਕ ਪੀੜ੍ਹੀ ਦੇ ਨੌਜਵਾਨ ਇਤਿਹਾਸਕਾਰਾਂ ਅਤੇ ਹਰ ਵਰਗ ਦੇ
ਵਿਦਿਆਰਥੀਆਂ ਲਈ ਉਹ ਮਾਰਗ ਦਰਸ਼ਕ ਬਣੇ ਰਹਿਣਗੇ। ਉਨ੍ਹਾਂ ਦੀ ਯਾਦ ਵਿੱਚ ਸਮਾਗਮ 23 ਮਈ 2026
ਦਿਨ ਸਨਿਚਰਵਾਰ ਨੂੰ 3-30 ਵਜੇ ਪੀਪਲ ਕਨਵੈਨਸ਼ਨ
ਹਾਲ 36 ਸੈਕਟਰ ਚੰਡੀਗੜ ਵਿੱਚ ਹੋਵੇਗਾ।
Comments
Post a Comment