ਪਰਗਟ ਸਿੰਘ ਲਈ ਪ੍ਰਧਾਨਗੀ ਕੰਡਿਆਂ ਦੀ ਸੇਜ ਉਜਾਗਰ ਸਿੰਘ

 

ਆਖ਼ਰ ਕਈ ਮਹੀਨੇ ਦੀ ਕਸ਼ਮਕਸ਼ ਤੋਂ ਬਾਅਦ ਆਲ ਇੰਡੀਆ ਕਾਂਗਰਸ ਕਮੇਟੀ ਨੇ ਰਾਜਾ ਅਮਰਿੰਦਰ ਸਿੰਘ ਵੜਿੰਗ ਨੂੰ ਹਟਾਕੇ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਹੈ। ਸਰਕਾਰੀ ਦਫ਼ਤਰਾਂ ਦੀ ਤਰ੍ਹਾਂ ਕੰਮ ਕਰਨ ਵਾਲੀ ਪਾਰਟੀ ਨੇ ਭਾਵੇਂ ਦੇਰ ਨਾਲ ਫ਼ੈਸਲਾ ਕੀਤਾ ਹੈ, ਪ੍ਰੰਤੂ ਦੇਰ ਆਏ ਦਰੁਸਤ ਆਏ, ਕਾਂਗਰਸ ਪਾਰਟੀ ਨੇ ਨਿਰਵਿਵਾਦ, ਨਿਰਪੱਖ, ਬੇਬਾਕ ਅਤੇ ਚੰਗੇ ਕਿਰਦਾਰ ਵਾਲੇ ਪ੍ਰਗਟ ਸਿੰਘ ਨੂੰ ਪ੍ਰਧਾਨਗੀ ਦਾ ਅਹੁਦਾ ਨਿਵਾਜਕੇ ਪੰਜਾਬ ਪ੍ਰਦੇਸ਼ ਕਾਂਗਰਸ ਦੀ ਖਿਲਰੀ ਹੋਈ ਤਾਣੀ ਨੂੰ ਇੱਕਮੁੱਠ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਹਿਲੀ ਵਾਰ ਕਾਂਗਰਸ ਪਾਰਟੀ ਨੇ ਧੜਿਆਂ ਦੀ ਰਾਜਨੀਤੀ ਨਾਲੋਂ ਵੱਖਰੀ ਗੱਲ ਕਰਕੇ ਨਿਰਪੱਖਤਾ ਦਾ ਸਬੂਤ ਦਿੱਤਾ ਹੈ। ਆਮ ਤੌਰ ‘ਤੇ ਕਾਂਗਰਸ ਪਾਰਟੀ ਮੋਹ ਮੁਲਾਹਜ਼ੇਦਾਰੀਆਂ ਅਤੇ ਕੁਨਬਾਪਰਵਰੀਆਂ ਦੇ ਜਾਲ ਵਿੱਚ ਹੀ ਫਸੀ ਰਹਿੰਦੀ ਰਹੀ ਹੈ, ਜਿਸਦਾ ਪਾਰਟੀ ਨੂੰ ਨੁਕਸਾਨ ਹੁੰਦਾ ਹੈ। ਇਸ ਵਾਰ ਰਾਹੁਲ ਗਾਂਧੀ ਨੇ ਸਿਫ਼ਾਰਸ਼ਾਂ ਨਾਲ ਨਿਯੁਕਤ ਕੀਤੇ ਪ੍ਰਧਾਨਾ ਦੇ ਤਜ਼ਰਬੇ ਦੇ ਮੱਦੇ ਨਜ਼ਰ ਕਾਬਲੀਅਤ ਅਤੇ ਨਿਰਪੱਖਤਾ ਨੂੰ ਆਧਾਰ ਬਣਾਕੇ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ ਹੈ। ਇਸ ਤੋਂ ਪਹਿਲਾਂ ਮੁਲਾਹਜ਼ੇਦਾਰੀਆਂ ਨਾਲ ਕੀਤੇ ਗਏ ਫ਼ੈਸਲਿਆਂ ਦੇ ਨਤੀਜੇ ਚੰਗੇ ਨਹੀਂ ਰਹੇ, ਸਗੋਂ ਕਾਂਗਰਸ ਵਿੱਚ ਧੜੇਬੰਦੀ ਵੱਧਦੀ ਰਹੀ ਤੇ ਖਿਲਾਰਾ ਪੈਂਦਾ ਰਿਹਾ। ਪਹਿਲਾਂ ਦਿੱਲੀ ਬੈਠੇ ਨੇਤਾ ਆਪਣੇ ਚਹੇਤਿਆਂ ਨੂੰ ਅਹੁਦੇ ਦਿਵਾ ਦਿੰਦੇ ਸਨ। ਇਸ ਵਾਰੀ ਕਾਂਗਰਸ ਹਾਈ ਕਮਾਂਡ ਨੇ ਕਾਂਗਰਸੀ ਵਰਕਰਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਹੈ, ਜਿਸਦੇ ਨਤੀਜੇ ਸਾਰਥਿਕ ਆਉਣ ਦੀ ਉਮੀਦ ਕੀਤੀ ਜਾ ਸਕਦੀ ਹੈ। ਇੱਕ ਜੱਟ ਸਿੱਖ ਨੂੰ ਪ੍ਰਧਾਨਗੀ ਤੋਂ ਦੂਜੇ ਹਟਾਕੇ ਜੱਟ ਸਿੱਖ ਨੂੰ ਬਣਾਉਣਾ ਕਾਂਗਰਸ ਪਾਰਟੀ ਦੀ ਮਜ਼ਬੂਰੀ ਅਤੇ ਸਮੇਂ ਦੀ ਲੋੜ ਸੀ, ਭਾਵੇਂ ਹਿੰਦੂ ਨੇਤਾ ਵਿਜੇਇੰਦਰ ਸਿੰਗਲਾ ਨੂੰ ਪ੍ਰਧਾਨ ਬਣਾਉਣ ਦੀਆਂ ਕਨਸੋਆਂ ਆ ਰਹੀਆਂ ਸਨ। ਉਹ ਵੀ ਰਾਹੁਲ ਗਾਂਧੀ ਦੇ ਬਲਿਊ ਆਈਡ ਬੁਆਏ ਹਨ ਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੰਯੁਕਤ ਖਜਾਨਚੀ ਦੇ ਵੱਡੇ ਅਹੁਦੇ ‘ਤੇ ਬਿਰਾਜਮਾਨ ਹਨ। ਇਸ ਤੋਂ ਇਲਾਵਾ ਉਹ ਕਾਂਗਰਸ ਪਾਰਟੀ ਦੀ ਵਰਕਿੰਗ ਕਮੇਟੀ ਦੇ ਮੈਂਬਰ ਹਨ। ਭਾਰਤੀ ਜਨਤਾ ਪਾਰਟੀ ਜਿਸਨੂੰ ਹਿੰਦੂਆਂ ਦੀ ਪ੍ਰਤੀਨਿੱਧ ਪਾਰਟੀ ਕਿਹਾ ਜਾਂਦਾ ਹੈ, ਉਸਨੇ ਵੀ ਇੱਕ ਜੱਟ ਸਿੰਘ ਕੇਵਲ ਸਿੰਘ ਢਿਲੋਂ ਨੂੰ ਪ੍ਰਧਾਨ ਬਣਾਇਆ ਹੋਇਆ, ਇਸ ਲਈ ਕਾਂਗਰਸ ਵਰਗੀ ਧਰਮ ਨਿਰਪੱਖ ਪਾਰਟੀ ਨੂੰ ਮਜ਼ਬੂਰੀ ਬਸ ਜੱਟ ਸਿੱਖ ਨੂੰ ਪ੍ਰਧਾਨ ਬਣਾਉਣਾ ਪਿਆ ਲੱਗਦਾ ਹੈ।

   ਕਾਫੀ ਲੰਬੇ ਅਰਸੇ ਤੋਂ ਬਾਅਦ ਦੁਆਬੇ ਵਿੱਚੋਂ ਪ੍ਰਧਾਨ ਬਣਾਇਆ ਗਿਆ ਹੈ। ਪਹਿਲਾਂ ਰਾਜਿੰਦਰ ਸਿੰਘ ਸਪੈਰੋ ਅਤੇ ਮਹਿੰਦਰ ਸਿੰਘ ਕੇ ਪੀ ਦੁਆਬੇ ਤੋਂ ਪ੍ਰਧਾਨ ਰਹੇ ਹਨ। ਜਿਥੋਂ ਤੱਕ ਹਿੰਦੂ ਅਤੇ ਅਨੁਸੂਚਿਤ ਜਾਤੀਆਂ ਦੇ ਨੇਤਾਵਾਂ ਦਾ ਸਵਾਲ ਹੈ, ਉਹ ਪਹਿਲਾਂ ਹੀ ਬਣਾਈਆਂ ਕਮੇਟੀਆਂ ਦੇ ਚੇਅਰਮੈਨ, ਕੋ ਕਨਵੀਨਰ, ਐਕਟਿੰਗ ਪ੍ਰਧਾਨ ਅਤੇ ਮੈਂਬਰ ਹਨ। ਇਹ ਬਿਲਕੁਲ ਦਰੁਸਤ ਹੈ ਕਿ ਭਾਵੇਂ ਪਰਗਟ ਸਿੰਘ ਲਈ ਘਾਗ ਕਾਂਗਰਸੀਆਂ ਦੀਆਂ ਤਿਗੜਮਬਾਜ਼ੀਆਂ ਨੂੰ ਨਿਪਟਕੇ ਇੱਕਮੁੱਠ ਕਰਨਾ ਬਹੁਤ ਵੱਡੀ ਵੰਗਾਰ ਹੈ, ਕਿਉਂਕਿ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾਵਾਂ ਵਿੱਚ ਆਪਸੀ ਧੜੇਬੰਦੀ ਪਹਾੜ ਦੀ ਤਰ੍ਹਾਂ ਮੂੰਹ ਅੱਡੀ ਖੜ੍ਹੀ ਹੈ। ਉਹ ਮੁੱਖ ਮੰਤਰੀ ਦੀ ਕੁਰਸੀ ਖਾਲ੍ਹੀ ਹੋਣ ਤੋਂ ਪਹਿਲਾਂ ਹੀ ਉਸਦੀਆਂ ਲੱਤਾਂ ਨੂੰ ਫੜੀ ਬੈਠੇ ਹਨ। ਪੰਜਾਬ ਕਾਂਗਰਸ ਦੇ ਵਰਕਰ ਸੀਨੀਅਰ ਨੇਤਾਵਾਂ ਦੀਆਂ ਆਪ ਹੁਦਰੀਆਂ ਤੋਂ ਦੁੱਖੀ ਸਨ, ਇਸ ਲਈ ਹੁਣ ਉਹ ਮਹਿਸੂਸ ਕਰਦੇ ਹਨ ਕਿ ਪਰਗਟ ਸਿੰਘ ਸਾਰੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਿੱਚ ਸਫਲ ਹੋਵੇਗਾ, ਕਿਉਂਕਿ ਉਹ ਕਿਸੇ ਧੜੇ ਨਾਲ ਜੁੜਿਆ ਹੋਇਆ ਨਹੀਂ ਹੈ। ਉਹ ਸੰਜੀਦਾ, ਸੰਵੇਦਨਸ਼ੀਲ, ਨਿਵੇਕਲੇ, ਠਰੰਮੇ ਵਾਲੇ ਅਤੇ ਪਾਜੇਟਿਵ ਵਿਚਾਰਧਾਰਾ ਦਾ ਹਾਮੀ ਹਨ। ਉਹ ਟੀਮ ਵਰਕ ਨਾਲ ਕੰਮ ਕਰੇਗਾ, ਕਿਉਂਕਿ ਟੀਮ ਵਰਕ ਨਾਲ ਹੀ ਉਹ ਓਲੰਪਿਕ ਵਿੱਚ ਕਪਤਾਨੀ ਕਰਕੇ ਤਮਗੇ ਜਿੱਤਦਾ ਰਿਹਾ ਹੈ।  ਉਸਦੀ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਪ੍ਰਤੀਕ੍ਰਿਆ ਹੈ ਕਿ ਉਹ ਖਿਡਾਰੀ ਹੈ, ਖਿਡਾਰੀ ਭਾਵਨਾ ਨਾਲ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚਲੇਗਾ। ਉਹ ਚਾਪਲੂਸੀ ਦੀ ਥਾਂ ਕੰਮ ਦੀ ਕਦਰ ਕਰਨ ਵਾਲਾ ਹੈ, ਕਾਂਗਰਸੀ ਵਰਕਰ ਵੀ ਇਹੋ ਚਾਹੁੰਦੇ ਹਨ, ਕਿਉਂਕਿ ਚਾਪਲੂਸਾਂ ਨੇ ਪਾਰਟੀ ਦਾ ਬਹੁਤ ਨੁਕਸਾਨ ਕੀਤਾ ਹੈ। ਇਮਾਨਦਾਰੀ ਤੇ ਦਿਆਨਤਦਾਰੀ ਉਸਦਾ ਗਹਿਣਾ ਹੈ। ਉਹ ਲੀਹੋਂ ਲੱਥੀ ਕਾਂਗਰਸ ਪਾਰਟੀ  ਨੂੰ ਮੁੜ ਲੀਹ ‘ਤੇ ਪਾਉਣ ਦੀ ੋਮਰੱਥਾ ਹੀ ਨਹੀਂ ਰੱਖਦਾ, ਸਗੋਂ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਵੇਗਾ। ਉਸ ਕੋਲ ਸੰਗਠਨ ਨੂੰ ਇੱਕਮੁੱਠ ਕਰਨ ਦਾ ਬਤੌਰ ਜਨਰਲ ਸਕੱਤਰ (ਸੰਗਠਨ) ਦਾ ਤਜ਼ਰਬਾ ਹੈ। 2021 ਵਿੱਚ ਨਵਜੋਤ ਸਿੰਘ ਸਿੱਧੂ ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਿਆਂ ਸੀ ਤਾਂ ਉਸਨੇ ਪ੍ਰਗਟ ਸਿੰਘ ਨੂੰ ਪਾਰਟੀ ਦਾ ਜਨਰਲ ਸਕੱਤਰ (ਸੰਗਠਨ)  ਬਣਾਇਆ ਸੀ। ਇਹ ਵੀ ਉਮੀਦ ਕੀਤੀ ਜਾਂਦੀ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਸਮਰਥਕ ਵੀ ਪਰਗਟ ਸਿੰਘ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਪਾਰਟੀ ਨਾਲ ਜੁੜੇ ਰਹਿਣਗੇ।

   Êਪ੍ਰਗਟ ਸਿੰਘ ਦਾ ਪਿਛੋਕੜ ਵੀ ਸਿਆਸਤ ਨਾਲ ਜੁੜਿਆ ਹੋਇਆ ਹੈ। ਉਸਦਾ ਸਹੁਰਾ ਦਰਬਾਰਾ ਸਿੰਘ ਪੰਜਾਬ ਵਿਧਾਨ ਸਭਾ ਦਾ ਸਪੀਕਰ ਅਤੇ ਰਾਜਸਥਾਨ ਦਾ ਰਾਜਪਾਲ ਰਿਹਾ ਹੈ। ਇਸ ਲਈ ਵਿਰਾਸਤ ਵਿੱਚੋਂ ਵੀ ਸਿਆਸਤ ਦਾ ਤਜ਼ਰਬਾ ਹਾਸਲ ਹੋਇਆ ਹੋਵੇਗਾ। ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਕੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦੀ ਸਰਕਾਰ ਬਣੀ ਸੀ ਤਾਂ ਉਸ ਵਿੱਚ ਉਹ ਸਿਖਿਆ ਤੇ ਖੇਡ ਮੰਤਰੀ ਰਿਹਾ ਹੈ। ਉਸਨੇ ਇਸ ਸਮੇਂ ਦੌਰਾਨ ਬਿਹਤਰੀਨ ਕਾਰਗੁਜ਼ਾਰੀ ਵਿਖਾਈ ਹੈ। ਪੰਜਾਬ ਵਿਧਾਨ ਸਭਾ ਵਿੱਚ ਵੀ ਪ੍ਰਗਟ ਸਿੰਘ ਬਾਕਮਾਲ ਢੰਗ ਨਾਲ ਬਿਨਾ ਕਿਸੇ ਟਕਰਾਓ ਦੇ ਸਿਆਸਤ ਕਰਦਾ ਰਿਹਾ ਹੈ। ਉਹ ਸ਼ਾਂਤ ਸੁਭਾਆ ਦਾ ਹੋਣ ਕਰਕੇ ਕਦੇ ਵੀ ਆਪੇ ਤੋਂ ਬਾਹਰ ਨਹੀਂ ਹੁੰਦਾ, ਸਗੋਂ ਸਹਿਜਤਾ ਦਾ ਪੱਲਾ ਫੜੀ ਰੱਖਦਾ ਹੈ, ਜਿਸ ਕਰਕੇ ਪਾਰਟੀ ਦੇ ਵਰਕਰਾਂ ਅਤੇ ਨੇਤਾਵਾਂ ਨੂੰ ਆਪਣੇ ਨਾਲ ਤੋਰਨ ਵਿੱਚ ਸਫਲ ਹੋਵੇਗਾ। ਇਸ ਤੋਂ ਇਲਾਵਾ ਉਹ ਦੋ ਵਾਰ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਦੀ ਅਗਵਾਈ ਕਰਕੇ ਖਿਡਾਰੀਆਂ ਨੂੰ ਅਨੁਸ਼ਾਸ਼ਨ ਵਿੱਚ ਰੱਖਣ ਵਿੱਚ ਸਫਲ ਹੋਇਆ ਹੈ। ਇਸੇ ਤਰ੍ਹਾਂ ਡਾਇਰੈਕਟਰ ਖੇਡ ਵਿਭਾਗ ਵੀ ਸਫਲ ਪ੍ਰਬੰਧਕ ਸਾਬਤ ਹੋਇਆ ਹੈ। ਉਹ ਆਪਣੇ ਸਹਿਯੋਗੀਆਂ ਨੂੰ ਆਪਣੇ ਨਾਲ ਜੋੜਕੇ ਚਲਣ ਵਿੱਚ ਮਾਹਿਰ ਗਿਣਿਆਂ ਜਾਂਦਾ ਹੈ, ਕਿਉਂਕਿ ਉਸਦੀ ਹਲੀਮੀ ਕਾਂਗਰਸੀ ਸਾਥੀਆਂ ਨੂੰ ਕਾਇਲ ਕਰ ਜਾਂਦੀ ਹੈ।

Êਪ੍ਰਗਟ ਸਿੰਘ ਨੇ  ਪੰਜਾਬੀਆਂ ਵਿੱਚ ਆਪਣੀ ਨਿਵੇਕਲੀ ਥਾਂ ਬਣਾਈ ਹੋਈ ਹੈ। ਉਹ 2012, 2017 ਅਤੇ 2022 ਵਿੱਚ ਤਿੰਨ ਵਾਰ ਲਗਾਤਾਰ ਜਲੰਧਰ ਛਾਉਣੀ ਤੋਂ ਵਿਧਾਇਕ ਬਣਦਾ ਆ ਰਿਹਾ ਹੈ। 2012 ਵਿੱਚ ਉਹ ਸ਼ਰੋਮਣੀ ਅਕਾਲੀ ਦਲ ਦੇ ਟਿਕਟ ‘ਤੇ ਚੋਣ ਲੜਕੇ ਵਿਧਾਨਕਾਰ ਬਣਿਆਂ ਸੀ, ਪ੍ਰੰਤੂ ਸ਼ਰੋਮਣੀ ਅਕਾਲੀ ਦੀ ਲੀਡਰਸ਼ਿਪ ਨਾਲ ਮੁੱਦਿਆਂ ‘ਤੇ ਸਹਿਮਤੀ ਨਾ ਬਣਨ ਕਰਕੇ ਉਹ ਦਸੰਬਰ 2016 ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੀ। ਪ੍ਰਗਟ ਸਿੰਘ ਨੂੰ ਹਮੇਸ਼ਾ ਹਰ ਖੇਤਰ ਵਿੱਚ ਸਫਲਤਾ ਹੀ ਮਿਲੀ ਹੈ। ਉਹ ਮੁੱਦਿਆਂ ਅਤੇ ਅਸੂਲਾਂ ਦੀ ਸਿਆਸਤ ਕਰਨ ਦਾ ਹਾਮੀ ਹੈ। ਅਸੂਲਾਂ ਕਰਕੇ ਉਸਨੇ ਆਲ ਇੰਡੀਆ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਕੇ ਪੀ ਐਸ ਗਿੱਲ ਨਾਲ ਤਕਰਾਰ ਕੀਤਾ ਸੀ ਤੇ ਵਿਰੋਧ ਵਜੋਂ ਹਾਕੀ ਤੋਂ ਸਨਿਆਸ ਲੈ ਲਿਆ ਸੀ। ਪਰ ਉਸਦੀ ਕਾਬਲੀਅਤ ਕਰਕੇ ਦੁਬਾਰਾ ਵਾਪਸ ਬੁਲਾਕੇ ਉਸਨੂੰ ਹਾਕੀ ਫੈਡਰੇਸ਼ਨ ਨੇ ਕਪਤਾਨ ਬਣਾਇਆ ਸੀ। ਭਾਵੇਂ ਉਸ ਸਮੇਂ ਉਹ ਪੁਲਿਸ ਵਿਭਾਗ ਦੀ ਨੌਕਰੀ ਕਰ ਰਿਹਾ ਸੀ, ਪ੍ਰੰਤੂ ਉਹ ਡਰਿਆ ਨਹੀਂ। ਉਮੀਦ ਕੀਤੀ ਜਾ ਰਹੀ ਹੈ ਕਿ ਕਾਂਗਰਸ ਪਾਰਟੀ ਵਿੱਚ ਵੀ ਉਹ ਬੇਬਾਕੀ ਨਾਲ ਮੁਦਿਆਂ ਦੀ ਸਿਆਸਤ ਕਰੇਗਾ। ਪ੍ਰਗਟ ਸਿੰਘ ਦੇ ਪ੍ਰਧਾਨ ਬਣਨ ਨਾਲ ਪੰਜਾਬ ਦੇ ਕਾਂਗਰਸੀ ਵਰਕਰਾਂ ਵਿੱਚ ਆਸ ਦੀ ਚਿਣਗ ਪੈਦਾ ਹੋ ਗਈ ਹੈ। ਪੰਜਾਬ ਕਾਂਗਰਸ ਦੇ ਸਾਰੇ ਧੜਿਆਂ ਨੇ ਉਸਦੀ ਪ੍ਰਧਾਨਗੀ ਦੀ ਸਹਿਮਤੀ ਹੀ ਨਹੀਂ ਦਿੱਤੀ, ਸਗੋਂ ਜੋਸ਼ ਖ਼ਰੋਸ਼ ਨਾਲ ਸਵਾਗਤ ਵੀ ਕੀਤਾ ਹੈ। ਪਹਿਲੀ ਵਾਰ ਹੋਇਆ ਹੈ ਕਿ ਕਾਂਗਰਸੀ ਵਰਕਰਾਂ ਨੇ ਪ੍ਰਗਟ ਸਿੰਘ ਦੀ ਪ੍ਰਧਾਨਗੀ ਦਾ ਇਤਨੇ ਵੱਡੇ ਪੱਧਰ ‘ਤੇ ਸ਼ੋਸ਼ਲ ਮੀਡੀਆ ‘ਤੇ ਤਹਿ ਦਿਲੋਂ ਸਵਾਗਤ ਕੀਤਾ ਹੈ। ਹਾਕੀ ਦੀ ਕਪਤਾਨੀ ਕਰਦਿਆਂ ਉਹ ਡਿਫੈਂਡਰ ਰਿਹਾ ਹੈ, ਭਾਵ ਫੁਲ ਬੈਕ ਸੀ, ਪ੍ਰੰਤੂ ਇੱਕ ਵਾਰ ਗੇਂਦ ਉਸਦੇ ਹੱਥ ਆ ਜਾਂਦੀ ਤਾਂ ਉਹ ਵਿਰੋਧੀਆਂ ਨੂੰ ਚਕਮਾ ਦੇ ਗੋਲ ਕਰਕੇ ਹੀ ਵਾਪਸ ਆਉਂਦਾ। ਹੁਣ ਵੀ ਉਮੀਦ ਹੈ ਕਾਂਗਰਸ ਨੂੰ ਜੇਤੂ ਬਣਾਵੇਗਾ। ਉਹ ਪੱਕਾ ਨਿਸ਼ਾਨਚੀ ਹੈ। ਉਸਦਾ ਸਿਆਸਤ ਵਿੱਚ ਵੀ ਨਿਸ਼ਾਨਾ ਕਦੀ ਉਕਿਆ ਨਹੀਂ। ਇਸ ਕਰਕੇ ਪੰਜਾਬ ਕਾਂਗਰਸ ਦਾ ਬਚਾਓ ਤਾਂ ਉਸ ਲਈ ਮਾਮੂਲੀ ਗੱਲ ਹੈ, ਪ੍ਰੰਤੂ ਉਹ ਅਗਰੈਸਿਵ ਸਿਆਸਤ ਵੀ ਕਰੇਗਾ, ਕਿਉਂਕਿ ਕਾਂਗਰਸ ਪਾਰਟੀ ਵੱਲੋਂ ਉਸ ਉਪਰ ਕੀਤੇ ਵਿਸ਼ਵਾਸ਼ ‘ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰੇਗਾ। ਪ੍ਰਗਟ ਸਿੰਘ ਨੂੰ 1989 ਵਿੱਚ ਅਰਜੁਨਾ ਅਵਾਰਡ ਅਤੇ 1998 ਵਿੱਚ ਕੇਂਦਰ ਸਰਕਾਰ ਨੇ ਪਦਮ ਸ੍ਰੀ ਦੀ ਉਪਾਧੀ ਦੇ ਕੇ ਸਨਮਾਨਤ ਕੀਤਾ ਸੀ  ਅਤੇ ਉਸਨੂੰ ਰਾਜੀਵ ਗਾਂਧੀ ਖੇਡ ਰਤਨ ਵੀ ਮਿਲਿਆ ਸੀ। ਪ੍ਰਗਟ ਸਿੰਘ 313 ਅੰਤਰਾਸ਼ਟਰੀ ਹਾਕੀ ਦੇ ਮੈਚ ਖੇਡਿਆ, 168 ਮੈਚਾਂ ਵਿੱਚ ਕਪਤਾਨੀ ਕੀਤੀ,  ਚੈਪੀਅਲਨਜ਼ ਹਾਕੀ ਟਰਾਫੀ ਤੋਂ ਲੈ ਕੇ ਸੈਫ ਖੇਡਾਂ, ਵਿਸ਼ਵ ਕੱਪ, ਏਸ਼ੀਆ ਕੱਪ, ਏਸ਼ੀਆਈ ਖੇਡਾਂ ਵਿਚ ਖੇਡਿਆ। ਓਲੰਪਿਕ ਖੇਡਾਂ, ਏਸ਼ੀਅਨ ਆਲ ਸਟਾਰਜ਼ ਇਲੈਵਨ ਦਾ ਕਪਤਾਨ, ਇੰਟਰ ਕੰਟੀਨੈਂਟਲ ਦਾ ਕਪਤਾਨ ਰਿਹਾ ਹੈ।  ਉਹ 20 ਵਰ੍ਹੇ ਹਾਕੀ ਵਿੱਚ ਛਾਇਆ ਰਿਹਾ। ਉਸਨੂੰ ਸਰਬ ਕਲਾ ਸੰਪੂਰਨ ਹਾਕੀ ਖਿਡਾਰੀ ਕਿਾਾ ਜਾ ਸਕਦਾ ਹੈ। ਪਹਿਲੀ ਵਾਰ ਪੰਜਾਬ ਕਾਂਗਰਸ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮਾਣਤਾ ਪ੍ਰਾਪਤ ਕਰਨ ਵਾਲਾ ਆਗੂ ਪ੍ਰਧਾਨ ਮਿਲਿਆ ਹੈ। ਉਹ ਪਹਿਲਾਂ ਰੇਲਵੇ ਕੋਚ ਫੈਕਟਰੀ, ਪੰਜਾਬ ਅਲਕਲੀਜ਼ ਤੇ ਅਖੀਰ ਪੰਜਾਬ ਪੁਲਿਸ ਵਿੱਚ ਸਿੱਧਾ ਡੀ ਐਸ ਪੀ ਭਰਤੀ ਹੋ ਗਿਆ ਸੀ।  ਉਸਨੇ ਹਾਕੀ ਨਾਲ ਸੰਬੰਧਤ ਇੱਕ ਮਰਸਾਲਾ ਵੀ ਪ੍ਰਕਾਸ਼ਤ ਕੀਤਾ ਸੀ। ਉਹ ਖੇਡ ਰਿਪੋਰਟਰ ਵੀ ਰਿਹਾ ਹੈ। ਪ੍ਰਗਟ ਸਿੰਘ ਦਾ ਜਨਮ 5 ਮਾਰਚ 1965 ਨੂੰ ਜਲੰਧਰ ਦੇ ਮਿੱਠਾਪਰ ਪਿੰਡ ਵਿੱਚ ਮਾਤਾ ਨਸੀਬ ਕੌਰ ਦੀ ਕੁੱਖੋਂ ਪਿਤਾ ਗੁਰਦੇਵ ਸਿੰਘ ਦੇ ਘਰ ਹੋਇਆ। ਉਸਦਾ ਵਿਆਹ ਬਰਿੰਦਰ ਕੌਰ ਨਾਲ ਹੋਇਆ। ਉਨ੍ਹਾਂ ਦੇ ਇੱਕ ਲੜਕਾ ਅਤੇ ਇੱਕ ਲੜਕੀ ਹੈ। ਉਮੀਦ ਹੈ ਉਹ ਕਾਂਗਰਸੀ ਵਰਕਰਾਂ ਦੀਆਂ ਆਸਾਂ ‘ਤੇ ਖ਼ਰਾ ਉਤਰੇਗਾ। ਤੇਲ ਵੇਖੋ ਤੇਲ ਦੀ ਧਾਰ ਵੇਖੋ ਊਂਟ ਕਿਸ ਕਰਵਟ ਬੈਠਦਾ ਹੈ।

 

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

  ਮੋਬਾਈਲ-94178 13072

  ujagarsingh48@yahoo.com

               

 

Comments

Popular posts from this blog

ਗੁਰਮਤਿ ਦੇ ਰੰਗ ਵਿੱਚ ਰੰਗਿਆ ਸੱਜਣ : ਗਿਆਨੀ ਸੋਢੀ ਨਿਰੰਜਨ ਸਿੰਘ

ਪੰਜਾਬੀ ਭਾਸ਼ ਦਾ ਵਿਦੇਸ਼ਾਂ ਵਿਚ ਪਰਚਮ ਲਹਿਰਾਉਣ ਵਾਲਾ ਸਾਹਿਤਕਾਰ ਰਵਿੰਦਰ ਰਵੀ

ਯਾਦਵਿੰਦਰ ਸਿੰਘ ਕਲੌਲੀ ਦਾ ਕਾਵਿ-ਸੰਗ੍ਰਹਿ ‘ਅਹਿਸਾਸਾਂ ਦੀ ਗੰਢ’ ਸਮਾਜਿਕਤਾ ਦੀ ਹੂਕ