31 ਅਕਤੂਬਰ 2026 ਨੂੰ ਸੇਵਾ ਮੁਕਤੀ ‘ਤੇ ਵਿਸ਼ੇਸ਼ ਬਹਾਦਰੀ ਦਾ ਪ੍ਰਤੀਕ : ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ

 

   ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ 42 ਸਾਲ ਦੀ ਸ਼ਾਨਦਾਰ ਸੇਵਾ ਤੋਂ ਬਾਅਦ ਅੱਜ 31 ਅਕਤੂਬਰ 2026 ਨੂੰ ਸੇਵਾ ਮੁਕਤ ਹੋ ਰਹੇ ਹਨ। ਉਹ ਪ੍ਰਤਿਭਵਾਵਾਨ ਪਾਇਲਟ ਹਨ, ਜਿਹੜੇ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਯੋਗ ਤੇ ਸਹੀ ਫ਼ੈਸਲੇ ਲੈਣ ਦੇ ਸਮਰੱਥ ਗਿਣੇ ਜਾਂਦੇ ਹਨ। ਉਨ੍ਹਾਂ ਦੀਆਂ ਵਿਲੱਖਣ ਸੇਵਾਵਾਂ ‘ਤੇ ਭਾਰਤੀ ਫ਼ੌਜ ਅਤੇ ਸਮੁੱਚੇ ਭਾਰਤ ਵਾਸੀਆਂ ਨੂੰ ਮਾਣ ਹੈ।Êਖਾਸ ਤੌਰ ‘ਤੇ 7 ਮਈ 2025 ਨੂੰ ਅਪ੍ਰੇਸ਼ਨ ਸਿੰਧੂਰ ਦੌਰਾਨ ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਦੀ ਅਗਵਾਈ ਹੇਠ ਭਾਰਤੀ ਹਵਾਈ ਸੈਨਾ ਨੇ ਅੱਤਵਾਦੀ ਟਿਕਾਣਿਆਂ ਵਿਰੁੱਧ ਨਿਸ਼ਾਨਾਬੱਧ ਹਮਲੇ ਕਰਕੇ ਪਾਕਿਸਤਾਨੀ ਫ਼ੌਜੀ ਕਾਰਵਾਈਆਂ ਨੂੰ ਠੱਲ ਹੀ ਨਹੀਂ ਪਾਈ ਸੀ, ਸਗੋਂ ਦੁਸ਼ਮਣ ਦੇ ਦੰਦ ਖੱਟੇ ਕਰਕੇ 22 ਅਪ੍ਰੈਲ 2025 ਨੂੰ ਪਹਿਲਗਾਮ ਅੱਤਵਾਦੀ ਹਮਲੇ ਦਾ ਕਰਾਰਾ ਜਵਾਬ ਦਿੱਤਾ ਸੀ। ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ ਦਾ ਫਿਕਸਡ ਰੋਟਰੀ ਵਿੰਗ ਏਅਰ ਕਰਾਫਟ ਤੇ ਕਈ ਤਰ੍ਹਾਂ ਦੇ ਹੋਰ ਲੜਾਕੂ ਜ਼ਹਾਜਾਂ ਨੂੰ 5000 ਘੰਟੇ ਤੋਂ ਵੱਧ ਸਮਾਂ ਉਡਾਉਣ ਦਾ ਤਜ਼ਰਬਾ ਵੀ ਉਨ੍ਹਾਂ ਦੀ  ਕਾਰਜ਼ਕੁਸ਼ਲਤਾ ਦਾ ਇੱਕ ਨਮੂਨਾ ਹੈ। ਪੰਜਾਬੀਆਂ/ਸਿੱਖਾਂ ਵਿੱਚੋਂ ਅਮਰਪ੍ਰੀਤ ਸਿੰਘ ਚੌਥੇ ਅਤੇ ਦੇਸ਼ ਦੇ 47ਵੇਂ ਏਅਰ ਚੀਫ਼ ਮਾਰਸ਼ਲ ਹਨ। ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ ਦਾ ਆਪਣੀ ਏਅਰ ਫੋਰਸ ਦੀ ਨੌਕਰੀ ਦੌਰਾਨ ਬਿਹਤਰੀਨ ਯੋਗਦਾਨ ਰਿਹਾ। ਇਸ ਲਈ ਸ਼ਾਨਦਾਰ ਸੇਵਾਵਾਂ ਕਰਕੇ ਉਨ੍ਹਾਂ ਨੂੰ 2019 ਵਿੱਚ ਪਰਮ ਵਸ਼ਿਸ਼ਟ ਸੇਵਾ ਮੈਡਲ ਅਤੇ 2023 ਵਿੱਚ ਅਤੀ ਵਸ਼ਿਸ਼ਟ ਸੇਵਾ ਮੈਡਲ ਦਿੱਤੇ ਗਏ ਸਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਮਾਨਿਆ ਸੇਵਾ ਮੈਡਲ, ਸੈਨਿਆ ਸੇਵਾ ਮੈਡਲ ਅਤੇ 50ਵਾਂ ਇਨਡੀਪੈਂਡੈਂਸ ਮੈਡਲ ਮਿਲੇ ਹੋਏ ਹਨ। ਉਸਨੇ ਆਪਣੀ ਪੇਸ਼ੇਵਰ  ਯੋਗਤਾ, ਤਕਨੀਕੀ ਮੁਹਾਰਤ, ਅਗਵਾਈ ਅਤੇ ਅਨੁਸ਼ਾਸਨ ਸਦਕਾ ਭਾਰਤੀ ਹਵਾਈ ਸੈਨਾ ਨੂੰ ਨਵੀਂ ਦਿਸ਼ਾ ਦੇ ਕੇ ਮਹੱਤਵਪੂਰਨ ਯੋਗਦਾਨ ਪਾਇਆ ਹੈ।  ਲੜਾਕੂ ਜਹਾਜਾਂ ਦੀ ਉਡਾਣ ਤੋਂ ਲੈ ਕੇ ਉਚ ਪੱਧਰੀ ਕਮਾਂਡ ਅਤੇ ਨੀਤੀਨਿਰਧਾਰਨ ਤੱਕ ਕਈ ਅਹਿਮ ਜ਼ਿੰਮੇਵਾਰੀਆਂ ਬਾਖ਼ੂਬੀ ਨਿਭਾਈਆਂ ਹਨ।  ਉਨ੍ਹਾਂ ਦਾ ਕੈਰੀਅਰ ਤਕਨੀਕੀ ਮੁਹਾਰਤ, ਹਵਾਈ ਸੁਰੱਖਿਆ ਅਤੇ ਫ਼ੌਜੀ ਅਗਵਾਈ ਦਾ ਮਹੱਤਵਪੂਰਨ ਉਦਾਹਰਣ ਹੈ। ਉਨ੍ਹਾਂ ਹਵਾਈ ਸੈਨਾ ਦੀ ਕਾਰਜਕੁਸ਼ਲਤਾ, ਆਧੁਨਿਕੀਕਰਨ ਅਤੇ ਤਕਨੀਕੀ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਕੰਮ ਕੀਤਾ। ਉਨ੍ਹਾਂ ਦੀ ਅਗਵਾਈ ਹੇਠ ਭਾਰਤੀ ਹਵਾਈ ਸੈਨਾ ਸਾਹਮਣੇ ਆਧੁਨਿਕ ਜੰਗੀ ਤਕਨਾਲੋਜੀ ਨੂੰ ਅਪਨਾਉਣ, ਸਵਦੇਸ਼ੀ  ਰੱਖਿਆ ਉਤਪਾਦਨ ਨੂੰ ਉਤਸ਼ਾਹਤ ਕਰਨ ਅਤੇ ਬਦਲਦੇ ਸੁਰੱਖਿਆ ਮਾਹੌਲ ਅਨੁਸਾਰ ਆਪਣੀ ਤਿਆਰੀ ਨੂੰ ਹੋਰ ਮਜ਼ਬੂਤ ਕਰਨ ਵਰਗੀਆਂ ਚੁਣੌਤੀਆਂ ਰਹੀਆਂ, ਜਿਨ੍ਹਾਂ ਨੂੰ ਉਨ੍ਹਾਂ ਨੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ। ਇੱਕ ਲੜਾਕੂ ਪਾਇਲਟ ਵਜੋਂ ਪ੍ਰਾਪਤ ਤਜਰਬੇ ਨੇ ਉਨ੍ਹਾਂ ਨੂੰ ਹਵਾਈ ਕਾਰਵਾਈਆਂ ਦੀਆਂ ਵਿਹਾਰਕ ਲੋੜਾਂ ਨੂੰ ਸਮਝਣ ਦੇ ਮਿਲੇ ਮੌਕੇ ਦਾ ਉਸਨੇ ਸਹੀ ਲਾਭ ਉਠਾਇਆ। ਇਹ ਤਜਰਬਾ ਉਨ੍ਹਾਂ ਦੇ ਸਾਰੀ ਸਰਵਿਸ ਦੌਰਾਨ ਲਾਹੇਬੰਦ ਸਾਬਤ ਹੋਇਆ। ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ ਦੀ ਪੇਸ਼ੇਵਰ ਪਛਾਣ ਦਾ ਇੱਕ ਅਹਿਮ ਪੱਖ ਜ਼ਹਾਜਾਂ ਦੀ ਤਕਨੀਕੀ ਸਮਰੱਥਾ ਅਤੇ ਉਨ੍ਹਾਂ ਦਾ ਆਧੁਨਿਕੀਕਰਨ ਨਾਲ ਜੁੜਿਆ ਰਿਹਾ। ਉਨ੍ਹਾਂ ਨੇ ਮਿਗ 29 ਜਹਾਜਾਂ ਦੇ ਅਪਗਰੇਡ ਨਾਲ  ਸੰਬੰਧਤ ਕੰਮ ਅਤੇ ਹਲਕੇ ਲੜਾਕੂ ਜ਼ਹਾਜ ਤੇਜਸ ਦੇ ਉਡਾਣ ਟੈਸਟ ਪ੍ਰੋਗਰਾਮ ਨਾਲ ਜੁੜੀਆਂ ਜ਼ਿੰਮੇਵਾਰੀਆਂ ਨਿਭਾਈਆਂ। ਉਹ ਸਵਦੇਸ਼ੀ ਤੇਜਸ ਲਾਈਟ ਕੰਬੈਟ ਏਅਰ ਕ੍ਰਾਫ਼ਟ ਦੇ ਪ੍ਰਾਜੈਕਟ ਡਾਇਰੈਕਟਰ (ਫਲਾਈਟ ਟੈਸਟ) ਵੀ ਸਨ। ਅਮਰਪ੍ਰੀਤ ਸਿੰਘ ਦੇ ਕੈਰੀਅਰ ਦਾ ਇੱਕ ਵਿਸ਼ੇਸ਼ ਪੱਖ ਭਾਰਤ ਦੇ ਸਵਦੇਸ਼ੀ ਹਲਕੇ ਜ਼ਹਾਜ ਤੇਜਸ ਦੀ ਉਡਾਣ ਜਾਂਚ ਨਾਲ ਜੁੜਿਆ ਹੋਇਆ ਹੈ। ਇਹ ਕੰਮ ਭਾਰਤ ਦੀ ਆਪਣੀ ਰੱਖਿਆ ਤਕਨਾਲੋਜੀ ਵਿਕਸਤ ਕਰਨ ਅਤੇ ਵਿਦੇਸ਼ੀ ਜ਼ਹਾਜਾਂ ਉਤੇ ਨਿਰਭਰਤਾ ਘਟਾਉਣ ਦੇ ਵੱਡੇ ਯਤਨ ਦਾ ਹਿੱਸਾ ਸੀ। ਆਪਣੇ ਲੰਮੇ ਕੈਰੀਅਰ ਦੌਰਾਨ ਅਮਰਪ੍ਰੀਤ ਸਿੰਘ ਨੇ ਕਈ ਮਹੱਤਵਪੂਰਨ ਕਮਾਂਡ ਅਤੇ ਸਟਾਫ ਅਹੁਦਿਆਂ ਉਤੇ ਕੰਮ ਕੀਤਾ। ਇਨ੍ਹਾਂ ਜ਼ਿੰਮੇਵਾਰੀਆਂ ਵਿੱਚ ਹਵਾਈ ਕਾਰਵਾਈਆਂ ਦੀ ਯੋਜਨਬੰਦੀ, ਕਰਮਚਾਰੀਆਂ ਦੀ ਸਿਖਲਾਈ, ਜ਼ਹਾਜਾਂ ਦੀ ਤਿਆਰੀ ਅਤੇ ਸੈਨਿਕ ਸਰੋਤਾਂ ਦੀ ਸੁਚੱਜੀ ਵਰਤੋਂ ਵਰਗੇ ਅਹਿਮ ਪੱਖ ਸ਼ਾਮਲ ਰਹੇ ਹਨ।

    ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ ਦਾ ਹਵਾਈ ਫ਼ੌਜ ਦਾ ਕੈਰੀਅਰ 21 ਦਸੰਬਰ 1984 ਨੂੰ ਸ਼ੁਰੂ ਹੋਇਆ ਸੀ, ਜਦੋਂ ਉਨ੍ਹਾਂ ਨੂੰ ਕਮਿਸ਼ਨ ਮਿਲਿਆ। ਉਨ੍ਹਾਂ ਨੇ ਨੈਸ਼ਨਲ ਡਿਫੈਂਸ ਅਕੈਡਮੀ, ਡਿਫੈਂਸ ਸਰਵਿਸਜ਼ ਸਟਾਫ ਕਾਲਜ ਅਤੇ ਨੈਸ਼ਨਲ ਡਿਫੈਂਸ ਕਾਲਜ ਵਰਗੀਆਂ ਪ੍ਰਮੁੱਖ ਸੰਸਥਾਵਾਂ ਤੋਂ ਸਿਖਿਆ ਪ੍ਰਾਪਤ ਕੀਤੀ। ਉਸ ਤੋਂ ਬਾਅਦ ਉਹ ਆਪਣੀ ਯੋਗਤਾ ਅਤੇ ਕਾਰਗੁਜ਼ਾਰੀ ਕਰਕੇ ਲਗਾਤਾਰ ਤਰੱਕੀਆਂ ਪ੍ਰਾਪਤ ਕਰਦੇ ਰਹੇ ਹਨ। ਉਹ 21 ਦਸੰਬਰ 1985 ਨੂੰ ਫਲਾਇੰਗ ਆਫ਼ੀਸਰ ਅਤੇ 4 ਸਾਲ ਬਾਅਦ 21 ਦਸੰਬਰ 1989 ਨੂੰ ਫ਼ਲਾਈਟ ਲੈਫ਼ਟੀਨੈਂਟ, 21 ਦਸੰਬਰ 1995 ਨੂੰ ਸਕੁਐਡਰਨ ਲੀਡਰ,  14 ਮਈ 2001  ਨੂੰ ਵਿੰਗ ਕਮਾਂਡਰ, 5 ਨਵੰਬਰ 2007 ਨੂੰ ਗਰੁਪ ਕੈਪਟਨ, 30 ਦਸੰਬਰ 2010 ਨੂੰ ਐਕਟਿੰਗ ਤੇ 1 ਅਪ੍ਰੈਲ 2011 ਨੂੰ ਏਅਰ ਕਮੋਡੋਰ, 1 ਅਗਸਤ 2016 ਨੂੰ ਏਅਰ ਵਾਈਸ ਮਾਰਸ਼ਲ, 1 ਫਰਵਰੀ 2021 ਨੂੰ ਏਅਰ ਮਾਰਸ਼ਲ  ਅਤੇ 30 ਸਤੰਬਰ 2024 ਨੂੰ ਬਾਅਦ ਦੁਪਹਿਰ ਏਅਰ ਚੀਫ਼ ਮਾਰਸ਼ਲ ਦਾ ਵਕਾਰੀ ਅਹੁਦਾ ਸੰਭਾਲਿਆ ਹੈ। ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ ਨੂੰ ਮਾਣ ਜਾਂਦਾ ਹੈ ਕਿ ਉਨ੍ਹਾਂ ਨੇ ਬਹੁਤ ਸਾਰੀਆਂ ਮਹੱਤਵਪੂਰਨ ਵੰਗਾਰ ਵਾਲੀਆਂ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਉਂਦਿਆਂ ਹਮੇਸ਼ਾ ਸਫਲਤਾ ਪ੍ਰਾਪਤ ਕੀਤੀ ਹੈ। ਉਨ੍ਹਾਂ ਆਪਣੇ ਕੈਰੀਅਰ ਦੌਰਾਨ ਇੱਕ ਆਪ੍ਰੇਸ਼ਨਲ  ਫਾਈਟਰ ਸਕੁਐਡਰਨ ਅਤੇ ਇੱਕ ਫਰੰਟ ਲਾਈਨ ਏਅਰ ਬੇਸ ਦੀ ਕਮਾਨ ਸੰਭਾਲੀ ਹੈ। ਇੱਕ ਪ੍ਰੀਖਣ ਪਾਇਲਟ ਦੇ ਰੂਪ ਵਿੱਚ ਉਨ੍ਹਾਂ ਨੇ ਰੂਸ ਦੇ ਮਾਸਕੋ  ਵਿੱਚ ਮਿਗ-29 ਫਾਈਟਰ ਦੇ ਆਧੁਨਿਕੀਕਰਨ ਨਾਲ ਸੰਬੰਧਤ ਪ੍ਰਾਜੈਕਟ ਪ੍ਰਬੰਧਨ ਟੀਮ ਦੀ ਅਗਵਾਈ ਕੀਤੀ। ਇਸ ਤਰ੍ਹਾਂ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਉਤੇ ਰੱਖਿਆ ਤਕਨਾਲੋਜੀ ਅਤੇ ਲੜਾਕੂ ਜ਼ਹਾਜਾਂ ਦੀ ਸਮਰੱਥਾ ਵਧਾਉਣ ਦੇ ਕੰਮ ਦਾ ਤਜ਼ਰਬਾ ਮਿਲਿਆ, ਜਿਹੜਾ ਭਾਰਤੀ ਸੈਨਾ ਦੇ ਕੰਮ ਆਇਆ। ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਵੀ ਕਈ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਸਨ, ਜਿਨ੍ਹਾਂ ਨੂੰ ਉਨ੍ਹਾਂ ਨੇ ਬਾਖ਼ੂਬੀ ਨਾਲ ਨਿਭਾਇਆ ਹੈ। ਉਹ ਸੀਨੀਅਰ ਏਅਰ ਸਟਾਫ਼ ਆਫ਼ੀਸਰ ਈਸਟਰਨ ਏਅਰ ਕਮਾਂਡ ਅਤੇ ਏਅਰ ਡਿਫੈਂਸ ਕਮਾਂਡਰ ਸਾਊਥ ਵੈਸਟਰਨ ਵਿਖੇ ਰਹੇ ਹਨ। ਉਹ ਏਅਰ ਕਮਾਂਡ ਕੁਆਲੀਫ਼ਾਈਡ ਫ਼ਲਾਇੰਗ ਇਨਸਟਰਕਟਰ ਅਤੇ ਤਜਰਬੇਕਾਰ ਪਾਇਲਟ ਹਨ। ਵਿੰਗ ਕਮਾਂਡਰ ਹੁੰਦਿਆਂ ਉਨ੍ਹਾਂ ਨੇ 2 ਏਅਰ ਡਿਫੈਂਸ ਕੰਟਰੋਲ ਸੈਂਟਰ ਦੀ 22 ਸਕੁਐਡਰਨ ਦੀ ਅਗਵਾਈ ਕੀਤੀ ਹੈ। ਵਾਈਸ ਏਅਰ ਮਾਰਸ਼ਲ ਦੀ ਤਰੱਕੀ ਤੋਂ ਬਾਅਦ ਉਨ੍ਹਾਂ ਬਤੌਰ ਪ੍ਰਾਜੈਕਟ ਡਾਇਰੈਕਟਰ ਨੈਸ਼ਨਲ ਫਲਾਈਟ ਟੈਸਟ ਸੈਂਟਰ, ਐਰੋਨਾਟੀਕਲ ਡਿਵੈਲਪਮੈਂਟ ਏਜੰਸੀ ਅਤੇ ਏਅਰ ਆਫ਼ੀਸਰ ਕਮਾਂਡਿੰਗ ਆਫ਼ 2 ਏਅਰ ਡੀਫੈਂਸ ਕੰਟਰੋਲ ਸੈਂਟਰ ਗਾਂਧੀਨਗਰ ਦੀ ਅਗਵਾਈ ਕੀਤੀ ਹੈ। ਏਅਰ ਮਾਰਸ਼ਲ ਬਣਨ ਤੋਂ ਬਾਅਦ ਉਨ੍ਹਾਂ ਨੂੰ ਸੀਨੀਅਰ ਸਟਾਫ਼ ਆਫ਼ੀਸਰ ਆਫ਼ ਈਸਟਰਨ ਏਅਰ ਕਮਾਂਡ ਸੀਲੌਂਗ ਨਿਯੁਕਤ ਕੀਤਾ ਗਿਆ। 1 ਜੁਲਾਈ 2022 ਨੂੰ ਉਨ੍ਹਾਂ ਨੇ ਏਅਰ ਆਫ਼ੀਸਰ ਕਮਾਂਡਿੰਗ-ਇਨ-ਚੀਫ਼ ਸੈਂਟਰਲ ਏਅਰ ਕਮਾਂਡ ਦਾ ਅਹੁਦਾ ਏਅਰ ਮਾਰਸ਼ਲ ਰਿਚਰਡ ਜੌਹਨ ਡਕਵਰਥ ਤੋਂ ਬਾਅਦ ਸੰਭਾਲਿਆ। ਵਾਈਸ ਚੀਫ਼ ਏਅਰ ਸਟਾਫ ਹੁੰਦੇ ਹੋਏ ਮਲਟੀਨੈਸ਼ਨਲ ਏਅਰ ਐਕਸਰਸਾਈਜ ਤਰੰਗ ਸ਼ਕਤੀ ਦੇ ਮੌਕੇ ਤੇ ਮੋਹਰੀ ਦੀ ਭੂਮਿਕਾ ਨਿਭਾਈ। ਚੀਨ ਦੀ ਸਰਹੱਦ ‘ਤੇ ਤਣਾਅ ਦੀ ਸਥਿਤੀ ਸਮੇਂ ਅਰੁਣਾਚਲ ਦੇ ਨੇੜੇ ਭਾਰਤੀ ਸਰਹੱਦ ‘ਤੇ ਜੋ ਭਾਰਤੀ ਹਵਾਈ ਜਹਾਜ ਤਾਇਨਾਤ ਕੀਤੇ ਗਏ ਸਨ, ਉਨ੍ਹਾਂ ਦੀ ਅਗਵਾਈ ਅਮਰਪ੍ਰੀਤ ਸਿੰਘ ਕਰਦੇ ਰਹੇ। ਹਰ ਨਾਜ਼ੁਕ ਸਥਿਤੀ ਮੌਕੇ ਉਨ੍ਹਾਂ ਨੇ ਬਾਖ਼ੂਬੀ ਆਪਣੇ ਫ਼ਰਜ ਨਿਭਾਏ। ਉਹ ਸ਼ਾਂਤੀ ਜਾਂ ਯੁਧ ਦੀ ਸਥਿਤੀ ਵਿੱਚ ਰਣਨੀਤੀ ਤਿਆਰ ਕਰਨ ਦੇ ਵੀ ਮਾਹਿਰ ਗਿਣੇ ਜਾਂਦੇ ਹਨ। ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਨੂੰ ਫਰਵਰੀ 2023 ਵਿੱਚ ਵਾਈਸ ਏਅਰ ਚੀਫ਼ ਮਾਰਸ਼ਲ ਬਣਾਇਆ ਗਿਆ ਸੀ।

 

    ਅਮਰਪ੍ਰੀਤ ਸਿੰਘ ਨੇ ਏਅਰ ਚੀਫ਼ ਮਾਰਸ਼ਲ ਵਿਵੇਕ ਰਾਮ ਚੌਧਰੀ ਦੀ 30 ਸਤੰਬਰ 2024 ਨੂੰ ਸੇਵਾ ਮੁਕਤੀ ਤੋਂ ਬਾਅਦ ਸੰਸਾਰ ਦੀ ਚੌਥੀ ਸਭ ਤੋਂ ਵੱਡੀ ਏਅਰ ਫ਼ੋਰਸ ਦੀ ਕਮਾਂਡ ਸੰਭਾਲੀ ਸੀ। ਇਸ ਅਹੁਦੇ ਉਤੇ  ਉਨ੍ਹਾਂ ਨੇ ਹਵਾਈ ਸੈਨਾ ਨੂੰ ਭਵਿਖ ਦੀਆਂ ਸੁਰੱਖਿਆ ਲੋੜਾਂ ਲਈ ਤਿਆਰ ਕਰਨ ਉਤੇ ਜ਼ੋਰ ਦਿੱਤਾ। ਉਨ੍ਹਾਂ ਦੀ ਇਸ ਸਨਮਾਨ ਯੋਗ ਅਹੁਦੇ ‘ਤੇ ਨਿਯੁਕਤੀ ਪੰਜਾਬੀਆਂ/ਸਿੱਖਾਂ ਲਈ ਮਾਣ ਵਾਲੀ ਗੱਲ ਹੈ। ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਅਜਿਹੇ ਨਾਜ਼ੁਕ ਸਮੇਂ ਏਅਰ ਚੀਫ਼ ਮਾਰਸ਼ਲ ਦਾ ਅਹੁਦਾ ਸੰਭਾਲਿਆ, ਜਦੋਂ ਆਧੁਨਿਕ ਸਮੇਂ ਦੀ ਲੋੜ ਅਨੁਸਾਰ ਏਅਰ ਫੋਰਸ ਦੀ ਮਾਡਰਨਾਈਜੇਸ਼ਨ ਕਰਨ ਦੀ ਅਤਿਅੰਤ ਲੋੜ ਸੀ। ਉਨ੍ਹਾਂ ਨੇ ਆਤਮ ਨਿਰਭਰ ਹਵਾਈ ਸੈਨਾ, ਵੱਖ-ਵੱਖ ਸੈਨਿਕ ਬਲਾਂ ਵਿਚਕਾਰ ਤਾਲਮੇਲ ਅਤੇ ਜਵਾਨਾਂ ਦੀ ਸਮਰੱਥਾ ਵਧਾਉਣ ਨੂੰ ਪਹਿਲ ਦਿੱਤੀ। ਉਹ ਆਪਣੀ ਅਗਵਾਈ ਅਧੀਨ ਹਵਾਈ ਫ਼ੌਜ ਦੀ ਰਣਨੀਤੀ ਤਿਆਰ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾ ਕੇ ਹਵਾਈ ਫ਼ੌਜ ਦੀ ਕਾਰਗੁਜ਼ਾਰੀ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਵਾਲੇ ਮਾਹਿਰ ਏਅਰ ਚੀਫ਼ ਮਾਰਸ਼ਲ ਹਨ। ਇੱਕ ਕਿਸਮ ਨਾਲ ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ ਲਈ ਵੰਗਾਰ ਦਾ ਸਮਾਂ ਸੀ, ਕਿਉਂਕਿ ਐਲ.ਸੀ.ਏ, ਐਸ.ਕੇ-1ਏ  (ਅਡਵਾਂਸ ਵੇਰੀਐਂਟ ਆਫ਼ ਦਾ ਐਮ.ਕੇ.ਕਰਾਫਟ) ਟੈਸਟਿੰਗ ਪ੍ਰੋਗਰਾਮ ਵਿੱਚ ਦੇਰੀ ਹੋ ਗਈ ਸੀ। ਇੰਡੀਅਨ ਏਅਰ ਫ਼ੋਰਸ ਨੂੰ ਚਿੰਤਾ ਸੀ ਕਿ ਇਸ ਦੇ ਕੰਬੈਟ ਇਫੈਕਟਿਵਨੈਸ ਵਿੱਚ ਰਿਸਕ ਹੋ ਸਕਦਾ ਹੈ। ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਸੁਲਝੇ ਹੋਏ ਤਜਰਬੇਕਾਰ ਫਾਈਟਰ ਪਾਇਲਟ ਹਨ, ਇਸ ਲੲਂੀ ਉਨ੍ਹਾਂ ਨੇ ਮੌਕੇ ਦੀ ਨਜ਼ਾਕਤ ਅਨੁਸਾਰ ਕਦਮ ਚੁੱਕੇ। ਇਹ ਸਮਾਂ ਉਨ੍ਹਾਂ ਲਈ ਆਪਣੀ ਕਾਬਲੀਅਤ ਦਾ ਪ੍ਰਗਟਾਵਾ ਕਰਨ ਦਾ ਸੁਨਹਿਰੀ ਮੌਕਾ ਸੀ, ਜਿਸਤੇ ਉਹ ਖ਼ਰੇ ਉਤਰੇ ਹਨ। ਇਸ ਤੋਂ ਪਹਿਲਾਂ ਉਹ ਪ੍ਰਯਾਗਰਾਜ ਵਿੱਚ ਕੇਂਦਰੀ ਹਵਾਈ ਕਮਾਨ ਦੇ ਏਅਰ ਅਫ਼ਸਰ ਕਮਾਂਡਿੰਗ-ਇਨ-ਚੀਫ਼ ਸਨ। ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ ਦਾ ਕੈਰੀਅਰ ਨੌਜਵਾਨਾਂ ਲਈ ਮਾਰਗ ਦਰਸ਼ਕ ਬਣ ਸਕਦਾ ਹੈ, ਕਿਉਂਕਿ ਤਕਨੀਕੀ ਸਿਖਿਆ, ਲਗਾਤਾਰ ਮਿਹਨਤ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦੀ ਭਾਵਨਾ ਰਾਹੀਂ ਦੇਸ਼ ਦੀ ਸੇਵਾ ਵਿੱਚ ਉਚੀਆਂ ਮੰਜ਼ਲਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ।

   ਅਮਰਪ੍ਰੀਤ ਸਿੰਘ ਦਾ ਜਨਮ 27 ਅਕਤੂਬਰ 1964 ਨੂੰ ਹੋਇਆ ਸੀ। ਉਨ੍ਹਾਂ ਨੇ ਆਪਣੀ ਮੁਢਲੀ ਪੜ੍ਹਾਈ  ਐਸ.ਬੀ.ਐਮ ਸਕੂਲ ਦਿੱਲੀ ਤੋਂ ਕੀਤੀ ਸੀ। ਉਹ ਆਪਣੀ ਪੜ੍ਹਾਈ ਵਿੱਚ ਸੰਜੀਦਾ ਤੇ ਹੁਸ਼ਿਆਰ ਵਿਦਿਆਰਥੀਆਂ ਵਿੱਚ ਗਿਣੇ ਜਾਂਦੇ ਸਨ। ਸਕੂਲ ਦੀ ਪੜ੍ਹਾਈ ਤੋਂ ਬਾਅਦ ਉਹ ਏਅਰਫ਼ੋੋਰਸ ਦੀ ਫਾਈਟਰ ਪਾਇਲਟ ਸਟਰੀਮ ਵਿੱਚ ਭਰਤੀ ਹੋ ਗਏ। ਉਸ ਤੋਂ ਬਾਅਦ ਉਨ੍ਹਾਂ ਨੈਸ਼ਨਲ ਡਿਫੈਂਸ ਅਕਾਡਮੀ ਖੜਕਵਾਸਲਾ, ਏਅਰ ਫ਼ੋਰਸ ਅਕਾਡਮੀ ਡੂੰਡੀਗਲ, ਡਿਫ਼ੈਸ ਸਰਵਿਸਜ ਸਟਾਫ ਕਾਲਜ ਵÇਲੰਗਟਨ ਅਤੇ ਨੈਸ਼ਨਲ ਡਿਫੈਂਸ ਕਾਲਜ ਦਿੱਲੀ ਤੋਂ ਵੀ ਸਿਖਿਆ ਪ੍ਰਾਪਤ ਕੀਤੀ। ਅਮਰਪ੍ਰੀਤ ਸਿੰਘ ਦਾ ਵਿਆਹ ਸਰੀਤਾ ਸਿੰਘ ਨਾਲ ਹੋਇਆ । ਉਨ੍ਹਾਂ ਦੇ ਇੱਕ ਲੜਕਾ ਅਤੇ ਲੜਕੀ ਹੈ।

ਤਸਵੀਰ : ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

  ਮੋਬਾਈਲ-94178 13072

  ujagarsingh48@yahoo.com

 

 

 

 

Comments

Popular posts from this blog

ਗੁਰਮਤਿ ਦੇ ਰੰਗ ਵਿੱਚ ਰੰਗਿਆ ਸੱਜਣ : ਗਿਆਨੀ ਸੋਢੀ ਨਿਰੰਜਨ ਸਿੰਘ

ਪੰਜਾਬੀ ਭਾਸ਼ ਦਾ ਵਿਦੇਸ਼ਾਂ ਵਿਚ ਪਰਚਮ ਲਹਿਰਾਉਣ ਵਾਲਾ ਸਾਹਿਤਕਾਰ ਰਵਿੰਦਰ ਰਵੀ

ਯਾਦਵਿੰਦਰ ਸਿੰਘ ਕਲੌਲੀ ਦਾ ਕਾਵਿ-ਸੰਗ੍ਰਹਿ ‘ਅਹਿਸਾਸਾਂ ਦੀ ਗੰਢ’ ਸਮਾਜਿਕਤਾ ਦੀ ਹੂਕ