ਪਰਵਾਸ ਵਿੱਚ ਨਾਮ ਚਮਕਾਉਣ ਵਾਲੀ ਲਵੀਨ ਗਿੱਲ

 

     ਪਰਵਾਸ ਵਿੱਚ ਪੰਜਾਬੀ ਇਸਤਰੀਆਂ ਆਪੋ ਆਪਣੇ ਖੇਤਰ ਵਿੱਚ ਉਥੋਂ ਦੇ ਸਭਿਆਚਾਰਕ, ਆਰਥਿਕ, ਰਾਜਨੀਤਕ, ਸਾਹਿਤਕ ਅਤੇ ਸਮਾਜਕ ਜੀਵਨ ਵਿੱਚ ਮਹੱਤਵਪੂਰਨ ਯੋਗਦਾਨ ਪਾਕੇ ਮਾਹਰਕੇ ਮਾਰ ਰਹੀਆਂ ਹਨ। ਉਹ ਰਾਜਨੀਤੀ, ਵਿਗਿਆਨ, ਕਾਨੂੰਨ, ਖੇਤੀਬਾੜੀ, ਟਰਾਂਸਪੋਰਟ, ਵਿਓਪਾਰ, ਆਈ ਟੀ, ਮੀਡੀਆ, ਮੰਚ ਸੰਚਾਲਨ, ਅਦਾਕਾਰੀ ਅਤੇ ਸਮਾਜ ਸੇਵਾ ਵਿੱਚ ਮੋਹਰੀ ਦੀ ਭੂਮਿਕਾ ਨਿਭਾ ਰਹੀਆਂ ਹਨ। ਇਨ੍ਹਾਂ ਵਿੱਚ ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਰਹਿਣ ਵਾਲੀ ਇਸਤਰੀ ਲਵੀਨ ਗਿੱਲ ਹੈ, ਜਿਹੜੀ ਵਿਲੱਖਣ ਕਿਸਮ ਦੀ ਮਾਨਵਤਾ ਦੀ ਸੇਵਾ ਕਰਨ ਵਿੱਚ ਜੁੱਟੀ ਹੋਈ ਹੈ। ਉਸਦੀ ਵਿਰਾਸਤ ਲੁਧਿਆਣਾ ਜਿਲ੍ਹੇ ਦਾ ਪਿੰਡ ਗਿੱਲਾਂ ਹੈ। ਇਸ ਲਈ ਉਹ ਮਾਨਸਿਕ ਤੌਰ ‘ਤੇ ਪੰਜਾਬੀ ਵਿਰਾਸਤ ਨਾਲ ਜੁੜੀ ਹੋਈ ਹੈ। ਉਹ ਬਹੁ-ਪੱਖੀ, ਬਹੁ-ਮੰਤਵੀ ਅਤੇ ਬਹੁ-ਦਿਸ਼ਾਵੀ ਸੇਵਾ ਕਰ ਰਹੀ ਹੈ। ਲਵੀਨ ਗਿੱਲ ਪੁਰਾਣੇ ਰਸਤਿਆਂ ‘ਤੇ ਚਲਣ ਵਾਲੀ ਇਸਤਰੀ ਨਹੀਂ, ਸਗੋਂ ਉਹ ਆਪਣੇ ਨਵੇਂ ਰਸਤੇ ਬਣਾਉਣ ਤੇ ਉਸਨੂੰ ਗਾਡੀ ਰਾਹ ਬਣਾਉਣ ਦੀ ਸਮਰੱਥਾ ਰੱਖਣ ਵਾਲੀ ਬੇਬਾਕ ਤੇ ਬਹਾਦਰ ਹੈ। ਉਸਨੇ ਇੱਕ ਬਹੁਤ ਹੀ ਮਹੱਤਵਪੂਰਨ ਖੇਤਰ ਵਿੱਚ ਕਾਰਜ ਕਰਨਾ ਸ਼ੁਰੂ ਕੀਤਾ ਹੈ, ਜਿਸ ਵਲ ਕਿਸੇ ਨੇ ਬਹੁਤਾ ਧਿਆਨ ਨਹੀਂ ਦਿੱਤਾ,  ਉਹ ਕਾਰਜ ਹੈ ਅੰਗ ਅਤੇ ਟਿਸ਼ੂ ਦਾਨ, ਖਾਸ ਤੌਰ ‘ਤੇ ਔਰਤਾਂ ਦਾ ਨਾੜੂਆ ਸੰਭਾਲਣਾ, ਜਿਹੜਾ ਅਨੇਕ ਬਿਮਾਰੀਆਂ ਦੇ ਇਲਾਜ ਵਿੱਚ ਵਰਤਿਆ ਜਾ ਸਕਦਾ ਹੈ। ਆਮ ਤੌਰ ‘ਤੇ ਬੱਚੇ ਦੇ ਪੈਦਾ ਹੋਣ ਤੋਂ ਬਾਅਦ ਨਾੜੂਆ ਸੁੱਟ ਦਿੱਤਾ ਜਾਂਦਾ ਸੀ। ਇਸ ਖੇਤਰ ਵਿੱਚ ਜਾਗ੍ਰਤੀ ਲਿਆਉਣ ਦਾ ਬੀੜਾ ਲਵੀਨ ਕੌਰ ਗਿੱਲ ਨੇ ਕੈਨੇਡਾ ਦੀ ਧਰਤੀ ‘ਤੇ ਚੁੱਕਿਆ ਹੈ। ਇਸ ਨਾੜੂਏ ਰਾਹੀਂ ਔਰਤ ਆਪਣੇ ਗਰਭ ਵਿਚਲੇ ਭਰੂਣ ਨੂੰ ਖੁਰਾਕ ਪਹੁੰਚਾਉਂਦੀ ਹੈ, ਪ੍ਰੰਤੂ ਬਹੁਤੀਆਂ ਔਰਤਾਂ ਇਸ ਦੀ ਸੰਭਾਲ ਵਿੱਚ ਅਵੇਸਲੀਆਂ ਹੀ ਹਨ। ਇਹ ਨਾੜੂਆ ਜੀਵਨ ਬਚਾਓ ਵਾਲੀਆਂ ਦਵਾਈਆਂ ਵਿੱਚ ਵਰਤਿਆ ਜਾਂਦਾ ਹੈ।

   ਮੈਂ ਲਵੀਨ ਗਿੱਲ ਨੂੰ ਕੈਨੇਡਾ ਦੇ ਟਰਾਂਟੋ ਸ਼ਹਿਰ ਵਿੱਚ ਪ੍ਰਸਿੱਧ ਸਾਹਿਤਕਾਰ ਜੋੜੀ ਸੁਰਜੀਤ ਕੌਰ ਅਤੇ ਪਿਆਰਾ ਸਿੰਘ ਕੁਦੋਵਾਲ ਦੇ ਘਰ 2016 ਵਿੱਚ ਮਿਲਿਆ ਸੀ। ਉਸ ਸਮੇਂ ਮੈਨੂੰ ਵੀ ਇਹ ਕਾਰਜ ਅਚੰਭਾ ਲੱਗਿਆ ਸੀ,  ਪ੍ਰੰਤੂ ਹੁਣ ਪਤਾ ਲੱਗਿਆ ਹੈ ਕਿ ਲਵੀਨ ਗਿੱਲ ਨੇ ਅਜਿਹਾ ਵਿਲੱਖਣ ਸੇਵਾ ਦਾ ਕਾਰਜ ਕਰਨ ਨਾਲ ਨਾਮਣਾ ਖੱਟਿਆ, ਜਿਸਨੇ ਉਸਦੀ ਵਿਲੱਖਣ ਪਛਾਣ ਬਣਾ ਦਿੱਤੀ। ਇਹ ਕਾਰਜ ਉਸ ਵੱਲੋਂ 2008 ਵਿੱਚ ਸਥਾਪਤ ਕੀਤੀ ‘‘ਅਮਰ ਕਰਮਾ ਆਰਗਨ ਡੋਨੇਸ਼ਨ ਸੋਸਾਇਟੀ’’ ਰਾਹੀਂ ਕੀਤਾ ਗਿਆ ਹੈ। ਸ਼ੁਰੂ ਵਿੱਚ ਉਸਨੇ ਜਦੋਂ ਇਹ ਸੋਸਾਇਟੀ ਬਣਾਈ ਸੀ ਤਾਂ ਏਸ਼ੀਆਈ ਭਾਈਚਾਰੇ ਵੱਲੋਂ ਅੰਗ ਤੇ ਟਿਸ਼ੂ ਦਾਨ ਵਰਗੇ ਵਿਸ਼ੇ ਨੂੰ ਅਜੀਬ ਨਿਗਾਹ ਨਾਲ ਵੇਖਿਆ ਜਾਂਦਾ ਸੀ। ਇਸ ਲਈ ਲੋਕਾਂ ਨੂੰ ਪ੍ਰੇਰਤ ਕਰਕੇ ਆਪਣੇ ਨਾਲ ਜੋੜਨ ਲਈ ਲਵੀਨ ਗਿੱਲ ਨੂੰ ਬੜੀ ਜਦੋਜਹਿਦ ਕਰਨੀ ਪਈ ਸੀ, ਪ੍ਰੰਤੂ ਇਸ ਬਹਾਦਰ ਤੇ ਦਿ੍ਰੜ੍ਹ ਇਰਾਦੇ ਵਾਲੀ ਲਵੀਨ ਗਿੱਲ ਨੇ ਹੌਸਲਾ ਨਹੀਂ ਹਾਰਿਆ, ਜਿਸਦਾ ਨਤੀਜਾ ਇਹ ਨਿਕਲਿਆ ਕਿ ਉਸਦਾ ਕਾਫ਼ਲਾ ਅੱਜ ਵਿਸ਼ਾਲ ਰੂਪ ਧਾਰਨ ਕਰ ਚੁੱਕਿਆ ਹੈ। ਜਿਹੜੇ ਲੋਕ ਇਸ ਕਾਰਜ ਨੂੰ ਚੰਗਾ ਨਹੀਂ ਸਮਝਦੇ ਸਨ, ਹੁਣ ਉਹ ਉਸਦੀ ਪ੍ਰਸੰਸਾ ਕਰਦੇ ਨਹੀਂ ਥੱਕਦੇ। ਇਸ ਸੰਸਥਾ ਰਾਹੀਂ ਉਸਨੇ ਖਾਸ ਕਰਕੇ ਦੱਖਣੀ ਏਸ਼ੀਆਈ ਭਾਈਚਾਰੇ ਵਿੱਚ ਅੰਗ ਅਤੇ ਟਿਸ਼ੂ ਦਾਨ ਬਾਰੇ ਜਾਗਰੂਕਤਾ ਪੈਦਾ ਕਰਕੇ ਲਾਮਿਸਾਲ ਸੇਵਾ ਕੀਤੀ ਹੈ। ਅੰਗਦਾਨ ਬਾਰੇ ਭਾਰਤੀ ਖਾਸ ਕਰਕੇ ਪੰਜਾਬੀ ਭਾਈਚਾਰੇ ਵਿੱਚ ਹੁਣ ਤੱਕ ਜਾਣਕਾਰੀ ਦੀ ਘਾਟ ਧਾਰਮਿਕ ਤੇ ਸਮਾਜਿਕ ਧਾਰਨਾਵਾਂ ਅਤੇ ਗ਼ਲਤਫ਼ਹਿਮੀਆਂ ਰੁਕਾਵਟ ਬਣਦੀਆਂ ਆ ਰਹੀਆਂ ਹਨ। ਲਵੀਨ ਗਿੱਲ ਭਾਵੇਂ ਰਹਿੰਦੀ ਕੈਨੇਡਾ ਦੇ ਉਨਟਾਰੀਆ ਵਿੱਚ ਹੈ, ਪ੍ਰੰਤੂ ਉਸਨੇ ਇਸ ਸੰਵੇਦਨਸ਼ੀਲ ਵਿਸ਼ੇ ਨੂੰ ਪਰਵਾਸੀ ਪੰਜਾਬੀ ਭਾਈਚਾਰੇ ਤੱਕ ਸੌਖੀ ਭਾਸ਼ਾ ਵਿੱਚ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ।

   ਲਵੀਨ ਗਿੱਲ ਨੇ ਸੈਮੀਨਾਰਾਂ, ਜਾਗਰੂਕਤਾ ਸਮਾਗਮਾ, ਸੈਰ ਕਰਨ ਵਾਲਿਆਂ ਅਤੇ ਕਮਿਊਨਿਟੀ ਪ੍ਰੋਗਰਾਮਾਂ ਰਾਹੀਂ ਲੋਕਾਂ ਨੂੰ ਅੰਗਦਾਨ ਦੀ ਮਹੱਤਤਾ ਬਾਰੇ ਵਿਸਤਾਰ ਨਾਲ ਜਾਣੂੰ ਕਰਵਾਇਆ ਹੈ। ਲਵੀਨ ਗਿੱਲ ਨੇ ਲੋਕਾਂ ਨੂੰ ਅੰਗ ਦਾਨ ਮੁਹਿੰਮ ਨਾਲ ਜੋੜਨ ਲਈ ਕੈਨੇਡਾ ਦੇ ਵੱਖ ਵੱਖ ਸਥਾਨਾ ਵਿੱਚ ਲਗਪਗ ਹੁਣ ਤੱਕ 500 ਸਮਾਗਮ ਆਯੋਜਤ ਕੀਤੇ ਹਨ। ਉਸਨੇ ਵੈਲਨੇਟਾਈਨ ਡੇਅ ਨੂੰ ਮਾਨਵਤਾ ਲਈ ‘ਦਿਲ ਦੇਣ’ (ਗਿਵ ਏ ਹਰਟ) ਨਾਲ ਜੋੜਦਿਆਂ ਅੰਗ ਤੇ ਟਿਸ਼ੂਦਾਨੀ ਵਜੋਂ ਰਜਿਸਟਰ ਹੋਣ ਲਈ ਪ੍ਰੇਰਤ ਕੀਤਾ ਹੈ। ਅੰਗ ਦਾਨ ਦੀ ਮੁਹਿੰਮ ਰਾਹੀਂ ਉਸਦੀ ਇਹ ਕੋਸ਼ਿਸ਼ ਹੈ ਕਿ ਮਨੁੱਖੀ ਜ਼ਿੰਦਗੀ ਨੂੰ ਹਰ ਹਾਲਤ ਵਿੱਚ ਬਚਾਇਆ ਜਾ ਸਕੇ। ਅੰਗ ਦਾਨ ਕਰਨਾ ਇੱਕ ਕਿਸਮ ਨਾਲ ਕਿਸੇ ਇਨਸਾਨ ਨੂੰ ਦੂਜੀ ਜ਼ਿੰਦਗੀ ਦੇਣ ਦੇ ਬਰਾਬਰ ਹੁੰਦਾ।  ਅੰਗ ਦਾਨ ਕਰਨਾ ਇੱਕ ਬਿਹਤਰੀਨ ਤੋਹਫ਼ਾ ਹੈ। ਲਵੀਨ ਗਿੱਲ ਦੀ ਇਹ ਸੋਚ ਮਨੁੱਖਤਾ, ਦਇਆ, ਰਹਿਮਦਿਲੀ ਅਤੇ ਲੋਕਾਈ ਦੀ ਸਾਂਝੀ ਜ਼ਿੰਮੇਵਾਰੀ ਦਾ ਪ੍ਰਤੀਕ ਹੈ।

   ਲਵੀਨ ਗਿੱਲ ਦੇ ਸਮਾਜ ਭਲਾਈ ਦੇ ਕੰਮ ਨੂੰ ਸਰਕਾਰੀ ਤੌਰ ਮਾਨਤਾ ‘ਲੀਡਿੰਗ ਵਿਮੈਨ ਬਿਲਡਿੰਗ ਕਮਿਊਨਿਟੀ ਅਵਾਰਡ’ ਦੇ ਕੇ ਦਿੱਤੀ ਗਈ। ਇਸ ਤੋਂ ਇਲਾਵਾ ਉਸਨੂੰ ‘ਉਨਟਾਰੀਓ ਮੈਡਲ ਫਾਰ ਗੁਡ ਸਿਟੀਜਨਸ਼ਿਪ’ ਦੇ ਕੇ ਸਨਮਾਨਤ ਵੀ ਕੀਤਾ ਗਿਆ ਸੀੇ। ਇਹ ਦੋਵੇਂ ਸਨਮਾਨ ਇਸ ਗੱਲ ਦਾ ਪ੍ਰਮਾਣ ਹਨ ਕਿ ਉਸ ਦੀਆਂ ਸਮਾਜਿਕ ਗਤੀਵਿਧੀਆਂ ਸਿਰਫ ਇੱਕ ਸੰਸਥਾ ਜਾਂ ਇੱਕ ਭਾਈਚਾਰੇ ਤੱਕ ਹੀ ਸੀਮਤ ਨਹੀਂ ਰਹੀਆਂ ਸਗੋਂ ਵੱਡੇ ਸਮਾਜ ਲਈ ਵੀ ਮਹੱਤਵ ਰੱਖਦੀਆਂ ਹਨ। ਸੀ।  ਲਵੀਨ ਗਿੱਲ ਦੀ ਸਰਗਰਮੀ ਸਾਨੂੰ ਇਹ ਸੰਦੇਸ਼ ਦਿੰਦੀ ਹੈ ਕਿ ਇੱਕ ਵਿਅਕਤੀ ਆਪਣੀ ਪ੍ਰਤਿਭਾ ਨੂੰ ਕਈ ਪੱਖਾਂ ਵਿੱਚ ਵਰਤਕੇ ਸਮਾਜ ਲਈ ਵਡਮੁੱਲਾ ਯੋਗਦਾਨ ਪਾ ਸਕਦਾ ਹੈ।

  ਕਵਿਤਾ,  ਕਹਾਣੀ,  ਅਦਾਕਾਰੀ, ਵਾਰਤਕ ਤੇ ਨਾਟਕ ਲਿਖਣਾ ਉਸਨੂੰ ਸੰਵੇਦਨਾ ਦਿੰਦੀ ਹੈ, ਪੱਤਰਕਾਰੀ ਉਨ੍ਹਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਨਾਲ ਜੋੜਦੀ ਹੈ ਅਤੇ ਸਮਾਜ ਸੇਵਾ ਉਨ੍ਹਾਂ ਨੂੰ ਉਨ੍ਹਾਂ ਸਮੱਸਿਆਵਾਂ ਦੇ ਹੱਲ ਵੱਲ ਕਦਮ ਚੁੱਕਣ ਦਾ ਮੌਕਾ ਦਿੰਦੀ ਹੈ। ਕੈਨੇਡਾ ਵਿੱਚ ਪੰਜਾਬੀ ਭਾਸ਼ਾ  ਅਤੇ ਸਭਿਆਚਾਰ ਦੀ ਨੁਮਾਇੰਦਗੀ ਕਰਨ ਵਾਲੀਆਂ ਅਜਿਹੀਆਂ ਸ਼ਖਸੀਅਤਾਂ ਭਾਈਚਾਰੇ ਲਈ ਪ੍ਰੇਰਣਾ ਸ੍ਰੋਤ ਹੁੰਦੀਆਂ ਹਨ। ਲਵੀਨ ਗਿੱਲ ਨੇ ਆਪਣੀ ਕਲਮ ਆਪਣੀ ਆਵਾਜ਼ ਅਤੇ ਆਪਣੇ ਸਮਾਜਿਕ ਉਪਰਾਲਿਆਂ ਰਾਹੀਂ ਇਹ ਸਾਬਤ ਕੀਤਾ ਹੈ ਕਿ ਪ੍ਰਸਿੱਧੀ ਨਾਲੋਂ ਵੱਡੀ ਚੀਜ਼ ਲੋਕਾਂ ਲਈ ਕੀਤੀ ਗਈ ਸੇਵਾ ਹੈ। ਲਵੀਨ ਗਿੱਲ ਦੀ ਸਰਗਰਮੀ ਇਸ ਗੱਲ ਦੀ ਮਿਸਾਲ ਹੈ ਕਿ ਜਦੋਂ ਸਾਹਿਤਕ ਸੰਵੇਦਨਾ, ਪੱਤਰਕਾਰੀ ਦੀ ਜ਼ਿੰਮੇਵਾਰੀ ਅਤੇ ਮਨੁੱਖਤਾ ਦੀ ਸੇਵਾ ਇਕੱਠੇ ਹੋ ਜਾਣ ਤਾਂ ਇੱਕ ਵਿਅਕਤੀ ਸਮਾਜ ਵਿੱਚ ਲੰਮੇ ਸਮੇਂ ਤੱਕ ਯਾਦ ਰਹਿਣ ਵਾਲਾ ਪ੍ਰਭਾਵ ਛੱਡ ਜਾਂਦਾ ਹੈ।

    ਕੈਨੇਡਾ ਦੀ ਧਰਤੀ ‘ਤੇ ਲਵੀਨ ਗਿੱਲ ਨੇ ਆਪਣੀ ਮਿਹਨਤ, ਲਗਨ, ਹੁਨਰ, ਦਿ੍ਰੜ੍ਹਤਾ, ਲਿਆਕਤ ਤੇ ਵਿਦਵਤਾ ਨਾਲ ਅੰਗ ਦਾਨ ਤੋਂ ਇਲਾਵਾ ਕਵਿਤਾ, ਪੱਤਰਕਾਰੀ, ਅਦਾਕਾਰੀ, ਐਂਕਰਿੰਗ ਅਤੇ ਸਮਾਜ ਸੇਵਾ ਵਿੱਚ ਵੀ ਬਿਹਤਰੀਨ ਸਫਲਤਾਵਾਂ ਪ੍ਰਾਪਤ ਕਰਕੇ ਆਪਣੀ ਵੱਖਰੀ ਪਛਾਣ ਬਣਾਈ ਹੋਈ ਹੈ। ਉਸਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਸਿਰਫ਼ ਸ਼ਬਦਾਂ ਰਾਹੀਂ ਸਮਾਜ ਦੀਆਂ ਸਮੱਸਿਆਵਾਂ ਨੂੰ ਬਿਆਨ ਹੀ ਨਹੀਂ ਕਰਦੀ, ਸਗੋਂ ਉਨ੍ਹਾਂ ਦੇ ਹੱਲ ਲਈ ਮੈਦਾਨ ਵਿੱਚ ਵੀ ਸਰਗਰਮ ਭੂਮਿਕਾ ਨਿਭਾਉਂਦੀ ਹੈ । ਇਸਦੇ ਨਾਲ ਹੀ ਉਹ ਕੈਨੇਡਾ ਦੇ ਪੰਜਾਬੀ ਮੀਡੀਆ ਵਿੱਚ ਇੱਕ ਸਰਗਰਮ ਪੱਤਰਕਾਰ ਅਤੇ ਐਂਕਰ ਵਜੋਂ ਵੀ ਸਥਾਪਤ ਹੋ ਚੁੱਕੀ ਹੈ। ਉਹ ‘ਓਮਨੀ  ਚੈਨਲ’ ਦੇ ਪੰਜਾਬੀ ਪ੍ਰੋਗਰਾਮਿੰਗ ਨਾਲ ਜੁੜਕੇ ਪੰਜਾਬੀ ਦਰਸ਼ਕਾਂ ਨੂੰ ਮਾਨਸਿਕ ਖੁਰਾਕ ਮੁਹੱਈਆ ਕਰਵਾਉਂਦੀ ਹੋਈ, ਪੰਜਾਬੀਆਂ ਨੂੰ ਉਨ੍ਹਾਂ ਨਾਲ ਸੰਬੰਧਤ ਮੁੱਦਿਆਂ ਦੀ ਮਹੱਤਤਾ ਬਾਰੇ ਚੇਤੰਨ ਕਰਦੀ ਹੈ। ਉਸਦੇ ਪ੍ਰੋਗਰਾਮ ਖਾਸ ਤੌਰ ‘ਤੇ ਮਨੁੱਖੀ ਦਿਲਚਸਪੀ ਨਾਲ ਸੰਬੰਧਤ ਹੁੰਦੇ ਹਨ, ਜਿਨ੍ਹਾਂ ਸਿੱਧਾ ਸੰਬੰਧ ਪਰਵਾਸੀ ਪੰਜਾਬੀ ਭਾਈਚਾਰੇ ਦੀ ਜ਼ਿੰਦਗੀ ਨਾਲ ਹੁੰਦਾ ਹੈ।  ਲਵੀਨ ਗਿੱਲ ਨੇ ਆਪਣੇ ਪ੍ਰੋਗਰਾਮਾ ਵਿੱਚ ਘਰੇਲ ਹਿੰਸਾ ਅੰਤਰਰਾਸ਼ਟਰੀ  ਵਿਦਿਆਰਥੀਆਂ ਦੀਆਂ ਮੁਸ਼ਕਲਾਂ ਅਤੇ ਦੱਖਣੀ ਏਸ਼ੀਆਈ ਸੀਨੀਅਰ ਨਾਗਰਿਕਾਂ ਨਾਲ ਜੁੜੇ ਮਸਲਿਆਂ ਵਰਗੇ ਸੰਵੇਦਨਸ਼ੀਲ ਮੁੱਦਿਆਂ ਨੂੰ ਉਭਾਰਿਆ ਹੁੰਦਾ ਹੈ। ਉਸਦੀ ਪੱਤਰਕਾਰੀ ਵਿੱਚ ਮਨੁੱਖਤਾ ਦਿਲਚਸਪੀ ਵਾਲੇ ਵਿਸ਼ਿਆਂ ਦੇ ਨਾਲ ਨਾਲ ਉਹ ਮੁੱਦੇ ਵੀ ਸ਼ਾਮਲ ਰਹੇ ਹਨ, ਜਿਨ੍ਹਾਂ ਦਾ ਸਿੱਧਾ ਸੰਬੰਧ ਪਰਵਾਸੀ ਭਾਈਚਾਰੇ ਦੀ ਜ਼ਿੰਦਗੀ ਨਾਲ ਹੈ।  ਇਸ ਕਰਕੇ ਉਸਦੀ ਪੱਤਰਕਾਰੀ ਸਿਰਫ਼ ਖ਼ਬਰ ਪੇਸ਼ ਕਰਨ ਦਾ ਸਾਧਨ ਹੀ ਨਹੀਂ, ਸਗੋਂ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦਾ ਕੰਮ ਵੀ ਕਰਦੀ ਹੈ। ਇਨ੍ਹਾਂ ਗੱਲਾਂ ਕਰਕੇ ਲਵੀਨ ਗਿੱਲ ਪੰਜਾਬੀਆਂ ਵਿੱਚ ਹਰਮਨ ਪਿਆਰੀ ਹੈ। ਉਸਦੇ ਪ੍ਰੋਗਰਾਮਾ ਨੂੰ ਵੇਖਣ ਦੀ ਦਰਸ਼ਕ ਉਡੀਕ ਕਰਦੇ ਰਹਿੰਦੇ ਹਨ।

    ਲਵੀਨ ਗਿੱਲ ਦੀ ਸ਼ਖਸੀਅਤ ਦਾ ਇੱਕ ਹੋਰ ਮਹੱਤਵਪੂਰਨ ਪੱਖ ਉਸਦੀ ਸਾਹਿਤਕ ਰੁਚੀ ਹੈ। ਉਹ ਕਵਿਤਾ ਅਤੇ ਰਚਨਾਤਮਕ ਲਿਖਤ ਨਾਲ ਵੀ ਜੁੜੀ ਹੋਈ ਹੈ। ਉਸ ਦੀਆਂ ਰਚਨਾਵਾਂ ਵਿੱਚ ਸਮਾਜਿਕ ਸਰੋਕਾਰ ਮਨੁੱਖੀ ਸੰਵੇਦਨਾਵਾਂ ਅਤੇ ਆਪਣੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਪ੍ਰਤੀ ਚੇਤਨਾ ਵੇਖਣ ਨੂੰ ਮਿਲਦੀ ਹੈ। ਉਹ ਗਿੱਲ ਦੀ ਸ਼ਖ਼ਸੀਅਤ ਦਾ ਇੱਕ ਹੋਰ ਮਹੱਤਵਪੂਰਨ ਪੱਖ ਉਨ੍ਹਾਂ ਦੀ ਸਾਹਿਤਕ ਰੁਚੀ ਹੈ। ਉਹ ਕਵਿਤਾ ਅਤੇ ਰਚਨਾਤਮਕ ਲਿਖਤ ਨਾਲ ਵੀ ਜੁੜੀ ਹੋਈ ਹੈ। ਇਸ ਕਰਕੇ ਉਸਦੀ ਕਵਿਤਾ ਨੂੰ ਸਿਰਫ ਨਿੱਜੀ ਭਾਵਨਾਵਾਂ ਦੀ ਅਭਿਵਿਅਕਤੀ ਦੀ ਬਜਾਏ ਸਮਾਜ ਨਾਲ ਸੰਬਾਦ ਵਜੋਂ ਵੀ ਵੇਖਿਆ ਜਾ ਸਕਦਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਮੋਬਾਈਲ- 9417813072

  ujagarsingh48@yahoo.com

 

 

 

 

Comments

Popular posts from this blog

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ

ਪੰਜਾਬੀ ਭਾਸ਼ ਦਾ ਵਿਦੇਸ਼ਾਂ ਵਿਚ ਪਰਚਮ ਲਹਿਰਾਉਣ ਵਾਲਾ ਸਾਹਿਤਕਾਰ ਰਵਿੰਦਰ ਰਵੀ

ਹਰਪ੍ਰੀਤ ਕੌਰ ਸੰਧੂ ਦੀ ‘ਜ਼ਿੰਦਗੀ ਦੇ ਰੂਬਰੂ’ ਪੁਸਤਕ ਜ਼ਿੰਦਗੀ ਜਿਓਣ ਦੇ ਬਿਹਤਰੀਨ ਨੁਸਖ਼ੇ