ਪੰਜਾਬ ਵਾਂਗੂੰ ਅਮਰੀਕਾ ਵਿੱਚ ਵੀ ਸ਼ਹਿਤੂਤ ਦੇ ਰੁੱਖਾਂ ਦੀ ਭਰਮਾਰ

 

ਅਮਰੀਕਾ ਦਾ ਕੈਲੇਫ਼ੋਰਨੀਆ ਰਾਜ ਕਈ ਪੱਖਾਂ ਤੋਂ ਪੰਜਾਬ ਨਾਲ ਮੇਲ ਖਾਂਦਾ ਹੈ। ਜਦੋਂ ਮੈਂ ਕੈਲੇਫ਼ੋਰਨੀਆਂ ਦੇ ਪੇਂਡੂ ਇਲਾਕੇ ਵਿੱਚ ਗਿਆ ਤਾਂ ਉਥੇ ਮੈਨੂੰ ਪੰਜਾਬ ਦੇ ਪੇਂਡੂ ਇਲਾਕਿਆਂ ਵਰਗਾ ਵਾਤਾਵਰਨ ਮਹਿਸੂਸ ਹੋਇਆ, ਕਿਉਂਕਿ ਉਥੇ ਪੰਜਾਬ ਦੇ ਰੁੱਖਾਂ ਵਰਗੇ ਰੁੱਖ ਵੇਖੇ। ਭਾਵੇਂ ਇੱਥੇ ਰੁੱਖ ਬਹੁਤ ਸਾਰੀਆਂ ਅਣਗਿਣਤ ਕਿਸਮਾਂ ਦੇ ਹਨ, ਪ੍ਰੰਤੂ ਟਾਹਲੀਆਂ, ਬੇਰੀਆਂ, ਕਿਕਰਾਂ, ਸਫੈਦੇ  ਅਤੇ ਸ਼ਹਿਤੂਤ ਦੇ ਦਰੱਖਤ ਵੀ ਆਮ ਮਿਲਦੇ ਹਨ। ਕੈਲੇਫ਼ੋਰਨੀਆਂ ਦੇ ਸੈਂਡੀਆਗੋ ਸ਼ਹਿਰ ਤੋਂ 50 ਮੀਲ ਦੂਰ ਵੱਡੇ ਵੱਡੇ ਪਹਾੜ ਹਨ। ਵਿਚਕਾਰ ਪੱਧਰੀ ਜ਼ਮੀਨ ਵੀ ਹੈ।  ਉਸ ਇਲਾਕੇ ਨੂੰ ‘ਵੈਲੀ ਸੈਂਟਰ’ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ। ਉਥੇ ਗਰਮੀ ਤੇ ਸਰਦੀ ਦੋਵੇਂ ਬਹੁਤ ਜ਼ਿਆਦਾ ਹੁੰਦੀ ਹੈ।  ‘ਵੈਲੀ ਸੈਂਟਰ’ ਇੱਕ ਸੁੰਦਰ ਦਿਹਾਤੀ ਅਤੇ ਖੇਤੀਬਾੜੀ ਦੇ ਕਾਰੋਬਾਰ ਵਾਲਾ ਇਲਾਕਾ ਹੈ। ਇੱਥੋਂ ਦੀ ਗਰਮ, ਤਿੱਖੀ, ਤੇਜ਼ ਧੁੱਪ, ਖੁਲ੍ਹੀ ਜ਼ਮੀਨ ਅਤੇ ਲੰਬੀਆਂ ਗਰਮੀਆਂ ਕਈ ਕਿਸਮ ਦੇ ਦਰੱਖਤਾਂ ਲਈ ਅਨੁਕੂਲ ਹਨ। ਇਨ੍ਹਾਂ ਦਰੱਖਤਾਂ ਵਿੱਚੋਂ ਇੱਕ ਮਹੱਤਵਪੂਰਨ ਦਰੱਖਤ ਸ਼ਹਿਤੂਤ ਹੈ। ਯੂਨੀਵਰਸਿਟੀ ਆਫ਼ ਕੈਲੇਫੋਰਨੀਆਂ ਦੀ ਇੱਕ ਖੇਤੀਬਾੜੀ ਸੰਬੰਧੀ ਰਿਪੋਰਟ ਸ਼ਹਿਤੂਤ ਦੇ ਦਰੱਖਤ ਲਈ ‘ਵੈਲੀ ਸੈਂਟਰ’ ਨੂੰ ਢੁੱਕਵਾਂ ਸਥਾਨ ਗਰਦਾਨਦੀ ਹੈ, ਕਿਉਂਕਿ ਇੱਥੇ ਗਰਮੀ ਬਹੁਤਾ ਸਮਾਂ ਰਹਿੰਦੀ ਹੈ ਤੇ ਇਹ ਦਰੱਖਤ ਨੂੰ ਬਹੁਤੇ ਪਾਣੀ ਦੀ ਲੋੜ ਨਹੀਂ ਪੈਂਦੀ। ਇਸ ਲਈ ਇਸ ‘ਵੈਲੀ ਸੈਂਟਰ’ ਦੇ ਇਲਾਕੇ ਵਿੱਚ ਸ਼ਹਿਤੂਤ ਦੇ ਰੁੱਖਾਂ ਦੀ ਭਰਮਾਰ ਹੈ। ਇਹ ਦਰੱਖਤ ਲੰਬੀਆਂ ਕਤਾਰਾਂ ਵਿੱਚ ਝੁੰਡਾਂ ਦੀ ਤਰ੍ਹਾਂ ਲੱਗੇ ਹੋਏ ਹਨ।

   ਖਾਸ ਤੌਰ ‘ਤੇ ਖੇਤੀਬਾੜੀ ਨਾਲ ਸੰਬੰਧਤ ਬਹੁਤ ਸਾਰੀਆਂ ਫ਼ਸਲਾਂ ਪੰਜਾਬ ਦੀ ਤਰ੍ਹਾਂ ਹੀ ਵੇਖਣ ਨੂੰ ਮਿਲਦੀਆਂ ਹਨ। ਕੈਲੇਫ਼ੋਰਨੀਆਂ ਰਾਜ ਵਿੱਚ ਜ਼ਮੀਨ ਪੱਧਰੀ, ਉਚੀ ਨੀਵੀ, ਂਪਹਾੜੀ,  ਬੈਰੂਨੀ ਤੇ ਸੇਂਜੂ ਵੀ ਹੈ। ਅਮਰੀਕਾ ਦੇ ਕੈਲੇਫ਼ੋਨੀਆਂ ਰਾਜ ਵਿੱਚ ਸਭ ਤੋਂ ਵੱਧ ਪੰਜਾਬੀ ਵਸਦੇ ਹਨ। ਕੈਲੇਫੋਰਨੀਆਂ ਰਾਜ ਵਿੱਚ ਫ਼ਸਲਾਂ ਨੂੰ ਪਾਣੀ ਫੁਹਾਰਾ ਪ੍ਰਣਾਲੀ ਨਾਲ ਦਿੱਤਾ ਜਾਂਦਾ ਹੈ। ਜ਼ਮੀਨਦੋਜ਼ ਪਾਣੀ ਦੀ ਵਰਤੋਂ ਕਫਾਇਤ ਨਾਲ ਕਰਦੇ ਹਨ। ਬਾਰਸ਼ਾਂ ਦੇ ਪਾਣੀ ‘ਤੇ ਬਹੁਤਾ ਨਿਰਭਰ ਰਹਿੰਦੇ ਹਨ। ਪੰਜਾਬ ਦੀ ਤਰ੍ਹਾਂ ਕਿਆਰੇ ਪਾ ਕੇ ਖਾਲਾਂ ਰਾਹੀਂ ਸਿੰਜਾਈ ਨਹੀਂ ਕੀਤੀ ਜਾਂਦੀ।

   ਸ਼ਹਿਤੂਤ ਦੇ ਦਰੱਖਤ ਦਾ ਵਿਗਿਆਨਕ ਨਾਮ ‘ਮੋਰਸ’ ਹੈ। ਇਹ ਇੱਕ ਪੱਤਝੜੀ ਦਰੱਖਤ ਹੈ। ਇਸ ਦੀਆਂ ਕਈ ਕਿਸਮਾਂ ਹਨ। ਪੱਤੇ ਹਰੇ ਦਿਲ  ਦੀ ਸ਼ਕਲ ਤੇ ਸਾਈਜ਼ ਵਰਗੇ ਸ਼ਹਿਤੂਤ ਦੇ ਰੁੱਖ ਵੱਡੇ ਸਾਈਜ ਦੇ ਹੁੰਦੇ ਹਨ। ਜਦੋਂ ਵਡੇਰੀ ਉਮਰ ਦੇ ਹੋ ਜਾਂਦੇ ਹਨ ਤਾਂ ਇਨ੍ਹਾਂ ਦਾ ਘੇਰਾ ਵੀ ਤੋਂ ਤੀਹ ਫੁੱਟ ਤੱਕ ਉਚਾ ਹੋ ਜਾਂਦਾ ਹੈ। ਇਸਦੇ ਫਲ ਨੂੰ ਤੂਤੀਆਂ ਕਹਿੰਦੇ ਹਨ। ਇਸ ਰੁੱਖ ਦੀ ਬੈਰੂਨੀ ਇਲਾਕੇ ਵਿੱਚ ਕਾਸ਼ਤ ਕੀਤੀ ਜਾਂਦੀ ਹੈ, ਕਿਉਂਕਿ ਇਹ ਧੁੱਪ ਸਹਾਰ ਸਕਦਾ ਹੈ, ਪਾਣੀ ਦੀ ਲੋੜ ਨਹੀਂ ਹੁੰਦੀ। ਹਰ ਮੌਸਮ ਨੂੰ ਬਰਦਾਸ਼ਤ ਕਰ ਸਕਦਾ ਹੈ। ਇਸਦੀਆਂ ਜੜ੍ਹਾਂ ਜ਼ਮੀਨ ਦੀ ਉਪਰਲੀ ਸਤਹ ਵਿੱਚ ਫੈਲ ਜਾਂਦੀਆਂ ਹਨ। ‘ਵੈਲੀ ਸੈਂਟਰ’ ਦੇ ਪੇਂਡੂ ਵਾਤਾਵਰਨ ਵਿੱਚ ਸ਼ਹਿਤੂਤ ਦਾ ਰੁੱਖ ਕੁਦਰਤ, ਖੇਤੀਬਾੜੀ ਅਤੇ ਸਥਾਨਕ ਲੋਕਾਂ ਦੇ ਜੀਵਨ ਦਾ ਇੱਕ ਦਿਲਚਸਪ ਤੇ ਅਨਿਖੜਵਾਂ ਹਿੱਸਾ ਬਣਿਆਂ ਹੋਇਆ ਹੈ।

   ਇਸਦੇ ਫਲ ਨੂੰ ਮਾਰਕੀਟ ਵਿੱਚ ਵੇਚਿਆ ਜਾਂਦਾ ਹੈ। ਜਿਥੇ ਇਨ੍ਹਾਂ ਤੂਤੀਆਂ ਨੂੰ ਭੋਜਨ ਦੇ ਤੌਰ ‘ਤੇ ਵਰਤਿਆ ਜਾਂਦਾ ਹੈ, ਉਥੇ ਇਸ ਦੀਆਂ ਕੁਝ ਕਿਸਮਾਂ ਰੇਸ਼ਮ  ਦੇ ਕੀੜਿਆਂ ਦੀ ਖੁਰਾਕ ਵਜੋਂ ਵੀ ਵਰਤੀਆਂ ਜਾਂਦੀਆਂ ਹਨ। ਇਸ ਲਈ ਇਹ ਰੁੱਖ ਰੇਸ਼ਮ ਦੇ ਉਤਪਾਦਨ ਤੇ ਵਿਓਪਾਰ ਨਾਲ ਜੁੜੇ ਹੋਏ ਹਨ। ਤੂਤੀਆਂ ਦੇ ਪੱਕਣ ਤੋਂ ਬਾਅਦ ਇਨ੍ਹਾਂ ਦਾ ਰੰਗ ਲਾਲ,  ਗੂੜ੍ਹਾ ਜਾਮਨੀ ਤੇ ਕਾਲਾ ਵੀ ਹੁੰਦਾ ਹੈ। ਇਹ ਤੂਤੀਆਂ ਛੋਟੇ ਬਲੈਕਬੈਰੀ ਵਰਗੀਆਂ ਤੇ ਬਹੁਤ ਮਿੱਠੀਆਂ ਹੁੰਦੀਆਂ ਹਨ। ਪੰਛੀ ਵੀ ਇਸ ਫਲ ਨੂੰ ਖਾ ਜਾਂਦੇ ਹਨ। ਇਸਦੀ ਛਾਂ ਵੀ ਗੂੜ੍ਹੀ ਹੁੰਦੀ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

  ਮੋਬਾਈਲ-94178 13072

  ujagarsingh48@yahoo.com

Comments

Popular posts from this blog

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ

ਪੰਜਾਬੀ ਭਾਸ਼ ਦਾ ਵਿਦੇਸ਼ਾਂ ਵਿਚ ਪਰਚਮ ਲਹਿਰਾਉਣ ਵਾਲਾ ਸਾਹਿਤਕਾਰ ਰਵਿੰਦਰ ਰਵੀ

ਹਰਪ੍ਰੀਤ ਕੌਰ ਸੰਧੂ ਦੀ ‘ਜ਼ਿੰਦਗੀ ਦੇ ਰੂਬਰੂ’ ਪੁਸਤਕ ਜ਼ਿੰਦਗੀ ਜਿਓਣ ਦੇ ਬਿਹਤਰੀਨ ਨੁਸਖ਼ੇ