ਕੁਲਦੀਪ ਕੌਰ ਧੰਜੂ ਦਾ ਕਾਵਿ-ਸੰਗ੍ਰਹਿ ‘ਇਜ਼ਹਾਰ’ ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ
ਕੁਲਦੀਪ ਕੌਰ ਸੰਧੂ ਲੋਕ
ਹਿਤਾਂ ‘ਤੇ ਪਹਿਰਾ ਦੇਣ ਵਾਲੀਆਂ ਕਵਿਤਾਵਾਂ ਲਿਖਣ ਵਾਲੀ ਸ਼ਾਇਰਾ ਹੈ। ਉਹ ਬਹੁਤ ਹੀ ਸੰਵੇਦਨਸ਼ੀਲ
ਕਵਿਤਰੀ ਹੈ। ਕਵਿਤਰੀ ਨੇ ਵੱਡੀ ਉਮਰ ਵਿੱਚ ਜਾ ਕੇ ਲਿਖਣਾ ਸ਼ੁਰੂ ਕੀਤਾ ਹੈ, ਇਸ ਲਈ ਉਸਦਾ ਜ਼ਿੰਦਗੀ ਦਾ ਤਜ਼ਰਬਾ ਵਿਸ਼ਾਲ ਹੈ। ਇਸ ਤਜ਼ਰਬੇ ਦੇ
ਆਧਾਰ ‘ਤੇ ਜੋ ਉਸਨੇ ਸੰਸਾਰ ਵਿੱਚ ਆਪਣੇ ਆਲੇ ਦੁਆਲੇ ਵਾਪਰਦਾ ਵੇਖਿਆ ਹੈ, ਉਸਨੂੰ ਆਪਣੀਆਂ ਕਵਿਤਾਵਾਂ ਵਿੱਚ ਦ੍ਰਿਸ਼ਟਾਂਤਿਕ ਢੰਗ ਨਾਲ
ਲਿਖਿਆ ਹੈ। ਭਾਵ ਉਸਦੇ ਨਿੱਜੀ ਤਜ਼ਰਬੇ ਨੇ ਕਵਿਤਾਵਾਂ ਵਿੱਚ ਇਨਸਾਨੀ ਜ਼ਿੰਦਗੀ ਦਾ ਪ੍ਰਤੀਬਿੰਬ ਦੇ
ਤੌਰ ‘ਤੇ ਲਿਖ ਦਿੱਤਾ ਹੈ। ਇਸ ਕਰਕੇ ਹੀ ਉਸਦੀਆਂ ਕਵਿਤਾਵਾਂ ਸਚਾਈ ਦੇ ਨੇੜੇ ਅਤੇ ਸਮਾਜਿਕ
ਸਰੋਕਾਰਾਂ ਨਾਲ ਗੜੁਚ ਹਨ। ਆਮ ਤੌਰ ‘ਤੇ ਕਵਿਤਰੀਆਂ ਰੁਮਾਂਸਵਾਦੀ ਕਵਿਤਾਵਾਂ ਲਿਖਦੀਆਂ ਹੋਈਆਂ
ਔਰਤਾਂ ਦੇ ਦਰਦਾਂ ਦੀ ਦਾਸਤਾਂ ਕਹਿੰਦੀਆਂ ਹਨ, ਪ੍ਰੰਤੂ
ਕੁਲਦੀਪ ਕੌਰ ਸੰਧੂ ਦੇ ਪਲੇਠੇ ਕਾਵਿ-ਸੰਗ੍ਰਹਿ ‘ਇਜ਼ਹਾਰ’ ਵਿਚਲੀਆਂ ਬਹੁਤੀਆਂ ਕਵਿਤਾਵਾਂ ਸਮਾਜਿਕ
ਹਿੱਤਾਂ ‘ਤੇ ਪਹਿਰਾ ਦੇਣ ਵਾਲੀਆਂ ਹਨ। ਇਸ ਤੋਂ ਪਹਿਲਾਂ ਕਵਿਤਰੀ ਦੀਆਂ ਕਵਿਤਾਵਾਂ 6 ਪੰਜਾਬੀ ਅਤੇ 6 ਹਿੰਦੀ ਦੇ ਕਾਵਿ-ਸੰਗ੍ਰਹਿਾਂ ਵਿੱਚ ਪ੍ਰਕਾਸ਼ਤ ਹੋ ਚੁੱਕੀਆਂ ਹਨ, ਪ੍ਰੰਤੂ ਨਿਰੋਲ ਉਸਦੀਆਂ ਆਪਣੀਆਂ ਕਵਿਤਾਵਾਂ ਵਾਲਾ ਇਹ ਪਹਿਲਾ
ਕਾਵਿ-ਸੰਗ੍ਰਹਿ ਹੈ। ਉਸਦੀਆਂ ਕਵਿਤਾਵਾਂ ਦੇ ਵਿਸ਼ੇ ਸਮਾਜ ਵਿੱਚ ਫ਼ੈਲੀਆਂ ਸਮਾਜਿਕ ਕੁਰੀਤੀਆਂ ਦੀ
ਗੱਲ ਕਰਦੇ ਹਨ। ਇਸ ਕਾਵਿ-ਸੰਗ੍ਰਹਿ ਵਿੱਚ 62
ਕਵਿਤਾਵਾਂ ਹਨ, ਜਿਹੜੀਆਂ ਸਾਰੀਆਂ ਹੀ
ਲੋਕਾਈ ਦੇ ਦਰਦ ਦਾ ਪ੍ਰਗਟਾਵਾ ਕਰਦੀਆਂ ਹਨ। ਉਨ੍ਹਾਂ ਵਿੱਚੋਂ ਪਹਿਲੀ ਹੀ ਕਵਿਤਾ ‘ਅਰਦਾਸ’ ਵਿੱਚ
ਕਵਿਤਰੀ ਨੇ ਕਈ ਵਿਸ਼ੇ ਛੋਹੇ ਹਨ, ਜਿਨ੍ਹਾਂ ਵਿੱਚ ਗ਼ਰੀਬਾਂ
ਮਜ਼ਲੂਮਾਂ ਤੇ ਜ਼ੁਲਮ, ਬੇਰੋਜ਼ਗਾਰੀ, ਨਸ਼ਿਆਂ, ਅਮਨ
ਕਾਨੂੰਨ ਦੀ ਮਾੜੀ ਸਥਿਤੀ ਕਰਕੇ ਸਮਾਜ ਵਿੱਚ ਡਰ ਦਾ ਮਾਹੌਲ ਬਣਿਆਂ ਹੋਇਆ ਹੈ, ਸ਼ਾਮਲ ਹਨ। ਲੋਕਾਂ ‘ਤੇ ਜ਼ੁਲਮ ਹੋ ਰਹੇ ਹਨ, ਲੋਕ ਬੇਬਸ ਹੋਏ ਪਏ ਹਨ, ਲੁੱਟਾਂ ਖੋਹਾਂ ਹੋ ਰਹੀਆਂ ਹਨ, ਸਾਧੂਆਂ ਦੇ ਭੇਸ ਵਿੱਚ
ਮਲਕ ਭਾਗੋ ਫਿਰ ਰਹੇ ਹਨ। ਕਾਵਿ-ਸੰਗ੍ਰਹਿ ਵਿੱਚ ਔਰਤਾਂ ਸੰਬੰਧੀ 18 ਕਵਿਤਾਵਾਂ ਹਨ, ਜਿਨ੍ਹਾਂ ਵਿੱਚ ‘ਜੀਵਨ
ਦਾ ਚੱਪੂ’, ‘ਅਣਜੰਮੀ ਧੀ ਦੀ ਅਰਜੋਈ’,
‘ਔਰਤ ਇੱਕ ਅਜ਼ੀਮ ਸ਼ਕਤੀ’, ‘ਅਧੂਰੀ ਖ਼ੁਸ਼ੀ’, ‘ਕਵਿੱਤਰੀ’, ‘ਤ੍ਰਿਸ਼ਨਾ’, ‘ਨਾਰੀ
ਦੀ ਵੇਦਨਾ’, ‘ਸਮਝੌਤੇ’, ‘ਰਿਸ਼ਤੇ’, ‘ਇਹਸਾਸ’,
ਜ਼ਿੰਦਗੀ’, ‘ਕੀ
ਮੇਰਾ ਹੈ ਕਸੂਰ’, ‘ਬੇਪਨਾਹ ਪਿਆਰ’,
‘ਉਹ ਮਜ਼ਬੂਰ ਯਾਦਾਂ’, ‘ਔਰਤ’, ‘ਖੁਦ ਦੀ ਤਲਾਸ਼’,
‘ਅਕਸ’ ਅਤੇ ‘ਮੈਂ ਅਜੇ ਥੱਕੀ ਨਹੀਂ’ ਕਵਿਤਾਵਾਂ ਹਨ,
ਜਿਹੜੀਆਂ ਔਰਤ ਦੀ ਜ਼ਿੰਦਗੀ ਦੀ ਜਦੋਜਹਿਦ ਦੀ ਬਾਤ ਤਾਂ ਪਾ
ਰਹੀਆਂ ਹਨ, ਪ੍ਰੰਤੂ ਇਨ੍ਹਾਂ
ਕਵਿਤਾਵਾਂ ਵਿੱਚ ਇਸਤਰੀਆਂ ਨਾਲ ਹੋ ਰਹੀਆਂ ਜ਼ੋਰ ਜ਼ਬਰਦਸਤੀਆਂ ਦੇ ਸੰਤਾਪ ਦਾ ਵਿਵਰਣ ਦਿੰਦੀ ਹੋਈ
ਕਵਿਤਰੀ ਇਸਤਰੀ ਦੀ ਮਾਨਸਿਕਤਾ ਦਾ ਪ੍ਰਗਟਾਵਾ ਕਰ
ਰਹੀ ਹੈ, ਭਾਵ ਔਰਤਾਂ ਦੇ ਮਨ ਦੀ ਵੇਦਨਾ ਨੂੰ ਕਵਿਤਾਵਾਂ ਵਿੱਚ
ਦਰਸਾਇਆ ਗਿਆ ਹੈ। ਇਹ ਕਵਿਤਾਵਾਂ ਔਰਤਾਂ ਨੂੰ ਕਮਜ਼ੋਰ ਸਾਬਤ ਨਹੀਂ ਕਰਦੀਆਂ, ਸਗੋਂ ਔਰਤਾਂ ਨੂੰ ਸਮਾਜ ਵਿੱਚ ਬਰਾਬਰ ਦੇ ਰੁਤਬੇ ਅਤੇ ਹੱਕਾਂ
ਦੀ ਵਕਾਲਤ ਕਰ ਰਹੀਆਂ ਹਨ। ਔਰਤਾਂ ‘ਤੇ ਜ਼ੁਲਮ ਹੋ ਰਹੇ ਹਨ। ਉਸ ਦੀਆਂ ਕਵਿਤਾਵਾਂ ਅਨੁਸਾਰ ਔਰਤਾਂ
ਇਨ੍ਹਾਂ ਜ਼ੰਜ਼ੀਰਾਂ ਨੂੰ ਤੋੜ ਸੁੱਟਣਗੀਆਂ। ਕਵਿਤਰੀ ‘ਪੰਛੀ’ ਸਿਰਲੇਖ ਵਾਲੀ ਕਵਿਤਾ ਵਿੱਚ ਪਰਵਾਸ ਦੀ
ਸਮੱਸਿਆ ਦਾ ਜ਼ਿਕਰ ਕਰਦੀ ਲਿਖਦੀ ਹੈ ਕਿ ਪਰਵਾਸ ਵਿੱਚ ਰੋਜ਼ੀ ਰੋਟੀ ਲਈ ਜਾਣਾ ਕੋਈ ਗ਼ਲਤ ਨਹੀਂ ਕਿਹਾ
ਜਾ ਸਕਦਾ ਹੈ, ਪ੍ਰੰਤੂ ਪਰਵਾਸ ਵਿੱਚ ਜਾ
ਕੇ ਉਥੇ ਜੋਗੇ ਹੀ ਹੋ ਜਾਣਾ ਬਹੁਤ ਵੱਡਾ ਸੰਤਾਪ ਹੈ। ਪੰਜਾਬੀਆਂ ਦਾ ਉਥੇ ਜਾ ਕੇ ਵਸ ਜਾਣਾ ਜ਼ਾਇਜ
ਨਹੀਂ। ਪੰਛੀ ਵੀ ਸਾਰੀ ਦਿਹਾੜੀ ਚੋਗਾ ਚੁਗਣ ਤੋਂ ਬਾਅਦ ਸ਼ਾਮ ਨੂੰ ਆਪਣੇ ਆਲ੍ਹਣੇ ਵਿੱਚ ਆ ਜਾਂਦੇ
ਹਨ, ਪ੍ਰੰਤੂ ਸਾਡੇ ਪਰਵਾਸੀ ਵਾਪਸ ਆਉਣ ਨੂੰ ਤਿਆਰ ਹੀ
ਨਹੀਂ। ਮਾਪੇ ਪਿਛੇ ਤੜਪਦੇ ਸਵਾਸ ਤਿਆਗ ਜਾਂਦੇ ਹਨ। ਕਵਿਤਰੀ ਸਮਾਜਿਕ ਤਾਣੇ-ਬਾਣੇ ‘ਤੇ
ਕਿੰਤੂ-ਪ੍ਰੰਤੂ ਕਰਦੀ ਕਹਿੰਦੀ ਹੈ ਕਿ ਖ਼ੁਦਗਰਜ਼
ਲੋਕ ਸਮਾਜ ‘ਤੇ ਕਲੰਕ ਹਨ, ਜਿਨ੍ਹਾਂ ਦੇ ਕਿਰਦਾਰ
ਸਮਾਜਕ ਭਾਈਚਾਰੇ ਦਾ ਨੁਕਸਾਨ ਕਰ ਰਹੇ ਹਨ। ਇਨ੍ਹਾਂ ਸਮਾਜਿਕ ਵਿਸੰਗਤੀਆਂ ਲਈ ਸਾਡੀ ਪ੍ਰਸ਼ਾਸ਼ਨਿਕ
ਪ੍ਰਣਾਲੀ ਨੂੰ ਬਰਾਬਰ ਜ਼ਿੰਮੇਵਾਰ ਠਹਿਰਾਉਂਦੀ ਹੈ। ਸਿਆਸਤਦਾਨ ਮਨਮਰਜ਼ੀਆਂ ਕਰ ਰਹੇ ਹਨ, ਚੋਰ ਤੇ ਕੁੱਤੀ ਰਲੇ ਹੋਏ ਹਨ, ਸਿਆਸਤਦਾਨ ਜ਼ਾਲਮ ਬਣ ਗਏ ਹਨ, ਉਨ੍ਹਾਂ ਵੱਲੋਂ ਨਫ਼ਰਤਾਂ
ਦੇ ਬੀਜ ਬੀਜੇ ਜਾ ਰਹੇ ਹਨ, ਰਿਸ਼ਵਤਾਂ ਦਾ ਬੋਲਬਾਲਾ
ਹੈ। ਮਨੁੱਖਤਾ ਲਾਲਚ ਵਿੱਚ ਗ੍ਰਸਤ ਹੋ ਗਈ ਹੈ, ਸਾਂਝੇ
ਪਰਿਵਾਰ ਖ਼ਤਮ ਹੋ ਗਏ, ਬਜ਼ੁਰਗ ਬ੍ਰਿਧ ਆਸ਼ਰਮਾ
ਵਿੱਚ ਰੁਲ ਰਹੇ ਹਨ, ਬੱਚੇ ਪਰਵਾਸ ਵਿੱਚ ਮੌਜ
ਮਸਤੀਆਂ ਕਰ ਰਹੇ ਹਨ, ਵਿਖਾਵੇ ਦਾ ਜ਼ਮਾਨਾ ਹੈ।
‘ਵੇਖ ਲਓ’ ਸਿਰਲੇਖ ਵਾਲੀ ਕਵਿਤਾ ਵਿੱਚ ਕਵਿਤਰੀ ਲੋਕਾਈ ਨੂੰ ਗ਼ਰੀਬਾਂ ਦਾ ਸਹਾਰਾ ਬਣਨ ਦੀ ਗੱਲ
ਕਰਦੀ ਲਿਖਦੀ ਹੈ:
ਉਮਰ ਭਰ ਦੇਣਗੇ ਦੁਆਵਾਂ,
ਉਹ ਗ਼ਰੀਬ ਤੇ ਮਜ਼ਬੂਰ।
ਉਹਨਾਂ ਦੀਆਂ ਮਜ਼ਬੂਰੀਆਂ ਕੁਝ,
ਵੰਡ-ਵੰਡਾ ਕੇ ਵੇਖ ਲਓ।
ਕੁਲਦੀਪ ਕੌਰ ਧੰਜੂ ਸਮਾਜ ਨੂੰ ਇਸਤਰੀਆਂ ਦਾ ਪੱਖ ਪੂਰਨ
ਦੀ ਤਾਕੀਦ ਕਰਦੀ ਹੈ। ਔਰਤ ਤੇ ਮਰਦ ਇੱਕ ਦੂਜੇ ਦੇ ਪੂਰਕ ਹਨ, ਔਰਤ ਸਮਾਜ ਦੀ ਸਿਰਜਣਾ ਕਰਦੀ ਹੈ, ਇਸ
ਲਈ ਇਸਦਾ ਸਤਿਕਾਰ ਤੇ ਸਨਮਾਨ ਜ਼ਰੂਰੀ ਹੈ। ਰਿਸ਼ਤਿਆਂ ਵਿੱਚ ਆਈ ਗਿਰਾਵਟ ਕਰਕੇ ਬਜ਼ੁਰਗਾਂ ਦੀ ਬੇਕਦਰੀ
ਹੋ ਰਹੀ ਹੈ। ਨੌਜਵਾਨ ਆਪ ਤਾਂ ਐਸ਼ ਆਰਾਮ ਦੀ ਜ਼ਿੰਦਗੀ ਜਿਉਂਦੇ ਹਨ, ਪ੍ਰੰਤੂ ਮਾਪਿਆਂ ਨੂੰ ਅਣਡਿਠ ਕਰਦੇ ਹਨ। ਕਵਿਤਰੀ ‘ਮਜ਼ਬੂਰਨ’ ਸਿਰਲੇਖ ਵਾਲੀ ਕਵਿਤਾ ਵਿੱਚ
ਲਿਖਦੀ ਹੈ:
ਰਿਸ਼ਤਿਆਂ ਦੇ ਬੋਝ ਨੂੰ ਝਟਕ ਕੇ, ਸਾਂਝੇ ਫ਼ਿਕਰਾਂ ਤੋਂ ਥੋੜ੍ਹਾ ਪਾਸੇ ਸਰਕ ਕੇ।
ਛੱਡ ਕੇ ਬਜ਼ੁਰਗਾਂ ਨੂੰ ਬਿਰਧ ਆਸ਼ਰਮਾਂ ‘ਚ,
ਕਰਨਾ ਚਾਹੁੰਦੇ ਨੇ ਬਸ ਮੌਜਾਂ ਰੱਜ ਰੱਜ ਕੇ।
ਕੁਲਦੀਪ ਕੌਰ ਧੰਜੂ ਆਸ਼ਾਵਾਦੀ ਹੋਣ ਕਰਕੇ ਹਿੰਮਤ ਨਾਲ
ਬੁਲੰਦੀਆਂ ‘ਤੇ ਪਹੁੰਚਣ ਦੀ ਤਾਕੀਦ ਕਰਦੀ ਹੋਈ ਲਿਖਦੀ ਹੈ ਕਿ ਘਬਰਾਉਣ ਦੀ ਲੋੜ ਨਹੀਂ ਦੁੱਖ ਸੁੱਖ
ਜ਼ਿੰਦਗੀ ਦਾ ਹਿੱਸਾ ਹਨ, ਇਨ੍ਹਾਂ ਤੋਂ ਘਬਰਾਉਣਾ
ਨਹੀਂ ਚਾਹੀਦਾ। ਕਵਿਤਰੀ ਦੀਆਂ 6 ਕਵਿਤਾਵਾਂ ਵਿੱਚੋਂ
ਆਸ਼ਾਵਾਦੀ ਹੋਣ ਦੀ ਝਲਕ ਆਉਂਦੀ ਹੈ। ਮਿਹਨਤ ਕਰਦੇ ਰਹੋ ਇੱਕ ਨਾ ਇੱਕ ਦਿਨ ਜ਼ਰੂਰ ਸਫ਼ਲਤਾ ਤੁਹਾਡੇ
ਪੈਰ ਚੁੰਮੇਗੀ। ‘ਜਿੱਤ’ ਸਿਰਲੇਖ ਵਾਲੀ ਕਵਿਤਾ ਵਿੱਚ ਲਿਖਦੀ ਹੈ:
ਬਾਮਸ਼ੱਕਤ ਮਿਹਨਤ ਤੇਰੀ ਇੱਕ ਦਿਨ
ਰੰਗ ਲਿਆਏਗੀ,
ਕੇਵਲ ਤੇਰੀ ਮਿਹਨਤ ਹੀ ਤੈਨੂੰ
ਤੇਰੀ ਮੰਜ਼ਲ ਤੱਕ ਪਹੁੰਚਾਏਗੀ।
Ñਲੋਕਾਈ ਵੱਲੋਂ ਪਾਣੀ, ਹਵਾ ਤੇ ਧਰਤੀ ਨੂੰ ਪਲੀਤ
ਕਰਕੇ ਵਾਤਾਵਰਨ ਨੂੰ ਦੂਸ਼ਤ ਕਰਨ ‘ਤੇ ਕਵਿਤਰੀ ਚਿੰਤਾ ਪ੍ਰਗਟ ਕਰਦੀ ਹੋਈ ਕਹਿੰਦੀ ਹੈ ਕਿ ਰਹਿੰਦੀ
ਖੂੰਹਦੀ ਕਸਰ ਰੁੱਖਾਂ ਨੂੰ ਕੱਟਕੇ ਲੋਕਾਈ ਆਪਣੇ ਪੈਰੀਂ ਆਪ ਕੁਹਾੜੀ ਮਾਰ ਰਹੀ ਹੈ। ਪਾਣੀ ਤਾਂ
ਵਿਕਣ ਲੱਗ ਗਿਆ ਹੈ, ਪ੍ਰੰਤੂ ਜਿਹੋ ਜਹੇ
ਹਾਲਾਤ ਬਣ ਰਹੇ ਹਨ, ਕਿਤੇ ਹਵਾ ਵੀ ਮੁੱਲ
ਵਿਕਣ ਲੱਗ ਸਕਦੀ ਹੈ। ‘ਦੁਚਿੱਤੀ ਦਾ ਮਾਹੌਲ’
ਕਵਿਤਾ ਵਿੱਚ ਕੁਲਦੀਪ ਕੌਰ ਧੰਜੂ ਲਿਖਦੀ ਹੈ:
ਪਾਣੀ ਤਾਂ ਧਰਤੀ ਉੱਤੇ
ਪਹਿਲਾਂ ਹੀ ਵਿਕਦਾ ਸੀ, ਡਰ ਹੈ ਕਿਤੇ ਹਵਾ ਵੀ ਨਾ
ਵਿਕ ਜਾਵੇ।
ਜ਼ਮੀਨ ਤਾਂ ਪਹਿਲਾਂ ਹੀ
ਵਿਕਦੀ ਸੀ, ਡਰ ਹੈ ਕਿਤੇ ਅਸਮਾਨ ਵੀ
ਨਾ ਵਿਕ ਜਾਵੇ।
ਕੁਲਦੀਪ ਕੌਰ ਧੰਜੂ ਜ਼ਿੰਦਗੀ ਦੇ ਵਿੱਚ ਇਸ਼ਕ, ਮੁਹੱਬਤ ਅਤੇ ਪਿਆਰ ਦਾ ਸਥਾਨ ਵੀ ਮਹੱਤਵਪੂਰਨ ਸਮਝਦੀ ਹੈ।
ਮੁਹੱਬਤ ਨਾਲ ਜੀਵਨ ਸੁਹਾਵਣਾ ਹੋ ਜਾਂਦਾ ਹੈ, ਪ੍ਰੰਤੂ
ਮੁਹੱਬਤ ਦੀ ਪਾਕੀਜਗੀ ਜ਼ਰੂਰੀ ਹੈ। ਉਹ ਇਹ ਵੀ ਕਹਿੰਦੀ ਹੈ ਕਿ ਪਿਆਰ ਕਰਨ ਵਾਲਿਆਂ ਲਈ ਮੁਹੱਬਤ ਤੋਂ
ਵੱਡੀ ਕੋਈ ਸ਼ਾਹੂਕਾਰੀ ਨਹੀਂ। ਉਸਨੇ ਕੁਝ ਕਵਿਤਾਵਾਂ ਰੁਮਾਂਟਿਕ ਵੀ ਲਿਖੀਆਂ ਹਨ, ਜਿਨ੍ਹਾਂ ਵਿੱਚ ‘ਬੇਪਨਾਹ ਪਿਆਰ’, ‘ਉਹ ਮਜ਼ਬੂਰ ਯਾਦਾਂ’, ‘ਪਿਆਰ ਨਾ ਮੰਗੋ’, ‘ਤਾਂ ਹੀ ਪਿਆਰ ਕਰਨ’,
‘ਮੁਲਾਕਾਤ’, ‘ਪੱਥਰ ਦਿਲ’ ਅਤੇ ‘ਇਸ਼ਕ’ ਸ਼ਾਮਲ ਹਨ। ‘ਪੱਥਰ ਦਿਲ’ ਕਵਿਤਾ ਵਿੱਚ ਕਵਿਤਰੀ ਲਿਖਦੀ ਹੈ:
ਜ਼ਾਲਮ ਨੇ ਸੱਟ ਬੇਵਫ਼ਾਈ ਦੀ
ਬੜੀ ਹੀ ਮਾਰੀ ਗੁੱਝੀ,
ਆਪਣੇ ਹੱਥੀਂ ਹੀ ਲਕੀਰ ਕਿਸਮਤ
ਦੀ ਮਿਟਾ ਬੈਠੇ।
ਭਵਿਖ ਵਿੱਚ ਕੁਲਦੀਪ ਕੌਰ ਧੰਜੂ ਤੋਂ ਹੋਰ ਬਿਹਤਰੀਨ
ਕਵਿਤਾਵਾਂ ਲਿਖਣ ਦੀ ਆਸ ਕੀਤੀ ਜਾ ਸਕਦੀ ਹੈ।
123 ਪੰਨਿਆਂ, 200 ਰੁਪਏ ਕੀਮਤ ਵਾਲਾ ਇਹ
ਕਾਵਿ-ਸੰਗ੍ਰਹਿ ਜ਼ੋਹਰਾ ਪਬਲੀਕੇਸ਼ਨ, ਪਟਿਆਲਾ ਨੇ ਪ੍ਰਕਾਸ਼ਤ
ਕੀਤਾ ਹੈ।
ਸੰਪਰਕ ਕੁਲਦੀਪ ਕੌਰ
ਧੰਜੂ : 9463369202
ਸਾਬਕਾ ਜਿਲ੍ਹਾ ਲੋਕ
ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
Comments
Post a Comment