ਡਾ.ਗੁਰਦੇਵ ਸਿੰਘ ਸਿੱਧੂ ਦੀ ਪੁਸਤਕ ‘ਅਣਗੌਲਿਆ ਆਜ਼ਾਦੀ ਘੁਲਾਟੀਆ ਭਾਈ ਹਰੀ ਸਿੰਘ ਚੋਟੀਆਂ (ਮੋਗਾ) ’ ਜਦੋਜਹਿਦ ਦਾ ਦਾਸਤਾਂ
ਡਾ. ਗੁਰਦੇਵ ਸਿੰਘ ਸਿੱਧੂ ਖੋਜੀ ਸਾਹਿਤਕਾਰ ਤੇ ਇਤਿਹਾਸਕਾਰ ਹੈ। ਉਹ ਹੁਣ ਤੱਕ ਅਣਗੌਲੇ ਚਾਰ ਪੰਜਾਬੀ ਸੁਤੰਤਰਤਾ ਸੰਗ੍ਰਾਮੀਆਂ , ਗਦਰੀ ਬਾਬਾ ਨਿਧਾਨ ਸਿੰਘ ਮਹੇਸਰੀ , ਮਾਸਟਰ ਗੱਜਣ ਸਿੰਘ ਗੋਬਿੰਦਗੜ੍ਹ , ਗਿਆਨੀ ਊਧਮ ਸਿੰਘ ਖੰਨਿਆਣ ਅਤੇ ਗਿਆਨੀ ਗੁਰਦਿੱਤ ਸਿੰਘ ਦਲੇਰ ਮੰਢਾਲੀ ਬਾਰੇ ਖੋਜੀ ਪੁਸਤਕਾਂ ਲਿਖ ਚੁੱਕਿਆ ਹੈ। ‘ਭਾਈ ਹਰੀ ਸਿੰਘ ਚੋਟੀਆਂ (ਮੋਗਾ) ਇਸ ਲੜੀ ਵਿੱਚ ਉਸਦੀ ਪੰਜਵੀਂ ਪੁਸਤਕ ਹੈ। ਇਨ੍ਹਾਂ ਆਜ਼ਾਦੀ ਦੇ ਪ੍ਰਵਾਨਿਆਂ ਦੀਆਂ ਕੁਰਬਾਨੀਆਂ ਨੂੰ ਪੰਜਾਬੀ ਇਤਿਹਾਸਕਾਰਾਂ ਨੇ ਅਣਡਿਠ ਕੀਤਾ ਹੈ। ਡਾ.ਗੁਰਦੇਵ ਸਿੰਘ ਸਿੱਧੂ ਨੂੰ ਮਾਣ ਜਾਂਦਾ ਹੈ ਕਿ ਉਸਨੇ ਅਜਿਹੇ ਪ੍ਰਤਿਭਾਵਾਨ ਆਜ਼ਾਦੀ ਦੇ ਪ੍ਰਵਾਨਿਆਂ ਨੂੰ ਜੰਗੇ ਆਜ਼ਾਦੀ ਦੇ ਇਤਿਹਾਸ ਦਾ ਹਿੱਸਾ ਬਣਾਇਆ। ਭਾਈ ਹਰੀ ਸਿੰਘ ਚੋਟੀਆਂ ਦਾ ਜਨਮ ਫਿਰੋਜ਼ਪੁਰ ਜ਼ਿਲ੍ਹੇ ਦੇ ‘ਚੋਟੀਆਂ ਠੋਬਾ ਸਿੰਘ’ ਨਾਮ ਦੇ ਪਿੰਡ ਵਿੱਚ ਬੀਕਾ ਸਿੰਘ ਦੇ ਘਰ ਹੋਇਆ ਸੀ। ਉਸਦੀ ਜਨਮ ਤਾਰੀਕ ਦਾ ਵੇਰਵਾ ਉਪਲਭਧ ਨਹੀਂ ਪ੍ਰੰਤੂ ਡਾ.ਗੰਡਾ ਸਿੰਘ ਨੇ 1877 ਲਿਖਿਆ ਹੈ। ਇੱਕ ਹੋਰ ਅਨੁਮਾਨ ਅਨੁਸਾਰ ਜਨਮ ਦਾ ਸਾਲ 1870 ਬਣਦਾ ਦੱਸਿਆ ਗਿਆ ਹੈ। ਉਸਨੇ ਆਪਣੀ ਪੜ੍ਹਾਈ ਪਿੰਡ ਦੇ ਡੇਰੇ ਵਿਚਲੇ ਨਿਰਮਲੇ ਸੰਤਾਂ ਪਾਸੋਂ ਲਈ ਅਤੇ ਗੁਰਮੁੱਖੀ ਤੇ ਗੁਰਬਾਣੀ ਦਾ ਗਿਆਨ ਪ੍ਰਾਪਤ ਕੀਤਾ। ਉਹ ਕੀਰਤਨ ਕਰਨਾ ਵੀ ਸਿੱਖ ਗਿਆ ਤੇ ਕੀਰਤਨ ਕਰਦਾ ਰਿਹਾ। ਭਾਈ ਹਰੀ ਸਿੰਘ ਦੇ ਰਿਸ਼ਤੇਦਾਰ ਸੂਬੇਦਾਰ ਠਾਕਰ ਸਿੰਘ ਨੇ ਉਸਨੂੰ ਅੰਗਰੇਜ਼ਾਂ ਦੀ 36 ਸਿੱਖ ਪਲਟਨ ਵ...