ਤਾਮਿਲਨਾਡੂ ਦੇ ਲੋਕਾਂ ਨੇ ਜਾਤਪਾਤ ਅਤੇ ਧਰਮ ਦੀ ਸਿਆਸਤ ਨੂੰ ਨਕਾਰ ਦਿੱਤਾ

 

ਤਾਮਿਲਨਾਡੂ ਪ੍ਰਾਦੇਸ਼ ਵਿੱਚ ਅਪ੍ਰੈਲ 2026 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਉਥੋਂ ਦੇ ਵੋਟਰਾਂ ਨੇ ਜਾਤਪਾਤ ਅਤੇ ਧਰਮ ਦੀ ਸਿਆਸਤ ਨੂੰ ਨਕਾਰ ਦਿੱਤਾ ਹੈ, ਕਿਉਂਕਿ ਉਨ੍ਹਾਂ ਨੇ ਤਾਮਿਲਨਾਡੂ ਵਿੱਚ ਹਿੰਦੂਆਂ ਦੀ ਲਗਪਗ 88 ਪ੍ਰਤੀਸ਼ਤ ਜਨਸੰਖਿਆ ਹੋਣ ਦੇ ਬਾਵਜੂਦ ਅਦਾਕਾਰ ਤੋਂ ਸਿਆਸਤਦਾਨ ਬਣੇ ਕਿ੍ਰਸਚੀਅਨ ਸਮੁਦਾਏ ਦੇ ਵਿਅਕਤੀ/ਨੇਤਾ ਸੀ ਜੋਸਫ ਵਿਜੈ ਥਲਾਪਤੀ ਦੀ ਤਮਿਲਗਾ ਵੇਟਰੀ ਕੜਗਮ (ਟੀ ਵੀ ਕੇ) ਪਾਰਟੀ ਨੂੰ ਵਿਧਾਨ ਸਭਾ ਚੋਣਾਂ ਵਿੱਚ ਜਿੱਤਾ ਕੇ ਰਾਜ ਦਾ ਮੁੱਖ ਮੰਤਰੀ ਬਣਾ ਦਿੱਤਾ ਹੈ। ਉਹ ਕਲਾ ਤੋਂ ਰਾਜਨੀਤੀ ਵਿੱਚ ਆਏ ਹਨ। ਤਾਮਿਲਨਾਡੂ ਦੇ ਵੋਟਰ ਹਮੇਸ਼ ਕਲਾਕਾਰਾਂ ਅਰਥਾਤ ਸੈਲੀਵਰਿਟੀ ਨੂੰ ਮੁੱਖ ਮੰਤਰੀ ਬਣਾਉਣ ਨੂੰ ਤਰਜੀਹ ਦਿੰਦੇ ਆ ਰਹੇ ਹਨ। ਉਸੇ ਲੜੀ ਵਿੱਚ ਵੋਟਰਾਂ ਨੇ ਸੀ ਜੋਸਫ ਥਾਲਾਪਤੀ ਨੂੰ ਮੁੱਖ ਮੰਤਰੀ ਬਣਾਇਆ ਹੈ। ਤਾਮਿਲਨਾਡੂ ਦੇ ਪਰਜਾਤੰਤਰਿਕ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਪਹਿਲੀ ਵਾਰ ਵਿਧਾਇਕ ਬਣਿਆਂ ਤੇ ਪਹਿਲਾ ਦਲਿਤ ਨੇਤਾ ਮੁੱਖ ਮੰਤਰੀ ਬਣਿਆਂ ਹੈ। 234 ਮੈਂਬਰੀ ਵਿਧਾਨ ਸਭਾ ਵਿੱਚੋਂ ਸੀ ਜੋਸਫ ਦੀ ਪਾਰਟੀ ਟੀ ਵੀ ਕੇ ਨੇ 108 ਸੀਟਾਂ ਜਿੱਤਕੇ ਸਭ ਤੋਂ ਵੱਡੀ ਪਾਰਟੀ ਬਣੀ ਹੈ। ਸਹਿਯੋਗੀ ਪਾਰਟੀਆਂ ਦੀ ਮਦਦ ਨਾਲ ਟੀ ਵੀ ਕੇ ਨੂੰ ਬਹੁਮਤ ਮਿਲ ਗਿਆ ਹੈ। ਡੀ ਐਮ ਕੇ ਦੇ ਸਹਿਯੋਗੀਆਂ ਨੇ 73 ਸੀਟਾਂ ਅਤੇ ਏ ਆਈ ਏ ਡੀ ਐਮ ਕੇ ਨੇ 53 ਸੀਟਾਂ ਜਿਤੀਆਂ ਹਨ। ਸਹਿਯੋਗੀ ਪਾਰਟੀਆਂ ਵਿੱਚੋਂ ਕਾਂਗਰਸ ਨੇ 5 ਸੀਟਾਂ, ਪੀ ਐਮ ਕੇ ਨੇ 4 ਸੀਟਾਂ, ਸੀ ਪੀ ਆਈ ਅਤੇ ਸੀ ਪੀ ਐਮ ਨੇ 2-2 ਸੀਟਾਂ ਅਤੇ ਬਾਕੀ ਹੋਰ ਪਾਰਟੀਆਂ ਨੇ ਸੀਟਾਂ ਜਿੱਤੀਆਂ ਹਨ।  2021 ਵਿੱਚ ਡੀ ਐਮ ਕੇ ਨੇ ਐਮ ਕੇ ਸਟਾਲਨ ਦੀ ਅਗਵਾਈ ਵਿੱਚ 133  ਸੀਟਾਂ ਜਿੱਤਕੇ ਸਰਕਾਰ ਬਣਾਈ ਸੀ। ਤਾਮਿਲਨਾਡੂ ਦੇ ਲੋਕਾਂ ਨੇ ਧਰਮ ਅਤੇ ਜਾਤਪਾਤ ਦੀ ਰਾਜਨੀਤੀ ਨੂੰ ਵਿਸਾਰਕੇ ਬਦਲਾਅ ਦੇ ਨਾਮ ‘ਤੇ ਨਵੀਂ ਪਾਰਟੀ ਟੀ ਐਮ ਕੇ ਨੂੰ ਰਾਜ ਭਾਗ ਸੰਭਾਲਿਆ ਹੈ ਤਾਂ ਜੋ ਭਰਿਸ਼ਟਾਚਾਰ ਮੁਕਤ ਸਰਕਾਰ ਬਣਾਈ ਜਾ ਸਕੇ ਅਤੇ ਜਾਤੀਵਾਦ ਦੀ ਪ੍ਰਵਿਰਤੀ ਨੂੰ ਤਿਲਾਂਜ਼ਲੀ ਦਿੱਤੀ ਜਾ ਸਕੇ। ਤਾਮਿਲਨਾਡੂ ਵਿੱਚ ਹਮੇਸ਼ਾ ਉਥੋਂ ਦੇ ਵੋਟਰ ਸੈਲੀਵਰਿਟੀ ਨੂੰ ਸਿਆਸੀ ਤਾਕਤ ਨਾਲ ਨਿਵਾਜਦੇ ਆ ਰਹੇ ਹਨ। ਇਸ ਵਾਰ ਵੀ ਉਨ੍ਹਾਂ ਇੱਕ ਕਲਾਕਾਰ ਨੂੰ ਰਾਜ ਦੀ ਵਾਗ ਡੋਰ ਸੰਭਾਲੀ ਹੈ। 2011 ਦੀ ਮਰਦਮਸ਼ੁਮਾਰੀ ਅਨੁਸਾਰ ਕਿ੍ਰਸਚੀਅਨ ਭਾਈਚਾਰੇ ਦੀ ਜਨਸੰਖਿਆ ਸਿਰਫ ਲਗਪਗ 7 ਫ਼ੀਸਦੀ ਸੀ। ਫਿਰ ਵੀ ਤਾਮਿਲਨਾਡੂ ਦੇ ਵੋਟਰਾਂ ਨੇ ਸੀ ਪੀ ਜੋਸਫ ਇੱਕ ਕਿ੍ਰਸਚੀਅਨ ਦੀ ਅਗਵਾਈ ਵਾਲੀ ਪਾਰਟੀ ਨੂੰ ਚੋਣਾਂ ਵਿੱਚ ਜਿੱਤਾ ਦਿੱਤਾ ਹੈ। ਉਹ ਤਾਮਿਲਨਾਡੂ ਦੇ ਨੌਵੇਂ ਮੁੱਖ ਮੰਤਰੀ ਹਨ।  ਭਾਰਤ ਇੱਕ ਪਰਜਾਤੰਤਰਿਕ ਪ੍ਰਣਾਲੀ ਵਾਲਾ ਦੇਸ਼ ਹੈ, ਇੱਥੇ ਅਨੇਕ ਜਾਤਾਂ, ਧਰਮਾ, ਫਿਰਕਿਆਂ, ਸੰਪਰਦਾਵਾਂ, ਬੋਲੀਆਂ ਅਤੇ ਸਭਿਆਚਾਰਾਂ ਵਾਲੇ ਲੋਕ ਵਸਦੇ ਹਨ।  ਭਾਰਤ ਦਾ ਸੰਵਿਧਾਨ ਧਰਮ ਨਿਰਪੱਖ ਹੈ। ਵੋਟਰ ਰੰਗ, ਰੂਪ, ਨਸਲ ਅਤੇ ਵਖਰੇਵੇਂ ਨੂੰ ਇੱਕ ਪਾਸੇ ਰੱਖਕੇ ਨਿਰਪੱਖਤਾ ਨਾਲ ਵੋਟ ਪਾਉਣ ਦਾ ਅਧਿਕਾਰ ਦਿੰਦਾ ਹੈ। ਤਾਮਿਲਨਾਡੂ ਵਿੱਚ ਟੀ ਵੀ  ਕੇ ਦੀ ਸਰਕਾਰ ਚੁਣਨਾ ਇਸਦਾ ਸਬੂਤ ਹੈ।

       ਇਹ ਦੁੱਖ ਦੀ ਗੱਲ ਹੈ ਕਿ ਭਾਰਤ ਵਿੱਚ ਪਿਛਲੇ 30 ਸਾਲਾਂ ਤੋਂ ਚੋਣਾਂ ਵਿੱਚ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰਾਂ ਨੂੰ ਜਾਤਪਾਤ ਅਤੇ ਉਨ੍ਹਾਂ ਦੇ ਧਰਮ ਅਨੁਸਾਰ ਟਿਕਟਾਂ ਦਿੱਤੀਆਂ ਜਾਂਦੀਆਂ ਹਨ। ਇਹ ਪ੍ਰਵਿਰਤੀ ਅਤਿਅੰਤ ਭਾਰੂ ਹੋ ਗਈ ਸੀ, ਜਿਸ ਕਰਕੇ ਦੂਜੀਆਂ ਜਾਤਾਂ ਦੇ ਯੋਗ ਉਮੀਦਵਾਰਾਂ ਨੂੰ ਚੋਣਾਂ ਲੜਨ ਦੇ ਅਧਿਕਾਰ ਤੋਂ ਵਾਂਝਿਆਂ ਹੋਣਾ ਪੈਂਦਾ ਸੀ। ਇੱਕ ਕਿਸਮ ਨਾਲ ਦੇਸ਼ ਦੇ ਪਰਜਾਤੰਤਰਿਕ ਢਾਂਚੇ ਵਿੱਚ ਸਿਆਸੀ ਪਾਰਟੀਆਂ  ਵੱਲੋਂ ਯੋਗ ਉਮੀਦਵਾਰਾਂ ਨੂੰ ਅਣਡਿਠ ਕੀਤਾ ਜਾਂਦਾ ਸੀ। ਇਸਦੇ ਨਤੀਜੇ ਵੀ ਗੰਭੀਰ ਨਿਕਲਦੇ ਸਨ, ਕਿਉਂਕਿ ਜਾਤਪਾਤ ਦੇ ਆਧਾਰ ‘ਤੇ ਜਿੱਤੇ ਉਮੀਦਵਾਰ ਆਪੋ ਆਪਣੀ ਜਾਤ ਅਤੇ ਧਰਮ ਦੇ ਲੋਕਾਂ ਨੂੰ ਹਰ ਕੰਮ ਵਿੱਚ ਪਹਿਲ ਦਿੰਦੇ ਸਨ, ਜਿਸ ਕਰਕੇ ਲੋਕਾਂ ਨੂੰ ਇਨਸਾਫ ਵੀ ਨਹੀਂ ਮਿਲਦਾ ਸੀ। ਵੈਸੇ ਤਾਂ ਹਰ ਪਾਰਟੀ ਜਾਤ ਬਰਾਦਰੀ ਅਤੇ ਧਰਮ ਦੀ ਜਨਸੰਖਿਆ ਵੇਖਕੇ ਉਮੀਦਵਾਰ ਚੁਣਦੀ ਹੈ, ਪ੍ਰੰਤੂ ਜਦੋਂ ਤੋਂ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਹੈ, ਤਾਂ ਧਰਮ ਦੇ ਨਾਮ ‘ਤੇ ਉਮੀਦਵਾਰਾਂ ਦੀ ਚੋਣ ਕਰਨ ਨੂੰ ਤਰਜੀਹ ਦਿੱਤੀ ਜਾਂਦੀ ਹੈ। ਸਾਰੀਆਂ ਪਾਰਟੀਆਂ ਖਾਸ ਤੌਰ ‘ਤੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਵੋਟਾਂ ਵੀ ਧਰਮ ਦੇ ਨਾਮ ‘ਤੇ ਮੰਗੀਆਂ ਜਾਂਦੀਆਂ ਹਨ। ਹਾਲਾਂਕਿ ਭਾਰਤ ਦਾ ਸੰਵਿਧਾਨ ਇਸਦੀ ਪ੍ਰਵਾਨਗੀ ਨਹੀਂ ਦਿੰਦਾ, ਪ੍ਰੰਤੂ ਭਾਰਤ ਦੇ ਵੋਟਰ ਧਰਮ ਦੀ ਰਾਜਨੀਤੀ ਨੂੰ ਪਹਿਲ ਦਿੰਦੇ ਹਨ। ਭਾਰਤ ਵਿੱਚ ਵੱਖ-ਵੱਖ ਧਰਮਾ ਅਤੇ ਜਾਤੀਆਂ ਦੇ ਲੋਕ ਰਹਿੰਦੇ ਹਨ, ਇਸ ਲਈ ਕੁਦਰਤੀ ਹੈ ਕਿ ਲੋਕ ਵੋਟ ਧਰਮ ਤੇ ਜਾਤਪਾਤ ਦੇ ਆਧਾਰ ‘ਤੇ ਪਾਉਂਦੇ ਹਨ। ਰਾਜਨੀਤਕ ਪਾਰਟੀਆਂ ਵੀ ਵੋਟਰਾਂ ਦੀਆਂ ਧਾਰਮਿਕ ਭਾਵਨਾਵਾਂ ਦਾ  ਲਾਭ ਉਠਾਉਣ ਲਈ ਧਰਮ ਤੇ ਜਾਤਪਾਤ ਦੀ ਸਿਆਸਤ ਕਰਦੇ ਹਨ। ਵਿਦਿਆ ਦੇ ਖੇਤਰ ਵਿੱਚ ਭਾਰਤ ਅਜੇ ਵੀ ਪਛੜਿਆ ਹੋਇਆ ਹੈ, ਜਿਸ ਕਰਕੇ ਘੱਟ ਪੜ੍ਹੇ ਲਿਖੇ ਲੋਕ ਵੋਟ ਪਾਰਟੀਆਂ ਤੇ ਉਮੀਦਵਾਰਾਂ ਦੀ  ਕਾਬਲੀਅਤ ਦੀ ਬਜਾਏ ਜਾਤਪਾਤ ਅਤੇ ਧਰਮ  ਅਨੁਸਾਰ ਵੋਟਾਂ ਪਾਉਂਦੇ ਹਨ। ਜਿਹੜੇ ਰਾਜਾਂ ਵਿੱਚ ਲੋਕ ਪੜ੍ਹੇ ਲਿਖੇ ਹਨ, ਉਥੇ ਉਮੀਦਵਾਰਾਂ ਅਤੇ ਪਾਰਟੀਆਂ ਦੀ ਪ੍ਰਵਿਰਤੀ ਨੂੰ ਵੇਖ ਕੇ ਵੋਟ ਪਾਉਂਦੇ ਹਨ। ਤਾਮਿਲਨਾਡੂ ਦੇ ਲੋਕਾਂ ਨੇ ਵੀ ਨਵੀਂ ਪਾਰਟੀ ਤੇ ਨਵੇਂ ਉਮੀਦਵਾਰਾਂ ਨੂੰ ਧਰਮ ਅਤੇ ਜਾਤਪਾਤ ਦੀ ਸਿਆਸਤ ਨੂੰ ਅਣਡਿਠ ਕਰਕੇ ਚੁਣਿਆਂ ਹੈ। ਹਾਲਾਂ ਕਿ ਤਾਮਿਲਨਾਡੂ ਵਿੱਚ ਛੋਟੇ-ਵੱਡੇ ਮੰਦਰਾਂ ਦੀ ਗਿਣਤੀ ਲਗਪਗ  78950  ਹਜ਼ਾਰ ਹੈ, ਜਿਨ੍ਹਾਂ ਨੂੰ ਧਾਰਮਿਕ ਸੰਸਥਾਵਾਂ ਚਲਾ ਰਹੀਆਂ ਹਨ।  ਇਨ੍ਹਾਂ ਮੰਦਰਾਂ ਵਿੱਚੋਂ 68 ਫ਼ੀਸਦੀ ਸ਼ਿਵ ਦੇ ਮੰਦਰ ਹਨ। ਇਸ ਤੋਂ ਇਲਾਵਾ ਪੇਰੂ ਮਾਲੀ, ਵਿਸ਼ਨੂੰ, ਮੁਰੂਗਨ, ਪਾਰਵਤੀ, ਕਾਲੀ ਦੇਵੀ ਤੇ ਗਨਪਤੀ ਮੰਦਰ ਹਨ। ਤਾਮਿਲਨਾਡੂ ਸਰਕਾਰ ਦੇ ਧਾਰਮਿਕ ਅਤੇ ਚੈਰਿਟੇਬਲ ਐਂਡੋਮੈਂਟਸ ਵਿਭਾਗ ਕੋਲ  38 ਹਜ਼ਾਰ ਮੰਦਰਾਂ ਦੀ ਰਜਿਸਟਰੇਸ਼ਨ ਹੈ। ਇਨ੍ਹਾਂ ਵਿੱਚੋਂ 15 ਬਹੁਤ ਵੱਡੇ ਮੰਦਰ ਹਨ। ਬਾਕੀ ਮੰਦਰਾਂ ਦੀਆਂ  ਦੀਆਂ ਸੰਸਥਾਵਾਂ ਨੇ ਸਰਕਾਰ ਕੋਲ ਰਜਿਸਟਰੇਸ਼ਨ ਨਹੀਂ ਕਰਵਾਈ। ਕਾਂਚੀਪੁਰਮ ਸ਼ਹਿਰ ਵਿੱਚ ਸੈਂਕੜੇ ਮੰਦਰ ਹਨ, ਇਸ ਕਰਕੇ ਉਸਨੂੰ ਮੰਦਰਾਂ ਦਾ ਸ਼ਹਿਰ ਕਿਹਾ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਭਾਰਤ ਵਿੱਚ 33 ਹਜ਼ਾਰ  ਦੇਵੀ ਦੇਵਤੇ ਹਨ, ਜਿਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਤਾਮਿਲਨਾਡੂ ਵਿੱਚ ਹਿੰਦੂਆਂ ਦੀ ਜਨਸੰਖਿਆ ਇਤਨੀ ਜ਼ਿਆਦਾ ਹੋਣ ਅਤੇ ਵੱਡੀ ਗਿਣਤੀ ਵਿੱਚ ਮੰਦਰਾਂ ਦੇ ਹੋਣ ਦੇ ਬਾਵਜੂਦ ਉਥੋਂ ਦੇ ਵੋਟਰਾਂ ਨੇ ਧਰਮ ਦੀ ਸਿਆਸਤ ਨੂੰ ਨਕਾਰ ਦਿੱਤਾ ਹੈ।

  ਤਾਮਿਲਨਾਡੂ ਦੀ ਜਨਸੰਖਿਆ 2011 ਦੀ ਮਰਦਮਸ਼ੁਮਾਰੀ ਅਨੁਸਾਰ ਲਗਪਗ ਪੰਜ ਮਿਲੀਅਨ ਸੀ, ਜਦੋਂ ਕਿ 15 ਸਾਲਾਂ ਵਿੱਚ, ਇੱਕ ਅੰਦਾਜ਼ੇ ਅਨੁਸਾਰ ਅਰਥਾਤ 2026 ਵਿੱਚ ਜਨਸੰਖਿਆ 78 ਮਿਲੀਅਨ ਹੋ ਗਈ ਹੈ। ਇਸ ਪ੍ਰਕਾਰ ਕਿ੍ਰਸਚੀਅਨਾਂ ਦੀ ਆਬਾਦੀ ਵੀ ਲਗਪਗ 12 ਫ਼ੀਸਦੀ ਹੋ ਸਕਦੀ ਹੈ, ਪ੍ਰੰਤੂ ਫਿਰ ਵੀ ਇਹ ਜਨਸੰਖਿਆ ਹਿੰਦੂਆਂ ਦੀ  ਜਨਸੰਖਿਆ ਤੋਂ ਬਹੁਤ ਘੱਟ ਹੈ। ਕਿ੍ਰਸਚੀਅਨਾ ਦੀ ਆਬਾਦੀ ਘੱਟ ਗਿਣਤੀਆਂ ਵਿੱਚੋਂ ਦੂਜੀ ਸਭ ਤੋਂ ਵੱਧ ਆਬਾਦੀ ਹੈ। ਮੁਸਲਮਾਨਾ ਦੀ ਆਬਾਦੀ ਲਗਪਗ 6 ਫ਼ੀਸਦੀ ਹੈ। ਤਾਮਿਲਨਾਡੂ ਦੀ ਕੁਲ ਜਨਸੰਖਿਆ ਦਾ 38 ਫ਼ੀਸਦੀ ਪਛੜੀਆਂ ਸ੍ਰੇਣੀਆਂ ਦੀ ਜਨਸੰਖਿਆ ਹੈ। ਵਧੇਰੇ ਪਛੜੀਆਂ ਜਾਤਾਂ ਦੀ ਜਨਸੰਖਿਆ 27 ਫ਼ੀਸਦੀ ਹੈ। ਅਨੁਸੂਚਿਤ ਜਾਤੀਆਂ 22 ਫ਼ੀਸਦੀ,  ਵਨਿਆਰ ਸਮੁਦਾਏ ਦੇ ਵਧੇਰੇ ਪਛੜੀਆਂ ਸ੍ਰੇਣੀਆਂ ਦੀ ਆਬਾਦੀ 15 ਫ਼ੀਸਦੀ , ਪਰੀਅਨ  12 ਫ਼ੀਸਦੀ, ਕੋਂਗੂ ਵੈਲਾਆਰ ਗੌਂਡਰ 6 ਫ਼ੀਸਦੀ, ਕੋਂਗੂ ਵੈਲਆਰ ਗੌਂਡਰ ਪਛੜੀਆਂ ਸ਼੍ਰੇਣੀਆਂ ਦੀ 5 ਫ਼ੀਸਦੀ, ਹਿੰਦੂ ਨਾਦਾਰ 4 ਫ਼ੀਸਦੀ , ਕਾਲਰ ਵਧੇਰੇ ਪਛੜੀਆਂ ਸ਼੍ਰੇਣੀਆਂ 3 ਫ਼ੀਸਦੀ ਅਤੇ ਮਾਰਾਵਾਰ ਵਧੇਰੇ ਪਛੜੀਆਂ ਸ਼੍ਰੇਣੀਆਂ 8  ਫ਼ੀਸਦੀ, ਅਨੁਸੂਚਿਤ ਕਬੀਲਿਆਂ ਦੀ ਇੱਕ ਫ਼ੀਸਦੀ ਹੈ।

Comments

Popular posts from this blog

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ

ਹਰਪ੍ਰੀਤ ਕੌਰ ਸੰਧੂ ਦੀ ‘ਜ਼ਿੰਦਗੀ ਦੇ ਰੂਬਰੂ’ ਪੁਸਤਕ ਜ਼ਿੰਦਗੀ ਜਿਓਣ ਦੇ ਬਿਹਤਰੀਨ ਨੁਸਖ਼ੇ

ਯਾਦਵਿੰਦਰ ਸਿੰਘ ਕਲੌਲੀ ਦਾ ਕਾਵਿ-ਸੰਗ੍ਰਹਿ ‘ਅਹਿਸਾਸਾਂ ਦੀ ਗੰਢ’ ਸਮਾਜਿਕਤਾ ਦੀ ਹੂਕ