ਕਮਲਜੀਤ ਸਿੰਘ ਬਨਵੈਤ ਦੀ ਪੁਸਤਕ ‘ਇਹ ਮਾਂ ਵਿਕਾਊ ਹੈ’ ਪੰਜਾਬ ਦੀਆਂ ਗੰਭੀਰ ਸਥਿਤੀਆਂ ਦਾ ਪ੍ਰਗਟਾਵਾ
ਕਮਲਜੀਤ ਸਿੰਘ ਬਨਵੈਤ ਪੰਜਾਬੀ ਪੱਤਰਕਾਰੀ ਵਿੱਚ ਜਾਣਿਆਂ ਪਛਾਣਿਆਂ ਨਾਂ
ਹੈ। ਹੁਣ ਤੱਕ ਉਸਦੀਆਂ 15 ਪੁਸਤਕਾਂ ਪ੍ਰਕਾਸ਼ਤ ਹੋ
ਚੁੱਕੀਆਂ ਹਨ, ਜਿਨ੍ਹਾਂ ਵਿੱਚ ਦਸ
ਨਿਬੰਧ-ਸੰਗ੍ਰਹਿ, ਦੋ ਕਹਾਣੀ-ਸੰਗ੍ਰਹਿ ਅਤੇ
ਇੱਕ ਹਿੰਦੀ ਦੀ ਪੁਸਤਕ ਸ਼ਾਮਲ ਹੈ। ਉਹ ਭਾਵੇਂ ਇੱਕ ਟੀ.ਵੀ.ਤੇ ਅਖ਼ਬਾਰ ਦਾ ਰੈਜੀਡੈਂਟ ਐਡੀਟਰ ਹੈ,
ਪੰਜਾਬੀ ਟ੍ਰਿਬਿਊਨ ਵਿੱਚ ਪੱਤਰਕਾਰੀ ਕਰਨ ਤੋਂ ਬਾਅਦ ਕਾਲਮ
ਨਵੀਸੀ ਕਰਦਾ ਹੈ। ਘੱਟ ਗਿਣਤੀ ਕਮਿਸ਼ਨ ਦੇ ਬੋਰਡ ਦਾ ਸਲਾਹਕਾਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇੱਕ ਬੋਰਡ ਦਾ ਸਲਾਹਕਾਰ ਅਤੇ ਬਾਹਰਾ ਯੂਨੀਵਰਸਿਟੀ
ਵਿੱਚ ਪ੍ਰੋਫ਼ੈਸਰ ਆਫ਼ ਪ੍ਰੈਕਟਿਸ ਹੈ, ਪ੍ਰੰਤੂ ਹੈਰਾਨੀ ਇਸ ਗੱਲ
ਦੀ ਹੈ ਕਿ ਉਹ ਐਨੇ ਥਾਂ ਜ਼ਿੰਮੇਵਾਰੀ ਕਿਵੇਂ ਨਿਭਾਉਂਦਾ ਹੋਵੇਗਾ? ਉਹ ਤਾਂ ਪੰਜਾਬੀ ਟ੍ਰਿਬਿਊਨ ਦੀ ਪੱਤਰਕਾਰੀ ਦੀ ਪੱਕੀ ਨੌਕਰੀ ਤੋਂ ਵੀ ਜ਼ਿਆਦਾ ਰੁਝੇਵਿਆਂ
ਵਿੱਚ ਪੈ ਗਿਆ, ਜਦੋਂ ਕਿ ਸੇਵਾ ਮੁਕਤੀ
ਤੋਂ ਬਾਅਦ ਤਾਂ ਆਰਾਮ ਦੀ ਜ਼ਿੰਦਗੀ ਦਾ ਲੁਤਫ਼ ਲੈਣਾ ਬਣਦਾ ਹੈ। ਚਲੋ ਇਹ ਉਸਦਾ ਨਿੱਜੀ ਫ਼ੈਸਲਾ ਹੈ।
ਇਸ ਪੁਸਤਕ ਵਿੱਚ ਉਸਦੇ ਵੱਖ-ਵੱਖ ਭਖਦੇ ਮੁੱਦਿਆਂ ਤੇ ਲਿਖੇ ਹੋਏ 22 ਛੋਟੇ-ਛੋਟੇ ਲੇਖ ਹਨ, ਜੋ ਅਖ਼ਬਾਰਾਂ ਵਿੱਚ ਮਿਡਲ
ਦੇ ਤੌਰ ‘ਤੇ ਪ੍ਰਕਾਸ਼ਤ ਹੁੰਦੇ ਰਹੇ ਹਨ। ਇੱਕ ਲੇਖ ਵਿੱਚ ਹੀ ਕਈ ਨੁਕਤੇ ਸਾਂਝੇ ਕਰ ਲੈਂਦਾ ਹੈ।
ਇੱਕ ਲੇਖ ਦੋ ਵਾਰ ਛਪ ਗਿਆ ਹੈ। ਲਗਪਗ ਸਾਰੇ ਲੇਖ ਉਸਦੇ ਆਪਣੇ ਪਿੰਡ ਉੜਾਪੜ ਅਤੇ
ਚੰਡੀਗੜ੍ਹ-ਮੁਹਾਲੀ ਵਿੱਚ ਵਾਪਰੀਆਂ ਘਟਨਾਵਾਂ, ਜਿਨ੍ਹਾਂ
ਦਾ ਉਸਨੂੰ ਨਿੱਜੀ ਤਜ਼ਰਬਾ ਹੈ। ਨਿੱਜੀ ਛੋਹ ਦੇਣ ਨਾਲ ਲੇਖ ਪੜ੍ਹਨ ਦੀ ਉਤਸੁਕਤਾ ਵੱਧ ਜਾਂਦੀ ਹੈ,
ਪ੍ਰੰਤੂ ਇਨ੍ਹਾਂ ਲੇਖਾਂ ਵਿੱਚ ਲੋਕਾਈ ਦੇ ਹਿੱਤਾਂ ਦੇ
ਪਹਿਰੇਦਾਰ ਬਣਦੇ ਹਨ। ਜਿਸ ਕਰਕੇ ਇਹ ਨਿੱਜੀ ਤੋਂ ਲੋਕਾਈ ਦੇ ਹੋ ਗਏ ਹਨ। ਇਹ ਲੇਖ ਪਹਿਲਾਂ
ਵੱਖ-ਵੱਖ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਹੋ ਚੁੱਕੇ ਹਨ। ਉਸਦੀ ਕਮਾਲ ਹੈ ਕਿ ਜਦੋਂ ਵੀ ਕਿਸੇ ਸਿਆਸੀ,
ਸਮਾਜਿਕ, ਆਰਥਿਕ
ਅਤੇ ਸਭਿਆਚਾਰਕ ਸਰਗਰਮੀ ਦਾ ਉਸਨੂੰ ਪਤਾ ਲੱਗਦਾ ਹੈ, ਉਹ ਤੁਰੰਤ ਉਸੇ ਦਿਨ ਉਸ ਉਪਰ ਲੇਖ ਲਿਖ ਦਿੰਦਾ ਹੈ, ਜਿਹੜਾ ਅਗਲੇ ਦਿਨ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਹੋਇਆ ਹੁੰਦਾ ਹੈ। ਉਹ ਹਰ ਲੇਖ ਬਹੁਤ ਹੀ
ਬੇਬਾਕੀ ਨਾਲ ਲਿਖਦਾ ਹੈ, ਵਿੰਗ ਵਲੇਵੇਂ ਪਾ ਕੇ
ਤੁਣਕੇ ਨਹੀਂ ਮਾਰਦਾ, ਸਗੋਂ ਸਿੱਧਾ ਹੋ ਜਾਂਦਾ
ਹੈ, ਭਾਵੇਂ ਕਿਸੇ ਦੇ ਗੋਡੇ ਤੇ ਭਾਵੇਂ ਗਿੱਟੇ ਲੱਗੇ।
ਉਸਦੀਆਂ ਪੁਸਤਕਾਂ ਅਤੇ ਲੇਖਾਂ ਦੇ ਨਾਮ ਵੀ ਅਜ਼ੀਬ ਅਤੇ ਦਿਲਚਸਪ ਹੁੰਦੇ ਹਨ, ਜਿਨ੍ਹਾਂ ਨੂੰ ਪੜ੍ਹਕੇ ਪੂਰੀ ਪੁਸਤਕ/ਲੇਖ ਪੜ੍ਹਨ ਦਾ ਪਾਠਕ
ਵਿੱਚ ਉਤਸ਼ਾਹ ਪੈਦਾ ਹੋ ਜਾਂਦਾ ਹੈ। ਇਸ ਪੁਸਤਕ ਦੇ ਨਾਮ ਵਾਲਾ ਪਹਿਲਾ ਹੀ ਲੇਖ ‘ਇਹ ਮਾਂ ਵਿਕਾਊ
ਹੈ’, ਇਸਦੇ ਸਿਰਲੇਖ ਤੋਂ ਭੁਲੇਖਾ ਕੁਝ ਹੋਰ ਪੈਂਦਾ ਹੈ,
ਪ੍ਰੰਤੂ ਇਹ
ਵਰਤਮਾਨ ਆਮ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਕਾਰੀ ਜ਼ਮੀਨਾ ਨੂੰ ਵੇਚਣ ਨੂੰ ਹੀ ‘ਇਹ
ਮਾਂ ਵਿਕਾਊ ਹੈ’ ਕਹਿੰਦਾ ਹੈ, ਕਿੳਂੁਕਿ ਸਾਡੇ ਸਭਿਆਚਾਰ
ਵਿੱਚ ਜ਼ਮੀਨ ਨੂੰ ਮਾਂ ਦਾ ਦਰਜਾ ਦਿੱਤਾ ਜਾਂਦਾ ਹੈ। ਇਸ ਲੇਖ ਵਿੱਚ ਬੜੀ ਧੜੱਲੇਦਾਰੀ ਨਾਲ ਉਸ
ਵੱਲੋਂ ਸਰਕਾਰ ਬਣਾਉਣ ਲਈ ਕੀਤੇ ਵਾਅਦਿਆਂ ਦੇ ਵਫ਼ਾ ਨਾ ਹੋਣ ਕਰਕੇ ਲਾਅਣਤਾਂ ਪਾਉਂਦਾ ਹੈ। ਸਰਕਾਰੀ
ਜ਼ਮੀਨਾ ਵੇਚਣ ਨੂੰ ਆਪਣੀ ਮਾਂ ਵੇਚਣ ਦਾ ਨਾਮ ਦਿੰਦਾ ਹੈ। ਡਾਕਟਰਾਂ ਸੰਬੰਧੀ ਤਿੰਨ ਲੇਖ ਹਨ,
ਜਿਵੇਂ ‘ਰੱਬ ਦਾ ਦੂਜਾ ਰੂਪ’ ਡਾਕਟਰਾਂ ਦੀ ਅਣਗਹਿਲੀ ਅਤੇ
ਸਿਆਣਪ ਦੇ ਨਿੱਜੀ ਤਜ਼ਰਬੇ ਨਾਲ ਜਾਣਕਾਰੀ ਦਿੰਦਾ ਹੈ। ‘ਰੈਪੂਟੇਸ਼ਨ’ ਵਿੱਚ ਦੱਸਿਆ ਗਿਆ ਹੈ ਕਿ
ਪੁਰਾਣੇ ਜ਼ਮਾਨੇ ਵਿੱਚ ਹਰ ਬਿਮਾਰੀ ਦਾ ਦੇਸੀ ਇਲਾਜ਼ ਸੀ, ਹੁਣ ਆਹ ਨਵੀਂਆਂ ਬਿਮਾਰੀਆਂ ਕੈਂਸਰ ਤੇ ਏਡਜ ਆ ਗਈਆਂ। ਹਸਪਤਾਲ ਮਰੀਜ਼ ਦੀ ਮੌਤ ਤੋਂ ਬਾਅਦ
ਆਪਣੇ ਰੈਪੂਟੇਸ਼ਨ ਨੂੰ ਬਰਕਰਾਰ ਰੱਖਣ ਲਈ ਦਿਨ ਦੀ ਥਾਂ ਰਾਤ ਨੂੰ ਮਰੀਜ਼ ਦੀ ਲਾਸ਼ ਭੇਜਦੇ ਹਨ।
‘ਡਾਕਟਰ ਨੇ ਟੁੱਟੇ ਹੱਥ ਨਾਲ ਕੀਤਾ ਅਪ੍ਰ੍ਰੇਸ਼ਨ’ ਡਾਕਟਰ ਵੱਲੋਂ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ
ਮਰੀਜ਼ ਦੀ ਜਾਣ ਖੁਦ ਇੱਕ ਹੱਥ ਦੇ ਟੁੱਟੇ ਹੋਣ ਦੇ ਬਾਵਜੂਦ ਕਰਦਾ ਹੈ। ‘ਦੋ ਡੰਗ ਦਾ ਇੱਜ਼ਤ ਦਾ
ਟੁੱਕ’ ਢਾਬਿਆਂ ਅਤੇ ਮਹਿੰਗੇ ਹੋਟਲਾਂ ਵਿੱਚ ਪਰਿਵਾਰ ਪਾਲਣ ਲਈ ਕੰਮ ਕਰਨ ਵਾਲੀਆਂ ਉਨ੍ਹਾਂ ਲੜਕੀਆਂ
ਦੀ ਪ੍ਰਸੰਸਾ ਕਰਦਾ ਹੈ, ਜਿਹੜੀਆਂ ਇੱਜ਼ਤ ਨੂੰ
ਪਹਿਲ ਦਿੰਦੀਆਂ ਹਨ। ਪਰਿਵਾਰ ਪਾਲਣ ਲਈ ਇੱਜ਼ਤ ਨੂੰ ਦਾਅ ‘ਤੇ ਨਹੀਂ ਲਗਾਉਂਦੀਆਂ। ‘ਕੁਝ ਰੁੱਖ
ਮੈਨੂੰ ਪੁੱਤ ਲੱਗਦੇ ਨੇ’ ਵਿੱਚ ਲਿਖਿਆ ਹੈ ਕਿ ਪਰਵਾਸ ਦੇ ਸੰਤਾਪ ਦੌਰਾਨ ਵੀ ਪਰਵਾਸੀ ਆਪਣੀ
ਵਿਰਾਸਤ ਨੂੰ ਬਰਕਰਾਰ ਰੱਖਣਾ ਚਾਹੁੰਦੇ ਹੋਏ, ਰੁੱਖ
ਲਗਾਕੇ ਵਾਤਾਵਰਨ ਦੀ ਸੰਭਾਲ ਦੀ ਚੇਸ਼ਟਾ ਵੀ ਪਿੱਛੇ ਰਹਿ ਗਏ ਮਾਪੇ ਕਰਦੇ ਹਨ। ‘ਖੁੰਡੀ ਕੁਹਾੜੀ ਦੇ
ਫੱਟ’ ਲੇਖ ਵਿੱਚ ਵਹਿਮ ਭਰਮਾਂ ਦਾ ਜਾਲ਼, ਔਰਤ ਦੀ ਲੜਕੇ ਪੈਦਾ ਕਰਨ
ਦੀ ਮਰਦਾਂ ਅੱਗੇ ਬੇਬਸੀ ਅਤੇ ਭਰੂਣ ਹੱਤਿਆ ਦੀ ਪ੍ਰਵਿਰਤੀ ਦਾ ਪ੍ਰਗਟਾਵਾ ਕਰਦਾ ਹੈ, ਪ੍ਰੰਤੂ ਇਸਦੇ ਨਾਲ ਹੀ ਅਮੀਰ ਮਾਂ ਬਾਪ ਦੇ ਬੱਚੇ ਨਸ਼ਿਆਂ, ਫ਼ਜੂਲ ਖ਼ਰਚੀ ਕਰਕੇ ਵਿਗੜ ਜਾਂਦੇ ਹਨ। ‘ਸਾਹਾਂ ‘ਚ ਵਸਦੇ ਮੇਰੇ ਬੇਬੇ ਬਾਪੂ’ ਲੇਖ ਵਿੱਚ ਦੱਸਿਆ
ਗਿਆ ਹੈ ਕਿ ਆਪਣੇ ਬੱਚਿਆਂ ਦੀ ਬਿਹਤਰੀਨ ਪਾਲਣ ਪੋਸ਼ਣ ਉਨ੍ਹਾਂ ਨੂੰ ਸਭਿਅਕ ਬਣਾਉਣ ਵਿੱਚ ਵੱਡਾ
ਯੋਗਦਾਨ ਪਾਉਂਦੀ ਹੈ। ਜਿਹੜੇ ਮਾਪੇ ਬੱਚਿਆਂ ਨੂੰ ਲਾਡ ਪਿਆਰ ਨਾਲ ਵਿਗਾੜ ਲੈਂਦੇ ਹਨ? ਉਨ੍ਹਾਂ ਨੂੰ ਇੱਕ ਦਿਨ ਭੁਗਤਣਾ ਪੈਂਦਾ ਹੈ। ‘ਮਰੀ ਜ਼ਮੀਰ ਨਾਲ
ਜਿਉਣ ਖੁਣੋਂ’ ਵਿੱਚ ਜੁਡੀਸ਼ਰੀ ਵਿੱਚ ਵੀ ਸੀਨੀਅਰ ਜੱਜ ਜੂਨੀਅਰ ਅਧਿਕਾਰੀਆਂ ਨੂੰ ਸਿਫ਼ਾਰਸ਼ ਕਰਕੇ
ਗ਼ਲਤ ਫ਼ੈਸਲੇ ਕਰਵਾਉਂਦੇ ਹਨ, ਜਿਸ ਕਰਕੇ ਲੋਕਾਂ ਨੂੰ
ਇਨਸਾਫ਼ ਨਹੀਂ ਮਿਲਦਾ। ਇਸ ਲੇਖ ਵਿੱਚ ਇੱਕ ਜੂਨੀਅਰ ਜੁਡੀਸ਼ੀਅਲ ਅਧਿਕਾਰੀ ਅਜਿਹੀ ‘ਮਰੀ ਜ਼ਮੀਰ ਨਾਲ
ਜਿਉਣ ਖੁਣੋਂ’ ਦਬੰਗਤਾ ਨਾਲ ਅਸਤੀਫ਼ਾ ਦਿੰਦੀ ਹੈ। ਸੀਨੀਅਰ ਅਧਿਕਾਰੀ ਲੋਕਾਂ ਨੂੰ ਇਨਸਾਫ਼ ਦੇਣ ਦੇ
ਭਾਸ਼ਣ ਦਿੰਦੇ ਵੀ ਸ਼ਰਮ ਮਹਿਸੂਸ ਨਹੀਂ ਕਰਦੇ। ‘ਗੇੜੇ ’ਤੇ ਗੇੜਾ’ ਲੇਖ ਵਿੱਚ ਸਰਕਾਰੀ ਦਫ਼ਤਰਾਂ ਵਿੱਚ
ਭਰਿਸ਼ਟਾਚਾਰ ਤੇ ਲੋਕਾਂ ਦੀ ਖੱਜਲਖੁਆਰੀ ਦਾ ਵਰਣਨ ਕਰਦਾ ਹੈ। ‘ਜੁੜੇ ਹੋਏ ਹੱਥ’ ਵਿੱਚ ਦਸਵੰਦ ਤੇ
ਦਾਨ ਪੁੰਨ ਕਰਨ ਦੀ ਸਿੱਖ ਸਮੁਦਾਇ ਦੀ ਪ੍ਰਵਿਰਤੀ, ਪ੍ਰੰਤੂ
ਭਿਖਾਰੀ ਲੋਕਾਂ ਦੀ ਨਾਟਕੀਅਤਾ ਬਾਰੇ ਵੀ ਦੱਸਿਆ ਗਿਆ ਹੈ ਕਿ ਉਹ ਭੀਖ ਮੰਗਣ ਲਈ ਕਈ ਗ਼ਲਤ ਢੰਗ ਵਰਤ
ਲੈਂਦੇ ਹਨ। ‘ਜੀਭ ਦਾ ਸੁਆਦ’ ਲੇਖ ਵਿੱਚ ਨੌਜਵਾਨ ਪੀੜ੍ਹੀ ਸਸਤੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਆਪਣੇ
ਸਵਾਦ ਲਈ ਖਾਂਦੇ ਹਨ, ਪ੍ਰੰਤੂ ਰੇਹੜੀਆਂ ਵਾਲੇ
ਉਨ੍ਹਾਂ ਨੂੰ ਤਿਆਰ ਕਰਨ ਲਈ ਪ੍ਰਦੂਸ਼ਤ ਪਾਣੀ ਅਤੇ ਹੋਰ ਚੀਜ਼ਾਂ ਪਾ ਕੇ ਵੇਚਦੇ ਹਨ, ਜਿਸ ਕਰਕੇ ਇਨਸਾਨੀ ਸਿਹਤ ਦਾ ਨੁਕਸਾਨ ਹੁੰਦਾ ਹੈ। ‘ਰੱਜੀਆਂ
ਰੂਹਾਂ’ ਵਿੱਚ ਸਬਰ ਸੰਤੋਖ ਰੱਖਣ ਨਾਲ ਬਰਕਤ ਹੁੰਦੀ ਹੈ, ਪ੍ਰੰਤੂ ਕੁਝ ਲੋਕ ਧੋਖੇ ਅਤੇ ਫ਼ਰੇਬ ਕਰਕੇ ਪੈਸੇ ਕਮਾਉਂਦੇ ਹਨ। ਪੰਜਾਬੀਆਂ ਨੂੰ ਰੱਜੀਆਂ
ਰੂਹਾਂ ਵਾਲੇ ਕਿਹਾ ਹੈ। ‘ਤਨਖ਼ਾਹੀਆ’ ਲੇਖ ਲੇਖਕ ਨੇ ਆਪਣੇ ਪੱਤਰਕਾਰੀ ਭਾਈਚਾਰੇ ਬਾਰੇ ਲਿਖਿਆ ਹੈ,
ਜਿਸ ਵਿੱਚ ਅਖ਼ਬਾਰਾਂ ਦੇ ਮਾਲਕਾਂ ਵੱਲੋਂ ਪੱਤਰਕਾਰਾਂ ਤੋਂ
ਗ਼ਲਤ ਕੰਮ ਖੁਦ ਕਰਵਾਉਣ ਦਾ ਜ਼ਿਕਰ ਹੈ, ਕਿਉਂਕਿ ਉਨ੍ਹਾਂ
ਸਟਿੰਗਰਾਂ ਨੂੰ ਆਪਣੀ ਕਮਾਈ ਆਪ ਕਰਨ ਲਈ ਕਿਹਾ ਜਾਂਦਾ ਹੈ। ‘ਮਿੱਠੀ ਜੇਲ੍ਹ’ ਵਿੱਚ ਪਿੰਡਾਂ ਦੇ
ਬਜ਼ੁਰਗ ਸ਼ਹਿਰੀ ਜ਼ਿੰਦਗੀ ਨੂੰ ਮਿੱਠੀ ਜੇਲ੍ਹ ਸਮਝਦੇ ਹਨ। ਏਸੇ ਤਰ੍ਹਾਂ ਪਰਵਾਸ ਦਾ ਸੰਤਾਪ ਹੈ,
ਮਾਪੇ ਪਿੱਛੇ ਰੁਲਦੇ ਰਹਿੰਦੇ ਹਨ। ‘ਦੁਆ ਤੇ ਦਾਰੂ ਨਾਲ-ਨਾਲ’
ਲੇਖ ਵਿੱਚ ਫ਼ੌਜੀ ਆਪਣੇ ਬੱਚਿਆਂ ਨੂੰ ਅਨੁਸ਼ਾਸ਼ਨ ਦੇ ਨਾਂ ‘ਤੇ ਸਖ਼ਤੀ ਵਰਤਦੇ ਹਨ ਤੇ ਫਿਰ ਬੱਚੇ ਗ਼ਲਤ
ਨਸ਼ੇ ਦੇ ਰਸਤੇ ਪੈ ਜਾਂਦੇ ਹਨ। ਅਖ਼ੀਰ ਸੁਧਾਰੇ ਵੀ ਜਾ ਸਕਦੇ ਹਨ, ਵਿਖਾਇਆ ਗਿਆ ਹੈ ਤੇ ਚਰਨ ਲੋਕ ਸੇਵਕ ਡਾਕਟਰ ਬਣ ਜਾਂਦਾ ਹੈ। ‘ਇੱਕ ਸ਼ਾਮ ਅਮਰ ਪਾਪਾ ਦੇ
ਨਾਮ’ ਲੇਖ ਵਿੱਚ ਲੋਕ ਭਲਾਈ ਦੀ ਪ੍ਰਸੰਸਾ ਕੀਤੀ ਗਈ ਹੈ। ‘ਕੋਧਰੇ ਦੀ ਰੋਟੀ’ ਲੇਖ ਵਿੱਚ ਪਰਿਵਾਰ
ਨਾਲ ਦੁਬਈ ਜਾ ਕੇ ਵੇਖਿਆ ਕਿ ਪੰਜਾਬੀ ਸਭਿਆਚਾਰ ਪੁਰਾਣੇ ਦੁਬਈ ਵਿੱਚ ਵੀ ਮੌਜੂਦ ਹੈ। ਜੇ ਇਹ
ਸਾਮਾਨ ਦੁੱਬਈ ਤੋਂ ਹੀ ਖ੍ਰੀਦਣਾ ਸੀ, ਫਿਰ ਪੰਜਾਬ ਵਿੱਚ ਕੀ
ਮਾੜਾ ਸੀ? ‘ਜਦੋਂ ਰੂਹ ਵਿੱਚੋਂ ਝਰਨੇ
ਫੁੱਟਣ ਲੱਗੇ’ ਪਿੰਡਾਂ ਦੇ ਪੁਰਾਣੇ ਸਭਿਆਚਾਰ ਖ਼ਤਮ ਹੋਣ ਤੇ ਲੋਕਾਂ ਵਿੱਚ ਧੜੇਬੰਦੀ ਹੋਣ ਨਾਲ
ਮਿਠਾਸ ਖ਼ਤਮ ਹੁੰਦੀ ਜਾ ਰਹੀ ਹੈ। ‘ਨੋ ਫਾਇਰਿੰਗ’ ਦੇਸ਼ ਦੀਆਂ ਸਰਹੱਦਾਂ ਤੇ ਇੱਕ ਫ਼ੌਜੀ ਕਰਨਲ ਮਨਜੀਤ
ਸਿੰਘ ਢਿਲੋਂ ਦੀ ਫ਼ਿਰਾਕਦਿਲੀ ਦਾ ਵਰਣਨ ਤੇ ਦੋਹਾਂ ਦੇਸ਼ਾਂ ਵਿੱਚ ਸ਼ਾਂਤੀ ਦੇ ਦਿਨਾ ਵਿੱਚ ਸਹਿਯੋਗ ਬਾਰੇ
ਦੱਸਿਆ ਗਿਆ ਹੈ। ‘ਸਾਮਰਾਜਵਾਦ’ ਸਿਰਲੇਖ ਵਾਲੇ ਲੇਖ ਵਿੱਚ ਅੱਜ ਕਲ੍ਹ ਦੀ ਨਵੀਂ ਪੀੜ੍ਹੀ ਵਿੱਚ
ਬੱਚੇ ਨਾ ਪੈਦਾ ਕਰਨ ਨੂੰ ਸਾਮਰਾਜਵਾਦ ਕਿਹਾ ਗਿਆ, ਜਿਸਨੂੰ
ਲੇਖਕ ਸਹੀ ਨਹੀਂ ਸਮਝਦਾ, ਕਿਉਂਕਿ ਸਮਾਜ ਲਈ
ਹਾਨੀਕਾਰਕ ਹੈ। ‘ਸਾਬਕਾ ਰਾਸ਼ਟਰਪਤੀ ਨਾਲ ਮਿਲਣ ਦਾ ਇੰਝ ਸਬੱਬ ਬਣਿਆਂ’ ਲੇਖ ਵਿੱਚ ਭਾਰਤ ਦੇ ਸਾਬਕਾ
ਰਾਸ਼ਟਰਪਤੀ ਨੂੰ ਮਿਲਣ ਦੇ ਇਤਫਾਕ ਬਾਰੇ ਜਾਣਕਾਰੀ ਦਿੰਦਿਆਂ ਲਿਖਿਆ ਹੈ ਕਿ ਉਹ ਮੇਰੇ ਲੇਖਾਂ ਤੋਂ
ਪ੍ਰਭਾਵਤ ਸਨ, ਇਸ ਕਰਕੇ ਚਾਹ ‘ਤੇ
ਬੁਲਾਇਆ ਸੀ। ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਕਮਲਜੀਤ ਸਿੰਘ ਬਨਵੈਤ ਹਲਕੇ ਫੁਲਕੇ ਮਿਡਲ ਲਿਖਣ
ਦਾ ਮਾਹਿਰ ਹੈ, ਜਿਨ੍ਹਾਂ ਨੂੰ ਪਾਠਕ
ਦਿਲਚਸਪੀ ਨਾਲ ਪੜ੍ਹਦੇ ਹਨ।
100 ਪੰਨਿਆਂ, 200 ਰੁਪਏ ਕੀਮਤ ਵਾਲੀ ਇਹ ਪੁਸਤਕ ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤੀ ਹੈ।
.jpg)
Comments
Post a Comment