ਸਾਹਿਤ ਰਤਨ ਖ਼ੋਜੀ ਵਿਦਵਾਨ ਡਾ.ਰਤਨ ਸਿੰਘ ਜੱਗੀ
ਪੰਜਾਬੀ, ਹਿੰਦੀ ਅਤੇ
ਸੰਸਕਿ੍ਰਤ ਦੇ ਖ਼ੋਜੀ ਵਿਦਵਾਨ ਸਾਹਿਤ ਰਤਨ ਡਾ ਰਤਨ ਸਿੰਘ ਜੱਗੀ ਨੇ ਸਾਹਿਤਕ ਵਿਦਵਤਾ ਦੇ ਖੇਤਰ
ਵਿੱਚ ਯੋਗਦਾਨ ਪਾ ਕੇ ਮੀਲ ਪੱਥਰ ਸਥਾਪਤ ਕੀਤਾ ਸੀ। ਉਨ੍ਹਾਂ ਦੀ ਕਾਬਲੀਅਤ ਦੀ ਧਾਂਕ ਨੇ ਖੋਜ ਦੇ
ਖੇਤਰ ਵਿੱਚ ਵਿਲੱਖਣ ਕਾਰਜ ਕਰਕੇ ਨਾਮ ਕਮਾਇਆ ਸੀ।
ਉਨ੍ਹਾਂ ਨੇ ਖੋਜ ਦੇ ਖੇਤਰ ਵਿੱਚ ਅਜਿਹੇ ਮਾਅਰਕੇ ਮਾਰੇ ਜਿਨ੍ਹਾਂ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਸੰਸਾਰ ਵਿਚ ਕੋਈ ਕੰਮ
ਵੀ ਅਸੰਭਵ ਨਹੀਂ ਹੁੰਦਾ ਜੇਕਰ ਉਸਨੂੰ ਕਰਨ ਵਾਲੇ ਵਿਅਕਤੀ ਦਾ ਦਿ੍ਰੜ੍ਹ ਇਰਾਦਾ, ਲਗਨ ਅਤੇ ਮਿਹਨਤੀ ਸੁਭਾਅ ਹੋਵੇ। ਬਹੁਤੇ ਲੋਕ ਔਖੇ ਕੰਮ ਨੂੰ ਕਰਨ ਦੀ ਹਿੰਮਤ ਕਰਨ
ਤੋਂ ਪਹਿਲਾਂ ਹੀ ਢੇਰੀ ਢਾਅ ਬੈਠਦੇ ਹਨ, ਪ੍ਰੰਤੂ ਕੁਝ ਅਜਿਹੇ ਉਦਮੀ ਹੁੰਦੇ ਹਨ,
ਜਿਹੜੇ ਜਿਸ ਕੰਮ ਨੂੰ ਕਰਨ ਬਾਰੇ ਸੋਚ ਲੈਣ ਉਸਨੂੰ ਪੂਰਾ ਕਰਕੇ ਹੀ ਹੱਟਦੇ ਹਨ।
ਇਨ੍ਹਾਂ ਉਦਮੀਆਂ ਵਿਚ ਹੀ ਇੱਕ ਅਜਿਹਾ ਖੋਜੀ ਵਿਦਵਾਨ ਸਾਹਿਤਕਾਰ ਡਾ ਰਤਨ ਸਿੰਘ ਜੱਗੀ ਸੀ, ਉਸਨੇ
ਜਿਸ ਵੀ ਅਤਿ ਕਠਨ ਕੰਮ ਨੂੰ ਹੱਥ ਪਾਇਆ ਉਤਨੀ ਦੇਰ ਚੈਨ ਨਾਲ ਟਿਕ ਕੇ ਨਹੀਂ ਬੈਠਿਆ, ਜਿਤਨੀ ਦੇਰ ਉਸਨੂੰ ਨੇਪਰੇ ਨਹੀਂ ਚਾੜ੍ਹ ਲਿਆ। ਸਾਹਿਤਕ ਅਤੇ ਇਤਿਹਾਸਕ ਖੋਜ ਦੇ
ਕੰਮਾ ਵਿਚ ਉਸਨੂੰ ਅਨੇਕਾਂ ਮੁਸ਼ਕਲਾਂ ਅਤੇ ਤਕਲੀਫਾਂ ਦਾ ਸਾਹਮਣਾ ਵੀ ਕਰਨਾ ਪਿਆ। ਕਈ ਵਾਰ ਤਾਂ ਜਾਨ
ਵੀ ਜੋਖ਼ਮ ਵਿਚ ਪਾਉਣੀ ਪਈ, ਪ੍ਰੰਤੂ ਉਸਨੇ ਜੋ ਨਿਸ਼ਾਨਾ ਮਿਥਿਆ ਉਸਨੂੰ ਹਰ
ਹਾਲਤ ਵਿਚ ਪੂਰਾ ਕੀਤਾ। ਉਸਦੀ ਬਚਪਨ ਤੋਂ ਲੈ ਕੇ ਹੁਣ ਤੱਕ ਸਾਰੀ ਜ਼ਿੰਦਗੀ ਹੀ ਜਦੋਜਹਿਦ ਵਾਲੀ ਰਹੀ
ਹੈ। ਇਨ੍ਹਾਂ ਖੋਜਾਂ ਲਈ ਉਸਨੂੰ ਸਾਰੇ ਦੇਸ਼ ਦਾ ਭਰਮਣ ਕਰਨਾ ਪਿਆ। ਜਿਥੇ ਵੀ ਕਿਤੇ ਗੁਰੂ ਸਾਹਿਬਾਨ
ਨਾਲ ਸੰਬੰਧਤ ਸਥਾਨ ਬਾਰੇ ਉਸਨੂੰ ਪਤਾ ਲੱਗਿਆ, ਉਥੇ ਹੀ ਉਹ ਜਾ
ਪਹੁੰਚਿਆ। ਉਸਦੀ ਲਗਨ ਅਤੇ ਦਿ੍ਰੜ੍ਹਤਾ ਨੇ ਸਾਹਿਤਕ ਖੇਤਰ ਦੀ ਸਭ ਤੋਂ ਸਰਵੋਤਮ ਡਿਗਰੀ ਡੀ ਲਿਟ
ਪ੍ਰਾਪਤ ਕਰਕੇ ਹੀ ਦਮ ਲਿਆ। ਡੀ ਲਿਟ ਵੀ ਇੱਕ ਨਹੀਂ ਸਗੋਂ ਤਿੰਨ-ਤਿੰਨ ਪ੍ਰਾਪਤ ਕੀਤੀਆਂ। ਦੇਸ਼ ਦੀ
ਵੰਡ ਕਰਕੇ ਵੀ ਉਸਦੇ ਰਸਤੇ ਵਿਚ ਰੁਕਾਵਟਾਂ ਪਈਆਂ। ਸਭ ਤੋਂ ਪਹਿਲਾਂ ਉਨ੍ਹਾਂ ਅੰਬਾਲੇ ਫ਼ੌਜ ਵਿਚ
ਸਿਵਲੀਅਨ ਕਲਰਕ ਦੀ ਨੌਕਰੀ ਕੀਤੀ। ਇੱਕ ਮਹੀਨੇ ਬਾਅਦ ਦਿੱਲੀ ਵਿਖੇ ਪੁਲਿਸ ਵਿਭਾਗ ਦੇ ਗੁਪਤਚਰ
ਵਿਭਾਗ ਵਿਚ 7 ਜਨਵਰੀ 1949
ਨੂੰ ਨੌਕਰੀ 135 ਰੁਪਏ ਮਹੀਨਾ ਨਾਲ ਸ਼ੁਰੂ ਕੀਤੀ ਅਤੇ ਲਗਪਗ 7 ਸਾਲ ਨੌਕਰੀ ਕਰਦਿਆਂ ਪਹਿਲਾਂ ਗਿਆਨੀ, ਐਫ
ਏ ਅਤੇ ਪ੍ਰਭਾਕਰ ਪਾਸ ਕੀਤੀਆਂ। ਇਸ ਤੋਂ ਬਾਅਦ 1952
ਵਿਚ ਬੀ ਏ ਪਾਰਟ ਟਾਈਮ ਅਤੇ ਬਾਅਦ ਵਿਚ ਬੀ ਏ ਫਾਰਸੀ, ਹਿੰਦੀ
ਅਤੇ ਸੰਸਕਿ੍ਰਤ ਵਿਚ ਵੀ ਪਾਸ ਕੀਤੀਆਂ। ਈਵਨਿੰਗ ਕਲਾਸਾਂ ਵਿਚ ਪੱਤਰਕਾਰਤਾ ਦਾ ਡਿਪਲੋਮਾ ਵੀ ਕੀਤਾ।
1955 ਵਿਚ ਐਮ ਏ ਪੰਜਾਬੀ ਅਤੇ 1957 ਵਿਚ ਐਮ ਏ ਹਿੰਦੀ ਪਾਸ ਕੀਤੀਆਂ। ਇਹ ਸਾਰੀ ਪੜ੍ਹਾਈ ਦਿੱਲੀ ਰਹਿੰਦਿਆਂ ਕੀਤੀ। 98 ਸਾਲ ਦੀ ਉਮਰ ਤੱਕ ਵੀ ਉਹ ਸਿੱਖ
ਸੰਕਲਪ ਦੀ ਪੂਰਤੀ ਲਈ ਪੂਰਾ ਸੁਚੇਤ ਸੀ।
ਪੜ੍ਹਨ ਲਿਖਣ ਦਾ ਸ਼ੌਕ ਉਸ ਨੂੰ ਬਚਪਨ ਤੋਂ ਮਹੰਤ ਪੰਡਿਤ ਸੁੱਚਾ ਸਿੰਘ ਦੀ ਪ੍ਰੇਰਨਾ ਨਾਲ
ਪੈ ਗਿਆ ਸੀ। ਖੋਜ ਦੇ ਕੰਮ ਲਈ ਪੰਜਾਬੀ ਵਿਚ ਡਾ ਹਰਿਭਜਨ ਸਿੰਘ ਅਤੇ ਹਿੰਦੀ ਵਿਚ ਹਜ਼ਾਰੀ ਪ੍ਰਸਾਦਿ
ਦਿਵੇਦੀ ਉਸਦੇ ਪ੍ਰੇਰਨਾ ਸਰੋਤ ਸਨ। ਉਸ ਦਾ ਸੁਭਾਅ ਸ਼ੁਰੂ ਤੋਂ ਹੀ ਖੋਜੀ ਰਿਹਾ ਸੀ। ਉਹ ਕਿਹੜੀ
ਸਮੱਸਿਆ ਸੀ ਜਿਸਦਾ ਰਤਨ ਸਿੰਘ ਜੱਗੀ ਨੇ ਮੁਕਾਬਲਾ ਨਹੀਂ ਕੀਤਾ, ਪ੍ਰੰਤੂ
ਹਮੇਸ਼ਾ ਸਫਲਤਾ ਉਸਦੇ ਪੈਰ ਚੁੰਮਦੀ ਰਹੀ। ਮੁੱਢਲੀ ਸਿਖਿਆ ਪ੍ਰਾਪਤ ਕਰਨ ਉਪਰੰਤ ਉਸ ਨੇ ਐਮ. ਏ
.ਪੰਜਾਬੀ ਅਤੇ ਹਿੰਦੀ ਦੇ ਵਿਸ਼ਿਆਂ ਵਿੱਚ ਕੀਤੀ। ਇਸ ਤੋਂ ਬਾਅਦ ਪੀ .ਐਚ.ਡੀ. ਅਤੇ ਡੀ. ਲਿਟ. ਦੀਆਂ
ਡਿਗਰੀਆਂ ਪ੍ਰਾਪਤ ਕੀਤੀਆਂ ਸਨ, ਇਸ ਕਰਕੇ ਹੀ ਉਸਨੂੰ ਖੋਜੀ ਸਾਹਿਤਕਾਰ ਕਿਹਾ
ਜਾਂਦਾ ਹੈ। ਡਾ ਰਤਨ ਸਿੰਘ ਜੱਗੀ ਨੇ ਮੁੱਖ ਤੌਰ ਤੇ ਗੁਰਬਾਣੀ, ਪੁਰਾਤਨ
ਪੰਜਾਬੀ ਵਾਰਤਕ, ਪੁਰਾਤਨ ਹੱਥ ਲਿਖਤਾਂ ਅਤੇ ਇਤਿਹਾਸ ਆਦਿ ਦੇ
ਵਿਸ਼ਿਆਂ ਨੂੰ ਚੁਣਦੇ ਸਨ ਅਤੇ ਉਹਨਾਂ ਉਤੇ ਹੀ ਉਸ ਦੀਆਂ ਆਪਣੀਆਂ ਬਹੁਤੀਆਂ ਕਿਤਾਬਾਂ ਹਨ। ਉਪਰੋਕਤ
ਵਿਸ਼ਿਆਂ ਤੇ ਉਸਦੀਆਂ 134 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਸਨ। ਡਾ.
ਜੱਗੀ ਅੱਧੀ ਸਦੀ ਪੰਜਾਬੀ ਸਾਹਿਤ ਜਗਤ ਦੀ ਸੇਵਾ ਕਰਦਾ ਰਿਹਾ ਸੀ। ਉਸਨੇ ਜੀਵਨੀ ਸਾਹਿਤ ਉਪਰ ਵੀ
ਤਿੰਨ ਪੁਸਤਕਾਂ ਭਾਈ ਗੁਰਦਾਸ ਦੀਆਂ ਵਾਰਾਂ ਬਾਰੇ ਸ਼ਬਦ ਕੋਸ਼ ਤੇ ਅਨੁਕਰਮਣਿਕਾ ਅਤੇ ਚਾਰ ਹਵਾਲਾ ਕੋਸ਼
ਲਿਖੇ ਹਨ। ਸੰਪਾਦਨ ਦੇ ਖੇਤਰ ਵਿੱਚ ਉਸਦੀ ਦੇਣ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। ਉਸਨੇ ਪੰਜ
ਪੁਰਾਤਨ ਹੱਥ ਲਿਖਤਾਂ ਦਾ ਸੰਪਾਦਨ, ਤਿੰਨ ਬਾਣੀ ਸੰਗ੍ਰਹਿਆਂ ਦਾ ਸੰਪਾਦਨ ਅਤੇ 9 ਰਚਨਾ ਸੰਗ੍ਰਹਿ ਸੰਪਾਦਨ ਕੀਤੇ ਹਨ। ਉਸਨੇ ਖੋਜ ਪੱਤਰਕਾ ਦੇ ਲਗਪਗ 20 ਵਿਸ਼ੇਸ਼ ਤੇ ਸਾਧਾਰਨ ਅੰਕਾਂ ਦਾ ਸੰਪਾਦਨ ਕੀਤਾ ਸੀ। ਟੀਕਾਕਾਰੀ ਦੇ ਖੇਤਰ ਵਿੱਚ ਵੀ
ਉਸਦੀ ਦੇਣ ਵਰਣਨਯੋਗ ਹੈ। ਤੁਲਸੀ ਰਾਮਾਇਣ ਦਾ ਟੀਕਾ ਅਤੇ 6
ਪੁਸਤਕਾਂ ਦਾ ਅਨੁਵਾਦ ਵੀ ਕੀਤਾ ਸੀ। ਉਸਨੇ 150 ਤੋਂ ਉਪਰ ਖੋਜ
ਪੱਤਰ ਅਤੇ ਲੇਖ, ਵਾਰਤਾਵਾਂ ਦੀ ਰਚਨਾ ਕੀਤੀ ਸੀ। ਉਸ ਨੇ
ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਦੇ ਹਵਾਲਾ ਕੋਸ਼ਾਂ ਲਈ ਇੰਦਰਾਜ
ਇੱਕਤਰ ਕੀਤੇ ਅਤੇ ਪੰਜਾਬੀ ਦੇ ਵਿਕਾਸ ਲਈ ਹਮੇਸ਼ਾ ਸਹਿਯੋਗ ਦਿੱਤਾ ਸੀ।
ਪੁਲਿਸ ਦੀ ਨੌਕਰੀ ਛੱਡਣ ਤੋਂ ਬਾਅਦ ਉਸਨੇ 17
ਮਾਰਚ 1957 ਨੂੰ ਹਿੰਦੂ ਕਾਲਜ ਸੋਨੀਪਤ, ਮਾਰਚ
1958 ਵਿਚ ਸਰਕਾਰੀ ਕਾਲਜ ਹਿਸਾਰ ਵਿਚ ਅਤੇ 25 ਮਈ 1963 ਤੋਂ ਜੁਲਾਈ 1965
ਤੱਕ ਮਹਿੰਦਰਾ ਕਾਲਜ ਪਟਿਆਲਾ ਵਿਚ ਬਤੌਰ ਲੈਕਚਰਾਰ ਸੇਵਾ ਨਿਭਾਈ। ਫਿਰ ਉਹ ਜੁਲਾਈ 1965 ਵਿਚ ਪੰਜਾਬੀ ਯੂਨੀਵਰਸਿਟੀ ਵਿਚ ਲੈਕਚਰਾਰ ਲੱਗ ਗਏ। ਦਸੰਬਰ 1962 ਵਿਚ ਉਸਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ‘‘ਦਸਮ ਗ੍ਰੰਥ ਦੀਆਂ ਪੌਰਾਣਿਕ
ਕਿ੍ਰਤੀਆਂ ਦਾ ਆਲੋਚਨਾਤਮਕ ਅਧਿਐਨ’’ ਦੇ ਵਿਸ਼ੇ ਤੇ ਪੀ ਐਚ ਡੀ ਕਰ ਲਈ ਸੀ। 1971 ਵਿਚ ਉਹ ਰੀਡਰ ਦੇ ਅਹੁਦੇ ਤੇ ਨਿਯੁਕਤ ਹੋ ਗਏ। ਜੁਲਾਈ 1978 ਵਿਚ ਉਸ ਦੀ ਪੰਜਾਬੀ ਸਾਹਿਤ ਅਧਿਐਨ ਵਿਭਾਗ ਵਿਚ ਪ੍ਰੋਫ਼ੈਸਰ ਦੇ ਤੌਰ ਤੇ ਚੋਣ ਹੋ
ਗਈ, ਜਿਸ ਅਹੁਦੇ ਤੇ ਉਹ 1987
ਤੱਕ ਰਹੇ। ਸੇਵਾ ਮੁਕਤੀ ਤੋਂ ਬਾਅਦ ਉਸਨੂੰ ਕਈ ਯੂਨੀਵਰਸਿਟੀਆਂ ਨੇ ਸੀਨੀਅਰ ਫੈਲੋਸ਼ਿਪ ਦਿੱਤੀ।
ਸਵਰਗਵਾਸ ਹੋਣ ਤੱਕ ਉਹ ਪੰਜਾਬੀ ਯੂਨੀਵਰਸਿਟੀ ਵਿਚ ਆਜੀਵਨ ਫੈਲੋਸ਼ਿਪ ਤੇ ਸਨ। ਉਸਨੇ 1973 ਵਿਚ ਮਗਧ ਯੂਨੀਵਰਸਿਟੀ ਗਯਾ ਤੋਂ ‘‘ਗੁਰੂ ਨਾਨਕ ਵਿਕਤਿਤਵ, ਕਿ੍ਰਤਿਤਵ ਅਤੇ ਚਿੰਤਨ’’ ਦੇ ਵਿਸ਼ੇ ਤੇ ਡੀ ਲਿਟ ਦੀ ਡਿਗਰੀ ਪ੍ਰਾਪਤ ਕੀਤੀ। ਇਸਤੋਂ
ਬਾਅਦ ਸਨਮਾਨ ਵੱਜੋਂ ਪੰਜਾਬੀ ਯੂਨੀਵਰਸਿਟੀ ਨੇ 2014
ਵਿਚ ਉਸਨੂੰ ਡੀ ਲਿਟ (ਮਾਨਾਰਥ) ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਨੇ 2015 ਵਿਚ ਡੀ ਲਿਟ (ਮਾਨਾਰਥ) ਪ੍ਰਦਾਨ
ਕੀਤੀਆਂ। ਉਸਦੀ ਵਿਸ਼ੇਸ਼ਤਾ ਪੰਜਾਬੀ ਅਤੇ ਹਿੰਦੀ ਦਾ ਮੱਧਕਾਲੀਨ ਸਾਹਿਤ ਅਤੇ ਭਗਤੀ ਅੰਦੋਲਨ ਸੰਬੰਧੀ
ਸਾਹਿਤ, ਸਿੱਖ ਧਰਮ ਗ੍ਰੰਥ ਅਤੇ ਭਾਰਤੀ ਕਾਵਿ ਸ਼ਾਸਤ੍ਰ ਵਿਚ ਸੀ।
ਉਸਨੂੰ ਅਧਿਐਨ, ਸੰਪਾਦਨ ਅਤੇ ਵਿਆਖਿਆ ਉਪਰ ਸਾਹਿਤ ਅਕਾਦਮੀ
ਦਿੱਲੀ ਦਾ ਰਾਸ਼ਟਰੀ ਅਨੁਵਾਦ ਪੁਰਸਕਾਰ, ਭਾਸ਼ਾ ਵਿਭਾਗ ਪੰਜਾਬ ਵਲੋਂ 8 ਪੁਸਤਕਾਂ ਉਪਰ ਸਰਵੋਤਮ ਪੁਰਸਕਾਰ, ਇੱਕ
ਪੁਸਤਕ ਉਪਰ ਹਰਿਆਣਾ ਸਰਕਾਰ ਵਲੋਂ ਸ਼ਰੋਮਣੀ ਸਾਹਿਤਕਾਰ ਸਨਮਾਨ, ਉਤਰ
ਪ੍ਰਦੇਸ਼ ਹਿੰਦੀ ਸੰਸਥਾਨ ਵਲੋਂ ਸਨਮਾਨ ਤੋਂ ਇਲਾਵਾ ਅਨੇਕਾਂ ਧਾਰਮਕ ਸੰਸਥਾਵਾਂ ਅਤੇ ਸਾਹਿਤਕ
ਅਦਾਰਿਆਂ ਵਲੋਂ ਉਸ ਨੂੰ ਸਨਮਾਨਤ ਕੀਤਾ ਗਿਆ ਹੈ। ਸੰਨ 1996
ਵਿੱਚ ਭਾਸ਼ਾ ਵਿਭਾਗ ਪੰਜਾਬ ਵਲੋਂ ਪੰਜਾਬੀ ਸਾਹਿਤ ਸ਼ਰੋਮਣੀ ਪੁਰਸਕਾਰ ਨਾਲ ਸਨਮਾਨਿਆ ਗਿਆ ਸੀ।1999 ਵਿਚ ਉਸਨੂੰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਕਰਤਾਰ ਸਿੰਘ ਧਾਲੀਵਾਲ ਸਾਹਿਤ
ਪੁਰਸਕਾਰ ਦੇ ਕੇ ਸਨਮਾਨਤ ਕੀਤਾ। ਕੇਂਦਰ ਸਰਕਾਰ ਨੇ ਉਸਦੇ ਸਾਹਿਤਕ ਯੋਗਦਾਨ ਦਾ ਮੁੱਲ ਪਾਉਂਦਿਆਂ
ਉਨ੍ਹਾਂ ਨੂੰ ਪਦਮ ਸ੍ਰੀ ਦੇ ਕੇ ਸਨਮਾਨਤ ਕੀਤਾ ਸੀ।
ਪੰਜਾਬੀ ਭਾਸ਼ਾ ਅਤੇ ਸਾਹਿਤ ਨਾਲ ਦਿਲੋਂ ਜੁੜੇ ਹੋਏ ਰਤਨ ਸਿੰਘ ਜੱਗੀ ਦਾ ਜਨਮ ਪੱਛਵੀਂ
ਪੰਜਾਬ ਦੇ ਅਟਕ ਜਿਲ੍ਹੇ ਦੇ ਪਿੰਡ ਪਿੰਡੀਘੇਬ ਵਿਖੇ 27
ਜੁਲਾਈ 1927 ਨੂੰ ਮਾਤਾ ਨਾਨਕੀ ਦੇਵੀ ਅਤੇ ਪਿਤਾ ਲੋੜੀਂਦਾ
ਮੱਲ ਜੱਗੀ ਦੇ ਘਰ ਹੋਇਆ ਸੀ। ਹੁਣ ਇਹ ਪਿੰਡ ਪਾਕਿਸਤਾਨ ਦੇ ਕੈਂਬਲਪੁਰ ਜਿਲ੍ਹੇ ਵਿਚ ਹੈ। ਪੰਜ ਭਰਾ
ਅਤੇ ਦੋ ਭੈਣਾ ਦੇ ਪਰਿਵਾਰ ਦੇ ਗੁਜ਼ਾਰੇ ਲਈ ਆਪਣੇ ਪਿਤਾ ਦਾ ਪੂਰਾ ਸਹਿਯੋਗੀ ਰਿਹਾ। ਘੁਲਾੜੀ
ਚਲਾਉਂਦਾ ਅਤੇ ਘੁਲਾੜੀ ਵਿਚ ਗੰਨੇ ਵੀ ਦਿੰਦਾ ਰਿਹਾ। ਉਸਦੇ ਪਿਤਾ ਨੇ ਪਰਿਵਾਰ ਦੇ ਪਾਲਣ ਪੋਸ਼ਣ ਲਈ
ਖੇਤੀਬਾੜੀ ਦੇ ਨਾਲ ਵਿਓਪਾਰ ਅਤੇ ਠੇਕੇਦਾਰੀ ਵੀ
ਕੀਤੀ, ਰਤਨ ਸਿੰਘ ਜੱਗੀ ਹਮੇਸ਼ਾ ਉਨ੍ਹਾਂ ਦੇ ਨਾਲ ਹੁੰਦੇ ਸਨ।
ਇਸ ਕਰਕੇ ਉਸਨੇ ਜ਼ਿੰਦਗੀ ਦਾ ਵਿਸ਼ਾਲ ਤਜ਼ਰਬਾ ਗ੍ਰਹਿਣ ਕੀਤਾ। ਅੱਠਵੀਂ ਤੱਕ ਦੀ ਪੜ੍ਹਾਈ ਉਸ ਨੇ
ਪਿੰਡੀਘੇਬ ਖਾਲਸਾ ਸਕੂਲ ਵਿਚੋਂ ਪਾਸ ਕੀਤੀ। ਦਸਵੀਂ 1943
ਵਿਚ ਸਰਕਾਰੀ ਹਾਈ ਸਕੂਲ ਪਿੰਡੀਘੇਬ ਤੋਂ ਪਾਸ ਕੀਤੀ। ਦਸਵੀਂ ਤੱਕ ਦੀ ਪੜ੍ਹਾਈ ਉਸਨੇ ਲੈਂਪ ਦੀ
ਰੌਸ਼ਨੀ ਵਿਚ ਹੀ ਕੀਤੀ। 1959 ਵਿਚ ਡਾ ਰਤਨ ਸਿੰਘ ਜੱਗੀ ਦਾ ਵਿਆਹ ਦਿੱਲੀ
ਦੀ ਬੀਬੀ ਰਾਜਿੰਦਰ ਕੌਰ ਨਾਲ ਹੋ ਗਿਆ। ਜਿਸ ਤੋਂ ਉਸਦੇ ਦੋ ਸਪੁੱਤਰ ਵਰਿੰਦਰ ਸਿੰਘ ਅਤੇ ਮਲਵਿੰਦਰ
ਸਿੰਘ ਪੈਦਾ ਹੋਏ। 24 ਮਾਰਚ 1975
ਨੂੰ ਰਾਜਿੰਦਰ ਕੌਰ ਕੈਂਸਰ ਦੀ ਬਿਮਾਰੀ ਨਾਲ ਸਵਰਗਵਾਸ ਹੋ ਗਏ। ਫਿਰ ਉਸਦੀ ਸ਼ਾਦੀ ਡਾ ਗੁਰਸ਼ਰਨ ਕੌਰ
ਨਾਲ ਹੋ ਗਈ, ਜਿਹੜੇ ਮਹਿੰਦਰਾ ਕਾਲਜ ਦੀ ਪਿ੍ਰੰਸੀਪਲ ਸੇਵਾ
ਮੁਕਤ ਹੋਏ ਹਨ। ਗੁਰਸ਼ਰਨ ਕੌਰ ਨੇ ਥੋੜ੍ਹਾ ਸਮਾ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਦੇ ਤੌਰ ਤੇ
ਵੀ ਕੰਮ ਕੀਤਾ। ਡਾ ਰਤਨ ਸਿੰਘ ਜੱਗੀ 98 ਸਾਲ ਦੀ ਉਮਰ ਵਿੱਚ ਸੰਖੇਪ ਬਿਮਾਰੀ ਤੋਂ
ਬਾਅਦ 22 ਮਈ
2025 ਨੂੰ ਸਵਰਗਵਾਸ ਹੋ ਗਏ। ਉਨ੍ਹਾਂ ਦੀ ਪਹਿਲੀ ਬਰਸੀ 18 ਅਪ੍ਰੈਲ 2026 ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਰੇਡੀਓ
ਸਟੇਸ਼ਨ ਰੋਡ ਅਰਬਨ ਅਸਟੇਟ ਫੇਜ 3
ਪਟਿਆਲਾ ਵਿਖੇ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਕੀਰਤਨ ਦੁਪਹਿਰ 1-00 ਵਜੇ ਤੋਂ 2-00 ਵਜੇ ਤੱਕ
ਹੋਵੇਗਾ।
ਤਸਵੀਰ-ਡਾ ਰਤਨ ਸਿੰਘ ਜੱਗੀ
ਸਾਬਕਾ ਜਿਲ੍ਹਾ ਲੋਕ ਸੰਪਰਕ
ਅਧਿਕਾਰੀ
ਮੋਬਾਈਲ -94178 13072
ujagarsingh48@yahoo.com
Comments
Post a Comment