ਜਸਵਿੰਦਰ ਪੰਜਾਬੀ ਦੀਆਂ ‘ਮੁਰਗਾਬੀਆਂ’ ਭਾਗ-2 (ਡਬਲ ਧਮਾਕਾ) ਸ਼ੋਸ਼ਣ ਦਾ ਪਰਵਾਨਾਂ
ਜਸਵਿੰਦਰ ਪੰਜਾਬੀ ਜੋ ਵੀ ਲਿਖਦਾ ਹੈ,
ਬੇਬਾਕੀ ਨਾਲ ਲਿਖਕੇ ਸਮਾਜ ਵਿੱਚ ਅਜਿਹੀ ਚਰਚਾ ਛੇੜ ਦਿੰਦਾ ਹੈ, ਜਿਹੜੀ ਸਮਾਜਿਕ ਤਾਣੇ-ਬਾਣੇ ਦੀਆਂ ਵਿਸੰਗਤੀਆਂ ਦਾ ਪਰਦਾ ਫਾਸ਼ ਕਰਕੇ ਸਮਾਜਿਕ,
ਆਰਥਿਕ, ਸਭਿਆਚਾਰਕ ਅਤੇ ਔਰਤਾਂ ਦੇ ਸ਼ੋਸ਼ਣਕਾਰਾਂ ਨੂੰ
ਲੋਕਾਂ ਦੇ ਕਟਹਿਰੇ ਵਿੱਚ ਖੜ੍ਹਾ ਕਰ ਦਿੰਦਾ ਹੈ। ਉਸਦੀਆਂ ਦਸ ਸਾਹਿਤ ਦੇ ਵੱਖ-ਵੱਖ ਰੂਪਾਂ ਦੀਆਂ
ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਇਸਤੋਂ ਇਲਾਵਾ ਦੋ ਪੁਸਤਕਾਂ ਪ੍ਰਕਾਸ਼ਨਾ ਅਧੀਨ ਹਨ। ਉਸਦਾ
ਨਾਵਲ ‘ਮੁਰਗਾਬੀਆਂ’ ਪਹਿਲਾਂ ਪ੍ਰਕਾਸ਼ਤ ਹੋਇਆ ਸੀ। ਇਸ ਵਿੱਚ ਕੁਝ ਤਬਦੀਲੀਆਂ ਅਤੇ ਵਾਧਾ ਕਰਕੇ
‘ਮੁਰਗਾਬੀਆਂ’ ਭਾਗ-2 (ਡਬਲ ਧਮਾਕਾ) ਹੁਣ ਪ੍ਰਕਾਸ਼ਤ ਕੀਤਾ ਹੈ। ਪਹਿਲੇ
ਪ੍ਰਕਾਸ਼ਤ ਨਾਵਲ ‘ਮੁਰਗਾਬੀਆਂ’ ਉਪਰ ਇੱਕ ਵੈਬ ਸੀਰੀਜ ਬਣ ਚੁੱਕੀ ਹੈ, ਜਿਸਨੂੰ
ਸੁਚੇਤ ਤੇ ਚੇਤੰਨ ਲੋਕਾਂ ਨੇ ਬਹੁਤ ਹੀ ਪਸੰਦ ਕੀਤਾ ਹੈ, ਉਸ
ਸੀਰੀਜ਼ ਨੇ ਸਾਹਿਤਕ ਖੇਤਰ ਵਿੱਚ ਬਹੁਤ ਜ਼ਿਆਦਾ ਹਲਚਲ ਪੈਦਾ ਕੀਤੀ ਹੈ। ਪੜਚੋਲ ਅਧੀਨ ‘ਮੁਰਗਾਬੀਆਂ’
ਭਾਗ-2 ਵੀ ਧਮਾਕਾ ਕਰਨ ਦੀ ਸਮਰੱਥਾ ਰੱਖਦਾ ਹੈ। ਇਹ ਨਾਵਲ
ਬਹੁ-ਦਿਸ਼ਾਵੀ, ਬਹੁ-ਵਿਧਾਵੀ ਤੇ ਬਹੁ-ਮੰਤਵੀ ਹੈ। ਨਾਵਲ ਵਿੱਚ
ਕਈ ਮਹੱਤਵਪੂਰਨ ਵਿਸ਼ਿਆਂ ਨੂੰ ਲੈ ਕੇ ਬਹੁਤ ਹੀ ਨੀਝ ਨਾਲ ਉਨ੍ਹਾਂ ਖੇਤਰਾਂ ਵਿੱਚ ਹੋ ਰਹੀਆਂ ਚਾਲਾਂ,
ਢੌਂਗ, ਧੋਖੇ, ਕਿਰਦਾਰਕੁਸ਼ੀਆਂ,
ਨੈਤਿਕ ਅਤੇ ਅਨੈਤਿਕ ਕਾਰਵਾਈਆਂ ਦੀ ਦ੍ਰਿਸ਼ਟਾਂਤਿਕ ਰੂਪ ਨਾਲ ਵਿਆਖਿਆ ਕੀਤੀ ਗਈ ਹੈ,
ਜੋ ਸਚਾਈ ਦੇ ਨੇੜੇ-ਤੇੜੇ ਮਹਿਸੂਸ ਹੁੰਦੀ ਹੈ। ਨਾਵਲ ਪੜ੍ਹਦਿਆਂ ਮਹਿਸੂਸ ਹੁੰਦਾ
ਹੈ, ਜਿਵੇਂ ਸਾਰਾ ਕੁਝ ਪਾਠਕ ਦੇ ਸਾਹਮਣੇ ਵਾਪਰ ਰਿਹਾ ਹੈ।
ਭਾਵੇਂ ਜਸਵਿੰਦਰ ਪੰਜਾਬੀ ਨੇ ਸਾਰੇ ਵਿਸ਼ਿਆਂ ਬਾਰੇ ਸਾਰਥਿਕ ਜਾਣਕਾਰੀ ਪ੍ਰਦਾਨ ਕੀਤੀ ਹੈ, ਪ੍ਰੰਤੂ ਪੰਜਾਬੀ ਦੇ ਕੁਝ ਸਾਹਿਤਕਾਰਾਂ, ਕਮਿਊਨਿਸਟ
ਪਾਰਟੀ ਦੇ ਅਹੁਦੇਦਾਰਾਂ, ਕਾਰਕੁੰਨਾਂ ਵੱਲੋਂ ਸਾਹਿਤਕ ਸੰਸਥਾਵਾਂ ਅਤੇ
ਪਾਰਟੀ ਦਫ਼ਤਰਾਂ ਦੀ ਆੜ ਵਿੱਚ ਇਸਤਰੀਆਂ ਦੇ ਸ਼ੋਸ਼ਣ ਕਰਨ ਦੇ ਢੰਗ ਤਰੀਕਿਆਂ ਦਾ ਵਿਸਤਾਰ ਪੂਰਬਕ ਵਰਣਨ
ਕੀਤਾ ਹੈ। ਸਾਰੇ ਸਾਹਿਤਕਾਰਾਂ ਅਤੇ ਸਾਹਿਤਕ ਸੰਸਥਾਵਾਂ/ਸਭਾਵਾਂ/ਸਿਆਸੀ ਪਾਰਟੀਆਂ ਨੂੰ ਇੱਕੋ ਰੱਸੇ
ਨਾਲ ਨਹੀਂ ਬੰਨਿ੍ਹਆਂ ਜਾ ਸਕਦਾ, ਪ੍ਰੰਤੂ ਕੁਝ ਕਾਲੀਆਂ ਭੇਡਾਂ ਸਾਰੇ ਭਾਈਚਾਰੇ
ਨੂੰ ਬਦਨਾਮ ਕਰ ਦਿੰਦੀਆਂ ਹਨ। ਜਸਵਿੰਦਰ ਪੰਜਾਬੀ ਨੇ ਉਨ੍ਹਾਂ ਕਾਲੀਆਂ ਭੇਡਾਂ ਦਾ ਪਰਦਾ ਫਾਸ਼ ਕੀਤਾ
ਹੈ, ਉਹ ਕਿਵੇਂ ਨਵੀਂਆਂ ਉਭਰ ਰਹੀਆਂ ਇਸਤਰੀ
ਸਾਹਿਤਕਾਰਾਂ/ਪਾਰਟੀ ਦਫ਼ਤਰਾਂ ਵਿੱਚ ਕੰਮ ਕਰਨ ਵਾਲੀਆਂ ਲੜਕੀਆਂ ਖਾਸ ਤੌਰ ‘ਤੇ ਕਵਿਤਰੀਆਂ ਨੂੰ
ਇਨਾਮ ਸਨਮਾਨ ਦਿਵਾਉਣ ਦੇ ਸ਼ਰਮਨਾਕ ਗ਼ੈਰਕਾਨੂੰਨੀ ਢੰਗ ਨਾਲ ਆਪਣੇ ਚੱਕਰ ਵਿੱਚ ਫੁਸਲਾਕੇ ਉਨ੍ਹਾਂ ਦਾ
ਸ਼ਰੀਰਕ ਤੇ ਮਾਨਸਿਕ ਸ਼ੋਸ਼ਣ ਕਰਦੇ ਹਨ। ਉਸਨੇ ਨਾਵਲ ਦੇ ਜਿਹੜੇ ਚੈਪਟਰ ਬਣਾਏ ਹਨ, ਉਨ੍ਹਾਂ ਦੇ ਸਿਰਲੇਖ ਵੀ ਉਸ ਚੈਪਟਰ ਦੀ ਜਾਣਕਾਰੀ ਦੇ ਦਿੰਦੇ ਹਨ, ਪ੍ਰੰਤੂ ਚੈਪਟਰ ਦੇ ਨਾਲ ਉਨ੍ਹਾਂ ਦੀ ਗਿਣਤੀ ਨਹੀਂ ਲਿਖੀ, ਸਿਰਫ਼ ‘ਕਾਂਡ’ ਲਿਖਕੇ ਹੇਠਾਂ ਸਿਰਲੇਖ ਦੇ ਦਿੱਤਾ ਹੈ। ਇਹ ਕਾਂਡ ਲਿਖਣਾ ਵੀ
ਸਿੰਬਾਲਿਕ ਹੈ, ਭਾਵ ਇਨ੍ਹਾਂ ਵਿੱਚ ਕੀਤੀਆਂ ਵਿਸੰਗਤੀਆਂ ਹੀ
ਕਾਂਡ ਹਨ। ਨਾਵਲ ਵਿੱਚ ਦੋ ਕਹਾਣੀਆਂ ਬਰਾਬਰ ਚਲਦੀਆਂ ਹਨ। ਇੱਕ ਕਹਾਣੀ ਰਮਿੰਦਰਜੀਤ ਕੌਰ ਰਮਨ ਤੇ
ਅਰਪਨਾ ਦੇ ਆਲੇ ਦੁਆਲੇ ਘੁੰਮਦੀ ਹੈ, ਜਿਸਦਾ ਕਈ ਵਿਅਕਤੀਆਂ ਨੇ ਸਰੀਰਕ ਸ਼ੋਸ਼ਣ ਕੀਤਾ
ਹੈ। ਮੁਰਗਾਬੀਆਂ ਭਾਗ-2 ਵਿੱਚ ਰਮਨ ਦੇ ਪਾਤਰ ਬਾਰੇ ਪਹਿਲਾਂ ਨਾਲੋਂ
ਤਬਦੀਲੀ ਕੀਤੀ ਗਈ ਹੈ, ਰਮਨ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਦੀ ਹੈ,
ਪ੍ਰੰਤੂ ਜੀਵਨ ਵਾਰਸ ਉਸਨੂੰ ਬਚਾਉਣ ਲਈ ਮਸੀਹਾ ਬਣਕੇ ਆਉਂਦਾ ਹੈ। ਇਸ ਨਾਵਲ ਵਿੱਚ
ਰਮਨ ਨੂੰ ਆਤਮ ਹੱਤਿਆ ਦੀ ਕੋਸ਼ਿਸ਼ ਤੋਂ ਬਾਅਦ ਜਿਉਂਦਾ ਦਰਸਾਕੇ ਆਤਮ ਹੱਤਿਆ ਦੀ ਪ੍ਰਵਿਰਤੀ ਦੀ ਇੱਕ
ਕਿਸਮ ਨਾਲ ਨਿੰਦਿਆ ਕੀਤੀ ਗਈ ਹੈ। ਇਸ ਤੋਂ ਇਲਾਵਾ ਉਹ ਇਤਨਾ ਸੁਧਰ ਜਾਂਦੀ ਵਿਖਾਇਆ ਹੈ ਕਿ ਉਹ ਲੋਕ
ਭਲਾਈ ਅਤੇ ਔਰਤਾਂ ਦੇ ਸ਼ੋਸ਼ਣ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਲੱਗ ਜਾਂਦੀ ਹੈ। ਰਾਮਿੰਦਰਜੀਤ ਕੌਰ
ਨੂੰ ਵੀ ਆਦਰਸ਼ਕ ਬਣਾਕੇ ਪੇਸ਼ ਕੀਤਾ ਹੈ, ਜਿਹੜੀ ਆਪਣੀਆਂ ਭੁੱਲਾਂ ਤੇ ਗ਼ਲਤੀਆਂ ਦਾ
ਪਛਤਾਵਾ ਕਰਕੇ, ਇਸ ਖੇਤਰ ਦੀਆਂ ਪ੍ਰਭਾਵਤ ਲੜਕੀਆਂ ਲਈ ਮਸੀਹਾ
ਬਣਕੇ ਉਭਰਦੀ ਹੈ। ਬਿਲਕੁਲ ਏਸੇ ਤਰ੍ਹਾਂ ਜਿਹੜੇ ਵਿਅਕਤੀ ਰਾਮਿੰਦਰਜੀਤ, ਕਿਰਨ
ਜੋਤ, ਮਨਵੀਰ ਕੌਰ ਸੰਧੂ (ਤਰਨ ਸੰਧੂ) ਤੇ ਗੁਰਵੀਨ ਦਾ ਸਰੀਰਕ
ਸ਼ੋਸ਼ਣ ਕਰਦੇ ਹਨ, ਖਾਸ ਤੌਰ ‘ਤੇ ਦਵਿੰਦਰ ਸਿੰਘ ਪਰਵਾਨਾ,
ਬਹਾਦਰ ਸਿੰਘ ਸਿੱਧੂ, ਪ੍ਰੀਤਮ ਦਰਦੀ , ਗੁਰਿੰਦਰ
ਪਾਲ ਜਖ਼ਮੀ, ਪ੍ਰੋਫ਼ੈਸਰ ਗੁਰਮੇਲ ਸਿੰਘ, ਵਿਕਰਮ, ਬਲਵਿੰਦਰ, ਤਰਵਿੰਦਰ
ਅਲੌਕਿਕ ਆਦਿ ਵੀ ਪਛਤਾਵਾ ਕਰਦੇ ਹਨ। ਇੱਕ ਕਿਸਮ ਨਾਲ ਸੁਧਰਨ ਦਾ ਸੋਚਦੇ ਹਨ। ਇਸਦੀ ਕਹਾਣੀ ਦੇ ਨਾਲ
ਹੀ ਜੀਵਨ ਵਾਰਸੀ ਅਤੇ ਗੁਰਕੀਰਤ ਕੌਰ ਦੇ ਪਿਆਰ ਦੀ ਕਹਾਣੀ ਚਲਦੀ ਹੈ, ਜੋ
ਉਸਾਰੂ ਸੋਚ ਦੀ ਲਖਾਇਕ ਹੈ। ਜੀਵਨ ਵਾਰਸੀ ਅਤੇ ਗੁਰਕੀਰਤ ਕੌਰ ਦਾ ਪਿਆਰ ਝੱਖੜ ਝੌਲੇ ਖਾਂਦਾ ਅਖ਼ੀਰ
ਸਿਰੇ ਚੜ੍ਹਦਾ ਹੈ ਤੇ ਗੁਰਕੀਰਤ ਕੌਰ ਦਾ ਪਾਤਰ ਆਦਰਸ਼ਕ ਬਣਾਕੇ ਵਧੀਆ ਸੰਦੇਸ਼ ਦਿੰਦਾ ਹੈ। ਉਹ ਜੀਵਨ
ਵਾਰਸੀ ਦੇ ਭਰਾ ਜਗਬੀਰ ਨੂੰ ਜੇਲ੍ਹ ਵਿੱਚੋਂ ਵਧੀਆ ਵਕੀਲ ਕਰਕੇ ਛੁਡਾਉਂਦੀ ਹੈ ਤੇ ਜ਼ਿੰਦਗੀ ਵਿੱਚ
ਸੈਟਲ ਹੋਣ ਲਈ ਉਸਦੀ ਆਰਥਿਕ ਮਦਦ ਕਰਕੇ ਡੇਅਰੀ ਫਾਰਮ ਖੁਲ੍ਹਵਾਉਂਦੀ ਹੈ। ਰਮਨ, ਗੁਰਵੀਨ ਕੌਰ, ਕਿਰਨ ਜੋਤ, ਤਰਨ
ਸੰਧੂ ਅਤੇ ਹੋਰ ਕਵਿਤਰੀਆਂ ਨਾਲ ਵੀ ਸਾਹਿਤਕ
ਮੰਚਾਂ ਦੇ ਰੂਹੇ ਰਵਾਂ ਮਨਮਰਜ਼ੀ ਕਰਕੇ ਅਨੈਤਿਕ ਕੰਮ ਕਰਦੇ ਹਨ। ਇਹ ਸਾਰਾ ਕੁਝ ਵਿਖਾਉਣਾ ਕੁਝ
ਸਾਹਿਤਕ ਸਭਾਵਾਂ ਵਿੱਚ ਚਲ ਰਹੇ ਇਸਤਰੀਆਂ ਦੇ ਸ਼ੋਸ਼ਣ ਦੇ ਚਿੱਠਿਆਂ ਨੂੰ ਜੱਗ ਜ਼ਾਹਰ ਕਰਦਾ ਹੈ। ਇਸ
ਵਿੱਚੋਂ ਇਹ ਵੀ ਸਾਫ਼ ਜ਼ਾਹਰ ਹੁੰਦਾ ਹੈ ਕਿ ਉਨ੍ਹਾਂ ਦੇ ਸ਼ੋਸ਼ਣ ਦੇ ਇਕੱਲੇ ਮਰਦ ਹੀ ਨਹੀਂ ਸਗੋਂ
ਔਰਤਾਂ ਵੀ ਬਰਾਬਰ ਦੀਆਂ ਜ਼ਿੰਮੇਵਾਰ ਹੁੰਦੀਆਂ ਹਨ।
ਨਾਵਲ ਦੇ ਬਾਕੀ ਵਿਸ਼ੇ ਜਿਨ੍ਹਾਂ ਵਿੱਚ ਕਿਸਾਨਾ ਦੀ ਜਦੋਜਹਿਦ ਵਾਲੀ ਜ਼ਿੰਦਗੀ, ਜ਼ਾਤ ਪਾਤ, ਕਰਜ਼ੇ, ਖੁਦਕਸ਼ੀਆਂ,
ਡੇਰਾਵਾਦ, ਪੰਜਾਬ ਦਾ 80ਵਿਆਂ
ਦਾ ਸੰਤਾਪ, ਕਾਮਰੇਡ ਸੁਲੱਖਣ ਸਿੰਘ ਦਾ ਕਤਲ, ਮਹਿੰਦਰ ਤੇ ਚਰਨਜੀਤ ਕੌਰ ਦਾ ਪਿਆਰ ਵਿਆਹ, ਇਸ਼ਕ
ਜ਼ਾਤ ਬਿਰਾਦਰੀ ਦੇ ਬੰਧਨਾ ਨੂੰ ਤੋੜਕੇ ਸਿਰੇ ਚੜ੍ਹਨਾ, ਜਗਬੀਰ
ਵੱਲੋਂ ਆਪਣੀ ਭੈਣ ਮਨਪ੍ਰੀਤ ਦਾ ਦੂਜੀ ਜ਼ਾਤ ਦੇ ਮੁੰਡੇ ਨਾਲ ਰਹਿਣਾ ਕਰਕੇ ਕਤਲ ਕਰਨਾ ਤੇ ਫਿਰ
ਜਗਬੀਰ ਦਾ ਜੇਲ੍ਹ ਤੋਂ ਬਾਹਰ ਆ ਕੇ ਸੁਧਰਨਾ ਅਤੇ ਜਸਵੀਰ ਦਾ ਆਪਣੀ ਮਾਂ ਦੇ ਕਤਲ ਦਾ ਬਦਲਾ ਆਪਣੇ
ਮਾਮੇ ਜਗਬੀਰ ਅਤੇ ਗੁਰਕੀਰਤ ਕੌਰ ਮਾਮੀ ਦਾ ਕਤਲ ਕਰਕੇ ਲੈਣਾ ਦਿਹਾਤੀ ਲੋਕਾਂ ਵਿੱਚ ਆਮ ਪ੍ਰਚਲਤ
ਹੈ। ਇੱਕ ਪਾਸੇ ਜਗਬੀਰ ਆਪਣੀ ਭੈਣ ਨੂੰ ਦੂਜੀ ਜ਼ਾਤ ਵਿੱਚ ਵਿਆਹ ਕਰਨ ਕਰਕੇ ਕਤਲ ਕਰਦਾ ਹੈ ਤੇ ਫਿਰ
ਆਪ ਦੂਜੀ ਰਾਮਦਾਸੀਆ ਜ਼ਾਤ ਦੀ ਇਂਸਤਰੀ
ਤਲਾਕਸ਼ੁਦਾ ਸਤਵਿੰਦਰ ਕੌਰ ਨਾਲ ਵਿਆਹ ਕਰਵਾਉਣਾ ਵੀ
ਪਛਚਾਤਾਪ ਹੀ ਹੈ।
ਕਮਿਊਨਿਸਟ ਪਾਰਟੀ ਦਫ਼ਤਰਾਂ ਵਿੱਚ ਸ਼ੋਸ਼ਣ, ਬਲਾਤਕਾਰ ਦੀਆਂ ਘਟਨਾਵਾਂ, ਵੱਡੇ ਬੰਦਿਆਂ
ਵੱਲੋਂ ਗ਼ਰੀਬ ਇਸਤਰੀਆਂ ਦਾ ਸ਼ੋਸ਼ਣ, ਡਾ.ਹਰਿੰਦਰ ਸਿੰਘ ਗੁਰਬੇਟਾ ਵਰਗੇ ਦਲਾਲਾਂ ਦੇ
ਕੰਮ, ਪੁਲਿਸ ਦੀ ਕਾਰਗੁਜ਼ਾਰੀ ਅਤੇ ਜੇਲ੍ਹਾਂ ਦਾ ਜੀਵਨ ਆਦਿ ਵੀ
ਬਹੁਤ ਹੀ ਮਹੱਤਵਪੂਰਨ ਹਨ, ਕਿਉਂਕਿ ਇਹ ਵਿਸ਼ੇ ਪੰਜਾਬ ਦੀ ਲੜਖੜਾ ਰਹੀ
ਸਥਿਤੀ ਦਾ ਪ੍ਰਤੀਕ ਬਣਕੇ ਨਿਕਲਦੇ ਹਨ। ਜੀਵਨ ਵਾਰਸੀ ਤੇ ਗੁਰਕੀਰਤ ਕੌਰ ਦੇ ਪਿਆਰ ਵਿੱਚ ਜ਼ਾਤ ਪਾਤ
ਦੀ ਅੜਿਚਣ ਤੇ ਸਮਾਜਿਕ ਤਾਣੇ-ਬਾਣੇ ਦੀ ਤਸਵੀਰ ਪੇਸ਼ ਕਰਦੇ ਹਨ। ਪਿੰਡਾਂ ਦੇ ਗੁਰਦੀਪ ਸਿੰਘ ਵਰਗੇ
ਮੁੰਡਿਆਂ ਦਾ ਵਿਗੜ ਜਾਣ ਤੋਂ ਬਾਅਦ ਨੀਵੀਂ ਜ਼ਾਤ ਦੀ ਲੜਕੀ ਨਾਲ ਬਲਾਤਕਾਰ ਕਰਨਾ ਅਤੇ ਦੁਬਾਰਾ
ਅਰਪਨਾ ਦਾ ਸ਼ੋਸ਼ਣ ਕਰਕੇ ਗ਼ੈਰ ਇਖਲਾਕੀ ਕਾਰਵਾਈਆਂ ਕਰਕੇ ਜ਼ਬਰਦਸਤੀ ਵਿਆਹ ਕਰਨਾ ਸਮਾਜਿਕ ਸਥਿਤੀ ਦਾ
ਪ੍ਰਗਟਾਵਾ ਹੈ। ਅਖੌਤੀ ਡਾ.ਹਰਿੰਦਰ ਸਿੰਘ ਗੁਰਬੇਟਾ ਦੀ ਦਲਾਲੀ ਅਤੇ ਅਨੁਸੂਚਿਤ ਜ਼ਾਤਾਂ ਦੇ ਗ਼ਰੀਬ
ਲੋਕਾਂ ਦੀ ਮਦਦ ਦੇ ਨਾਮ ‘ਤੇ ਠੱਗੀਆਂ ਮਾਰਨਾ,
ਬਲਬੀਰ ਤੇ ਸਨੇਹ ਲਤਾ ਸ਼ਰਮਾ ਵਰਗੇ ਅਧਿਆਪਕਾਂ ਦਾ
ਵਿਦਿਅਕ ਅਦਾਰਿਆਂ ਵਿਚਲੀ ਕਰਤੂਤ ਦਾ ਪਰਦਾ ਚੁੱਕਣਾ, ਚਰਨਜੀਤ
ਕੌਰ ਤੇ ਡਾ. ਸਤਿਆ ਵਰਗੀਆਂ ਔਰਤਾਂ ਵੱਲੋਂ ਔਰਤਾਂ ਦੇ ਸ਼ੋਸ਼ਣ ਵਿੱਚ ਸ਼ਾਮਲ ਹੋਣਾ, ਔਰਤ ਜ਼ਾਤੀ ਤੇ ਧੱਬਾ ਹਨ। ਖ਼ੁਸ਼ਵਿੰਦਰ ਕੌਰ ਸਿੱਧੂ ਦਾ ਪੁਲਿਸ ਅਧਿਕਾਰੀ ਬਣਕੇ
ਮਹਿੰਦਰ ਸਿੰਘ ਦੀ ਕਾਮਰੇਡੀ ਦੇ ਵਿਖਾਵੇ ਦਾ ਪਰਦਾ ਖੋਲ੍ਹਕੇ ਸ਼ਰਮਿੰਦਾ ਕਰਨਾ ਇਸਤਰੀਆਂ ਦੇ ਮਾਨਸਿਕ
ਸ਼ੋਸ਼ਣ ਦਾ ਨਮੂਨਾ ਹੈ। ਪਵਨ ਪ੍ਰੀਤ ਤੇ ਪਿਆਰਾ
ਸਿੰਘ ਵਰਗੇ ਮਨਵੀਰ ਸੰਧੂ ਅਤੇ ਤੇ ਮਾਣੋ ਵਰਗੀਆਂ ਔਰਤਾਂ ਨੂੰ ਭੈਣਾਂ ਬਣਾਕੇ ਲੋਕਾਂ ਦੀਆਂ ਅੱਖਾਂ
ਵਿੱਚ ਘੱਟਾ ਪਾਉਣ ਤੇ ਭੈਣ ਦੇ ਪਵਿਤਰ ਰਿਸ਼ਤੇ ਨੂੰ ਬਦਨਾਮ ਕਰਨ ਵਾਲਿਆਂ ਦੀਆਂ ਕਰਤੂਤਾਂ ਨੰਗੀਆਂ
ਕੀਤੀਆਂ ਹਨ। ਡੇਰਿਆਂ ਵਾਲਿਆਂ ਦੀਆਂ ਵੋਟਾਂ ਵਟੋਰਨ ਲਈ ਸਿਆਸੀ ਆੜ ਵਿੱਚ ਗ਼ਲਤ ਕੰਮ ਕਰਦੇ ਹਨ ਤੇ
ਡੇਰਿਆਂ ਵਾਲਿਆਂ ਦੇ ਪਰਿਵਾਰ ਆਪਣੇ ਬੱਚਿਆਂ ਦੀਆਂ ਭਾਵਨਾਵਾਂ ਨੂੰ ਵੀ ਦਾਅ ਤੇ ਲਾ ਦਿੰਦੇ ਹਨ,
ਜਿਵੇਂ ਰਾਮਿੰਦਰਜੀਤ ਕੌਰ ਦਾ ਵਿਕਰਮ ਨਾਲ ਵਿਆਹ ਕਰਵਾ ਦਿੱਤਾ ਜਾਂਦਾ ਹੈ।
ਐਕਸੀਡੈਂਟਾਂ ਸਮੇਂ ਰਾਹਗੀਰ ਉਨ੍ਹਾਂ ਦੀ ਮਦਦ ਕਰਨ ਦੀ ਥਾਂ ਮੂਵੀਆਂ ਬਣਾਉਂਦੇ ਰਹਿੰਦੇ ਹਨ।
ਇਨਸਾਨੀਅਤ ਦੀ ਗਿਰਾਵਟ ਦੀ ਨਿਸ਼ਾਨੀ ਹੈ। ਕੁਲ ਮਿਲਾਕੇ ‘ਮੁਰਗਾਬੀਆਂ’ ਭਾਗ-2 (ਡਬਲ ਧਮਾਕਾ) ਪਹਿਲੇ ਐਡੀਸ਼ਨ ਨਾਲੋਂ ਬਿਹਤਰੀਨ ਉਦਮ ਹੈ।
244 ਪੰਨਿਆਂ, 300
ਰੁਪਏ ਕੀਮਤ ਵਾਲੀ ਇਹ ਪੁਸਤਕ ਜੈ.ਪੀ. ਪਬਲੀਕੇਸ਼ਨ ਘਲੌੜੀ ਗੇਟ, ਪਟਿਆਲਾ
ਨੇ ਪ੍ਰਕਾਸ਼ਤ ਕੀਤੀ ਹੈ।
ਸੰਪਰਕ : ਜਸਵਿੰਦਰ ਪੰਜਾਬੀ : 9781414118
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

Comments
Post a Comment