ਪੰਜਾਬ ਦਾ ਮੁੱਦਈ ਮਨੁੱਖੀ ਹੱਕਾਂ ਦਾ ਪਹਿਰੇਦਾਰ : ਡਾ.ਪਿਆਰਾ ਲਾਲ ਗਰਗ ਉਜਾਗਰ ਸਿੰਘ
ਸੰਸਾਰ ਵਿੱਚ ਆਮ ਤੌਰ ‘ਤੇ ਲੋਕ ਰਵਾਇਤੀ ਢੰਗ ਨਾਲ ਜ਼ਿੰਦਗੀ ਬਸਰ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ। ਕੁਝ ਨੂੰ ਕੁ ਲੋਕ ਹਮੇਸ਼ਾ ਸੰਸਾਰ ਤੋਂ ਵੱਖਰੇ ਢੰਗ ਨਾਲ ਆਪਣਾ ਜੀਵਨ ਜਿਉਂਦੇ ਹਨ। ਉਹ ਕਦੀਂ ਵੀ ਛੇਤੀ ਕੀਤਿਆਂ ਬਹੁ ਸੰਮਤੀ ਲੋਕਾਂ ਦੀ ਹਾਂ ਵਿੱਚ ਹਾਂ ਨਹੀਂ ਮਿਲਾਉਂਦੇ ਪ੍ਰੰਤੂ ਉਹ ਆਪਣੀਆਂ ਸ਼ਰਤਾਂ ‘ਤੇ ਜ਼ਿੰਦਗੀ ਵਿੱਚ ਵਿਚਰਦੇ ਹਨ। ਸਮਾਜ ਵਿੱਚ ਵਾਪਰਨ ਵਾਲੀ ਹਰ ਚੰਗੀ/ਮੰਦੀ ਘਟਨਾ ਤੋਂ ਪ੍ਰਭਾਵਤ ਹੋਏ ਬਿਨਾ ਉਹ ਰਹਿ ਨਹੀਂ ਸਕਦੇ। ਅਜਿਹਾ ਹੀ ਇੱਕ ਵਿਅਕਤੀ ਡਾ.ਪਿਆਰਾ ਲਾਲ ਗਰਗ ਹੈ, ਜਿਨ੍ਹਾਂ ਨੂੰ ਲੋਕ ਪਿਆਰੇ ਲਾਲ ਗਰਗ ਦੇ ਨਾਮ ‘ਤੇ ਜਾਣਦੇ ਹਨ ਪ੍ਰੰਤੂ ਉਸਦਾ ਨਾਮ ‘ਪਿਆਰਾ ਲਾਲ ਗਰਗ’ ਹੈ। ਡਾ.ਪਿਆਰਾ ਲਾਲ ਗਰਗ ਪੰਜਾਬ ਦਾ ਮੁੱਦਈ ਅਤੇ ਮਨੁੱਖੀ ਹੱਕਾਂ ਦੇ ਪਹਿਰੇਦਾਰ ਦੇ ਤੌਰ ‘ਤੇ ਜਾਣੇ ਜਾਂਦੇ ਹਨ। ਉਹ ਬਹੁਤ ਸਾਰੇ ਡਾਕਟਰੀ ਅਤੇ ਹੋਰ ਪੰਜਾਬ/ਕੇਂਦਰ ਸਰਕਾਰ ਦੇ ਉਚ ਅਹੁਦਿਆਂ ‘ਤੇ ਰਹੇ ਹਨ ਪ੍ਰੰਤੂ ਉਨ੍ਹਾਂ ਦਾ ਸਮਾਜਿਕ ਜੀਵਨ ਤੇ ਰਹਿਣ ਸਹਿਣ ਬਹੁਤ ਹੀ ਸਾਦਾ ਹੈ। ਸਾਦਗੀ ਉਸਦੀ ਜ਼ਿੰਦਗੀ ਦਾ ਅਟੁੱਟ ਹਿੱਸਾ ਹੈ। ਉਨ੍ਹਾਂ ਨੂੰ ਨੈਤਿਕਤਾ ਦੇ ਰਖਵਾਲੇ ਵੀ ਕਿਹਾ ਜਾ ਸਕਦਾ ਹੈ। ਉਹ ਇੱਕ ਚੇਤੰਨ ਸੰਜੀਦਾ ਪੰਜਾਬ ਹਿਤੈਸ਼ੀ ਵਿਅਕਤੀ ਹਨ, ਜਿਹੜੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਹਰ ਸਮੇਂ ਕਾਰਜ਼ਸ਼ੀਲ ਰਹਿੰਦੇ ਹਨ। ਪੰਜਾਬ/ ਦੇਸ਼/ਸੰਸਾਰ ਵਿੱਚ ਕਿਸੇ ਵੀ ਥਾਂ ‘ਤੇ ਕਿਸੇ ਵਿਅਕਤੀ, ਵਿਅਕਤੀਆਂ, ਸਮੁਦਾਏ ਅਤੇ ਸ਼੍ਰੇਣੀ ਨਾਲ ਜ਼ਿਆਦਤੀ ਹੋ ਰਹੀ ਹੋਵੇ ਤਾਂ ਸਭ ਤੋਂ ਮੋਹਰੀ ਹੋ ਕੇ ਉਸਨੂੰ ਇਨਸਾਫ਼ ਦਿਵਾਉਣ ਲਈ ਜਦੋਜਹਿਦ ਸ਼ੁਰੂ ਕਰ ਦਿੰਦੇ ਹਨ। ਉਹ ਬਹੁਤ ਹੀ ਬੇਬਾਕ ਹੋ ਕੇ ਲੋਕ ਰਾਏ ਲਾਮਬੰਦ ਕਰਦੇ ਹਨ। ਉਸਦੀ ਧਾਰਮਿਕ, ਸਮਾਜਿਕ, ਆਰਥਿਕ, ਰਾਜਨੀਤਕ ਅਤੇ ਸਭਿਅਚਾਰਕ ਵਿਸ਼ਿਆਂ ਦੀ ਮੁਹਾਰਤ ਕਮਾਲ ਦੀ ਹੈ। ਉਸਨੇ ਸਾਰੇ ਧਰਮਾ ਦੀ ਕੰਪੈਰੇਟਿਵ ਸਟੱਡੀ ਕੀਤੀ ਹੋਈ ਹੈ। ਵੈਸੇ ਉਹ ਹਿੰਦੂ ਬਾਣੀਆਂ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਨੌਵੀਂ ਜਮਾਤ ਵਿੱਚ ਪੜ੍ਹਦਿਆਂ ਉਸਨੇ ਆਪਣੇ ਦੋਸਤ ਦੇ ਕਹਿਣ ‘ਤੇ ‘ਜਪੁਜੀ ਸਾਹਿਬ’ ਦਾ ਅਧਿਐਨ ਕੀਤਾ, ਜਿਹੜਾ ਉਸਨੂੰ ਅਲੌਕਿਕ ਲੱਗਿਆ, ਫਿਰ ਉਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਦੀਆਂ ਚਾਰੇ ਜਿਲਦਾਂ ਦੇ ਟੀਕੇ ਖ੍ਰੀਦ ਕੇ ਉਸ ਨੇ ਸਕੂਲ ਵਿੱਚ ਪੜ੍ਹਦਿਆਂ ਹੀ ਗੁਰਬਾਣੀ ਦੇ ਅਰਥਾਂ ਦੀ ਜਾਣਕਾਰੀ ਪ੍ਰਾਪਤ ਕਰ ਲਈ ਸੀ। ਉਸ ਤੋਂ ਬਾਅਦ ਸਿੱਖ ਧਰਮ ਦੇ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਉਹ ਕੱਟੜ ਸਮਰਥਕ ਹੋ ਗਏ। ਪਿੰਡ ਵਿੱਚ ਹੋਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀ ਉਹ ਰੌਲ ਵੀ ਲਾਉਂਦਾ ਰਿਹਾ ਹੈ। ਵਿਆਹਾਂ ਸ਼ਾਦੀਆਂ ਵਿੱਚ ਆਨੰਦ ਕਾਰਜ ਵੀ ਕਰਵਾਉਂਦਾ ਰਿਹਾ। ਬਚਪਨ ਤੋਂ ਹੀ ਸਿੱਖ ਧਰਮ ਦੀ ਵਿਚਾਰਧਾਰਾ ਦਾ ਮੁੱਦਈ ਹੋਣ ਕਰਕੇ ਉਸਨੂੰ ਬਹੁਤ ਸਾਰੀ ਬਾਣੀ ਜ਼ੁਬਾਨੀ ਯਾਦ ਹੈ। ਡਾ.ਪਿਆਰਾ ਲਾਲ ਗਰਗ ਕਹਿੰਦਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚਲੀ ਬਾਣੀ ਸੰਤਾਂ, ਭਗਤਾਂ, ਗੁਰੂ ਸਾਹਿਬਾਨ ਦੀ ਸਾਂਝੀ ਬਾਣੀ ਹੈ, ਜੋ ਬਰਾਬਰਤਾ ਅਤੇ ਸਰਬੱਤ ਦੇ ਭਲੇ ਦੀ ਵਕਾਲਤ ਕਰਦੀ ਹੈ। ਉਹ ਆਪਣੇ ਭਾਸ਼ਣਾਂ ਵਿੱਚ ਗੁਰਬਾਣੀ ਦੇ ਸ਼ਬਦਾਂ ਰਾਹੀਂ ਆਪਣੇ ਭਾਸ਼ਣ ਨੂੰ ਅਸਰਦਾਰ ਬਣਾ ਦਿੰਦਾ ਹੈ। ਸ੍ਰੋਤੇ ਇੱਕ ਹਿੰਦੂ ਵਿਅਕਤੀ ਦੀ ਸਿੱਖ ਧਰਮ ਦੀ ਡੂੰਘੀ ਜਾਣਕਾਰੀ ਤੋਂ ਅਚੰਭਤ ਹੁੰਦੇ ਹਨ। ਇਸ ਤੋਂ ਇਲਾਵਾ ਹਿੰਦੂ ਧਰਮ ਦੇ ਧਾਰਮਿਕ ਗ੍ਰੰਥਾਂ ਗੀਤਾ ਅਤੇ ਹੋਰ ਗ੍ਰੰਥਾਂ ਦੀ ਸਟੱਡੀ ਵੀ ਕੀਤੀ ਹੋਈ ਹੈ। ਉਸਦੀ ਸਿੱਖ ਧਰਮ ਦੀ ਵਿਚਾਰਧਾਰਾ ਦੀ ਬਚਨਵੱਧਤਾ ਕਰਕੇ ਉਸਨੂੰ ਵੱਖ-ਵੱਖ ਗੁਰੂ ਘਰਾਂ, ਸਮਾਗਮਾਂ ਅਤੇ ਸੈਮੀਨਾਰਾਂ ਵਿੱਚ ਦੇਸ਼ ਵਿਦੇਸ਼ ਵਿਚਾਰ ਪ੍ਰਗਟ ਕਰਨ ਲਈ ਬੁਲਾਇਆ ਜਾਂਦਾ ਹੈ। 2020 ਵਿੱਚ ਉਸਨੂੰ ਪਹਿਲੀ ਵਾਰ ਪਾਸ ਪੋਰਟ ਬਣਾਉਣਾ ਪਿਆ ਕਿਉਂਕਿ ਉਸਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਮੌਕੇ ‘ਤੇ ਅਮਰੀਕਾ ਦੇ ਕੈਲੇਫ਼ੋਰਨੀਆਂ ਰਾਜ ਵਿੱਚ ਫਰੈਜਨੋ ਸ਼ਹਿਰ ਦੇ ਵਿੱਚ ‘ਸੈਂਟਰਲ ਸਿੱਖ ਸੋਸਇਟੀ’ ਨੇ ਭਾਸ਼ਣ ਦੇਣ ਲਈ ਬੁਲਾਇਆ ਸੀ। ਉਹ ਹਿੰਦੂ ਧਰਮ ਨੂੰ ਤਾਂ ਸਵੀਕਾਰ ਕਰਦਾ ਹੈ ਪ੍ਰੰਤੂ ਹਿੰਦੂਤਵ ਤੇ ਜ਼ਾਤ ਪਾਤ ਦੇ ਵੀ ਬਹੁਤ ਵਿਰੁੱਧ ਹੈ। ਸ਼ਾਹੂਕਾਰਾ ਪਰਿਵਾਰ ਵਿੱਚ ਪੈਦਾ ਹੋਣ ਦੇ ਬਾਵਜੂਦ ਸਰਮਾਏਦਾਰਾਂ ਦੀਆਂ ਮੁਨਾਫ਼ਖ਼ੋਰੀ ਚਾਲਾਂ ਦੇ ਵਿਰੁੱਧ ਹੈ। ਮਾਪਿਆਂ ਵੱਲੋਂ ਲੋਕ ਪੱਖੀ ਦਿੱਤੀ ਗਈ ਗੁੜ੍ਹਤੀ ‘ਤੇ ਉਹ ਪੂਰਾ ਅਮਲ ਕਰਦਾ ਹੈ। ਉਸਦੇ ਮਾਤਾ ਪਿਤਾ ਅਤੇ ਅਧਿਆਪਕਾਂ ਨੇ ਬੇਇਨਸਾਫੀ ਦੇ ਵਿਰੁੱਧ ਨਮਰਤਾ ਤੇ ਸਤਿਕਾਰ ਨਾਲ ਬਹਿਸ ਕਰਨ ਦੀ ਸਿਖਿਆ ਦਿੱਤੀ ਸੀ, ਮਾਨਵਤਾ ਦੀ ਚੰਗਿਆਈ ਕਰਨ ਦੀ ਤਾਕੀਦ ਕੀਤੀ ਪ੍ਰੰਤੂ ਕਿਸੇ ਦਾ ਮਾੜਾ ਕਰਨ ਤੋਂ ਵਰਜਿਆ ਸੀ, ਜਿਸ ਕਰਕੇ ਉਹ ਹਮੇਸ਼ਾ ਗ਼ਲਤ ਗੱਲ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਦਾ ਹੈ, ਭਾਵੇਂ ਉਹ ਕਿਸੇ ਦੇ ਗੋਡੇ ਲੱਗੇ ਤੇ ਭਾਵੇਂ ਗਿੱਟੇ। ਉਹ ਆਪਣੇ ਪਿੰਡ ਵਿੱਚ ਵਾਧੂ ਸਮੇਂ ਆਪਣੇ ਪਰਿਵਾਰ ਦੀ ਦੁਕਾਨ ‘ਤੇ ਵੀ ਬੈਠਦਾ ਰਿਹਾ ਹੈ। ਉਸਦੀ ਮਾਤਾ ਨੇ ਸਿਖਿਆ ਦਿੱਤੀ ਸੀ ਕਿ ਗ਼ਰੀਬ ਤੋਂ ਮੁਨਾਫਾ ਨਾ ਲਿਆ ਜਾਵੇ। ਅੱਜ ਤੱਕ ਉਹ ਆਪਣੇ ਮਾਪਿਆਂ ਦੀ ਦਿੱਤੀ ਸਿਖਿਆ ‘ਤੇ ਪਹਿਰਾ ਦੇ ਰਿਹਾ ਹੈ।
ਉਸਨੇ ਐਮ.ਬੀ.ਬੀ.ਐਸ. ਵਿੱਚ ਪੜ੍ਹਦਿਆਂ ਮਾਰਕਸ ਦੀ ਵਿਚਾਰਧਾਰਾ ਦੀ ਸਟੱਡੀ ਕਰ ਲਈ ਸੀ। ਉਹ ਸਰਕਾਰੀ ਸਮਾਗਮਾ ਤੇ ਜਿਥੇ ਬੱਸ ਸਰਵਿਸ ਜਾਂਦੀ ਹੋਵੇ ਸਰਕਾਰੀ ਗੱਡੀ ਦੀ ਥਾਂ ਬੱਸ ਵਿੱਚ ਬੈਠਕੇ ਹੀ ਜਾਂਦੇ ਸਨ। ਆਪਣੀ ਰੋਟੀ ਨਾਲ ਲੈ ਕੇ ਜਾਂਦੇ ਸਨ। ਹੁਣ ਵੀ ਜੇਕਰ ਕਿਸੇ ਸਮਾਗਮ ‘ਤੇ ਜਾਣਾ ਹੁੰਦਾ ਹੈ ਤਾਂ ਆਪਣੀ ਰੋਟੀ ਨਾਲ ਲੈ ਕੇ ਜਾਂਦੇ ਹਨ। ਡਾ. ਪਿਆਰਾ ਲਾਲ ਗਰਗ ਇਨਸਾਫ਼ ਪਸੰਦ ਹਨ ਤੇ ਸ਼ਿਫਾਰਸ਼ ਦੇ ਬਹੁਤ ਵਿਰੁੱਧ ਹਨ, ਉਹ ਹਰ ਕੰਮ ਮੈਰਿਟ ਦੇ ਆਧਾਰ ਦੇ ਕਰਦੇ ਅਤੇ ਕਰਨ ਦੇ ਹੱਕ ਵਿੱਚ ਹਨ। ਸਕੂਲ ਪੱਧਰ ਤੋਂ ਲੈ ਕੇ ਹੁਣ ਤੱਕ ਉਹ ਹਰ ਬੇਇਨਸਾਫ਼ੀ ਦਾ ਡੱਟ ਕੇ ਵਿਰੋਧ ਕਰਦੇ ਹਨ ਅਤੇ ਇਨਸਾਫ ਲਈ ਜਦੋਜਹਿਦ ਕਰਦੇ ਰਹਿੰਦੇ ਹਨ, ਜਿਤਨੀ ਦੇਰ ਤੱਕ ਪੀੜਤ ਨੂੰ ਇਨਸਾਫ਼ ਨਾ ਮਿਲ ਜਾਵੇ। ਉਹ ਪੰਜਾਬ ਪੀ.ਸੀ.ਐਮ.ਐਸ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹੇ। ਉਹ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚੋਂ ਪ੍ਰੋਫ਼ੈਸਰ ਪੈਡੀਆਟਰਿਕ ਸਰਜਰੀ ਸੇਵਾ ਮੁਕਤ ਹੋਏ ਹਨ। ਇਸ ਲਈ ਉਸਨੂੰ ਹੈਲਥ ਐਕਟੀਵਿਸਟ ਦੇ ਤੌਰ ਤੇ ਜਾਣਿਆਂ ਜਾਂਦਾ ਹੈ। ਡਾਕਟਰਾਂ ਦੀ ਮੰਗਾਂ ਲਈ ਜਦੋਜਹਿਦ ਕਰਦੇ ਰਹੇ। ਉਨ੍ਹਾਂ ਦੀ ਇੱਕ ਹੋਰ ਖ਼ੂਬੀ ਹੈ ਕਿ ਪੰਜਾਬ ਸਰਕਾਰ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਸਰਕਾਰੀ ਰੂਲਜ਼ ਦੀ ਪੂਰੀ ਜਾਣਕਾਰੀ ਰੱਖਦੇ ਹਨ। ਇਸ ਲਈ ਉਹ ਕਿਸੇ ਵੀ ਕਰਮਚਾਰੀ ਅਧਿਕਾਰੀ ਨਾਲ ਬੇਇਨਸਾਫੀ ਨਹੀਂ ਹੋਣ ਦਿੰਦੇ। ਉਸਦੀ ਬੇਬਾਕੀ ਦੀ ਇੱਕ ਹੋਰ ਦਿਲਚਸਪ ਘਟਨਾਂ ਦੱਸਦਾ ਹਾਂ ਕਿ 1971 ਤੱਕ ਡਾ.ਪਿਆਰਾ ਲਾਲ ਗਰਗ ਦਸਤਾਰਧਾਰੀ ਸਿੱਖ ਸਜਿਆ ਹੋਇਆ ਸੀ। ਪਬਲਿਕ ਸਰਵਿਸ ਕਮਿਸ਼ਨ ਵਿੱਚ ਮੈਡੀਕਲ ਅਧਿਕਾਰੀ ਦੀ ਇੰਟਰਵਿਊ ਸਮੇਂ ਜਦੋਂ ਇੱਕ ਮੈਂਬਰ ਨੇ ਉਸ ਨੂੰ ਪੰਜ ਪੌੜੀਆਂ ਸੁਣਾਉਣ ਲਈ ਕਿਹਾ ਤਾਂ ਉਸਨੇ ਤੁਰੰਤ ਕਿਹਾ ਕਿ ਮੈਨੂੰ ਤਾਂ ਪੰਜ ਪੌੜੀਆਂ ਤੋਂ ਵੀ ਜ਼ਿਆਦਾ ਬਾਣੀ ਆਉਂਦੀ ਹੈ ਪ੍ਰੰਤੂ ਤੁਸੀਂ ਇੱਕ ਡਾਕਟਰ ਦੇ ਅਹੁਦੇ ਲਈ ਇੰਟਰਵਿਊ ਲੈ ਰਹੇ ਹੋ ਜਾਂ ਗ੍ਰੰਥੀ ਸਿੰਘ ਦੀ?
ਪ੍ਰਾਈਵੇਟ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਨ ਵਾਲੇ ਬੱਚਿਆਂ ਦੀਆਂ ਫੀਸਾਂ ਵਿੱਚ ਮਨਮਰਜ਼ੀ ਨਾਲ ਵਾਧਾ ਕਰਨ ਨੂੰ ਕੰਟਰੋਲ ਕਰਨ ਲਈ ਪੰਜਾਬ ਦੀ ਕਮੇਟੀ ਦੇ ਡਾ.ਪਿਆਰਾ ਲਾਲ ਗਰਗ ਚਾਰ ਸਾਲ ਮੈਂਬਰ ਰਹੇ। ਡਾ.ਪਿਆਰਾ ਲਾਲ ਗਰਗ ਭਾਰਤ ਸਰਕਾਰ ਦੇ ਲਿਟਰੇਸ਼ੀ ਕਮਿਸ਼ਨ ਦੇ ਪੰਜਾਬ ਚੈਪਟਰ ਦੇ ਚੇਅਰਮੈਨ ਸਨ। ਉਨ੍ਹਾਂ ਦਾ ਸਟੇਟਸ ਭਾਰਤ ਸਰਕਾਰ ਦੇ ਜਾਇੰਟ ਸਕੱਤਰ ਦੇ ਪੱਧਰ ਦਾ ਸੀ। ਕਰੋੜਾਂ ਰੁਪਏ ਦਾ ਬਜਟ ਪੰਜਾਬ ਲਈ ਉਸਦੇ ਅਧਿਕਾਰ ਖੇਤਰ ਵਿੱਚ ਸੀ। ਇਸ ਸੰਬੰਧੀ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਜ਼ ਨਾਲ ਮੀਟਿੰਗਾਂ ਕਰਕੇ ਲਿਟਰੇਸੀ ਕਮਿਸ਼ਨ ਦੇ ਕੰਮ ਦੀ ਨਿਗਰਾਨੀ ਕਰਦੇ ਸਨ ਅਤੇ ਉਨ੍ਹਾਂ ਨੂੰ ਫੰਡ ਅਲਾਟ ਕਰਦੇ ਸਨ। ਇਨ੍ਹਾਂ ਮੀਟਿੰਗਾਂ ਅਤੇ ਸਮਾਗਮਾ ‘ਤੇ ਜਾਣ ਲਈ ਉਹ ਕਾਰ ਵਰਤ ਸਕਦੇ ਸਨ ਪ੍ਰੰਤੂ ਉਹ ਹਮੇਸ਼ਾ ਬੱਸ ਵਿੱਚ ਹੀ ਸਫਰ ਕਰਦੇ ਸਨ। ਉਹ ਸਰਕਾਰੀ ਖਾਣੇ ਦੀ ਥਾਂ ਆਪਣਾ ਘਰੋਂ ਲਿਆਂਦਾ ਖਾਂਦੇ ਸਨ। ਉਨ੍ਹਾਂ ਨੂੰ 2006 ਵਿੱਚ ਬਾਬਾ ਫਰੀਦ ਮੈਡੀਕਲ ਹੈਲਥ ਸਾਇੰਸਜ਼ ਯੂਨੀਵਰਸਿਟੀ ਫਰੀਦਕੋਟ ਵਿੱਚ ਰਜਿਸਟਰਾਰ ਨਿਯੁਕਤ ਕੀਤਾ ਗਿਆ, ਜਿਸ ਅਹੁਦੇ ‘ਤੇ ਉਹ ਲੰਬਾ ਸਮਾਂ ਰਜਿਸਟਰਾਰ ਰਹੇ ਹਨ। ਰਜਿਸਟਰਾਰ ਰਹਿੰਦਿਆਂ ਉਨ੍ਹਾਂ ਬਹੁਤ ਸਾਰੇ ਸੁਧਾਰ ਲਿਆਂਦੇ। ਪੀ.ਐਮ.ਟੀ. ਦੇ ਇਮਤਿਹਾਨਾ ਸਮੇਂ ਪੇਪਰ ਲੀਕ ਹੋਣਾ ਆਮ ਗੱਲ ਹੁੰਦੀ ਸੀ ਅਤੇ ਕਈ ਵਾਰ ਪੇਪਰ ਵੀ ਕੋਈ ਹੋਰ ਵਿਅਕਤੀ ਦਿੰਦੇ ਸਨ। ਡਾ.ਪਿਆਰੇ ਲਾਲ ਗਰਗ ਨੇ ਪੇਪਰ ਲੀਕ ਹੋਣੇ ਬਿਲਕੁਲ ਬੰਦ ਕਰ ਦਿੱਤੇ ਅਤੇ ਜਿਹੜੇ ਕਿਸੇ ਹੋਰ ਦੀ ਥਾਂ ਪੇਪਰ ਦਿੰਦੇ ਸਨ, ਉਨ੍ਹਾਂ ਨੂੰ ਫੜ੍ਹ ਕੇ ਤਿੰਨ ਤਿੰਨ ਸਾਲ ਦੀ ਸਜਾ ਕਰਵਾਈ। ਜਿਸ ਵੀ ਅਹੁਦੇ ‘ਤੇ ਡਾ.ਪਿਆਰਾ ਲਾਲ ਗਰਗ ਰਹੇ ਹਮੇਸ਼ਾ ਉਥੇ ਪਾਰਦਰਸ਼ਤਾ ਰੱਖੀ।
ਡਾ.ਪਿਆਰਾ ਲਾਲ ਗਰਗ ਦਾ ਜਨਮ ਸੰਗਰੂਰ ਜ਼ਿਲ੍ਹੇ ਦੇ ਪਿੰਡ ਲੱਡਾ ਕੋਠੀ ਵਿਖੇ 23 ਮਾਰਚ 1948 ਨੂੰ ਮਾਤਾ ਸ਼੍ਰੀਮਤੀ ਸਰਫੀ ਦੇਵੀ ਅਤੇ ਪਿਤਾ ਸ਼੍ਰੀ ਬੰਤ ਰਾਮ ਦੇ ਘਰ ਹੋਇਆ। ਮੁੱਢਲੀ ਪੜ੍ਹਾਈ ਉਨ੍ਹਾਂ ਆਪਣੇ ਪਿੰਡ ਲੱਡਾ ਕੋਠੀ ਦੇ ਲੋਅਰ ਮਿਡਲ ਸਕੂਲ ਵਿੱਚੋਂ ਹੀ ਪ੍ਰਾਪਤ ਕੀਤੀ, ਸਕੂਲ ਵਿੱਚ ਬੈਠਣ ਲਈ ਆਪਣੀ ਬੋਰੀ ਲਿਜਾਂਦੇ ਸਨ। ਤੀਜੀ ਜਮਾਤ ਵਿੱਚ ਪੜ੍ਹਦਿਆਂ ਅਧਿਆਪਕ ਨੇ ਜਿਲਦ ਵਾਲੀ ਕਾਪੀ ਖ੍ਰੀਦਣ ‘ਤੇ ਜ਼ੋਰ ਪਾਇਆ ਪ੍ਰੰਤੂ ਪਿਆਰਾ ਲਾਲ ਗਰਗ ਨੇ ਕਿਹਾ ਕਿ ਵੱਧ ਪੈਸੇ ਕਿਉਂ ਲਾਵਾਂ? ਜਦੋਂ ਬਿਨਾ ਜਿਲਦ ਵਾਲੀ ਕਾਪੀ ਨਾਲ ਵੀ ਕੰਮ ਸਰ ਸਕਦਾ ਹੈ। ਗ਼ਲਤ ਗੱਲ ‘ਤੇ ਬਹਿਸ ਕਰਨ ਦੀ ਆਦਤ ਬਚਪਨ ਵਿੱਚ ਹੀ ਪੈ ਗਈ ਸੀ। ਜਦੋਂ ਸਕੂਲ ਵਿੱਚ ਅਧਿਆਪਕ ਨੇ ਸਕੂਲ ਦੀ ਲਾਇਬਰੇਰੀ ਵਿੱਚੋਂ ਬੱਚਿਆਂ ਨੂੰ ਆਪਣੀ ਮਰਜੀ ਦੀ ਚੰਗੀ ਪੁਸਤਕ ਦੀ ਚੋਣ ਕਰਨ ਲਈ ਕਿਹਾ ਤਾਂ ਡਾ.ਪਿਆਰਾ ਲਾਲ ਗਰਗ ਨੇ ‘ਸੱਚ ਦੀ ਖੋਜ’ ਪੁਸਤਕ ਪੜ੍ਹਨ ਲਈ ਚੁਣੀ। ਅੱਜ ਤੱਕ ਉਹ ਸੱਚ ‘ਤੇ ਪਹਿਰਾ ਦੇ ਰਹੇ ਹਨ। ਪਿੰਡ ਦੇ ਸਕੂਲ ਦੀ ਇਮਾਰਤ ਨਹੀਂ ਸੀ, ਕੱਚੀ ਪੱਕੀ ਪਹਿਲੀ ਜਮਾਤ ਮਜ਼ਬੀ੍ਹਆਂ ਦੀ ਧਰਮਸ਼ਾਲਾ ਤੇ ਦੂਜੀ ਜਮਾਤ ਤੋਂ ਪੰਜਵੀਂ ਤੱਕ ਗੁਰਦੁਆਰਾ ਸਾਹਿਬ ਵਿੱਚ, ਛੇਵੀਂ ਤੋਂ ਅੱਠਵੀਂ ਸਰਕਾਰੀ ਮਿਡਲ ਸਕੂਲ ਲੱਡਾ, ਨੌਵੀਂ ਤੇ ਦਸਵੀਂ ਸਰਕਾਰੀ ਹਾਈ ਸਕੂਲ ਕਾਂਝਲਾ ਤੋਂ ਪਾਸ ਕੀਤੀਆਂ। ਬੀ.ਐਸ.ਸੀ ਸਰਕਾਰੀ ਰਣਬੀਰ ਕਾਲਜ ਸੰਗਰੂਰ ਤੋਂ ਪਾਸ ਕੀਤੀ। ਐਮ.ਬੀ.ਬੀ.ਐਸ. ਸਰਕਾਰੀ ਰਾਜਿੰਦਰਾ ਮੈਡੀਕਲ ਕਾਲਜ ਪਟਿਆਲਾ ਤੋਂ ਪਾਸ ਕੀਤੀ ਤੇ 100 ਰੁਪਿਆ ਵਜੀਫਾ ਮਿਲਦਾ ਰਿਹਾ। ਪੜ੍ਹਾਈ ਵਿੱਚ ਹਮੇਸ਼ਾ ਫਸਟ ਆਉਂਦੇ ਸੀ। ਐਮ.ਬੀ.ਬੀ.ਐਸ.ਤੋਂ ਬਾਅਦ ਐਮ.ਐਸ.ਸਰਜਰੀ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਐਮ.ਸੀ.ਐਚ (ਬੱਚਾ ਸਰਜਰੀ) ਪੀ.ਜੀ.ਆਈ.ਚੰਡੀਗੜ੍ਹ ਤੋਂ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਐਮ.ਏ.ਸ਼ੋਸ਼ਿਆਲੋਜੀ ਪ੍ਰਾਈਵੇਟ ਵਿਦਿਆਰਥੀ ਦੇ ਤੌਰ ‘ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪਾਸ ਕੀਤੀ। ਉਨ੍ਹਾਂ ਦਾ ਵਿਆਹ ਸ਼ਸ਼ੀ ਦੇਵੀ ਗੋਇਲ ਨਾਲ ਹੋਇਆ, ਜੋ ਵਿਤ ਵਿਭਾਗ ਵਿੱਚੋਂ ਉਪ ਆਰਥਿਕ ਤੇ ਅੰਕੜਾ ਸਲਾਹਕਾਰ ਦੇ ਤੌਰ ‘ਤੇ ਸੇਵਾ ਮੁਕਤ ਹੋਏ ਹਨ। ਉਨ੍ਹਾਂ ਦੀਆਂ ਦੋ ਲੜਕੀਆਂ ਕ੍ਰਾਂਤੀ ਗਰਗ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿੱਚ ਐਸੋਸੀਏਟ ਪ੍ਰੋਫ਼ੈਸਰ ਸੇਵਾ ਨਿਭਾ ਰਹੇ ਹਨ, ਦੂਜੀ ਲੜਕੀ ਪ੍ਰਗਤੀ ਸੀਨੀਅਰ ਵਿਗਿਆਨੀ ਰੱਖਿਆ ਖੋਜ ਵਿਭਾਗ ਵਿੱਚ ਨੌਕਰੀ ਕਰ ਰਹੇ ਹਨ। ਦੋਵੇਂ ਲੜਕੀਆਂ ਆਪਣੇ ਪਿਤਾ ਦੀ ਤਰ੍ਹਾਂ ਸਮਾਜ ਸੇਵਾ ਕਰਦੀਆਂ ਹਨ। ਕ੍ਰਾਂਤੀ ਗਰਗ ਨੂੰ ਜੇ ਪਤਾ ਲੱਗ ਜਾਵੇ ਕਿ ਗ਼ਰੀਬ ਮਰੀਜ਼ ਹਸਪਤਾਲ ਆ ਨਹੀਂ ਸਕਦਾ ਤਾਂ ਉਹ ਗ਼ਰੀਬ ਮਰੀਜਾਂ ਨੂੰ ਆਪਣੇ ਕੋਲੋਂ ਪੈਸੇ ਦੇ ਕੇ ਟੈਕਸੀ ਵਿੱਚ ਹਸਤਪਤਾਲ ਮੰਗਵਾ ਕੇ ਇਲਾਜ ਕਰਦੇ ਹਨ। ਡਾ.ਪਿਆਰਾ ਲਾਲ ਇਤਨੇ ਅਹੁਦਿਆਂ ‘ਤੇ ਰਹੇ ਹਨ ਪ੍ਰੰਤੂ ਅਜੇ ਤੱਕ ਆਪਣਾ ਮਕਾਨ ਨਹੀਂ ਬਣਾ ਸਕੇ। ਡਾ. ਪਿਆਰਾ ਲਾਲ ਗਰਗ ਦੀਆਂ ਇੰਟਰਵਿਊਜ਼ ਬਹੁਤ ਸਾਰੇ ਚੈਨਲਾਂ ਅਤੇ ਰੇਡੀਓਜ਼ ‘ਤੇ ਲਗਾਤਾਰ ਆ ਰਹੀਆਂ ਹਨ। ਸਰਕਾਰੀ ਨੌਕਰੀ ਦੌਰਾਨ ਉਨ੍ਹਾਂ ਨੇ ਰੇਡੀਓ ਤੇ ਲੜੀਵਾਰਾਂ ਦਾ ਸੰਪਾਦਨ ਤੇ ਰੂਪਾਂਤਣ ਵੀ ਕੀਤਾ। ਲਗਪਗ 300 ਕਿਤਾਬਚਿਆਂ ਦੀ ਸੰਪਾਦਨਾ ਕੀਤੀ। ਸਾਰੀ ਉਮਰ ਪਿਆਰਾ ਲਾਲ ਗਰਗ ਸਚਾਈ ਲਈ ਲੜਦਾ ਆ ਰਿਹਾ ਹੈ।
ਤਸਵੀਰਾਂ: ਡਾ.ਪਿਆਰਾ ਲਾਲ ਗਰਗ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
Comments
Post a Comment