ਕੋਲਕੱਤਾ ਦੀ ਸਿਖਿਆਰਥੀ ਡਾਕਟਰ ਨਾਲ ਬਲਾਤਕਾਰ ਤੇ ਕਤਲ ਵੱਡਾ ਗੁਨਾਹ
ਇਹ ਬੜੀ ਹੈਰਾਨੀ ਤੇ ਚਿੰਤਾਜਨਕ ਗੱਲ ਹੈ ਕਿ ਭਾਰਤੀ ਸਿਆਸਤਦਾਨ ਦੇਸ਼ ਵਿੱਚ ਧੀਆਂ ਭੈਣਾਂ ਦੇ ਹੋ ਰਹੇ ਬਲਾਤਕਾਰਾਂ ਤੇ ਕਤਲਾਂ ਨੂੰ ਸੰਜੀਦਗੀ ਨਾਲ ਕਿਉਂ ਰੋਕਣ ਦੀ ਕੋਸ਼ਿਸ਼ ਨਹੀਂ ਕਰ ਰਹੇ? ਹਰ ਇਨਸਾਨ ਭਾਵੇਂ ਉਹ ਬਲਾਤਕਾਰੀ ਕਿਉਂ ਨਾ ਹੋਵੇ ਉਹ ਇੱਕ ਇਸਤਰੀ ਦੇ ਪੇਟ ਵਿੱਚੋਂ ਜਨਮ ਲੈਂਦਾ ਹੈ। ਫਿਰ ਉਨ੍ਹਾਂ ਬਲਾਤਕਾਰੀਆਂ ਨੂੰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦਿਆਂ ਆਪਣੀਆਂ ਮਾਵਾਂ ਭੈਣਾਂ ਦੀ ਸ਼ਕਲ ਕਿਉਂ ਨਹੀਂ ਸਾਹਮਣੇ ਆਉਂਦੀ? ਮਾਵਾਂ ਅਤੇ ਡਾਕਟਰ ਦੋਹਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ। ਬਲਾਤਕਾਰੀ ਮਾਵਾਂ ਅਤੇ ਰੱਬ ਨੂੰ ਵੀ ਮੁਆਫ਼ ਨਹੀਂ ਕਰਦੇ। ਭਾਰਤ ਦੇ ਸਿਆਸਤਦਾਨ ਅਤੇ ਪ੍ਰਬੰਧਕੀ ਅਧਿਕਾਰੀ/ਕਰਮਚਾਰੀ ਆਪਣੇ ਫਰਜ਼ਾਂ ਵਿੱਚ ਕੁਤਾਹੀ ਕਿਉਂ ਕਰਦੇ ਹਨ? ਉਨ੍ਹਾਂ ਦੀਆਂ ਅਣਗਹਿਲੀਆਂ ਕਰਕੇ ਮੁਜ਼ਰਮਾ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਭਾਰਤ ਵਿੱਚ ਬਲਾਤਕਾਰਾਂ ਅਤੇ ਕਤਲਾਂ ਦੇ ਜ਼ੁਰਮਾ ਵਿੱਚ ਲਗਾਤਾਰ ਹੋ ਰਿਹਾ ਵਾਧਾ ਸੰਸਾਰ ਦੇ ਸਭ ਤੋਂ ਵੱਡੇ ਪਰਜਾਤੰਤਰਿਕ ਦੇਸ਼ ਵਿੱਚ ਅਤ ਘਿਰਣਾਯੋਗ, ਨਿੰਦਣਯੋਗ ਤੇ ਸ਼ਰਮਨਾਕ ਕੰਮ ਹੈ। ਕੋਲਕੱਤਾ ਕਾਲਜ ਦੀ ਸਿਖਿਆਰਥੀ ਡਾਕਟਰ ਦੀ ਡਿਊਟੀ ਸਮੇਂ ਆਪਣੇ ਹੀ ਕਾਲਜ ਵਿੱਚ ਬਲਾਤਕਾਰ ਤੋਂ ਬਾਅਦ ਕਤਲ ਕਰਨ ਦੀ ਘਟਨਾ ਨੇ ਸਮੁੱਚੇ ਦੇਸ਼ ਵਿੱਚ ਸਨਸਨੀ ਫੈਲਾ ਦਿੱਤੀ ਹੈ ਅਤੇ ਭਾਰਤੀਆਂ ਵਿੱਚ ਰੋਸ ਦੀ ਲਹਿਰ ਪੈਦਾ ਹੋ ਗਈ ਹੈ। ਜੇਕਰ ਡਾਕਟਰਾਂ ਜਿਨ੍ਹਾਂ ਨੇ ਮਰੀਜ਼ਾਂ ਦਾ ਇਲਾਜ਼ ਕਰਕੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਦੇਣੀ ਹੈ, ਉਨ੍ਹਾਂ ਨਾਲ ਹੀ ਅਜਿਹੀਆਂ ਦਰਦਨਾਕ ਘਟਨਾਵਾਂ ਹੋ ਰਹੀਆਂ ਹਨ ਤਾਂ ਭਾਰਤ ਦੀ ਕੋਈ ਵੀ ਲੜਕੀ ਸੁਰੱਖਿਅਤ ਨਹੀਂ ਹੋ ਸਕਦੀ। ਜਿਹੜੀਆਂ ਖ਼ਬਰਾਂ ਆ ਰਹੀਆਂ ਹਨ, ਉਨ੍ਹਾਂ ਨੂੰ ਸੁਣ ਕੇ ਦਹਿਸ਼ਤ ਪੈਦਾ ਹੋ ਰਹੀ ਹੈ ਕਿ ਜਿਨ੍ਹਾਂ ਉਪਰ ਉਨ੍ਹਾਂ ਲੜਕੀਆਂ ਦੀ ਸੁਰੱਖਿਆ ਕਰਨ ਦੀ ਜ਼ਿੰਮੇਵਾਰੀ ਸੀ, ਉਨ੍ਹਾਂ ਉਪਰ ਹੀ ਕਤਲ ਦੇ ਦੋਸ਼ ਲੱਗ ਰਹੇ ਹਨ। ਇਨ੍ਹਾਂ ਸੰਸਥਾਵਾਂ ਵਿੱਚ ਕੰਮ ਕਰਨ ਵਾਲੀਆਂ ਜੇਕਰ ਡਾਕਟਰ ਹੀ ਸੁਰੱਖਿਅਤ ਨਹੀਂ ਹੋਣਗੀਆਂ ਤਾਂ ਫਿਰ ਸਮਾਜਿਕ ਥਾਵਾਂ ਤੇ ਵਿਚਰਨ ਵਾਲੀਆਂ ਲੜਕੀਆਂ ਦਾ ਕੀ ਬਣੇਗਾ? ਇੱਕ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਭਾਰਤ ਸੰਸਾਰ ਦੀ ਵੱਡੀ ਤਾਕਤ ਬਣ ਗਿਆ ਹੈ, ਦੂਜੇ ਪਾਸੇ ਲੜਕੀਆਂ ਦੇ ਬਲਾਤਕਾਰਾਂ ਵਿੱਚ ਵਾਧਾ ਹੋ ਰਿਹਾ ਹੈ। ਅਸਥਿਰਤਾ ਦੇ ਹਾਲਾਤ ਬਣ ਰਹੇ ਹਨ। ਡਾਕਟਰੀ ਦਾ ਕਿੱਤਾ ਪਵਿਤਰ ਸਮਝਿਆ ਜਾਂਦਾ ਹੈ ਤੇ ਡਾਕਟਰ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੇਤਾ ਲੜਕੀ ਦੇ ਪਰਿਵਾਰ ਨੂੰ ਇਨਸਾਫ਼ ਦੇਣ ਦੇ ਨਾਮ ‘ਤੇ ਸਿਆਸਤ ਕਰ ਰਹੇ ਹਨ। ਅਜਿਹੀਆਂ ਘਿਨਾਉਣੀਆਂ ਹਰਕਤਾਂ ਦੇ ਉਹ ਵੀ ਸਾਰੇ ਜ਼ਿੰਮੇਵਾਰ ਹਨ। ਇਹ ਇੱਕ ਦੂਜੇ ‘ਤੇ ਦੋਸ਼ ਲਗਾਉਣ ਦਾ ਸਮਾਂ ਨਹੀਂ, ਸਗੋਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਇੱਕਮੁਠ ਹੋ ਕੇ ਅਜਿਹੀਆਂ ਘਟਨਾਵਾਂ ਦਾ ਸਾਰਥਿਕ ਹੱਲ ਲੱਭਣਾ ਚਾਹੀਦਾ ਹੈ। ਇਸ ਵਿੱਚ ਸਿਆਸਤਦਾਨ, ਅਧਿਕਾਰੀ, ਜੁਡੀਸ਼ਰੀ ਅਤੇ ਮੀਡੀਆ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਭਾਰਤ ਵਿੱਚ ਕਾਨੂੰਨ ਭਾਵੇਂ ਸਖ਼ਤ ਹਨ ਪ੍ਰੰਤੂ ਊਣਤਾਈਆਂ ਉਨ੍ਹਾਂ ਵਿੱਚ ਵੀ ਬਹੁਤ ਹਨ । ਜੁਡੀਸ਼ਰੀ ਵਾਰਦਾਤ ਸਮੇਂ ਮੌਕੇ ਦੀ ਗਵਾਹੀ ਤੋਂ ਬਿਨਾ ਸਜਾ ਨਹੀਂ ਦਿੰਦੀ, ਅਜਿਹੇ ਕੇਸਾਂ ਵਿੱਚ ਮੌਕੇ ਦੇ ਗਵਾਹ ਨਹੀਂ ਹੁੰਦੇ। ਕਾਨੂੰਨਾਂ ਨੂੰ ਲਾਗੂ ਕਰਨ ਦੇ ਰਾਹ ਵਿੱਚ ਸਿਆਸਤਦਾਨ ਤੇ ਅਧਿਕਾਰੀ ਹੀ ਰੋੜਾ ਬਣਦੇ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਉਹੀ ਸਿਆਸਤਦਾਨ ਤੇ ਅਧਿਕਾਰੀ ਦੋਸ਼ੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵਿੱਚ ਸ਼ਾਮਲ ਹੁੰਦੇ ਹਨ, ਜਿਨ੍ਹਾਂ ਨੂੰ ਪਰਜਾ ਦੀ ਸੁਰੱਖਿਆ ਕਰਨ ਦੀ ਜ਼ਿੰਮੇਵਾਰੀ ਮਿਲੀ ਹੁੰਦੀ ਹੈ। ਇਸ ਤੋਂ ਵੀ ਸ਼ਰਮਨਾਕ ਗੱਲ ਇਹ ਹੈ ਕਿ ਬਲਾਤਕਾਰੀਆਂ ਅਤੇ ਕਾਤਲਾਂ ਨੂੰ ਬਚਾਉਣ ਲਈ ਚੋਟੀ ਦੇ ਵਕੀਲ ਅੱਗੇ ਆ ਜਾਂਦੇ ਹਨ। ਬਲਾਤਕਾਰੀਆਂ ਨੂੰ ਬਚਾਉਣ ਵਾਲੇ ਭਾਵੇਂ ਉਹ ਸਿਆਸਤਦਾਨ ਹੋਣ ਜਾਂ ਕੋਈ ਹੋਰ ਹੋਵੇ, ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ ਕਿ ਅਜਿਹੀ ਘਟਨਾ ਉਨ੍ਹਾਂ ਦੀਆਂ ਧੀਆਂ ਭੈਣਾਂ ਨਾਲ ਵੀ ਵਾਪਰ ਸਕਦੀ ਹੈ। ਏ.ਡੀ.ਆਰ. ਦੀ ਰਿਪੋਰਟ ਅਨੁਸਾਰ ਭਾਰਤ ਦੇ ਪਰਜਾਤੰਤਰ ਦੇ ਥੰਮ ਗਿਣੇ ਜਾਂਦੇ ਸੰਸਦ ਅਤੇ ਵਿਧਾਨ ਸਭਾਵਾਂ ਦੇ 151 ਮੈਂਬਰਾਂ ‘ਤੇ ਇਸਤਰੀਆਂ ਵਿਰੁੱਧ ਅਪਰਾਧਾਂ ਦੇ ਮਾਮਲਿਆਂ ਵਿੱਚ 2019 ਤੇ 2024 ਦੇ ਸਮੇਂ ਹੋਈਆਂ ਚੋਣਾ ਮੌਕੇ ਚੋਣ ਕਮਿਸ਼ਨ ਵਿੱਚ ਉਨ੍ਹਾਂ ਵਲੋਂ ਦਿੱਤੇ ਐਫੀਡੈਵਿਟਾਂ ਅਨੁਸਾਰ ਕੇਸ ਦਰਜ ਹਨ। ਇਨ੍ਹਾਂ ਵਿੱਚ 16 ਸੰਸਦ ਮੈਂਬਰ ਤੇ 135 ਵੱਖ ਵੱਖ ਪਾਰਟੀਆਂ ਤੇ ਰਾਜਾਂ ਦੇ ਵਿਧਾਇਕ ਹਨ। 16 ਵਿਰੁੱਧ ਜਬਰ ਜਿਨਾਹ ਦੇ ਕੇਸ਼ ਸ਼ਾਮਲ ਹਨ, ਜਿਨ੍ਹਾਂ ਵਿੱਚ 2 ਸੰਸਦ ਮੈਂਬਰ ਤੇ 14 ਵਿਧਾਨਕਾਰ ਸ਼ਾਮਲ ਹਨ। ਫਿਰ ਤੁਸੀਂ ਇਨ੍ਹਾਂ ਸਿਆਸਤਦਾਨਾ ਤੋਂ ਇਨਸਾਫ਼ ਦੀ ਕੀ ਉਮੀਦ ਕਰ ਸਕਦੇ ਹੋ? ਪੱਛਵੀਂ ਬੰਗਾਲ ਦੇ 25 ਸੰਸਦ ਮੈਂਬਰਾਂ ਤੇ ਵਿਧਾਇਕਾਂ ਵਿਰੁੱਧ ਕੇਸ ਦਰਜ ਹਨ। 151 ਵਿੱਚੋਂ ਭਾਜਪਾ ਦੇ 54, ਕਾਂਗਰਸ ਦੇ 23 ਤੇ ਤੇਲਗੂ ਦੇਸਮ ਪਾਰਟੀ 17 ਮੈਂਬਰ ਹਨ। ਪਰਜਾ ਵੀ ਅਜਿਹੇ ਜ਼ੁਰਮਾ ਵਿੱਚ ਦੋਸ਼ੀ ਹੈ ਕਿਉਂਕਿ ਪਰਜਾ ਹੀ ਅਜਿਹੇ ਸਿਆਸਤਦਾਨਾ ਨੂੰ ਵੋਟਾਂ ਪਾ ਕੇ ਜਿਤਾਉਂਦੀ ਹੈ। ਭਾਰਤ ਦੇ ਲੋਕਾਂ ਨੇ ਜੇਕਰ ਆਪਣੀਆਂ ਧੀਆਂ ਭੈਣਾਂ ਦੀ ਇੱਜ਼ਤ ਬਚਾਉਣੀ ਹੈ ਤਾਂ ਉਨ੍ਹਾਂ ਨੂੰ ਜਾਗ੍ਰਤ ਹੋ ਕੇ ਸਾਫ਼ ਸੁਥਰੇ ਅਕਸ ਵਾਲੇ ਉਮੀਦਵਾਰਾਂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਹਨ। ਪੈਸੇ ਤੇ ਮੁਫ਼ਤਖੋਰੀਆਂ ਦੇ ਲਾਲਚ ਵਿੱਚ ਆ ਕੇ ਵੋਟਾਂ ਨਹੀਂ ਪਾਉਣੀਆਂ ਚਾਹੀਦੀਆਂ। ਸਿਆਸੀ ਪਾਰਟੀਆਂ ਨੂੰ ਟਿਕਟਾਂ ਦੇਣ ਸਮੇਂ ਅਪ੍ਰਾਧਿਕ ਮਾਮਲਿਆਂ ਵਿੱਚ ਗ੍ਰਸਤ ਉਮੀਦਵਾਰਾਂ ਨੂੰ ਟਿਕਟਾਂ ਨਹੀਂ ਦੇਣੀਆਂ ਚਾਹੀਦੀਆਂ। ਹੁਣ ਲੋਕਾਂ ਦੇ ਚੁਕੰਨੇ ਹੋਣ ਦਾ ਸਮਾਂ ਹੈ।
ਕੋਲਕੱਤਾ ਮੈਡੀਕਲ ਕਾਲਜ ਵਿੱਚ ਸਿਖਿਆਰਥੀ ਡਾਕਟਰ ਦੀ ਘਟਨਾ ਤੋਂ ਬਾਅਦ ਸਮੁੱਚੇ ਦੇਸ਼ ਵਿੱਚ ਡਾਕਟਰ ਹੜਤਾਲ ‘ਤੇ ਹਨ ਅਤੇ ਲੋਕਾਂ ਵੱਲੋਂ ਕੈਂਡਲ ਮਾਰਚ ਕੱਢੇ ਜਾ ਰਹੇ ਹਨ। ਪ੍ਰੰਤੂ ਕੁਝ ਸਮੇਂ ਬਾਅਦ ਹੜਤਾਲ ਵੀ ਖ਼ਤਮ ਹੋ ਜਾਵੇਗੀ ਤੇ ਕੈਂਡਲ ਮਾਰਚ ਵੀ ਬੰਦ ਹੋ ਜਾਣਗੇ। ਬਲਾਤਕਾਰ ਦੀਆਂ ਘਟਨਾਵਾਂ ਫਿਰ ਹੁੰਦੀਆਂ ਰਹਿਣਗੀਆਂ, ਜਿਤਨੀ ਦੇਰ ਕੋਈ ਹੋਰ ਸਾਰਥਿਕ ਹੱਲ ਨਹੀਂ ਲੱਭੇ ਜਾਂਦੇ ਤੇ ਵਿਲੱਖਣ ਸਜਾ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ। ਅਜਿਹੇ ਕੇਸਾਂ ਵਿੱਚ ਪੁਲਿਸ/ਸਿਵਿਲ ਕਰਮਚਾਰੀਆਂ/ਅਧਿਕਾਰੀਆਂ ਦੇ ਕਿਰਦਾਰ ਵੀ ਸ਼ੱਕੀ ਹੋ ਜਾਂਦੇ ਹਨ ਜਦੋਂ ਤੁਰੰਤ ਕੇਸ ਰਜਿਸਟਰ ਨਹੀਂ ਕੀਤੇ ਜਾਂਦੇ। ਪੁਲਿਸ ਦੀ ਕੋਸ਼ਿਸ਼ ਅਜਿਹੇ ਕੇਸਾਂ ਨੂੰ ਦਬਾਉਣ ਦੀ ਹੁੰਦੀ ਹੈ, ਜਿਸ ਕਰਕੇ ਸਮੇਂ ਸਿਰ ਦੋਸ਼ੀ ਫੜੇ ਨਹੀਂ ਜਾਂਦੇ ਤੇ ਸਜਾ ਵੀ ਨਹੀਂ ਮਿਲਦੀ। ਸੁਪਰੀਮ ਕੋਰਟ ਨੇ 10 ਮੈਂਬਰੀ ਸਿਟ ਬਣਾਈ ਹੈ, ਉਹ ਡਾਕਟਰਾਂ ਦੀ ਹਿਫ਼ਾਜਤ ਬਾਰੇ ਯੋਜਨਾ ਬਣਾਏਗੀ ਪ੍ਰੰਤੂ ਅੱਜ ਕਲ੍ਹ ਤਾਂ ਹਰ ਸੰਸਥਾ ਵਿੱਚ ਲੜਕੀਆਂ ਕੰਮ ਕਰਦੀਆਂ ਹਨ, ਉਨ੍ਹਾਂ ਦੀ ਸੁਰੱਖਿਆ ਬਾਰੇ ਕੌਣ ਸੋਚੇਗਾ? ਸਾਡੇ ਦੇਸ਼ ਵਿੱਚ ਘਟਨਾ ਤੋਂ ਬਾਅਦ ਥੋੜ੍ਹੇ ਦਿਨ ਚਰਚਾ ਹੁੰਦੀ ਹੈ, ਉਸ ਤੋਂ ਬਾਅਦ ਚੁੱਪ ਪਸਰ ਜਾਂਦੀ ਹੈ।
ਸਾਡੇ ਦੇਸ਼ ਲਈ ਸ਼ਰਮ ਵਾਲੀ ਗੱਲ ਹੈ ਕਿ ਸੰਸਾਰ ਵਿੱਚ ਸਭ ਤੋਂ ਵੱਧ ਬਲਾਤਕਾਰ ਦੇ ਕੇਸ ਹੋਣ ਵਾਲੇ ਦੇਸ਼ਾਂ ਵਿੱਚੋਂ ਭਾਰਤ ਦਾ ਚੌਥਾ ਨੰਬਰ ਹੈ। ਰਾਸ਼ਟਰੀ ਜ਼ੁਰਮ ਰਿਕਾਰਡ ਅਨੁਸਾਰ ਭਾਰਤ ਵਿੱਚ ਜ਼ੁਰਮ ਦੇ ਜਿਤਨੇ ਕੇਸ ਹੁੰਦੇ ਹਨ, ਉਨ੍ਹਾਂ ਵਿੱਚ 95 ਫ਼ੀ ਸਦੀ ਬਲਾਤਕਾਰ ਦੇ ਕੇਸ ਹਨ। ਲਗਪਗ ਹਰ 15 ਮਿੰਟ ਬਾਅਦ ਇੱਕ ਬਲਾਤਕਾਰ ਹੁੰਦਾ ਹੈ। ਇਸ ਤੋਂ ਪਹਿਲਾਂ ਵੀ ਤਿੰਨ ਚਾਰ ਬਲਾਤਕਾਰ ਦੇ ਕੇਸ ਬਹੁਤ ਚਰਚਿਤ ਰਹੇ ਹਨ। ਦਿੱਲੀ ਵਿਖੇ 16 ਦਸੰਬਰ 2012 ਨੂੰ ਚਲਦੀ ਬੱਸ ਵਿੱਚ ਇੱਕ ਲੜਕੀ ਨਾਲ ਦਰਿੰਦਿਆਂ ਵੱਲੋਂ ਖ਼ੂੰਖਾਰ ਢੰਗ ਨਾਲ ਬਲਾਤਕਾਰ ਕੀਤਾ ਗਿਆ, ਜਿਸ ਕਰਕੇ ਲੜਕੀ ਗੰਭੀਰ ਜ਼ਖ਼ਮੀ ਹੋ ਗਈ। ਉਸ ਲੜਕੀ ਨੂੰ ਇਲਾਜ ਲਈ ਵਿਦੇਸ਼ ਵੀ ਭੇਜਿਆ ਗਿਆ ਸੀ ਪ੍ਰੰਤੂ ਉਸ ਲੜਕੀ ਦੀ 29 ਦਸੰਬਰ ਨੂੰ ਮੌਤ ਹੋ ਗਈ ਸੀ। ਦੋਸ਼ੀਆਂ ਨੂੰ ਮੌਤ ਦੀ ਸਜਾ ਵੀ ਹੋਈ ਪ੍ਰੰਤੂ ਬਲਾਤਕਾਰ ਹੋਣੇ ਬੰਦ ਨਹੀਂ ਹੋਏ। ਉਸ ਤੋਂ ਬਾਅਦ 10 ਜਨਵਰੀ 2018 ਨੂੰ ਜੰਮੂ ਕਸ਼ਮੀਰ ਦੇ ਕਠੂਆ ਇਲਾਕੇ ਦੇ ਪਿੰਡ ਰਸਾਨਾ ਵਿਖੇ 8 ਸਾਲ ਦੀ ਲੜਕੀ ਨਾਲ ਸਮੂਹਿਕ ਬਲਾਤਕਾਰ ਤੋਂ ਬਾਅਦ ਕਤਲ ਕਰ ਦਿੱਤਾ ਸੀ। 14 ਸਤੰਬਰ 2021 ਨੂੰ ਉਤਰ ਪ੍ਰਦੇਸ ਦੇ ਹਾਥਰਸ ਜਿਲ੍ਹੇ ਦੇ ਪਿੰਡ ਭੁਲਗੁੜੀ ਵਿਖੇ ਇੱਕ ਦਲਿਤ ਲੜਕੀ ਨਾਲ ਸਮੂਹਿਕ ਬਲਾਤਕਾਰ ਹੋਇਆ ਤੇ ਉਹ ਲੜਕੀ 29 ਸਤੰਬਰ ਨੂੰ ਸਵਰਗ ਸਿਧਾਰ ਗਈ। ਪੁਲਿਸ ਨੇ ਲੜਕੀ ਦੇ ਮਾਪਿਆਂ ਨੂੰ ਲਾਸ਼ ਵਿਖਾਏ ਬਿਨਾ ਹੀ ਰਾਤ ਨੂੰ ਸਸਕਾਰ ਕਰ ਦਿੱਤਾ ਸੀ। ਅਜੇ ਤੱਕ ਇਸ ਕੇਸ ਵਿੱਚ ਇਨਸਾਫ ਨਹੀਂ ਮਿਲਿਆ। ਰਾਜਸਥਾਨ ਦੇ ਜੈਪੁਰ ਸ਼ਹਿਰ ਵਿਖੇ 1992 ਵਿੱਚ 100 ਵਿਦਿਆਰਥੀ ਲੜਕੀਆਂ ਨੂੰ ਉਨ੍ਹਾਂ ਦੀ ਤਸਵੀਰਾਂ ਰਾਹੀਂ ਬਲੈਕਮੇਲ ਕਰਕੇ ਬਲਾਤਕਾਰ ਕੀਤੇ ਗਏ ਤੇ 32 ਸਾਲ ਬਾਅਦ ਇਨਸਾਫ਼ ਮਿਲਿਆ। ਬਹੁਤੇ ਕੇਸਾਂ ਵਿੱਚ ਸਿਆਸੀ ਅਤੇ ਅਧਿਕਾਰੀਆਂ ਦੀ ਦਖ਼ਲਅੰਦਾਜ਼ੀ ਹੁੰਦੀ ਰਹੀ। ਇਸ ਲਈ ਭਾਰਤ ਦੇ ਲੋਕਾਂ ਨੂੰ ਸਿਆਸਤਦਾਨਾ ਅਤੇ ਅਧਿਕਾਰੀਆਂ ਨੂੰ ਦੋਸ਼ੀਆਂ ਨੂੰ ਤੁਰੰਤ ਪਕੜਨ ਅਤੇ ਸਖ਼ਤ ਸਜ਼ਾਵਾਂ ਦੇਣ ਲਈ ਮਜ਼ਬੂਰ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ। ਜੇਕਰ ਇਸੇ ਤਰ੍ਹਾਂ ਬਲਾਤਕਾਰ ਹੁੰਦੇ ਰਹੇ ਤਾਂ ਭਾਰਤ ਵਿੱਚ ਧੀਆਂ ਭੈਣਾਂ ਦਾ ਰਹਿਣਾ ਅਸੰਭਵ ਹੋ ਜਾਵੇਗਾ। ਦੇਸ਼ ਵਿੱਚ ਚੰਗੀ ਪ੍ਰਣਾਲੀ ਨਾ ਹੋਣ ਕਰਕੇ ਭਾਰਤ ਦੇ ਨੌਜਵਾਨ ਪ੍ਰਵਾਸ ਵਲ ਨੂੰ ਵਹੀਰਾਂ ਘੱਤ ਕੇ ਜਾ ਰਹੇ ਹਨ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
Comments
Post a Comment