ਸਿਖੀ ਸੋਚ ਨੂੰ ਸਮਰਪਤ-ਜਥੇਦਾਰ ਗੁਰਚਰਨ ਸਿੰਘ ਟੌਹੜਾ
ਸਿੱਖ ਜਗਤ ਦੀ ਤ੍ਰਾਸਦੀ ਹੈ ਕਿ ਉਸ ਦੇ ਬਹੁਤੇ ਸਿਆਸੀ ਤੇ ਧਾਰਮਿਕ ਰਹਿਬਰਾਂ ਨੇ ਸਿਆਸਤ ਨੂੰ ਵਿਓਪਾਰ ਦੇ ਤੌਰ ‘ਤੇ ਵਰਤਣਾ ਸ਼ੁਰੂ ਕਰ ਦਿੱਤਾ ਹੈ। ਉਹ ਇਤਨੇ ਖ਼ੁਦਗਰਜ ਹੋ ਗਏ ਹਨ ਕਿ ਉਨ੍ਹਾਂ ਨੇ ਧਰਮ ਨੂੰ ਵੀ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਦਾ ਸਾਧਨ ਬਣਾ ਲਿਆ ਹੈ। ਆਪਣੇ ਪਰਿਵਾਰਾਂ ਅਤੇ ਨਜ਼ਦੀਕੀਆਂ ਨੂੰ ਸਿਆਸਤ ਦੇ ਵਾਰਸ ਬਣਾ ਲਿਆ ਹੈ। ਧਾਰਮਿਕ ਗੁਰਮਤਿ ਦੇ ਧਾਰਨੀ ਪੰਥਕ ਹਿਤੈਸ਼ੀ ਗੁਰਮੁਖਾਂ ਅਤੇ ਪਾਰਟੀ ਦੇ ਵਫ਼ਾਦਾਰਾਂ ਨੂੰ ਅਣਡਿਠ ਕਰਨਾ ਸ਼ੁਰੂ ਕਰ ਦਿੱਤਾ। ਜਿਸ ਕਰਕੇ ਪੰਥਕ ਸੋਚ ਨੂੰ ਤਿਲਾਂਜ਼ਲੀ ਦਿੱਤੀ ਗਈ। ਜਿਵੇਂ ਗੁਰਬਾਣੀ ਵਿੱਚ ਆਉਂਦਾ ਹੈ ‘॥ ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ॥’ ਭਾਵ ਭਾਵੇਂ ਸਾਰਾ ਘਾਹ ਅੱਗ ਨਾਲ ਸੜ ਗਿਆ ਜਾਵੇ ਤਾਂ ਵੀ ਕੁਝ ਬੂਟੇ ਸਹੀ ਸਲਾਮਤ ਰਹਿ ਜਾਂਦੇ ਹਨ। ਅਰਥਾਤ ਭਰਿਸ਼ਟ ਧਾਰਮਿਕ ਤੇ ਸਿਆਸੀ ਨੇਤਾਵਾਂ ਵਿੱਚੋਂ ਸਮਾਜ ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਰਗੇ ਅਧਿਆਤਮਿਕ ਇਨਸਾਨ ਸਿੱਖ ਧਰਮ ਦੀ ਵਿਚਾਰਧਾਰਾ ‘ਤੇ ਪਹਿਰਾ ਦਿੰਦੇ ਹੋਏ ਨੈਤਿਕਤਾ ਨਾਲ ਵਿਚਰਦੇ ਰਹੇ। ਉਹ ਭ੍ਰਸ਼ਿਟਾਚਾਰ ਦੇ ਦਾਵਾਨਲ ਵਿੱਚ ਸ਼ਾਮਲ ਨਹੀਂ ਹੋਏ। ਉਨ੍ਹਾਂ ਨੇ ਆਪਣੇ ਸਿਆਸੀ ਤੇ ਧਾਰਮਿਕ ਜੀਵਨ ਵਿੱਚ ਵਿਚਰਦੇ ਹੋਇਆਂ ਨੇ ਆਪਣੀ ਚਿੱਟੀ ਚਾਦਰ ਨੂੰ ਦਾਗ ਨਹੀਂ ਲੱਗਣ ਦਿੱਤਾ। ਪਾਕਿ ਤੇ ਪਵਿਤਰ ਰਹਿੰਦਿਆਂ ਆਪਣਾ ਜੀਵਨ ਬਸਰ ਕੀਤਾ। ਉਨ੍ਹਾਂ ਨੇ ਧਾਰਮਿਕ ਸਿਧਾਂਤਾਂ ਅਤੇ ਸਿਆਸਤ ਵਿੱਚ ਭਾਈ ਭਤੀਜਾਵਾਦ ਤੋਂ ਦੂਰ ਰਹਿੰਦਿਆਂ ਸਿੱਖ ਪੰਥ ਦੀ ਬਾਂਹ ਫੜੀ ਰੱਖੀ। ਜਿਤਨੀ ਦੇਰ ਉਹ ਇਸ ਸੰਸਾਰ ਵਿੱਚ ਰਹੇ, ਉਨ੍ਹਾਂ ਸਿੱਖ ਸਿਆਸਤਦਾਨਾ ਨੂੰ ਪੰਥਕ ਸਿਆਸਤ ਤੋਂ ਕਿਨਾਰਾ ਕਰਨ ਨਹੀਂ ਦਿੱਤਾ। ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਬੇਬਾਕੀ ਕਰਕੇ ਉਸ ਸਮੇਂ ਦੇ ਦਿਗਜ ਨੇਤਾ ਵੀ ਤਿਬਕਦੇ ਰਹੇ। ਉਹ ਸਿੱਖਾਂ ਦੇ ਹੱਕ ਤੇ ਸੱਚ ਦੇ ਮੁਦਈ ਬਣਕੇ ਖੜ੍ਹਦੇ ਰਹੇ। ਅਧਿਆਤਮਿਕਤਾ ਅਤੇ ਸਿਆਸਤ ਦਾ ਸੁਮੇਲ ਟਾਵੇਂ ਟਾਵੇਂ ਵਿਅਕਤੀਆਂ ਵਿਚ ਹੁੰਦਾ ਹੈ। ਸਿਖ ਧਰਮ ਦੁਨੀਆਂ ਦੇ ਸਭ ਧਰਮਾਂ ਤੋਂ ਸਰਵੋਤਮ, ਆਧੁਨਿਕ ਅਤੇ ਨਵਾਂ ਧਰਮ ਹੈ। ਇਸਦੇ ਜਨਮ ਨੂੰ ਮਸਾਂ ਅਜੇ ਪੰਜ ਕੁ ਸਦੀਆਂ ਹੀ ਹੋਈਆਂ ਹਨ, ਫਿਰ ਵੀ ਸਿਖ ਧਰਮ ਦੁਨੀਆਂ ਵਿਚ ਫੈਲਿਆ ਹੋਇਆ ਹੈ ਪ੍ਰੰਤੂ ਪੰਜਾਬ ਇਸ ਦੀ ਜਨਮ ਭੂਮੀ ਹੈ। ਸਿਖ ਧਰਮ ਦੀ ਵਿਚਾਰਧਾਰਾ, ਦਰਸ਼ਨ, ਪਰੰਪਰਾਵਾਂ ਅਤੇ ਦਾਰਸ਼ਨਿਕਤਾ ਮਾਨਵਤਾ ਅਰਥਾਤ ਸਰਬਤ ਦੇ ਭਲੇ ਦੇ ਅਸੂਲਾਂ ਤੇ ਚਲਣ ਦੀ ਪ੍ਰੇਰਨਾ ਦਿੰਦੀ ਹੈ। ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਜ਼ਿੰਮੇਵਾਰੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਰ ਹੈ। ਇਸ ਧਾਰਮਿਕ ਸੰਸਥਾ ਦੀ ਪ੍ਰਧਾਨਗੀ ਹੁਣ ਤੱਕ ਸਭ ਤੋਂ ਲੰਮਾ ਸਮਾਂ ਕਰਨ ਦਾ ਮਾਣ ਸਿੱਖਾਂ ਦੇ ਰੌਸ਼ਨ ਦਿਮਾਗ਼ ਦੇ ਤੌਰ ਤੇ ਜਾਣੇ ਜਾਂਦੇ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਜਾਂਦਾ ਹੈ। ਉਹ ਸਿਆਸਤਦਾਨ ਨਾਲੋਂ ਧਾਰਮਿਕ ਵਿਅਕਤੀ ਜ਼ਿਆਦਾ ਸਨ। ਜੱਥੇਦਾਰ ਗੁਰਚਰਨ ਸਿੰਘ ਟੌਹੜਾ ਅਧਿਆਤਮਵਾਦ ਅਤੇ ਸਿਆਸਤ ਦਾ ਸੁਮੇਲ ਸਨ। ਜੇ ਇਉਂ ਕਹਿ ਲਈਏ ਕਿ ਉਹ ਸਿੱਖੀ ਨੂੰ ਪ੍ਰਣਾਏ ਹੋਏ ਇਨਸਾਨ ਸਨ ਤਾਂ ਇਸ ਵਿਚ ਵੀ ਕੋਈ ਅਤਕਥਨੀ ਨਹੀਂ, ਜਿਨ੍ਹਾਂ ਆਪਣੀ ਸਾਰੀ ਉਮਰ ਇਮਾਨਦਾਰੀ, ਸਾਦਗੀ ਅਤੇ ਦਿਆਨਤਦਾਰੀ ਨਾਲ ਸਿੱਖ ਪਰੰਪਰਾਵਾਂ ਤੇ ਪਹਿਰਾ ਹੀ ਨਹੀਂ ਦਿੱਤਾ, ਸਗੋਂ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜ ਕੇ ਰੱਖਣ ਵਿਚ ਸਫਲਤਾ ਵੀ ਪ੍ਰਾਪਤ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੁੰਦਿਆਂ ਉਨ੍ਹਾਂ ਸ਼੍ਰੋਮਣੀ ਕਮੇਟੀ ਦੀ ਕਾਰ ਨਹੀਂ ਵਰਤੀ, ਸਗੋਂ ਆਪਣੇ ਭਰੋਸੇਯੋਗ ਸਹਿਯੋਗੀਆਂ ਦੀ ਕਾਰ ਦੀ ਹੀ ਵਰਤੋਂ ਕਰਦੇ ਰਹੇ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕਦੀਂ ਵੀ ਟੀ.ਏ.ਡੀ.ਏ.ਨਹੀਂ ਲਿਆ। ਉਨ੍ਹਾਂ ਨੂੰ ਸਿਆਸਤ ਵਿੱਚ ਇਮਾਨਦਾਰੀ ਦੇ ਪ੍ਰਤੀਕ ਦੇ ਤੌਰ ਤੇ ਜਾਣਿਆਂ ਜਾਂਦਾ ਹੈ।
ਸੰਸਾਰ ਵਿੱਚ ਬਹੁਤ ਸਾਰੇ ਸਿੱਖ ਸਿਆਸਤਦਾਨ ਹਨ, ਉਨ੍ਹਾਂ ਵਿੱਚੋਂ ਕੁਝ ਇਕ ਨੂੰ ਘਾਗ ਸਿਆਸਤਦਾਨ ਵੀ ਕਿਹਾ ਜਾਂਦਾ ਹੈ। ਵੇਖਣ ਵਾਲੀ ਗੱਲ ਹੈ ਕਿ ਇਨ੍ਹਾਂ ਸਿੱਖ ਸਿਆਸਤਦਾਨਾ ਵਿੱਚੋਂ ਸਟੇਟਸਮੈਨ ਕਿਤਨੇ ਕੁ ਹਨ। ਹੋਰ ਵੀ ਕੁਝ ਸਟੇਟਸਮੈਨ ਹੋਣਗੇ ਪ੍ਰੰਤੂ ਮੈਂ ਸਿੱਖ ਸਿਆਸਤਦਾਨਾ ਵਿੱਚੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਬਿਹਤਰੀਨ ਸਟੇਟਸਮੈਨ ਸਮਝਦਾ ਹਾਂ। ਸਟੇਟਸਮੈਨ ਆਪਣੀ ਕਾਰਗੁਜ਼ਾਰੀ ਨਾਲ ਬਣਦਾ ਹੈ। ਸਟੇਟਸਮੈਨ ਸਮਾਜ ਵਿੱਚ ਵਿਚਰਦਿਆਂ ਕਦੀਂ ਵੀ ਜ਼ਾਤ ਪਾਤ, ਧਰਮ ਅਤੇ ਸਿਆਸੀ ਪਾਰਟੀ ਨੂੰ ਤਰਜੀਹ ਨਹੀਂ ਦਿੰਦਾ। ਉਹ ਸਾਰਿਆਂ ਨੂੰ ਬਰਾਬਰ ਸਤਿਕਾਰ ਦਿੰਦਾ ਹੈ। ਹਰ ਇੱਕ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੁੰਦਾ ਹੈ। ਇਥੇ ਮੈਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀਆਂ ਦੋ ਉਦਾਹਰਣਾਂ ਦਿੰਦਾ ਹਾਂ, ਜਿਨ੍ਹਾਂ ਦਾ ਮੈਂ ਚਸ਼ਮਦੀਦ ਗਵਾਹ ਹਾਂ। ਇੱਕ ਵਾਰ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤੇ ਸ੍ਰ.ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਤਾਂ ਮੈਂ ਇਕ ਸਿਆਸਤਦਾਨ ਕੋਲ ਕਿਸੇ ਦੋਸਤ ਦੇ ਕੰਮ ਲਈ ਗਿਆ ਤਾਂ ਉਸ ਸਿਆਸਤਦਾਨ ਨੇ ਕਿਹਾ ਕਿ ਭਾਵੇਂ ਤੁਹਾਡਾ ਕੰਮ ਜਾਇਜ਼ ਹੈ ਪ੍ਰੰਤੂ ਇਹ ਕੰਮ ਮੁੱਖ ਮੰਤਰੀ ਦੀ ਇਜ਼ਾਜਤ ਤੋਂ ਬਿਨਾ ਨਹੀਂ ਹੋ ਸਕਦਾ। ਇਸ ਲਈ ਤੁਸੀਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਮਿਲ ਲਵੋ, ਉਹ ਹੀ ਮੁੱਖ ਮੰਤਰੀ ਤੋਂ ਕਰਵਾ ਸਕਦੇ ਹਨ। ਮੈਂ ਦੂਜੇ ਦਿਨ ਸਵਖਤੇ ਹੀ ਜਿਸ ਦੋਸਤ ਦਾ ਕੰਮ ਸੀ, ਉਸ ਨੂੰ ਨਾਲ ਲੈ ਕੇ ਟੌਹੜਾ ਪਿੰਡ ਪਹੁੰਚ ਗਿਆ। ਟੌਹੜਾ ਸਾਹਿਬ ਨੂੰ ਮਿਲਣ ਵਾਲਿਆਂ ਦੀ ਲੰਬੀ ਲਾਈਨ ਲੱਗੀ ਹੋਈ ਸੀ। ਜਦੋਂ ਮੇਰੀ ਵਾਰੀ ਆਈ ਤਾਂ ਦਰਵਾਜੇ ਤੇ ਖੜ੍ਹੇ ਵਿਅਕਤੀ ਨੇ ਮੈਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਕਿਉਂਕਿ ਮੈਨੂੰ ਸ੍ਰ.ਬੇਅੰਤ ਸਿੰਘ ਦਾ ਬੰਦਾ ਸਮਝਿਆ ਜਾਂਦਾ ਸੀ। ਜਦੋਂ ਉਹ ਵਿਅਕਤੀ ਥੋੜ੍ਹਾ ਐਧਰ ਓਧਰ ਹੋਇਆ ਮੈਂ ਮੌਕਾ ਤਾੜ ਕੇ ਕਮਰੇ ਵਿੱਚ ਦਾਖ਼ਲ ਹੋ ਗਿਆ। ਟੌਹੜਾ ਸਾਹਿਬ ਉਠ ਕੇ ਖੜ੍ਹੇ ਹੋ ਗਏ ਤੇ ਮੈਨੂੰ ਘੁੱਟ ਕੇ ਜੱਫੀ ਵਿੱਚ ਲੈ ਲਿਆ। ਉਨ੍ਹਾਂ ਮੈਨੂੰ ਆਪਣੇ ਕੋਲ ਬਿਠਾ ਲਿਆ ਤੇ ਉਸ ਵਿਅਕਤੀ ਨੂੰ ਚਾਹ ਲਿਆਉਣ ਲਈ ਕਹਿ ਦਿੱਤਾ, ਜਿਹੜਾ ਮੈਨੂੰ ਅੰਦਰ ਦਾਖ਼ਲ ਹੋਣ ਤੋਂ ਰੋਕ ਰਿਹਾ ਸੀ। ਮੈਂ ਟੌਹੜਾ ਸਾਹਿਬ ਨੂੰ ਬੇਨਤੀ ਕੀਤੀ ਕਿ ਇਹ ਲੜਕਾ ਜਿਹੜਾ ਮੇਰੇ ਨਾਲ ਹੈ, ਇਸ ਦਾ ਕੰਮ ਫਲਾਣੇ ਸਿਆਸਤਦਾਨ ਕੋਲ ਹੈ ਪ੍ਰੰਤੂ ਉਸ ਨੇ ਕਿਹਾ ਹੈ ਕਿ ਮੁੱਖ ਮੰਤਰੀ ਦੀ ਸਿਫ਼ਾਰਸ਼ ਤੋਂ ਬਿਨਾ ਕੰਮ ਨਹੀਂ ਹੋ ਸਕਦਾ। ਟੌਹੜਾ ਸਾਹਿਬ ਮੈਨੂੰ ਕਹਿਣ ਲੱਗੇ ‘ ਉਸ ਸਿਆਸਦਾਨ ਨੂੰ ਜਾ ਕੇ ਕਹਿ ਦਿਓ, ਆਪਣੇ ਬਾਦਲ ਨੂੰ ਕਹਿ ਦੇਣ ਕਿ ਇਹ ਕੰਮ ਮੇਰਾ ਹੈ।’ ਮੈਂ ਸਮਝਿਆ ਟੌਹੜਾ ਸਾਹਿਬ ਨੇ ਮੈਨੂੰ ਟਰਕਾ ਦਿੱਤਾ ਹੈ। ਮੈਂ ਵਾਪਸ ਆ ਕੇ ਉਸ ਸਿਆਸਤਦਾਨ ਕੋਲ ਚਲਾ ਗਿਆ ਤੇ ਟੌਹੜਾ ਸਾਹਿਬ ਦਾ ਸੰਦੇਸ਼ਾ ਦੇ ਦਿੱਤਾ। ਬਾਅਦ ਵਿੱਚ ਉਹ ਕੰਮ ਹੋ ਗਿਆ। ਅੱਜ ਉਹ ਅਧਿਕਾਰੀ ਟੌਹੜਾ ਸਾਹਿਬ ਦੇ ਗੁਣਗਾਨ ਕਰ ਰਿਹਾ ਹੈ। ਇਸੇ ਤਰ੍ਹਾਂ ਇਕ ਵਾਰ ਜਥੇਦਾਰ ਟੌਹੜਾ ਸਾਹਿਬ ਨੇ ਮੈਨੂੰ ਬੁਲਾਇਆ, ਉਹ ਕਿਸੇ ਸਿਆਸਤਦਾਨ ਦੇ ਘਰ ਬੈਠੇ ਸਨ। ਜਦੋਂ ਮੈਂ ਉਥੇ ਪਹੁੰਚਿਆ ਤਾਂ ਜਿਸ ਘਰ ਵਿੱਚ ਮੈਂ ਟੌਹੜਾ ਸਾਹਿਬ ਨੂੰ ਮਿਲ ਰਿਹਾ ਸੀ ਤਾਂ ਉਸ ਘਰ ਦਾ ਮਾਲਕ ਕਮਰੇ ਵਿੱਚ ਆ ਗਿਆ। ਉਹ ਆਉਂਦਿਆਂ ਹੀ ਕਹਿਣ ਲੱਗਾ ਇਹ ਬੇਅੰਤ ਸਿੰਘ ਦਾ ਬੰਦਾ ਇਥੇ ਕਿਵੇਂ ਬੈਠਾ ਹੈ। ਟੌਹੜਾ ਸਾਹਿਬ ਕਹਿਣ ਲੱਗੇ ਇਹ ਮੇਰਾ ਵੀ ਬੰਦਾ ਹੈ, ਇਸ ਨੂੰ ਮੈਂ ਬੁਲਾਇਆ ਹੈ। ਪ੍ਰੰਤੂ ਘਰ ਦਾ ਮਾਲਕ ਸਿਆਸਤਦਾਨ ਮੇਰੇ ਵਿਰੁੱਧ ਬੋਲਣ ਤੋਂ ਹੀ ਹਟੇ ਨਾ ਤਾਂ ਟੌਹੜਾ ਸਾਹਿਬ ਨੇ ਗੁੱਸੇ ਵਿੱਚ ਆ ਕੇ ਉਸ ਨੂੰ ਕਮਰੇ ਵਿੱਚੋਂ ਬਾਹਰ ਕੱਢ ਦਿੱਤਾ। ਅਜਿਹੇ ਹੁੰਦੇ ਹਨ, ਸਟੇਟਸਮੈਨ ਜਿਹੜੇ ਕੋਈ ਭੇਦ ਭਾਵ ਨਾ ਰੱਖਦੇ ਹੋਣ। ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਧਾਰਮਿਕ ਵਿਚਾਰਧਾਰਾ ਬਾਰੇ ਭਾਵੇਂ ਬਹੁਤ ਸਾਰੇ ਸਿਆਸਤਦਾਨ ਆਪੋ ਆਪਣੇ ਵੱਖਰੇ-ਵੱਖਰੇ ਵਿਚਾਰ ਰੱਖਦੇ ਹਨ ਪ੍ਰੰਤੂ ਜਥੇਦਾਰ ਟੌਹੜਾ ਹਰ ਧਰਮ ਦਾ ਸਤਿਕਾਰ ਕਰਦੇ ਸਨ। ਉਹ ਹਰ ਵਿਅਕਤੀ ਨੂੰ ਆਪੋ ਆਪਣੇ ਧਰਮ ਵਿੱਚ ਪਰਪੱਕ ਹੋਣ ਦੀ ਤਾਕੀਦ ਕਰਦੇ ਸਨ। ਉਨ੍ਹਾਂ ਦੇ ਇਨ੍ਹਾਂ ਵਿਚਾਰਾਂ ਨੂੰ ਹੀ ਕੱਟੜਤਾ ਕਿਹਾ ਜਾਂਦਾ ਸੀ। ਉਹ ਕੱਟੜ ਨਹੀਂ ਸਗੋਂ ਪਰਪੱਕ ਹੋਣ ਲਈ ਕਹਿੰਦੇ ਸਨ। ਸਾਰੇ ਧਰਮਾ ਦੇ ਲੋਕ ਉਨ੍ਹਾਂ ਦੇ ਅਨੁਆਈ ਸਨ ਅਤੇ ਅੱਜ ਦਿਨ ਵੀ ਹਨ।
ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਵਿਚ ਐਨਾ ਲੰਮਾਂ ਸਮਾਂ ਪ੍ਰਧਾਨ ਰਹਿਣ ਦਾ ਉਨ੍ਹਾਂ ਦਾ ਬੇਦਾਗ਼ ਰਿਕਾਰਡ ਹੈ। ਉਹ 1969-76, 80-88 ਅਤੇ 98-2004 ਵਿਚ ਰਾਜ ਸਭਾ ਦੇ ਮੈਂਬਰ ਚੁਣੇ ਗਏ ਅਤੇ 1977 ਤੋਂ 79 ਤੱਕ ਪਟਿਆਲਾ ਤੋਂ ਲੋਕ ਸਭਾ ਦੇ ਮੈਂਬਰ ਰਹੇ। ਮਾਰਚ 2004 ਵਿਚ ਵੀ ਉਹ ਰਾਜ ਸਭਾ ਦੇ ਮੈਂਬਰ ਚੁਣੇ ਗਏ ਪ੍ਰੰਤੂ ਸਹੁੰ ਚੁਕਣ ਤੋਂ ਪਹਿਲਾਂ ਹੀ ਸਵਰਗ ਸਿਧਾਰ ਗਏ। ਜਥੇਦਾਰ ਟੌਹੜਾ ਬਹੁਤ ਸਾਰੀਆਂ ਧਾਰਮਿਕ, ਸਮਾਜਕ ਅਤੇ ਵਿਦਿਅਕ ਸੰਸਥਾਵਾਂ ਦੇ ਪ੍ਰਧਾਨ ਵੀ ਸਨ। ਉਨ੍ਹਾਂ ਵਿਚੋਂ ਮੁੱਖ ਤੌਰ ਤੇ ਕੇਂਦਰੀ ਸਿੰਘ ਸਭਾ-21-3-93, ਸਿਖ ਐਜੂਕੇਸ਼ਨ ਸੋਸਾਇਟੀ ਚੰਡੀਗੜ੍ਹ -1995, ਨਨਕਾਣਾ ਸਾਹਿਬ ਐਜੂਕੇਸ਼ਨ ਸੋਸਾਇਟੀ-1973 ਅਤੇ ਤੱਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸੱਚ -ਖੰਡ ਬੋਰਡ ਦੇ ਚੇਅਰਮੈਨ ਵਰਣਨਯੋਗ ਹਨ। ਉਨ੍ਹਾਂ ਨੇ ਕਈ ਵਿਦਿਅਕ ਸੰਸਥਾਵਾਂ ਵੀ ਸਥਾਪਤ ਕੀਤੀਆਂ ਜਿਨ੍ਹਾਂ ਵਿਚ ਬਾਬਾ ਬੰਦਾ ਸਿੰਘ ਬਹਾਦਰ ਇੰਜਿਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ-1993 ਵਿਚ ਆਦਿ ਹਨ। ਜਥੇਦਾਰ ਟੌਹੜਾ ਆਮ ਤੌਰ ਤੇ ਕਿਸੇ ਨਾ ਕਿਸੇ ਟਿਪਣੀ ਕਰਕੇ ਵਿਵਾਦਾਂ ਵਿਚ ਘਿਰੇ ਰਹਿੰਦੇ ਸਨ, ਉਹ ਹਮੇਸ਼ਾ ਵਿਲੱਖਣ ਚਰਚਾ ਹੀ ਛੇੜਦੇ ਸਨ ਪ੍ਰੰਤੂ ਜਥੇਦਾਰ ਟੌਹੜਾ ਜਿੰਨਾ ਕੋਈ ਵੀ ਸਿਆਸਤਦਾਨ ਸੂਝਵਾਨ ਅਤੇ ਇਮਾਨਦਾਰ ਹੋਣਾ ਮੁਸ਼ਕਲ ਹੈ। ਇਸੇ ਕਰਕੇ ਉਹਨਾਂ ਨੂੰ ਸਿੱਖਾਂ ਦਾ ਰੌਸ਼ਨ ਦਿਮਾਗ ਨੇਤਾ ਕਿਹਾ ਜਾਂਦਾ ਸੀ। ਕੋਈ ਵੀ ਗੱਲ ਉਹ ਅਵੇਸਲੇ ਹੋਕੇ ਜਾਂ ਅਚਾਨਕ ਨਹੀਂ ਸਗੋਂ ਜਾਣ ਬੁਝ ਕੇ ਹੀ ਕਰਦੇ ਸਨ। ਉਹ 1 ਅਪ੍ਰੈਲ 2004 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਮਰਨ ਉਪਰੰਤ ਉਨ੍ਹਾਂ ਨੂੰ ਪੰਥ ਰਤਨ ਦਾ ਖ਼ਿਤਾਬ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਤਾ ਗਿਆ। ਜਥੇਦਾਰ ਟੌਹੜਾ ਨੇ ਆਪਣੀ ਲਿਆਕਤ, ਦਿਆਨਤਦਾਰੀ ਅਤੇ ਇਮਾਨਦਾਰੀ ਕਰਕੇ ਆਪਣੀ ਕਰਨੀ ਤੇ ਕਹਿਣੀ ਦਾ ਸਿੱਕਾ ਆਪਣੇ ਵਿਰੋਧੀਆਂ ਤੇ ਵੀ ਚਲਾਇਆ। ਜਥੇਦਾਰ ਟੌਹੜਾ ਹਮੇਸ਼ਾ ਹੀ ਕੰਡਿਆਲੇ ਰਾਹਾਂ ਦਾ ਪਾਂਧੀ ਰਿਹਾ ਹੈ ਪ੍ਰੰਤੂ ਕਦੇ ਲੜਖੜਾਇਆ ਨਹੀਂ ਸਿਰਫ ਆਪਣੀ ਜ਼ਿੰਦਗੀ ਦੇ ਅਖੀਰੀ ਦਿਨਾਂ ਵਿਚ ਪਰਿਵਾਰਕ ਮਜ਼ਬੂਰੀਆਂ ਕਰਕੇ ਉਸ ਨੂੰ ਥਿੜ੍ਹਕਣਾ ਪਿਆ। ਉਨ੍ਹਾਂ ਦਾ ਵਿਆਹ ਸਰਦਾਰਨੀ ਜੋਗਿੰਦਰ ਕੌਰ ਨਾਲ ਹੋਇਆ, ਜੋ ਸਿਖ ਵਿਚਾਰਧਾਰਾ ਨਾਲ ਪਰੁਚੀ ਹੋਈ ਸੀ। ਉਨ੍ਹਾਂ ਦੀ ਇੱਕ ਗੋਦ ਲਈ ਹੋਈ ਲੜਕੀ ਕੁਲਦੀਪ ਕੌਰ ਹੈ ਜੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਹੈ। ਉਨ੍ਹਾਂ ਦਾ ਜਵਾਈ ਹਰਮੇਲ ਸਿੰਘ ਪੰਜਾਬ ਦਾ ਮੰਤਰੀ ਰਿਹਾ ਹੈ। ਹਰਮੇਲ ਸਿੰਘ ਟੌਹੜਾ ਦਾ ਲੜਕਾ ਹਰਿੰਦਰਪਾਲ ਸਿੰਘ ਟੌਹੜਾ ਮਾਰਕੀਟ ਕਮੇਟੀ ਪਟਿਆਲਾ ਦਾ ਚੇਅਰਮੈਨ ਰਿਹਾ ਹੈ। ਸਿੱਖ ਇਤਿਹਾਸ ਵਿਚ ਜੱਥੇਦਾਰ ਟੌਹੜਾ ਇਮਾਨਦਾਰੀ ਅਤੇ ਸਾਦਗੀ ਦੇ ਪ੍ਰਤੀਕ ਦੇ ਤੌਰ ਤੇ ਜਾਣੇ ਜਾਂਦੇ ਰਹਿਣਗੇ। ਉਚੇ ਅਹੁਦਿਆਂ ਤੇ ਰਹਿਣ ਦੇ ਬਾਵਜੂਦ ਵੀ ਇਮਾਨਦਾਰੀ ਦਾ ਪੱਲਾ ਨਹੀਂ ਛੱਡਿਆ, ਜਿਹੜੀ ਜਾਇਦਾਦ ਸਿਆਸਤ ਵਿਚ ਆਉਣ ਤੋਂ ਪਹਿਲਾਂ ਸੀ, ਉਹੀ ਅਖ਼ੀਰ ਤੱਕ ਰਹੀ। ਅਜਿਹੇ ਵਿਲੱਖਣ ਇਨਸਾਨ ਆਟੇ ਵਿਚ ਲੂਣ ਦੇ ਬਰਾਬਰ ਹੀ ਮਿਲਦੇ ਹਨ।
ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਜਨਮ 24 ਸਤੰਬਰ 1924 ਨੂੰ ਦਲੀਪ ਸਿੰਘ ਦੇ ਘਰ ਮਾਤਾ ਬਸੰਤ ਕੌਰ ਦੀ ਕੁੱਖੋਂ ਪਟਿਆਲਾ ਜ਼ਿਲ੍ਹੇ ਦੇ ਪਿੰਡ ਟੌਹੜਾ ਵਿਖੇ ਹੋਇਆ। ਉਨ੍ਹਾਂ ਦਾ ਬਚਪਨ ਤੋਂ ਹੀ ਸਿੱਖੀ ਵਲ ਰੁਝਾਨ ਸੀ ਕਿਉਂਕਿ ਉਸਦੇ ਮਾਤਾ ਪਿਤਾ ਵੀ ਪੂਰਨ ਗੁਰਸਿਖ ਸਨ। ਇਸੇ ਲਈ ਗੁਰਚਰਨ ਸਿੰਘ ਟੌਹੜਾ 13 ਸਾਲ ਦੀ ਉਮਰ ਵਿਚ 1937 ਵਿਚ ਅੰਮ੍ਰਿਤ ਪਾਨ ਕਰਕੇ ਗੁਰੂ ਦੇ ਲੜ ਲੱਗ ਗਏ ਸਨ। ਉਹ ਲਗਪਗ 18 ਸਾਲ ਸਿੱਖੀ ਅਤੇ ਸਿੱਖ ਵਿਚਾਰਧਾਰਾ ਦੇ ਪ੍ਰਚਾਰਕ ਦੇ ਤੌਰ ਤੇ ਵਿਚਰਦੇ ਰਹੇ। ਉਹ ਸਾਰੀ ਉਮਰ ਸਿੱਖ ਵਿਚਾਰਧਾਰਾ ਨੂੰ ਸਮਰਪਤ ਰਹੇ। ਉਨ੍ਹਾਂ ਨੇ ਬਹੁਤੀ ਸਕੂਲੀ ਵਿਦਿਆ ਪ੍ਰਾਪਤ ਨਹੀਂ ਕੀਤੀ ਪ੍ਰੰਤੂ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕਰ ਲਈ ਅਤੇ ਥੋੜ੍ਹਾ ਸਮਾਂ ਸੰਸਕ੍ਰਿਤ ਵਿਦਿਆਲਿਆ ਪਟਿਆਲਾ ਵਿਚ ਪੜ੍ਹਾਈ ਕੀਤੀ। ਉਨ੍ਹਾਂ ਨੇ 14 ਸਾਲ ਦੀ ਅੱਲ੍ਹੜ ਉਮਰ ਵਿਚ ਸ਼ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਕੇ ਆਪਣਾ ਸਿਆਸੀ ਜੀਵਨ ਸ਼ੁਰੂ ਕਰ ਲਿਆ। ਜਥੇਦਾਰ ਟੌਹੜਾ ਨੇ ਅਕਾਲੀ ਮੋਰਚੇ ਵਿਚ 1944 ਵਿਚ ਹਿੱਸਾ ਲਿਆ ਅਤੇ ਜੇਲ੍ਹ ਯਾਤਰਾ ਵੀ ਕੀਤੀ। ਇਸ ਤੋਂ ਬਾਅਦ ਉਸ ਨੇ ਹਰ ਅਕਾਲੀ ਮੋਰਚੇ ਵਿਚ ਸਰਗਰਮੀ ਨਾਲ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਅਤੇ ਅਨੇਕਾਂ ਵਾਰ ਜੇਲ੍ਹ ਕੱਟੀ। ਉਨ੍ਹਾਂ ਨੂੰ ਪਹਿਲੀ ਵਾਰ 1948 ਵਿਚ ਰਿਆਸਤੀ ਅਕਾਲੀ ਦਲ ਦਾ ਸਕੱਤਰ ਬਣਾਇਆ ਗਿਆ। ਉਹ 28 ਸਾਲ ਦੀ ਭਰ ਜਵਾਨੀ ਦੀ ਉਮਰ ਵਿੱਚ 1952 ਵਿਚ ਜ਼ਿਲ੍ਹਾ ਅਕਾਲੀ ਜੱਥਾ ਫਤਿਹਗੜ੍ਹ ਸਾਹਿਬ ਦੇ ਜਥੇਦਾਰ ਬਣੇ। ਪਟਿਆਲਾ ਰਿਆਸਤ ਦੇ ਪੰਜਾਬ ਵਿਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੂੰ 1957 ਵਿਚ ਜ਼ਿਲ੍ਹਾ ਅਕਾਲੀ ਜੱਥਾ ਪਟਿਆਲਾ ਦਾ ਪ੍ਰਧਾਨ ਬਣਾਇਆ ਗਿਆ। ਅਕਾਲੀ ਦਲ ਦੀ ਸਿਆਸਤ ਵਿਚ ਉਹ ਅਕਾਲੀ ਦਲ ਦੇ ਮਾਸਟਰ ਤਾਰਾ ਸਿੰਘ ਧੜੇ ਵਿਚ ਸ਼ਾਮਲ ਹੋ ਗਏ ਅਤੇ ਉਨ੍ਹਾਂ ਨੂੰ ਮਾਸਟਰ ਤਾਰਾ ਸਿੰਘ ਨੇ 1959 ਵਿਚ ਸ਼ਰੋਮਣੀ ਅਕਾਲੀ ਦਲ ਪੰਜਾਬ ਦਾ ਉਪ ਪ੍ਰਧਾਨ ਬਣਾ ਦਿੱਤਾ। 1960 ਵਿਚ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਗਏ ਅਤੇ ਲਗਾਤਾਰ ਉਸ ਤੋਂ ਬਾਅਦ ਆਪਣੀ ਮੌਤ 1 ਅਪ੍ਰੈਲ 2004 ਤੱਕ ਇਸਦੇ ਮੈਂਬਰ ਰਹੇ। ਉਹ 6 ਜਨਵਰੀ 1973 ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ ਅਤੇ ਇਸ ਤੋਂ ਬਾਅਦ ਲਗਾਤਾਰ 27 ਵਾਰ ਪ੍ਰਧਾਨ ਚੁਣੇ ਜਾਂਦੇ ਰਹੇ, ਸਿਰਫ ਥੋੜ੍ਹਾ ਸਮਾਂ ਜਦੋਂ ਪਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਆਪਣੀ ਥਾਂ ਪਾਰਟੀ ਦੇ ਹੋਰ ਨੇਤਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਦੀ ਸਲਾਹ ਦਿੱਤੀ, ਪ੍ਰੰਤੂ ਪਰਕਾਸ਼ ਸਿੰਘ ਬਾਦਲ ਨੇ ਟੌਹੜਾ ਸਾਹਿਬ ਨੂੰ ਪ੍ਰਧਾਨਗੀ ਤੋਂ ਹਟਾਉਣ ਦਾ ਮਤਾ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਤੋਂ ਪਵਾ ਲਿਆ, ਜਿਸ ਤੋਂ ਬਾਅਦ ਟੌਹੜਾ ਸਾਹਿਬ ਨੇ 14 ਅਪ੍ਰੈਲ 1999 ਨੂੰ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਨੇ 30 ਮਈ 1999 ਨੂੰ ਸਰਬ ਹਿੰਦ ਅਕਾਲੀ ਦਲ ਦੀ ਸਥਾਪਨਾ ਕੀਤੀ ਅਤੇ ਉਸਦੇ ਪ੍ਰਧਾਨ ਬਣ ਗਏੇ , ਜਦੋਂ ਉਨ੍ਹਾਂ ਦੋਹਾਂ ਲੀਡਰਾਂ ਦਾ ਆਪਸ ਵਿਚ ਸਮਝੌਤਾ ਹੋ ਗਿਆ ਤਾਂ ਫਿਰ ਉਨ੍ਹਾਂ ਨੂੰ ਕ੍ਰਿਪਾਲ ਸਿੰਘ ਬਡੂੰਗਰ ਤੋਂ ਅਸਤੀਫ਼ਾ ਲੈ ਕੇ ਦੁਬਾਰਾ 20 ਜੁਲਾਈ 2003 ਵਿਚ ਪ੍ਰਧਾਨ ਬਣਾ ਦਿੱਤਾ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
Comments
Post a Comment