ਸ਼ਕਤੀ, ਭਗਤੀ ਤੇ ਸਮਾਜਿਕ ਸੁਧਾਰਾਂ ਦਾ ਸੁਮੇਲ : ਬਾਬਾ ਰਾਮ ਸਿੰਘ ਨਾਮਧਾਰੀ
ਆਜ਼ਾਦੀ ਦੇ ਸੰਗ੍ਰਾਮ ਵਿੱਚ ਪੰਜਾਬੀਆਂ ਖਾਸ ਤੌਰ ‘ਤੇ ਸਿੱਖਾਂ ਦਾ ਯੋਗਦਾਨ ਵਿਲੱਖਣ ਰਿਹਾ ਹੈ। ਕੁਰਬਾਨੀਆਂ ਦੇਣ, ਸਜਾਵਾਂ ਕੱਟਣ, ਅੰਦੋਲਨ ਕਰਨ ਅਤੇ ਆਜ਼ਾਦੀ ਦੀ ਹਰ ਮੁਹਿੰਮ ਵਿੱਚ ਵੀ ਪੰਜਾਬੀਆਂ/ਸਿੱਖਾਂ ਦਾ ਯੋਗਦਾਨ ਸਮੁੱਚੇ ਦੇਸ਼ ਨਾਲੋਂ ਬਿਹਤਰੀਨ ਰਿਹਾ। ਇਥੋਂ ਤੱਕ ਕਿ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਪਹਿਲਾਂ ਪੰਜਾਬੀਆਂ/ਸਿੱਖਾਂ ਨੇ ਅੰਦੋਲਨ ਸ਼ੁਰੂ ਕੀਤਾ ਸੀ, ਇਹ ਮਾਣ ਵੀ ਬਾਬਾ ਰਾਮ ਸਿੰਘ ਨੂੰ ਜਾਂਦਾ ਹੈ। ਬਾਬਾ ਰਾਮ ਸਿੰਘ ਨੇ ਪੰਜਾਬੀਆਂ/ਸਿੱਖਾਂ ਨੂੰ ਆਜ਼ਾਦੀ ਦੀ ਲੜਾਈ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਸੀ। ਉਹ ਹੀ ਪਹਿਲੇ ਦੇਸ਼ ਭਗਤ ਸਨ, ਜਿਨ੍ਹਾਂ ਸਰਕਾਰ ਨਾਲ ਨਾਮਿਲਵਰਨ ਦੀ ਲਹਿਰ ਸ਼ੁਰੂ ਕੀਤੀ ਤੇ ਵਿਦੇਸ਼ੀ ਚੀਜ਼ਾਂ ਦਾ ਬਾਈਕਾਟ ਕਰਨ ਦਾ ਐਲਾਨ ਹੀ ਨਹੀਂ ਸਗੋਂ ਲਾਗੂ ਕੀਤਾ ਸੀ। ਅੰਗਰੇਜ਼ ਸਰਕਾਰ ਦੀ ਸ਼ਹਿ ‘ਤੇ ਮਹੰਤਾਂ ਵੱਲੋਂ ਪੰਜਾਬੀਆਂ/ਸਿੱਖਾਂ ਦੀ ਧਾਰਮਿਕ, ਸਮਾਜਿਕ ਅਤੇ ਸਭਿਆਰਿਕ ਵਿਰਾਸਤ ਨੂੰ ਪਲੀਤ ਕਰਨ ਲਈ ਕੀਤੇ ਜਾ ਰਹੇ ਕਦਮਾ ਦਾ ਵੀ ਬਾਬਾ ਰਾਮ ਸਿੰਘ ਨੇ ਡੱਟਕੇ ਵਿਰੋਧ ਕੀਤਾ ਸੀ। ਉਨ੍ਹਾਂ ਪੰਜਾਬੀਆਂ/ਸਿੱਖਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਵਾਸਤੇ ਪ੍ਰੋਗਰਾਮ ਬਣਾਏ ਅਤੇ ਲੋਕਾਂ ਨੂੰ ਜਾਗ੍ਰਤ ਕੀਤਾ। ਅੰਮ੍ਰਿਤ ਪ੍ਰਚਾਰ ਦੀ ਮੁਹਿੰਮ ਵੱਡੇ ਪੱਧਰ ‘ਤੇ ਸ਼ੁਰੂ ਕੀਤੀ ਤਾਂ ਜੋ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਾ ਸਕੇ। ਬਾਬਾ ਰਾਮ ਸਿੰਘ ਨੇ ਸਿੱਖ ਸੰਗਤਾਂ ਨੂੰ ਕੀਰਤਨ ਕਰਨ ਲਈ ਪ੍ਰੇਰਿਆ। ਕੀਰਤਨ ਕਰਨ ਸਮੇਂ ਸਿੱਖ ਸੰਗਤਾਂ ਇਕੱਠਿਆਂ ਮਿਲ ਕੇ ਇੱਕ ਆਵਾਜ਼ ਵਿੱਚ ਕੀਰਤਨ ਕਰਦੀਆਂ ਸਨ, ਭਾਵ ਉਹ ਕੂਕ-ਕੂਕ ਕੇ ਕੀਰਤਨ ਕਰਦੇ ਸਨ। ਜਿਸ ਕਰਕੇ ਇਨ੍ਹਾਂ ਨੂੰ ਕੂਕੇ ਕਿਹਾ ਜਾਣ ਲੱਗਾ। ਲਗਪਗ 10 ਸਾਲ ਅੰਮ੍ਰਿਤ ਸੰਚਾਰ ਅਤੇ ਨਸ਼ਿਆਂ ਵਿਰੁੱਧ ਮੁਹਿੰਮ ਚਲਦੀ ਰਹੀ, ਜਿਸ ਕਰਕੇ ਸਿੱਖ ਜਗਤ ਜਾਗ੍ਰਤ ਹੋ ਗਿਆ। ਆਜ਼ਾਦੀ ਦੀ ਜਦੋਜਹਿਦ ਵਿੱਚ ਬਾਬਾ ਰਾਮ ਸਿੰਘ ਦੀ ਅਗਵਾਈ ਵਿੱਚ ਸਿੱਖ ਜਗਤ ਦੀ ਸਰਗਰਮੀ ਨੇ ਅੰਗਰੇਜ਼ ਸਰਕਾਰ ਦੀ ਨੀਂਦ ਹਰਾਮ ਕਰ ਦਿੱਤੀ। ਬਾਬਾ ਰਾਮ ਸਿੰਘ ਨੇ ਆਪਣੀ ਸੰਗਤ ਨੂੰ ਜਿਹੜੇ ਸੰਦੇਸ਼ ਭੇਜਣੇ ਹੁੰਦੇ ਸੀ, ਸਰਕਾਰ ਉਨ੍ਹਾਂ ਨੂੰ ਖੋਲ੍ਹ ਕੇ ਪੜ੍ਹ ਲੈਂਦੀ ਸੀ। ਬਾਬਾ ਜੀ ਨੇ ਆਪਣੀ ਹੀ ‘ਕੂਕਾ ਪੋਸਟਲ ਸਰਵਿਸ’ ਸ਼ੁਰੂ ਕਰ ਦਿੱਤੀ ਤਾਂ ਜੋ ਉਨ੍ਹਾਂ ਦੀਆਂ ਸਰਗਰਮੀਆਂ ਬਾਰੇ ਅੰਗਰੇਜ਼ ਸਰਕਾਰ ਨੂੰ ਪਤਾ ਨਾ ਲੱਗ ਸਕੇ। ਸਰਕਾਰ ਨਾਮਧਾਰੀ ਵਰਗ ਦੀਆਂ ਸਰਗਰਮੀਆਂ ਤੋਂ ਇਤਨੀ ਚਿੰਤਾਤੁਰ ਹੋ ਗਈ, ਉਹ ਉਨ੍ਹਾਂ ਦੀ ਪੈਰਲਲ ਸਰਕਾਰ ਸਮਝਦੀ ਸੀ। ਵਿਆਹਾਂ ਤੇ ਖ਼ਰਚੇ ਘਟਾਉਣ ਲਈ ਉਨ੍ਹਾਂ ਸਾਧਾਰਣ ਢੰਗ ਨਾਲ ਸਮੂਹਕ ਵਿਆਹ ਕਰਵਾਉਣੇ ਸ਼ੁਰੂ ਕਰ ਦਿੱਤਾ। ਪਹਿਲਾ ਵਿਆਹ ਸਮਾਗਮ ਦੇ ਆਨੰਦ ਕਾਰਜ 1863 ਵਿੱਚ ਪਿੰਡ ਖੋਟੇ ਵਿੱਚ ਕੀਤਾ ਗਿਆ। ਹਰਿਮੰਦਰ ਸਾਹਿਬ ਦੇ ਨਜ਼ਦੀਕ ਕੰਵਰ ਨੌਨਿਹਾਲ ਸਿੰਘ ਦਾ ਬੁੰਗਾ ਅਤੇ ਰਾਣੀ ਸਦਾ ਕੌਰ ਦੀ ਅਟਾਰੀ ਢਾਹ ਦਿੱਤੀ ਗਈ, ਜਿਸ ਦੇ ਵਿਰੋਧ ਵਿੱਚ ਨਾਮਧਾਰੀਆਂ ਨੇ ਵਿਰੋਧ ਕੀਤਾ। ਇਸੇ ਤਰ੍ਹਾਂ ਕੂਕਿਆਂ ਨੇ 1871 ਵਿੱਚ ਗਊਆਂ ਦੀ ਹੱਤਿਆ ਦੇ ਵਿਰੁਧ ਅੰਦੋਲਨ ਸ਼ੁਰੂ ਕਰ ਦਿੱਤਾ ਅਤੇ ਅੰਮ੍ਰਿਤਸਰ, ਰਾਏਕੋਟ ‘ਤੇ ਮਾਲੇਰਕੋਟਲਾ ਦੇ ਬੁੱਚੜਖਾਨਿਆਂ ਤੇ ਹਮਲੇ ਕਰ ਦਿੱਤੇ ਤੇ ਕਈ ਬੁੱਚੜਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਕਰਕੇ ਅੰਗਰੇਜ਼ਾਂ ਨੇ ਕੁਝ ਕੂਕਿਆਂ ਨੂੰ ਫਾਂਸੀ ਦੀ ਸਜਾ ਦੇ ਦਿੱਤੀ। ਇਸੇ ਲੜੀ ਵਿੱਚ 15 ਜਨਵਰੀ 1872 ਨੂੰ 125 ਕੂਕਿਆਂ ਨੇ ਮਾਲੇਰਕੋਟਲਾ ਵਿਖੇ ਗਊਆਂ ਨੂੰ ਛੁਡਵਾਉਣ ਲਈ ਬੁੱਚੜਾਂ ਤੇ ਹਮਲਾ ਕਰ ਦਿੱਤਾ। ਅੰਗਰੇਜ਼ ਸਰਕਾਰ ਨੇ 68 ਕੂਕਿਆਂ ਨੂੰ ਮਾਲੇਰਕੋਟਲਾ ਵਿਖੇ ਤੋਪਾਂ ਨਾਲ ਸ਼ਹੀਦ ਕਰ ਦਿੱਤਾ। ਬਾਬਾ ਰਾਮ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਦੇਸ਼ ਨਿਕਾਲਾ ਦੇ ਕੇ (ਬਰ੍ਹਮਾ) ਰੰਗੂਨ ਮੀਆਂ ਮੀਰ ਭੇਜ ਦਿੱਤਾ। 13 ਸਾਲ ਜੇਲ੍ਹ ਵਿੱਚ ਬਾਬਾ ਰਾਮ ਸਿੰਘ ਨੂੰ ਤਸੀਹੇ ਦਿੱਤੇ ਜਾਂਦੇ ਰਹੇ। ਕੂਕਿਆਂ ਦੀ ਯਾਦ ਵਿੱਚ ਮਾਲੇਰਕੋਟਲਾ ਵਿਖੇ ਇੱਕ ਯਾਦਗਾਰ ਬਣਾਈ ਗਈ ਹੈ, ਜਿਸਦਾ ਨੀਂਹ ਪੱਥਰ ਤਤਕਾਲੀ ਮੁੱਖ ਮੰਤਰੀ ਸ੍ਰ ਬੇਅੰਤ ਸਿੰਘ ਨੇ ਰੱਖਿਆ ਸੀ। ਅੱਜ ਵੀ ਬਾਬਾ ਰਾਮ ਸਿੰਘ ਦੀ ਵਿਚਾਰਧਾਰਾ ਤੇ ਅਧਾਰਤ ਕੂਕਿਆਂ ਦੇ ਮੁੱਖ ਦਫਤਰ ਭੈਣੀ ਸਾਹਿਬ ਵਿਖੇ ਇੱਕ ਕੇਂਦਰ ਚਲ ਰਿਹਾ ਹੈ, ਜਿਥੇ ਹਰ ਸਾਲ ਨਾਮਧਾਰੀ (ਕੂਕੇ) ਇਕੱਠੇ ਹੋ ਵਿਸ਼ਾਲ ਸਮਾਗਮ ਕਰਦੇ ਹਨ ਅਤੇ ਬਾਬਾ ਰਾਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਨ। ਅੰਗਰੇਜ਼ ਸਰਕਾਰ ਨੇ ਬਾਬਾ ਰਾਮ ਸਿੰਘ ਨੂੰ ਮੀਆਂ ਮੀਰ ਜੇਲ੍ਹ ਵਿੱਚ ਭੇਜਣ ਤੋਂ ਪਹਿਲਾਂ ਕਈ ਵਾਰ ਘਰ ਵਿੱਚ ਹੀ ਕੈਦ ਕੀਤਾ ਗਿਆ ਸੀ ਤਾਂ ਜੋ ਉਨ੍ਹਾਂ ਨੂੰ ਸਰਗਰਮੀ ਨਾਲ ਸਰਕਾਰ ਵਿਰੁੱਧ ਕਾਰਵਾਈਆਂ ਕਰਨ ਤੋਂ ਰੋਕਿਆ ਜਾ ਸਕੇ।
ਬਾਬਾ ਰਾਮ ਸਿੰਘ 1936 ਵਿੱਚ 21 ਸਾਲ ਦੀ ਉਮਰ ਵਿੱਚ ਹੀ ਪਹਿਲੇ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਭਰਤੀ ਹੋ ਗਏ ਸਨ। ਉਹ ਕੰਵਰ ਨੌਨਿਹਾਲ ਸਿੰਘ ਦੀ ਬਘੇਲ ਪਲਾਟੂਨ ਵਿੱਚ ਸਨ। ਨੌਕਰੀ ਸਮੇਂ ਵੀ ਉਹ ਧਾਰਮਿਕ ਰੁਚੀ ਵਿੱਚ ਗੜੁਚ ਹੋਣ ਕਰਕੇ ਪਾਠ ਪੂਜਾ ਕਰਦੇ ਰਹਿੰਦੇ ਸਨ। ਵਿਚਾਰ ਵਟਾਂਦਰੇ ਵਿੱਚ ਵੀ ਉਹ ਗਿਆਨ ਅਤੇ ਗੁਣਾਂ ਦੀ ਗੁੱਠਲੀ ਹੋਣ ਕਰਕੇ ਫੌਜੀਆਂ ਵਿੱਚ ਭਗਤ ਦੇ ਤੌਰ ਤੇ ਜਾਣੇ ਜਾਂਦੇ ਸਨ। ਨੌਕਰੀ ਦੌਰਾਨ ਹੀ ਉਨ੍ਹਾਂ ਦੀ ਮੁਲਾਕਾਤ ਬਾਬਾ ਬਾਲਕ ਸਿੰਘ ਨਾਲ ਹੋ ਗਈ, ਜਦੋਂ ਉਹ ਪੇਸ਼ਾਵਰ ਤੋਂ ਆਪਣੀ ਪਲਾਟੂਨ ਨਾਲ ਵਾਪਸ ਆ ਰਹੇ ਸੀ ਤਾਂ ਉਹ ਹਜੌਰ ਵਿਖੇ (ਹੁਣ ਪਾਕਿਸਤਾਨ) ਠਹਿਰੇ । ਬਾਬਾ ਬਾਲਕ ਸਿੰਘ ਨੇ ਬਾਬਾ ਰਾਮ ਸਿੰਘ ਨੂੰ ਖ਼ੁਸ਼ਆਮਦੀਦ ਕਹਿੰਦਿਆਂ ਆਪਣਾ ਉਤਰ ਅਧਿਕਾਰੀ ਐਲਾਨ ਕਰ ਦਿੱਤਾ। ਇੱਕ ਪਾਸੇ ਬਾਬਾ ਬਾਲਕ ਸਿੰਘ ਤੇ ਦੂਜੇ ਪਾਸੇ ਬਾਬਾ ਰਾਮ ਸਿੰਘ ਇੱਕ ਦੂਜੇ ਤੋਂ ਬਹੁਤ ਹੀ ਪ੍ਰਭਾਵਤ ਹੋਏ। ਉਹ ਇਸ ਪ੍ਰਕਾਰ ਮਿਲੇ ਜਿਵੇਂ ਵਰਿ੍ਹਆਂ ਤੋਂ ਇੱਕ ਦੂਜੇ ਨੂੰ ਜਾਣਦੇ ਸਨ। ਉਨ੍ਹਾਂ ਨੇ 9 ਸਾਲ ਅਰਥਾਤ 1845 ਤੱਕ ਫੌਜ ਵਿੱਚ ਸੇਵਾ ਕੀਤੀ। ਫੌਜ ਦੀ ਨੌਕਰੀ ਛੱਡਣ ਤੋਂ ਉਪਰੰਤ ਆਪਣੇ ਪਿੰਡ ਆ ਕੇ ਪਿਤਾ ਪੁਰਖੀ ਤਰਖਾਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਪ੍ਰੰਤੂ ਉਨ੍ਹਾਂ ਦੀ ਧਾਰਮਿਕ ਵਿਚਾਰਧਾਰਾ ਉਸ ਨੂੰ ਧਰਮ ਕਰਮ ਦੇ ਕੰਮ ਕਰਨ ਲਈ ਕੁਰੇਦਦੀ ਰਹੀ। ਉਹ ਆਪਣੀ ਧਾਰਮਿਕ ਵਿਚਾਰਧਾਰਾ ਤੇ ਕੰਮ ਦੇ ਸਮੇਂ ਵੀ ਪੂਰਾ ਧਿਆਨ ਦਿੰਦੇ ਸਨ। ਉਨ੍ਹਾਂ ਦੀ ਧਾਰਮਿਕ ਰੁਚੀ ਕਰਕੇ ਉਹ ਜਲਦੀ ਹੀ ਇਲਾਕੇ ਵਿੱਚ ਇੱਕ ਧਾਰਮਿਕ ਸ਼ਖਸ਼ੀਅਤ ਦੇ ਤੌਰ ਤੇ ਹਰਮਨ ਪਿਆਰੇ ਅਤੇ ਪ੍ਰਸਿਧ ਹੋ ਗਏ। ਜਲਦੀ ਹੀ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਉਨ੍ਹਾਂ ਦੇ ਪ੍ਰਵਚਨ ਸੁਣਨ ਅਤੇ ਦਰਸ਼ਨ ਕਰਨ ਲਈ ਆਉਣ ਲੱਗ ਪਏ। 1857 ਨੂੰ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਬਾਬਾ ਰਾਮ ਸਿੰਘ ਨੇ ਇੱਕ ਨਵੀਂ ਜੱਥੇਬੰਦੀ ਬਣਾਈ, ਜਿਸਦਾ ਨਾਂ ‘ਨਾਮਧਾਰੀ ਲਹਿਰ’ ਰੱਖਿਆ। ਇਹ ਜੱਥੇਬੰਦੀ ਪੰਜ ਸਿੰਘਾਂ ਨੂੰ ਬਾਟੇ ਤੇ ਖੰਡੇ ਦਾ ਅੰਮ੍ਰਿਤ ਛਕਾ ਕੇ ਬਣਾਈ ਸੀ। ਇਨ੍ਹਾਂ ਪੰਜ ਸਿੰਘਾਂ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ ਉਨ੍ਹਾਂ ਨੇ ਇਲਾਕੇ ਵਿੱਚ ਵੱਡੇ ਪੱਧਰ ਤੇ ਸੰਗਤਾਂ ਨੂੰ ਅੰਮ੍ਰਿਤ ਛਕਾਉਣ ਦਾ ਕਾਰਜ ਆਰੰਭਿਆ ਤਾਂ ਜੋ ਵੱਧ ਤੋਂ ਵੱਧ ਲੋਕ ਗੁਰੂ ਦੇ ਲੜ ਲੱਗ ਸਕਣ। ਉਨ੍ਹਾਂ ਸਾਰੇ ਨਾਮਧਾਰੀਆਂ ਨੂੰ ਸਿੱਖ ਧਰਮ ਦੇ ਸਾਰੇ ਸਿਧਾਂਤਾਂ ਤੇ ਵਿਚਾਰਧਾਰਾ ਨੂੰ ਅਪਣਾਕੇ ਅਮਲੀ ਜ਼ਿੰਦਗੀ ਵਿੱਚ ਉਨ੍ਹਾਂ ‘ਤੇ ਪਹਿਰਾ ਦੇਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਨਾਮਧਾਰੀਆਂ ਨੂੰ ਸ਼ਾਂਤੀ ਦੇ ਪ੍ਰਤੀਕ ਚਿੱਟੇ ਕਪੜੇ ਪਾਉਣ ਅਤੇ ਗੋਲਾਈਦਾਰ ਪੱਗ ਬੰਨ੍ਹਣ ਅਤੇ ਆਪਣੇ ਪਾਸ ਸਫੈਦ ਉੱਨ ਦੀ ਮਾਲਾ ਰੱਖਣ ਦਾ ਆਦੇਸ਼ ਦਿੱਤਾ। ਇਨ੍ਹਾਂ ਅੰਮ੍ਰਿਤਧਾਰੀਆਂ ਨੂੰ ਨਾਮਧਾਰੀ ਤੋਂ ਇਲਾਵਾ ‘ਸੰਤ ਖਾਲਸਾ ਜਾਂ ਕੂਕੇ’ ਵੀ ਕਿਹਾ ਜਾਂਦਾ ਸੀ। ਉਨ੍ਹਾਂ ਕੂਕਿਆਂ ਨੂੰ ਵਿਦੇਸ਼ੀ ਚੀਜ਼ਾਂ ਪਹਿਨਣ ਤੇ ਵਰਤਣ ਦਾ ਬਾਈਕਾਟ ਕਰਨ ਲਈ ਵੀ ਕਿਹਾ ਸੀ। ਇਥੋਂ ਤੱਕ ਕਿ ਸਕੂਲਾਂ, ਕਾਲਜਾਂ, ਕੋਰਟ ਕਚਹਿਰੀਆਂ ਅਤੇ ਰੇਲਾਂ ਦਾ ਬਾਈਕਾਟ ਕਰਨ ਦੀ ਵੀ ਤਾਕੀਦ ਕੀਤੀ । ਆਜ਼ਾਦੀ ਦੀ ਲੜਾਈ ਨੂੰ ਹੋਰ ਤੇਜ਼ ਕਰਨ ਲਈ ਬਾਬਾ ਰਾਮ ਸਿੰਘ ਨੇ ਕਸ਼ਮੀਰ, ਨੈਪਾਲ, ਕਾਬੁਲ ਅਤੇ ਰੂਸ ਨਾਲ ਤਾਲਮੇਲ ਕੀਤਾ ਅਤੇ ਕੂਕਾ ਪਲਾਟੂਨ ਵੀ ਬਣਾਈ। ਉਨ੍ਹਾਂ ਦਾ ਇਹ ਕਦਮ ਅੰਗਰੇਜ਼ੀ ਰਾਜ ਵਿਰੁੱਧ ਬਗ਼ਬਤ ਸੀ। ਆਜ਼ਾਦੀ ਦੀ ਜੱਦੋਜਹਿਦ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਉਨ੍ਹਾਂ ਨੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਪ੍ਰਚਾਰ ਕੇਂਦਰ ਸਥਾਪਤ ਕੀਤੇ। ਹਰੇਕ ਕੇਂਦਰ ਵਿੱਚ ਨਿਯੁਕਤ ਕੀਤੇ ਪ੍ਰਤੀਨਿਧ ਨੂੰ ਸੂਬਾ ਕਿਹਾ ਜਾਂਦਾ ਸੀ। ਛੇਤੀ ਹੀ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਉਨ੍ਹਾਂ ਨਾਲ ਜੁੜ ਗਏ ਤੇ ਭੈਣੀ ਸਾਹਿਬ ਉਨ੍ਹਾਂ ਦਾ ਮੁੱਖ ਕੇਂਦਰ ਬਣਾਇਆ ਗਿਆ। ਅੰਗਰੇਜ਼ ਸਰਕਾਰ ਬਾਬਾ ਰਾਮ ਸਿੰਘ ਦੀਆਂ ਇਨਕਲਾਬੀ ਸਰਗਰਮੀਆਂ ‘ਤੇ ਕੜੀ ਨਜ਼ਰ ਰੱਖਣ ਲੱਗੀ। ਸਿੱਖ ਸਿਧਾਂਤਾਂ ਦੇ ਨਾਲ ਕੁਝ ਉਨ੍ਹਾਂ ਆਪਣੇ ਸਿਧਾਂਤ ਜੋੜ ਦਿੱਤੇ। ਉਨ੍ਹਾਂ ਵਿੱਚ ਮਾਸ ਨਾ ਖਾਣਾ, ਤੰਬਾਕੂ ਤੇ ਨਸ਼ੀਲੀਆਂ ਵਸਤਾਂ ਦੀ ਵਰਤੋਂ ਦੀ ਸਖ਼ਤ ਮਨਾਹੀ ਕਰ ਦਿੱਤੀ। ਇਸਤਰੀਆਂ ਦੀ ਇੱਜ਼ਤ ਕਰਨ ਤੇ ਉਨ੍ਹਾਂ ਪ੍ਰਤੀ ਸਮਾਨਤਾ ਦਾ ਵਿਵਹਾਰ ਅਪਨਾਉਣ ਲਈ ਕਿਹਾ ਗਿਆ। ਪੰਜਾਬ ਤੋਂ ਬਾਹਰ ਕਾਬੁਲ, ਕਸ਼ਮੀਰ, ਬਨਾਰਸ ਅਤੇ ਨੈਪਾਲ ਵਿੱਚ ਵੀ ਆਪਣੇ ਕੇਂਦਰ ਖੋਹਲ ਲਏ। ਸਾਰੇ ਪ੍ਰਚਾਰ ਕੇਂਦਰਾਂ ਵਿੱਚ ਦੇਸ਼ ਭਗਤੀ ਅਤੇ ਗੁਰਬਾਣੀ ਦਾ ਪਾਠ ਕੀਤਾ ਜਾਂਦਾ ਸੀ। ਬੁੱਚੜ ਖਾਨਿਆਂ ਦੇ ਖੋਲ੍ਹਣ ਅਤੇ ਖਾਸ ਤੌਰ ਤੇ ਗਊ ਹੱਤਿਆ ਦੇ ਖਿਲਾਫ ਵੀ ਉਨ੍ਹਾਂ ਆਵਾਜ਼ ਬੁਲੰਦ ਕੀਤੀ। ਬਾਬਾ ਰਾਮ ਸਿੰਘ ਜਿੱਥੇ ਇੱਕ ਧਾਰਮਿਕ ਮੁੱਖੀ ਤੇ ਸਮਾਜ ਸੁਧਾਰਕ ਸਨ, ਉਥੇ ਹੀ ਉਹ ਇੱਕ ਰਾਜਸੀ ਨੇਤਾ ਵੀ ਸਨ। ਉਹ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣਾ ਚਾਹੁੰਦੇ ਸਨ। ਸ੍ਰ ਹੀਰਾ ਸਿੰਘ ਕਮਾਂਡਰ ਦੀ ਅਗਵਾਈ ਵਿੱਚ ਉਹਨ੍ਹਾਂ ਨੇ ਇੱਕ ਸੈਨਕ ਟੁਕੜੀ ਵੀ ਕਾਇਮ ਕੀਤੀ ਸੀ। ਇਸੇ ਲਈ 1863 ਵਿੱਚ ਅੰਗਰੇਜ਼ਾਂ ਨੇ ਕੂਕਿਆਂ ਦੀਆਂ ਸਰਗਰਮੀਆਂ ਨੂੰ ਅੰਗਰੇਜ਼ਾਂ ਲਈ ਵੰਗਾਰ ਸਮਝਣਾ ਸ਼ੁਰੂ ਕਰ ਦਿੱਤਾ। ਗੁਪਤਚਰ ਪੁਲਿਸ ਨੂੰ ਕੂਕਿਆਂ ਦੀ ਹਰ ਕਾਰਵਾਈ ‘ਤੇ ਨਜ਼ਰ ਰੱਖਣ ਦੀਆਂ ਹਦਾਇਤਾਂ ਕਰ ਦਿੱਤੀਆਂ।
ਬਾਬਾ ਰਾਮ ਸਿੰਘ ਨਾਮਧਾਰੀ ਦਾ ਜਨਮ 3 ਫਰਵਰੀ 1815 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਈਆਂ ਵਿਖੇ ਰਾਮਗੜ੍ਹੀਆ ਪਰਿਵਾਰ ਵਿੱਚ ਸ੍ਰ. ਜੱਸਾ ਸਿੰਘ ਅਤੇ ਮਾਤਾ ਸਦਾ ਕੌਰ ਦੇ ਘਰ ਹੋਇਆ ਸੀ। ਸ੍ਰ. ਜੱਸਾ ਸਿੰਘ ਸਿੱਖ ਧਰਮ ਵਿੱਚ ਵਿਸ਼ਵਾਸ਼ ਰੱਖਣ ਵਾਲੇ ਵਿਅਕਤੀ ਸਨ। ਉਹ ਆਪਣੇ ਪਿੰਡ ਵਿੱਚ ਹੀ ਤਰਖਾਣਾ ਕੰਮ ਕਰਦੇ ਸਨ। ਬਾਬਾ ਰਾਮ ਸਿੰਘ ਦੀ ਮਾਤਾ ਧਾਰਮਿਕ ਖਿਆਲਾਂ ਵਾਲੀ ਗ੍ਰਹਿਣੀ ਸਨ, ਜਿਸ ਕੋਲੋਂ ਬਾਬਾ ਰਾਮ ਸਿੰਘ ਨੇ ਘਰ ਵਿੱਚ ਹੀ ਗੁਰਮੁੱਖੀ ਲਿਖਣੀ ਤੇ ਪੜ੍ਹਨੀ ਸਿੱਖੀ ਸੀ। ਘਰ ਵਿੱਚ ਧਾਰਮਿਕ ਵਾਤਾਵਰਣ ਹੋਣ ਕਰਕੇ ਧਾਰਮਿਕ ਵਿਚਾਰ ਆਪ ਵਿੱਚ ਘਰ ਕਰ ਗਏ ਸਨ। ਉਨ੍ਹਾਂ ਦਾ ਵਿਆਹ ਬਹੁਤ ਛੋਟੀ ਉਮਰ ਵਿੱਚ ਹੀ ਬੀਬੀ ਜੱਸਾਂ ਨਾਲ ਹੋ ਗਿਆ ਸੀ। ਆਪ ਦੇ ਘਰ ਦੋ ਪੁਤਰੀਆਂ ਨੰਦ ਕੌਰ ਅਤੇ ਦਿਆ ਕੌਰ ਨੇ ਜਨਮ ਲਿਆ। 1885 ਵਿੱਚ ਬਾਬਾ ਰਾਮ ਸਿੰਘ ਮੀਆਂ ਮਾਰ ਜੇਲ੍ਹ ਵਿੱਚ ਸਵਰਗ ਸਿਧਾਰ ਗਏ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
Comments
Post a Comment