ਪੰਜਾਬ ਵਿਧਾਨ ਸਭਾ ਦਾ ਸਭ ਤੋਂ ਛੋਟਾ 6 ਘੰਟਿਆਂ ਦਾ ਇਜਲਾਸ
ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿੱਚ ਸਰਦ ਰੁੱਤ ਦਾ ਸਿਰਫ਼ 6 ਘੰਟਿਆਂ ਦਾ ਇਜਲਾਸ ਸਰਕਾਰੀ ਖ਼ਜਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾ ਗਿਆ। 6 ਮਿੰਟਾਂ ਵਿੱਚ 6 ਬਿਲ ਬਿਨਾ ਬਹਿਸ ਦੇ ਪਾਸ ਕੀਤੇ ਗਏ। ਇਸ ਵਾਰ ਬਦਲਾਓ ਦੀ ਨੀਤੀ ਅਧੀਨ ਸਰਕਾਰ ਨੇ ਹੁਣ ਤੱਕ ਦੇ ਸਾਰੇ ਇਜਲਾਸਾਂ ਤੋਂ ਛੋਟਾ ਇਜਲਾਸ ਕਰਕੇ ਨਵੀਂ ਪਿ੍ਰਤ ਪਾ ਦਿੱਤੀ ਹੈ। ਕਹਿਣ ਨੂੰ ਇਜਲਾਸ ਦੋ ਰੋਜ਼ਾ ਸੀ ਪ੍ਰੰਤੂ ਅਮਲੀ ਤੌਰ ‘ਤੇ ਅੱਧੇ ਦਿਨ ਦਾ ਹੀ ਸੀ। ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿੱਚ ਦੋ ਰੋਜ਼ਾ ਸਭ ਤੋਂ ਛੋਟਾ ਜੋ ਸਿਰਫ 6 ਘੰਟੇ ਕੰਮ ਕਾਜ਼ ਕਰਨ ਤੋਂ ਬਾਅਦ ਸਮਾਪਤ ਹੋ ਗਿਆ। ਵਰਤਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦਾ ਇਜਲਾਸ ਪਿਛਲੇ ਇਜਲਾਸਾਂ ਦੇ ਮੁਕਾਬਲੇ ਸ਼ਾਂਤੀ ਪੂਰਨ ਰਿਹਾ। ਸਰਕਾਰ ਦੀ ਤਰਫ ਤੋਂ ਵਿਰੋਧੀਆਂ ਦੇ ਨੁਕਤਾਚੀਨੀ ਕਰਨ ‘ਤੇ ਹੱਲਾ ਗੁਲਾ ਨਹੀਂ ਕੀਤਾ ਗਿਆ। ਇਸ ਤੋਂ ਪਹਿਲਾਂ ਜਦੋਂ ਕੋਈ ਵੀ ਵਿਰੋਧੀ ਪਾਰਟੀ ਦਾ ਵਿਧਾਇਕ ਸਰਕਾਰ ਦੀ ਕਾਰਗੁਜ਼ਾਰੀ ਦੀ ਆਲੋਚਨਾ ਕਰਦਾ ਸੀ ਤਾਂ ਸਰਕਾਰੀ ਪੱਖ ਇਲਜ਼ਾਮ ਦਰ ਇਲਜ਼ਾਮ ਲਗਾਉਣ ਲੱਗ ਜਾਂਦਾ ਸੀ। ਇਥੋਂ ਤੱਕ ਕਿ ਵਿਰੋਧੀ ਪਾਰਟੀ ਦੇ ਮੈਂਬਰਾਂ ਦੇ ਮੂਹਰੇ ਆ ਕੇ ਬੋਲਣ ਲੱਗ ਜਾਂਦੇ ਸਨ। ਇਕ ਕਿਸਮ ਨਾਲ ਬੋਲਣ ਤੋਂ ਰੋਕਦੇ ਸਨ। ਇਸ ਤੋਂ ਪਹਿਲਾਂ ਹੁਣ ਤੱਕ ਜਿਤਨੇ ਵੀ ਇਜਲਾਸ ਹੋਏ ਹਨ, ਸਾਰਿਆਂ ਵਿੱਚ ਸਰਕਾਰ ਅਤੇ ਵਿਰੋਧੀ ਪਾਰਟੀਆਂ ਵਿੱਚ ਇੱਟ ਖੜੱਕਾ ਅਤੇ ਤਕਰਾਰਬਾਜ਼ੀ ਹੁੰਦੀ ਰਹੀ ਹੈ। ਇਕ ਦੂਜੇ ‘ਤੇ ਦੂਸ਼ਣਬਾਜ਼ੀ ਦਾ ਜ਼ੋਰ ਹੁੰਦਾ ਸੀ। ਸਰਕਾਰ ਦੇ ਮੰਤਰੀ, ਵਿਧਾਨਕਾਰ ਅਤੇ ਵਿਰੋਧੀ ਪਾਰਟੀਆਂ ਦੇ ਵਿਧਾਨਕਾਰਾਂ ਦਰਮਿਆਨ ਹੱਥੋਪਾਈ ਤੱਕ ਵੀ ਨੌਬਤ ਆ ਜਾਂਦੀ ਰਹੀ ਹੈ। ਇੱਕ ਦੂਜੇ ਨੂੰ ਧਮਕੀਆਂ ਦਾ ਦੌਰ ਵੀ ਚਲਦਾ ਸੀ। ਗ਼ੈਰ ਪਰਜਾਤੰਤਰਿਕ ਸ਼ਬਦਾਵਲੀ ਦੀ ਵਰਤੋਂ ਵੀ ਆਮ ਹੁੰਦੀ ਸੀ। ਮੁੱਖ ਮੰਤਰੀ ਸਿਰਫ ਪਹਿਲੇ ਦਿਨ ਹੀ ਸਦਨ ਵਿੱਚ ਆਏ। ਦੂਜੇ ਦਿਨ ਗ਼ੈਰ ਹਾਜ਼ਰ ਰਹੇ। ਇਸ ਤੋਂ ਪਹਿਲਾਂ ਮੁੱਖ ਮੰਤਰੀ ਇਜਲਾਸ ਵਿੱਚ ਬੋਲਣ ਲੱਗਿਆਂ ਵਿਰੋਧੀਆਂ ‘ਤੇ ਤਾਬੜਤੋੜ ਹਮਲੇ ਕਰਦੇ ਸਨ। ਵਿਰੋਧੀ ਧਿਰ ਨੂੰ ਡਿਫੈਂਸਿਵ ਬਣਾ ਦਿੰਦੇ ਸਨ। ਇਸ ਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਤੀਰਾ ਵਿਰੋਧੀਆਂ ਨਾਲ ਹਮਲਾਵਰ ਦੀ ਥਾਂ ਮਿਲਵਰਤਨ, ਸਲੀਕੇ ਅਤੇ ਸ਼ਿਸ਼ਟਾਚਾਰ ਵਾਲਾ ਰਿਹਾ। ਇਹ ਅਚੰਭੇ ਦੀ ਗੱਲ ਹੈ ਕਿ ਮੁੱਖ ਮੰਤਰੀ ਵਿੱਚ ਇਹ ਤਬਦੀਲੀ ਕਿਸ ਵਜ੍ਹਾ ਕਰਕੇ ਆਈ ਹੈ। ਇੱਥੋਂ ਤੱਕ ਕਿ ਉਨ੍ਹਾਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪਰਤਾਪ ਸਿੰਘ ਬਾਜਵਾ ਦੇ ਸ਼ਾਲ ਦੀ ਤਾਰੀਫ਼ ਕੀਤੀ। ਮੁੱਖ ਮੰਤਰੀ ਨੇ ਪਹਿਲੀ ਵਾਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਉਸਾਰੂ ਨੁਕਤਾਚੀਨੀ ਨੂੰ ਜੀਅ ਆਇਆਂ ਕਿਹਾ। ਇਸ ਤੋਂ ਪਹਿਲਾਂ ਵਿਰੋਧੀਆਂ ਵੱਲੋਂ ਨੁਕਤਾਚੀਨੀ ਕਰਨ ਕਰਕੇ ਸਰਕਾਰੀ ਬੈਂਚ ਹੱਲਾ ਗੁਲਾ ਮਚਾ ਦਿੰਦੇ ਸਨ। ਇਸ ਵਾਰ ਅਜਿਹੀ ਹਰਕਤ ਨਹੀਂ ਹੋਈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਵਿਰੋਧੀ ਧਿਰ ਨਾਲ ਟਕਰਾਅ ਨਹੀਂ ਚਾਹੁੰਦੀ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪਰਤਾਪ ਸਿੰਘ ਬਾਜਵਾ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਵੀ ਸ਼ਿਸ਼ਟਾਚਾਰ ਵਿਖਾਉਂਦਿਆਂ ਮੁੱਖ ਮੰਤਰੀ ਕੋਲ ਜਾ ਕੇ ਗੱਲਬਾਤ ਕੀਤੀ, ਇਹ ਵੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਮੁੱਖ ਮੰਤਰੀ ਨੂੰ ਉਨ੍ਹਾਂ ਦੀ ਪਤਨੀ ਦੇ ਜਨਮ ਦਿਨ ਦੀ ਵਧਾਈ ਵੀ ਦਿੱਤੀ। ਕਾਂਗਰਸ ਪਾਰਟੀ ਦੇ ਦੋ ਵਿਧਾਇਕਾਂ ਅਰੁਣਾ ਚੌਧਰੀ ਨੇ ਆਪਣੇ ਹਲਕੇ ਵਿੱਚ ਨਵੀਂ ਤਹਿਸੀਲ ਦੇ ਉਦਘਾਟਨੀ ਸਮਾਗਮ ਅਤੇ ਬਰਿੰਦਰਜੀਤ ਸਿੰਘ ਪਾਹੜਾ ਨੇ ਬਾਬਾ ਬੰਦਾ ਸਿੰਘ ਬਹਾਦਰ ਟਰਮੀਲ (ਬੱਸ ਅੱਡੇ) ਦੇ ਸਮਾਗਮਾਂ ਵਿੱਚ ਮੁੱਖ ਮੰਤਰੀ ਨੂੰ ਆਉਣ ਦੀ ਬੇਨਤੀ ਕੀਤੀ। ਕਾਂਗਰਸ ਵਿਧਾਇਕ ਦੇ ਕਹਿਣ ਤੋਂ ਬਾਅਦ ਇੱਕ ਮੁੱਖ ਮੰਤਰੀ ਨਹੀਂ ਸਗੋਂ ਦੋ-ਦੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ 2 ਦਸੰਬਰ ਨੂੰ ਗੁਰਦਾਸਪੁਰ ਦੇ ਬਾਬਾ ਬੰਦਾ ਸਿੰਘ ਬਹਾਦਰ ਟਰਮੀਨਲ ਦਾ ਉਦਘਾਟਨ ਕਰਨ ਲਈ ਪਹੁੰਚ ਰਹੇ ਹਨ। ਵਿਧਾਨ ਸਭਾ ਵਿੱਚ ਪਹਿਲੇ ਦਿਨ ਦਾ ਅਜਿਹਾ ਮਾਹੌਲ ਪੰਜਾਬ ਦੇ ਲੋਕਾਂ ਲਈ ਸ਼ੁਭ ਸ਼ਗਨ ਲਗਦਾ ਸੀ, ਕਿਉਂਕਿ ਸਰਕਾਰ ਅਤੇ ਵਿਰੋਧੀ ਧਿਰ ਪੰਜਾਬ ਦੇ ਵਿਕਾਸ ਲਈ ਸੰਜੀਦਾ ਵਿਖਾਈ ਦਿੰਦੇ ਨਜ਼ਰ ਆਏ। ਮੁੱਖ ਮੰਤਰੀ ਦੇ ਵਤੀਰੇ ਨੂੰ ਵੇਖ ਕੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸਿਆਸੀ ਤੀਰ ਨਹੀਂ ਚਲਾਏ ਸਗੋਂ ਉਨ੍ਹਾਂ ਦੇ ਵਿਧਾਨਕਾਰ ਬੀਬੇ ਨਜ਼ਰ ਆਏ। ਇਸ ਦੋ ਰੋਜ਼ਾ ਇਜ਼ਲਾਸ ਵਿੱਚ ਕੁਲ 6 ਬਿਲ ਸਰਬਸੰਮਤੀ ਨਾਲ ਪਾਸ ਕੀਤੇ ਗਏ। ਇਜਲਾਸ ਦੇ ਪਹਿਲੇ ਦਿਨ ‘ਪੰਜਾਬ ਗੁਡਜ਼ ਤੇ ਸਰਵਿਸ ਟੈਕਸ ਸੋਧ ਬਿਲ 2023’ ਅਤੇ ‘ ਵਿੱਤੀ ਜ਼ਿੰਮੇਵਾਰੀ ਤੇ ਬਜਟ ਪ੍ਰਬੰਧਨ ਸੋਧ ਬਿਲ 2023’ ਦੋਵੇਂ ਸਰਬਸੰਮਤੀ ਨਾਲ ਪਾਸ ਹੋਏ ਹਨ। ਪਹਿਲੇ ਦਿਨ ਇਜਲਾਸ ਦੁਪਹਿਰ 2-00 ਵਜੇ ਤੋਂ ਸ਼ਾਮ 6-00 ਵਜੇ ਅਤੇ ਦੂਜੇ ਦਿਨ ਇਜਲਾਸ ਸਵੇਰੇ ਦਸ ਵਜੇ ਸ਼ੁਰੂ ਹੋ ਕੇ 12 ਵਜੇ ਖ਼ਤਮ ਹੋ ਗਿਆ। ਦੂਜੇ ਦਿਨ ਤਿੰਨ ਮਾਲ ਵਿਭਾਗ ਦੇ ਅਤੇ ਇਕ ਜਲ ਸਰੋਤ ਵਿਭਾਗ ਦਾ ਕੁਲ ਚਾਰ ਬਿਲ ਪਾਸ ਕੀਤੇ ਗਏ, ਜਿਨ੍ਹਾਂ ਵਿੱਚ ‘ਜਾਇਦਾਦ ਦਾ ਤਬਾਦਲਾ (ਪੰਜਾਬ ਸੋਧਨ) ਬਿਲ 2023’, ਰਜਿਸਟਰੇਸ਼ਨ (ਪੰਜਾਬ ਸੋਧਨ ) ਬਿਲ 2023’, ਭਾਰਤੀ ਸਟੈਂਪ (ਪੰਜਾਬ ਸੋਧਨ) ਬਿਲ 2023’ ਅਤੇ ‘ਪੰਜਾਬ ਕੈਨਾਲ ਐਂਡ ਡਰੇਨੇਜ਼ ਬਿਲ 2023’ ਸਰਬਸੰਮਤੀ ਨਾਲ ਪਾਸ ਕੀਤੇ ਗਏ। ਵਿਰੋਧੀ ਧਿਰ ਦੇ ਨੇਤਾ ਪਰਤਾਪ ਸਿੰਘ ਬਾਜਵਾ ਵੱਲੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਬਿਲਾਂ ‘ਤੇ ਵਿਚਾਰ ਵਟਾਂਦਰਾ ਕਰਨ ਲਈ ਸਦਨ ਦੀਆਂ ਬੈਠਕਾਂ ਵਿੱਚ ਵਾਧਾ ਕਰਨ ਦੇ ਕਹਿਣ ਦੇ ਬਾਵਜੂਦ ਤੁੱਥ ਮੜੁੱਥ ਵਿੱਚ ਹੀ ਚਾਰੇ ਬਿਲ ਪਾਸ ਕਰ ਕੇ ਸਦਨ ਉਠਾ ਦਿੱਤਾ ਗਿਆ। 6 ਘੰਟਿਆਂ ਦੇ ਇਜਲਾਸ ‘ਤੇ ਕਰੋੜਾਂ ਰੁਪਏ ਖ਼ਰਚ ਕਰਕੇ ਪੰਜਾਬ ਦੀ ਆਰਥਿਕਤਾ ਨੂੰ ਢਾਹ ਲਾਈ ਗਈ ਹੈ। ਪਰਤਾਪ ਸਿੰਘ ਬਾਜਵਾ ਦੇ ਸਦਨ ਦੀ ਬੈਠਕ ਵਧਾਉਣ ਅਤੇ ਗ਼ੈਰ ਕਾਨੂੰਨੀ ਮਾਈਨਿੰਗ, ਕਾਨੂੰਨ ਪ੍ਰਬੰਧ ਤੇ ਨਸ਼ਿਆਂ ਦੇ ਮੁੱਦਿਆਂ ‘ਤੇ ਬਹਿਸ ਕਰਨ ਨੂੰ ਸਪੀਕਰ ਨੇ ਅਣਡਿਠ ਕਰ ਦਿੱਤਾ। ਕਿਸਾਨ ਅੰਦੋਲਨ ਸਮੇਂ ਕੇਂਦਰ ਸਰਕਾਰ ਵੱਲੋਂ 9 ਦਸੰਬਰ 2021 ਨੂੰ ਕਿਸਾਨਾ ਨਾਲ ਹੋਏ ਸਮਝੌਤੇ ‘ਤੇ ਅਮਲ ਨਾ ਹੋਣ ਸੰਬੰਧੀ ਮਤਾ ਪਰਤਾਪ ਸਿੰਘ ਬਾਜਵਾ ਵੱਲੋਂ ਪੇਸ਼ ਕੀਤਾ ਗਿਆ। ਜਿਸ ‘ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਾਨੂੰਨੀ ਨੁਕਤੇ ਦਾ ਬਹਾਨਾ ਬਣਾਕੇ ਰੱਦ ਕਰ ਦਿੱਤਾ ਕਿ ਬਿਲ ਸਦਨ ਦੇ ਟੇਬਲ ‘ਤੇ ਰੱਖਿਆ ਗਿਆ ਪ੍ਰੰਤੂ ਪੇਸ਼ ਨਹੀਂ ਕੀਤਾ ਗਿਆ। ਹਾਲਾਂ ਕਿ ਪਹਿਲੇ ਦਿਨ ਸਪੀਕਰ ਨੇ ਅਗਲੇ ਦਿਨ ਵਿਚਾਰਨ ਦੀ ਗੱਲ ਕੀਤੀ ਸੀ। ਪਹਿਲੇ ਦਿਨ ਮੁੱਖ ਮੰਤਰੀ ਨੇ ਕਿਹਾ ਸੀ ਕਿ ਉਹ ਪਹਿਲੀਆਂ ਸਰਕਾਰਾਂ ਦੀਆਂ ਘਾਟਾਂ ਵਾਧਾਂ ਨੂੰ ਦੂਰ ਕਰਨਗੇ। ਵਿਰੋਧੀ ਧਿਰ ਦੇ ਨੇਤਾ ਨੇ ਮਾਈਨਿੰਗ ਅਤੇ ਆਮ ਆਦਮੀ ਕਲਿਨਕਾਂ ਦੀਆਂ ਖਾਮੀਆਂ ਬਾਰੇ ਤਾਂ ਗੱਲ ਕੀਤੀ ਪ੍ਰੰਤੂ ਇਸ ਦੇ ਨਾਲ ਹੀ ਆਪਣੇ ਵਿਧਾਨ ਸਭਾ ਹਲਕੇ ਕਾਦੀਆਂ ਵਿੱਚ ਇਕ ਵੀ ਆਮ ਆਦਮੀ ਕਲਿਨਿਕ ਨਾ ਖੋਲ੍ਹਣ ਤੇ ਇਤਰਾਜ਼ ਕੀਤਾ, ਜਿਸ ਦਾ ਅਸਿਧਾ ਅਰਥ ਹੈ ਕਿ ਉਸ ਦੇ ਹਲਕੇ ਵਿੱਚ ਆਮ ਆਦਮੀ ਕਲਿਨਿਕ ਖੋਲ੍ਹੀ ਜਾਵੇ। ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨੇ ਪ੍ਰਤਾਪ ਸਿੰਘ ਬਾਜਵਾ ਦੇ ਹਲਕੇ ਵਿੱਚ ਕਲਿਨਿਕ ਖੋਲ੍ਹਣ ਦਾ ਵਾਅਦਾ ਕੀਤਾ। ਸਿਹਤ ਮੰਤਰੀ ਡਾ.ਬਲਬੀਰ ਸਿੰਘ ਨੇ ਬੜੀ ਸੰਜੀਦਗੀ ਅਤੇ ਸਹਿਜਤਾ ਨਾਲ ਵਿਰੋਧੀਆਂ ਦੀ ਤਸੱਲੀ ਕਰਵਾਈ। ਮੁੱਖ ਮੰਤਰੀ ਨੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੂੰ ਪੰਜਾਬ ਨਾਲ ਵਿਤਕਰਾ ਕਰਨ ‘ਤੇ ਆੜੇ ਹੱਥੀਂ ਲਿਆ। ਕਾਂਗਰਸ ਅਤੇ ਅਕਾਲੀ ਦਲ ਬਾਰੇ ਕੁਝ ਨਹੀਂ ਕਿਹਾ। ਸਰਕਾਰ ਦਾ ਸਦਨ ਵਿੱਚ ਵਿਰੋਧੀ ਪਾਰਟੀਆਂ ਬਾਰੇ ਨਰਮ ਵਤੀਰਾ ਰਿਹਾ ਪ੍ਰੰਤੂ ਕਾਂਗਰਸ ਪਾਰਟੀ ਨੇ ਸਰਕਾਰ ਦੇ ਇਜਲਾਸ ਦਾ ਸਮਾਂ ਨਾ ਵਧਾਉਣ ਅਤੇ ਬਿਲਾਂ ‘ਤੇ ਬਹਿਸ ਨਾ ਕਰਨ ਦਾ ਤਿੱਖਾ ਵਿਰੋਧ ਕੀਤਾ। ਪ੍ਰੰਤੂ ਸਰਕਾਰ ਅਤੇ ਸਪੀਕਰ ਦੇ ਕੰਨਾਂ ‘ਤੇ ਜੂੰ ਨਹੀਂ ਸਰਕੀ। ਵਿਰੋਧੀ ਪਾਰਟੀਆਂ ਅਤੇ ਸਰਕਾਰੀ ਵਿਧਾਇਕਾਂ ਨੂੰ Çੋਫਰ ਕਾਲ ਦੇ ਸਮੇਂ ਦੌਰਾਨ ਹੀ ਆਪਣੀ ਗੱਲ ਕਹਿਣ ਦਾ ਇਤਫਾਕ ਹੋਇਆ, ਜੋ ਨਾ ਦੇ ਬਰਾਬਰ ਸੀ। ਇਸ ਇਜਲਾਸ ਵਿੱਚ ਇਕ ਨਵੀਂ ਗੱਲ ਵੇਖਣ ਨੂੰ ਮਿਲੀ ਕਿ ਪਹਿਲੀ ਵਾਰ ਹੀ ਆਮ ਆਦਮੀ ਪਾਰਟੀ ਦੇ ਪੰਜ ਵਿਧਾਇਕਾਂ ਜਿਨ੍ਹਾਂ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅੰਮਿ੍ਰਤਸਰ ਨਗਰ ਨਿਗਮ ਵੱਲੋਂ ਕੂੜੇ ਦੇ ਢੇਰ, ਗੰਧਲਾ ਪਾਣੀ ਆਦਿ, ਕੁਲਜੀਤ ਸਿੰਘ ਰੰਧਾਵਾ ਵੱਲੋਂ ਹੜ੍ਹਾਂ ਤੋਂ ਪ੍ਰਭਾਵਤ ਕਿਸਾਨਾ ਨੂੰ ਮੁਆਵਜਾ ਨਾ ਮਿਲਣ, ਫ਼ੌਜਾ ਸਿੰਘ ਸਰਾਰੀ ਵੱਲੋਂ ਹਰਿਆਣਾ ਅਤੇ ਰਾਜਸਥਾਨ ਦੇ ਲੋਕਾਂ ਦੀ ਪੰਜਾਬ ਵਿੱਚ ਭਰਤੀ ਕਰਨ, ਕੁਲਵੰਤ ਸਿੰਘ ਵੱਲੋਂ ਨਜ਼ਾਇਜ਼ ਟੈਕਸੀਆਂ, ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਹੜ੍ਹਾਂ ਦੇ ਨੁਕਸਾਨ, ਅਜੀਤਪਾਲ ਸਿੰਘ ਕੋਹਲੀ ਨੇ ਪੁਰਾਣੇ ਬੱਸ ਅੱਡੇ ਅਤੇ ਵਿਜੈ ਸਿੰਗਲਾ ਤੇ ਸਰਵਜੀਤ ਕੌਰ ਮਾਣੂੰਕੇ ਨੇ ਸਰਕਾਰ ਦੀ ਕਾਰਗੁਜ਼ਾਰੀ ਤੇ ਨਾਖ਼ੁਸ਼ੀ ਪ੍ਰਗਟ ਕੀਤੀ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
Comments
Post a Comment