ਮਨੀਪੁਰ ਘਟਨਾਵਾਂ ਨੇ ਇਨਸਾਨੀਅਤ ਕੀਤੀ ਸ਼ਰਮਸ਼ਾਰ
ਸਿਆਸਤਦਾਨਾ ਨੂੰ ਮਨੀਪੁਰ ਵਿੱਚ ਇਸਤਰੀਆਂ ਨਾਲ ਵਾਪਰੀਆਂ ਘਿਨਾਉਣੀਆਂ ਘਟਨਾਵਾਂ ‘ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਸਿਆਸਤ ਕਰਨ ਲਈ ਹੋਰ ਬਹੁਤ ਮੁੱਦੇ ਮਿਲ ਜਾਣਗੇ। ਇਹ ਸਿਆਸਤ ਕਰਨ ਦਾ ਸਮਾਂ ਨਹੀਂ ਹੈ। ਚੁੱਪ ਵੀ ਨਹੀਂ ਰਹਿਣਾ ਚਾਹੀਦਾ, ਚੁੱਪ ਦਾ ਭਾਵ ਸਹਿਮਤੀ ਹੁੰਦੀ ਹੈ। ਪ੍ਰੰਤੂ ਜੋ ਕਹਿਣਾ ਨਾਪ ਤੋਲ ਕੇ ਕਹਿਣਾ ਕਿਉਂਕਿ ਹਾਲਾਤ ਤੇ ਕਾਬੂ ਪਾਉਣ ਦਾ ਸਮਾਂ ਹੈ। ਇਸ ਵਕਤ ਕੋਈ ਵੀ ਅਜਿਹਾ ਬਿਆਨ ਨਾ ਦਿੱਤਾ ਜਾਵੇ, ਜਿਸ ਨਾਲ ਦੋਹਾਂ ਫਿਰਕਿਆਂ ਵਿੱਚ ਤਣਾਓ ਪੈਦਾ ਹੋਵੇ। ਜੋ ਵੀ ਹੋਇਆ ਉਹ ਅਤਿ ਨਿੰਦਣਯੋਗ ਹੈ। ਉਸ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ। ਸੰਸਦ ਵਿੱਚ ਅਜਿਹੇ ਨਾਜ਼ੁਕ ਮੁੱਦੇ ‘ਤੇ ਵਿਚਾਰ ਵਟਾਂਦਰਾ ਹੋਣਾ ਜ਼ਰੂਰੀ ਹੈ। ਵਿਚਾਰ ਵਟਾਂਦਰੇ ਵਿੱਚ ਸਰਕਾਰ ਆਪਣਾ ਪੱਖ ਰੱਖੇਗੀ ਤੇ ਵਿਰੋਧੀ ਪਾਰਟੀਆਂ ਆਪਣਾ ਪੱਖ ਰੱਖਣਗੀਆਂ। ਇਸ ਵਿਚਾਰ ਵਟਾਂਦਰੇ ਨੂੰ ਸੁਣ ਤੇ ਵੇਖ ਕੇ ਪਰਜਾ ਆਪਣਾ ਫ਼ੈਸਲਾ ਆਪ ਕਰੇਗੀ। ਵੈਸੇ ਜਨਤਾ ਨੂੰ ਸਾਰਾ ਕੁਝ ਪਤਾ ਹੀ ਲੱਗ ਚੁੱਕਾ ਹੈ। ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਦੇਸ਼ ਦਾ ਕੋਈ ਵਿਅਕਤੀ ਮਰਦ ਅਤੇ ਔਰਤ ਅਜਿਹੀ ਨਹੀਂ ਹੈ, ਜਿਹੜੀ ਇਸਤਰੀ ਦੇ ਗਰਭ ਵਿੱਚੋਂ ਪੈਦਾ ਨਹੀਂ ਹੋਈ, ਫਿਰ ਇਸਤਰੀਆਂ ਨਾਲ ਮਰਦ ਨਸਲੀ ਕੱਟੜਵਾਦ ਵਿੱਚ ਆ ਕੇ ਅਜਿਹੀਆਂ ਇਖਲਾਕ ਤੋਂ ਗਿਰੀਆਂ ਹੋਈਆਂ ਹਰਕਤਾਂ ਕਿਉਂ ਕਰਦੇ ਹਨ? ਦੇਸ਼ ਵਿੱਚ ਕੋਈ ਘਰ ਅਜਿਹਾ ਨਹੀਂ ਜਿਥੇ ਕੋਈ ਔਰਤ ਮਾਂ, ਪਤਨੀ, ਭੈਣ ਅਤੇ ਧੀ ਦੇ ਰੂਪ ਵਿੱਚ ਨਾ ਹੋਵੇ, ਫਿਰ ਬਲਾਤਕਾਰ ਕਰਨ ਲੱਗਿਆਂ ਉਨ੍ਹਾਂ ਬੇਗ਼ੈਰਤ ਲੋਕਾਂ ਨੂੰ ਆਪਣੀਆਂ ਧੀਆਂ ਭੈਣਾਂ ਦੀ ਸ਼ਕਲ ਸਾਹਮਣੇ ਕਿਉਂ ਨਹੀਂ ਆਉਂਦੀ? ਵਹਿਸ਼ੀ ਆਦਮਖ਼ੋਰ ਲੋਕੋ ਸ਼ਰਮ ਕਰੋ ਅਜਿਹੀਆਂ ਹਰਕਤਾਂ ਕਰਨ ਵਾਲਿਓ, ਚੱਪਣੀ ਵਿੱਚ ਨੱਕ ਡੁਬੋ ਕੇ ਮਰ ਜਾਓ, ਅਜਿਹੀ ਹਰਕਤ ਕਰਨ ਤੋਂ ਪਹਿਲਾਂ। ਭਾਰਤ ਦੀ ਅੰਤਹਕਰਨ ਜ਼ਖ਼ਮੀ ਹੋ ਗਈ ਹੈ। ਹਰ ਇਨਸਾਨ ਦਾ ਦਿਲ ਖ਼ੂਨ ਦੇ ਹੰਝੂ ਕੇਰ ਰਿਹਾ ਹੈ। ਦੁੱਖ ਦੀ ਗੱਲ ਹੈ ਕਿ ਅਜਿਹੀਆਂ ਘਟਨਾਵਾਂ ਨਾਲ ਸੰਸਾਰ ਦੇ ਸਭ ਤੋਂ ਵੱਡੇ ਪਰਜਾਤੰਤਰਿਕ ਪ੍ਰਣਾਲੀ ਵਾਲੇ ਦੇਸ਼ ਦਾ ਅਕਸ ਸੰਸਾਰ ਵਿੱਚ ਖ਼ਰਾਬ ਹੋਇਆ ਹੈ। ਭਾਰਤ ਦਾ ਲੋਕਤੰਤਰ ਦੁਨੀਆਂ ਸਾਹਮਣੇ ਕਟਹਿਰੇ ਵਿੱਚ ਖੜ੍ਹਾ ਹੋ ਗਿਆ ਹੈ। ਘੱਟ ਗਿਣਤੀ ਲੋਕਾਂ ਨੂੰ ਮੰਦਭਾਗੀ ਘਟਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਕਿਆ ਹੀ ਉਹ ਕੁਝ ਹੋ ਰਿਹਾ ਹੈ ਜੋ ਪਿਛਲੇ 75 ਸਾਲਾਂ ਵਿੱਚ ਨਹੀਂ ਹੋਇਆ। ਇਸੇ ਨੂੰ ਬਦਲਾਅ ਤੇ ਵਿਕਾਸ ਕਿਹਾ ਜਾ ਰਿਹਾ ਹੈ। ਦਰਿੰਦਗੀ ਦਾ ਨੰਗਾ ਨਾਚ ਹੋਇਆ ਹੈ। ਨਸਲਵਾਦੀ ਦੈਂਤ ਨੇ ਧੀਆਂ ਦੀ ਇੱਜ਼ਤ ਮਿੱਟੀ ਵਿੱਚ ਰੋਲ ਦਿੱਤੀ ਹੈ। ਇਸ ਤੋਂ ਵੱਧ ਸ਼ਰਮ ਤੇ ਨਿੰਦਣਯੋਗ ਹੋਰ ਕੀ ਗੱਲ ਹੋ ਸਕਦੀ ਹੈ ਕਿ ਅੱਲ੍ਹੜ੍ਹ ਧੀਆਂ ਨੂੰ ਮਾਪਿਆਂ ਦੇ ਸਾਹਮਣੇ ਨੋਚਿਆ ਗਿਆ। ਅਜਿਹੀਆਂ ਘਟਨਾਵਾਂ ਸੋਚ ਕੇ ਕੰਬਣੀ ਛਿੜ ਜਾਂਦੀ ਹੈ। ਪਰਜਾਤੰਤਰ ਦਾ ਜਲੂਸ ਨਿਕਲ ਗਿਆ ਹੈ। ਸਰਕਾਰ ਇੱਕ ਚੁੱਪ ਨੂੰ ਸੌ ਸੁੱਖ ਸਮਝ ਰਹੀ ਹੈ। ਸੰਸਾਰ ਚੁੱਪ ਦਾ ਭਾਵ ਵੀ ਸਮਝ ਰਿਹਾ ਹੈ। ਸਾਰੀ ਦੁਨੀਆਂ ਵਿੱਚ ਇਨ੍ਹਾਂ ਘਟਨਾਵਾਂ ਬਾਰੇ ਚਰਚਾ ਸ਼ੋਸ਼ਲ ਮੀਡੀਆ ਅਤੇ ਅਖ਼ਬਾਰਾਂ ਵਿੱਚ ਲਗਾਤਰ ਹੋ ਰਹੀ ਹੈ। ਅਜਿਹੀਆਂ ਘਿਨਾਉਣੀਆਂ ਹਰਕਤਾਂ ਵਾਲੀਆਂ ਵੀਡੀਓਜ਼ ਵੀ ਸ਼ੋਸ਼ਲ ਮੀਡੀਆ ‘ਤੇ ਪਾਉਣ ਤੋਂ ਗੁਰੇਜ਼ ਕੀਤਾ ਜਾਵੇ। ਅਸੀਂ ਆਪਣੀਆਂ ਮਾਵਾਂ, ਭੈਣਾਂ, ਧੀਆਂ ਅਤੇ ਪਤਨੀਆਂ ਦੀ ਇੱਜ਼ਤ ਦਾ ਖਿਆਲ ਰੱਖੀਏ। ਕਿਹਾ ਜਾਂਦਾ ਹੈ ਕਿ ਦੋ ਫ਼ਿਰਕਿਆਂ ਵਿੱਚ ਇਹ ਨਸਲੀ ਫਸਾਦ ਇੱਕ ਝੂਠੀ ਖ਼ਬਰ ਦੇ ਆਉਣ ਨਾਲ ਸ਼ੁਰੂ ਹੋਏ ਹਨ, ਜਿਸ ਵਿੱਚ ਕਿਹਾ ਗਿਆ ਸੀ ਕਿ ਮੈਤਾਈ ਇਸਤਰੀ ਦਾ ਕੁਕੀ ਕਬੀਲੇ ਦੇ ਲੋਕਾਂ ਨੇ ਬਲਾਤਕਾਰ ਕੀਤਾ ਹੈ। ਅਫ਼ਵਾਹਾਂ ਫੈਲਾਉਣ ਵਾਲਿਆਂ ਤੇ ਯਕੀਨ ਨਾ ਕਰੋ, ਉਹ ਹੀ ਸਾਡੀਆਂ ਮਾਵਾਂ, ਧੀਆਂ ਤੇ ਭੈਣਾ ਨਾਲ ਧਰੋਹ ਕਰ ਰਹੇ ਹਨ। ਸੰਜੀਦਗੀ ਨਾਲ ਵਿਚਰਨ ਅਤੇ ਵਿਵਹਾਰ ਕਰਨ ਦਾ ਸਮਾਂ ਹੈ।
ਪਿਛਲੇ ਦੋ ਮਹੀਨੇ ਤੋਂ ਵੱਧ ਸਮੇਂ ਤੋਂ ਮਨੀਪੁਰ ਜਲ ਰਿਹਾ ਹੈ, ਘਰ ਫੂਕੇ ਤੇ ਲੋਕ ਮਾਰੇ ਜਾ ਰਹੇ ਹਨ। ਹਿੰਸਕ ਘਟਨਾਵਾਂ ਨੇ ਤਾਂਡਵ ਮਚਾ ਰੱਖਿਆ ਹੈ। ਹਨ੍ਹੇਰ ਗਰਦੀ ਫੈਲੀ ਹੋਈ ਹੈ। ਮਨੀਪੁਰ ਵਿੱਚ ਅਫਰਾ ਤਫਰੀ ਦੇ ਹਾਲਾਤ ਹਨ। ਦੋ ਫ਼ਿਰਕਿਆਂ ਕੁਕੀਆਂ ਅਤੇ ਮੈਤਾਈਆਂ ਦੀ ਲੜਾਈ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਨਾਲ ਖਿਲਵਾੜ ਕਰ ਰਹੀ ਹੈ। ਉਥੋਂ ਦੀ ਸਰਕਾਰ ਆਪਣੀ ਪ੍ਰਬੰਧਕੀ ਕਾਰਗੁਜ਼ਾਰੀ ਵਿੱਚ ਅਸਫਲ ਹੋਈ ਹੈ। ਕੁਕੀਆਂ ਦੀ ਜਨਸੰਖਿਆ ਮੈਤਾਈਆਂ ਦੇ ਮੁਕਾਬਲੇ ਘੱਟ ਹੈ। ਕੁਕੀ ਈਸਾਈ ਘੱਟ ਗਿਣਤੀ ਦੇ ਲੋਕ ਹਨ। ਮੈਤਾਈਆਂ ਦੀ ਜਨਸੰਖਿਆ 53 ਫ਼ੀ ਸਦੀ ਹੈ। ਇਸ ਰੀਜਨ ਵਿੱਚ ਵਿਧਾਨ ਸਭਾ ਦੀਆਂ 60 ਸੀਟਾਂ ਹਨ, ਇਨ੍ਹਾਂ ਵਿੱਚੋਂ 40 ਸੀਟਾਂ ਤੇ ਮੈਤਾਈ ਲੋਕਾਂ ਦਾ ਪ੍ਰਭਾਵ ਹੈ। ਭਾਵ ਸਿਆਸਤਦਾਨਾ ਲਈ ਮੈਤਾਈ ਵੋਟਾਂ ਦੀ ਖਾਣ ਹਨ। ਇਨਸਾਨੀਅਤ ਨੂੰ ਲਹੂ ਲੁਹਾਣ ਕਰਕੇ ਕਿਹੜਾ ਮਾਅਰਕਾ ਮਾਰਿਆ ਜਾ ਰਿਹਾ ਹੈ। ਸਿਆਸਤ ਇਸ ਪੱਧਰ ਤੇ ਗਿਰ ਗਈ ਹੈ ਕਿ ਉਨ੍ਹਾਂ ਨੂੰ ਆਪਣੀਆਂ ਮਾਤਾਵਾਂ, ਧੀਆਂ, ਭੈਣਾ ਅਤੇ ਪਤਨੀਆਂ ਦੀ ਇੱਜ਼ਤ ਆਬਰੂ ਦਾ ਕੋਈ ਫ਼ਿਕਰ ਨਹੀਂ। ਮਨੀਪੁਰ ਦੇ ਮੁੱਖ ਮੰਤਰੀ ਐਨ.ਬੀਰੇਨ ਸਿੰਘ ਮੈਤਾਈ ਸਮੁਦਾਏ ਨਾਲ ਸੰਬੰਧ ਰੱਖਦੇ ਹਨ। ਇਸ ਲਈ ਪੁਲਿਸ ਤੇ ਇਲਜ਼ਾਮ ਲੱਗ ਰਹੇ ਹਨ ਕਿ ਉਹ ਸਰਕਾਰੀ ਸ਼ਹਿ ‘ਤੇ ਮੈਤਾਈਆਂ ਦੀ ਮਦਦ ਕਰ ਰਹੀ ਹੈ। ਜਦੋਂ ਕੋਈ ਇਲਜ਼ਾਮ ਲਗਦਾ ਹੈ ਤਾਂ ਮਾੜੀ ਮੋਟੀ ਤਾਂ ਸਚਾਈ ਹੁੰਦੀ ਹੈ। ਕੁਕੀ ਐਥਨਿਕ ਟਰਾਈਵਲ ਕਬੀਲੇ ਦੇ ਲੋਕ ਹਨ, ਪਹਾੜਾਂ ਦੀਆਂ ਕੁੰਦਰਾਂ ਵਿੱਚ ਅਤੇ ਆਲੇ ਦੁਆਲੇ ਰਹਿੰਦੇ ਹਨ। ਆਪਣੇ ਪਰਿਵਾਰਾਂ ਦਾ ਭੇਡਾਂ ਬੱਕਰੀਆਂ ਪਾਲਕੇ ਗੁਜ਼ਾਰਾ ਕਰਦੇ ਹਨ। ਪੜ੍ਹਾਈ ਵਿੱਚ ਵੀ ਪਛੜੇ ਹੋਏ ਹਨ। ਮੈਤਾਈ ਇੰਫਾਲ ਅਤੇ ਇਸ ਦੇ ਨੇੜੇ ਤੇੜੇ ਰਹਿੰਦੇ ਹਨ। ਮੈਤਾਈਆਂ ‘ਤੇ ਇਲਜ਼ਾਮ ਲੱਗ ਰਹੇ ਹਨ ਕਿ ਬਹੁਗਿਣਤੀ ਵਿੱਚ ਹੋਣ ਕਰਕੇ ਕੁਕੀਆਂ ‘ਤੇ ਜ਼ੁਲਮ ਕਰ ਰਹੇ ਹਨ। ਕੁਕੀਆਂ ਨੂੰ ਮਾਰਿਆ ਜਾ ਰਿਹਾ ਹੈ, ਇਸਤਰੀਆਂ ਨੂੰ ਨਿਰਬਸਤਰ ਕਰਕੇ ਬਲਾਤਕਾਰ ਕੀਤੇ ਜਾ ਰਹੇ ਹਨ। ਮਰਦਾਂ ਨੇ ਨਾਮਰਦਾਂ ਵਾਲੇ ਕੰਮ ਕੀਤੇ ਹਨ। ਤਾਜਾ ਘਟਨਾਕ੍ਰਮ ਅਨੁਸਾਰ ਇਕ ਵੀਡੀਓ ਜੁਲਾਈ 2023 ਵਿੱਚ ਸਾਹਮਣੇ ਆਈ ਹੈ, ਜਿਸ ਵਿੱਚ ਦੋ ਇਸਤਰੀਆਂ ਨੂੰ ਨਿਰਬਸਤਰ ਕਰਕੇ ਸ਼ਰੇਆਮ ਘੁਮਾਇਆ ਜਾ ਰਿਹਾ ਹੈ। ਉਨ੍ਹਾਂ ਦੇ ਸਰੀਰ ਦੇ ਅੰਗਾਂ ਨੂੰ ਨੋਚਿਆ ਜਾ ਰਿਹਾ ਹੈ। ਤਮਾਸ਼ਬੀਨ ਲੋਕ ਬੇਸ਼ਰਮ ਹੋ ਕੇ ਸਭ ਕੁਝ ਵੇਖ ਰਹੇ ਹਨ। ਵੀਡੀਓ ਬਣਾ ਰਹੇ ਹਨ। ਇਹ ਦੋਸ਼ ਹੈ ਕਿ ਉਸ ਤੋਂ ਬਾਅਦ ਉਨ੍ਹਾਂ ਦੋਹਾਂ ਨਾਲ ਸਮੂਹਿਕ ਬਲਾਤਕਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤੀਆਂ ਗਈਆਂ ਅਤੇ ਹੋਰ ਕੁਕੀਆਂ ‘ਤੇ ਅਨੇਕ ਕਿਸਮ ਦੇ ਤਸੀਹੇ ਦਿੱਤੇ ਜਾ ਰਹੇ ਹਨ। ਪੁਲਿਸ ਉਨ੍ਹਾਂ ਦੀਆਂ ਜ਼ਿਆਦਤੀਆਂ ਨੂੰ ਅੱਖੋਂ ਪ੍ਰੋਖੇ ਕਰ ਰਹੀ ਹੈ। ਪੁਲਿਸ ਕੋਲ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਡੇਢ ਮਹੀਨਾ ਕਾਰਵਾਈ ਨਹੀਂ ਹੋਈ, ਇਥੋਂ ਤੱਕ ਕਿ ਕੋਈ ਐਫ਼.ਆਈ.ਆਰ.ਵੀ ਦਰਜ ਨਹੀਂ ਹੋਈ ਸੀ। ਇਹ ਘਟਨਾ 4 ਮਈ 2023 ਨੂੰ ਹੋਈ ਸੀ। ਇਕ ਤੋਂ ਬਾਅਦ ਹੋਰ ਵੀਡੀਓ ਵੀ ਆ ਰਹੀਆਂ ਹਨ। ਇਸ ਘਟਨਾ ਦੀ ਸ਼ਿਕਾਇਤ ਕਰਨ ‘ਤੇ ਵੀ ਪੁਲਿਸ ਨੇ ਕੇਸ ਰਜਿਸਟਰ ਨਹੀਂ ਕੀਤਾ ਸੀ। ਜਦੋਂ ਜੁਲਾਈ ਵਿੱਚ ਡੇਢ ਮਹੀਨੇ ਬਾਅਦ ਵੀਡੀਓ ਆ ਗਈ ਤਾਂ ਫਿਰ ਕੇਸ ਰਜਿਸਟਰ ਕੀਤਾ ਹੈ। ਸੁਪਰੀਮ ਕੋਰਟ ਨੇ ਵੀ ਸਰਕਾਰ ਨੂੰ ਲਾਹਣਤਾਂ ਪਾਈਆਂ ਹਨ। ਇਹ ਤਾਂ ਇਕ ਵੀਡੀਓ ਆਈ ਹੈ, ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਹਨ ਅਤੇ ਹੁਣ ਵੀ ਦੋਹਾਂ ਪਾਸਿਆਂ ਤੋਂ ਸਾੜ ਫੂਕ ਦੀਆਂ ਘਟਨਾਵਾਂ ਹੋ ਰਹੀਆਂ ਹਨ, ਜਿਨ੍ਹਾਂ ਨੇ ਭਾਰਤੀ ਰਾਜ ਪ੍ਰਬੰਧ ਦੀ ਪ੍ਰਣਾਲੀ ਦੀ ਪੋਲ ਖੋਲ੍ਹ ਦਿੱਤੀ ਹੈ। ਸੰਸਾਰ ਵਿੱਚ ਭਾਰਤ ਦੀ ਤੋਏ ਤੋਏ ਹੋ ਰਹੀ ਹੈ। ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਹੈ ਤੇ ਜਿਹੜੇ ਤਮਾਸ਼ਬੀਨ ਹਨ, ਉਹ ਵੀ ਉਸੇ ਇਸਤਰੀ ਦੇ ਪੇਟ ਵਿੱਚ ਨੌਂ ਮਹੀਨੇ ਰਹਿ ਕੇ ਉਸੇ ਰਸਤੇ ਬਾਹਰ ਆਏ ਹਨ, ਜਿਸ ਦਾ ਬਲਾਤਕਾਰ ਕਰਦੇ ਹਨ। ਉਨ੍ਹਾਂ ਦੀਆਂ ਵੀ ਮਾਵਾਂ, ਧੀਆਂ, ਭੈਣਾਂ, ਪਤਨੀਆਂ ਔਰਤਾਂ ਹੀ ਹਨ। ਉਹ ਜੋ ਕੁਝ ਕਰ ਰਹੇ ਹਨ, ਉਹ ਆਪਣੀਆਂ ਮਾਵਾਂ, ਧੀਆਂ ਭੈਣਾ ਅਤੇ ਪਤਨੀਆਂ ਨਾਲ ਵੀ ਕਰ ਰਹੇ ਹਨ। ਇਨ੍ਹਾਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲਿਆਂ ਨੇ ਜਗਜਨਨੀ ਨੂੰ ਨਿਰਬਸਤਰ ਕਰਕੇ ਸਾਰੀ ਭਾਰਤੀ ਸਭਿਅਤਾ ਨਿਰਬਸਤਰ ਕਰ ਦਿੱਤੀ ਹੈ। ਕੰਜਕਾਂ ਪੂਜਣ ਵਾਲੇ, ‘ਬੇਟੀ ਪੜ੍ਹਾਓ ਬੇਟੀ ਬਚਾਓ’ ਦੇ ਨਾਅਰੇ ਮਾਰਨ ਵਾਲੇ ਨੰਗੇ ਕਰ ਦਿੱਤੇ ਹਨ। ਭਾਰਤ ਸੰਸਾਰ ਵਿੱਚ ਸ਼ਰਮਸ਼ਾਰ ਹੋਇਆ ਹੈ। ਅਜੇ ਵੀ ਸਰਕਾਰ ਅੱਖਾਂ ਮੀਟੀ ਬੈਠੀ ਹੈ।
Comments
Post a Comment