ਕਾਂਗਰਸ ਪਾਰਟੀ ਸੀਨੀਅਰ ਲੀਡਰਾਂ ਦੀ ਧੜੇਬੰਦੀ ਦੇ ਭਾਰ ਹੇਠ ਦੱਬ ਗਈ
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸੁਨਾਮੀ ਨੇ ਸਥਾਪਤ ਪਾਰਟੀਆਂ ਜਿਨ੍ਹਾਂ ਵਿੱਚ ਸ਼ਰੋਮਣੀ ਅਕਾਲੀ ਦਲ ਦੇ ਪੰਜ ਵਾਰ ਰਹੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪੰਜਾਬ ਦੇ ਦੋ ਵਾਰ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਰਾਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਅਤੇ ਹੋਰ ਸੀਨੀਅਰ ਅਕਾਲੀ ਦਲ ਤੇ ਕਾਂਗਰਸ ਦੇ ਨੇਤਾਵਾਂ ਨੂੰ ਬੁਰੀ ਤਰ੍ਹਾਂ ਪਛਾੜਕੇ ਆਪਣੀ ਸਿਆਸੀ ਤਾਕਤ ਦਾ ਝੰਡਾ ਗੱਡ ਦਿੱਤਾ ਹੈ। ਜੇ ਇਹ ਕਿਹਾ ਜਾਵੇ ਕਿ ਪੰਜਾਬ ਦੇ ਵੋਟਰਾਂ ਨੇ ਤਬਦੀਲੀ ਨੂੰ ਮੋਹਰ ਲਾਈ ਹੈ ਤਾਂ ਇਸ ਵਿੱਚ ਕੋਈ ਅਤਕਥਨੀ ਨਹੀਂ ਹੈ। ਪੰਜਾਬ ਦੇ ਲੋਕ ਸਥਾਪਤ ਪਾਰਟੀਆਂ ਦੇ ਉਤਰ ਕਾਟੋ ਮੈਂ ਚੜ੍ਹਾਂ ਦੀ ਪ੍ਰਣਾਲੀ ਤੋਂ ਅੱਕੇ ਪਏ ਸਨ। ਨਸ਼ੇ, ਭਰਿਸ਼ਟਾਚਾਰ, ਸ਼ਰਾਬ, ਟਰਾਂਸਪੋਰਟ, ਰੇਤਾ-ਬਜਰੀ ਅਤੇ ਗੈਂਗਸਟਰਾਂ ਦੇ ਮਾਈਏ ਤੋਂ ਬਹੁਤ ਤੰਗ ਸਨ। ਬੇਰੋਜ਼ਗਾਰੀ ਅਤੇ ਮਹਿੰਗਾਈ ਹੱਦਾਂ ਪਾਰ ਕਰ ਗਈ ਸੀ। ਨੌਜਵਾਨੀ ਵਿਦੇਸ਼ਾਂ ਨੂੰ ਭੱਜੀ ਜਾ ਰਹੀ ਸੀ। ਇਨ੍ਹਾਂ ਮਸਲਿਆਂ ਦੇ ਹੱਲ ਨੂੰ ਮੁੱਖ ਰਖਕੇ ਪੰਜਾਬ ਦੇ ਵੋਟਰਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਹਨ। ਪੰਜਾਬ ਕਾਂਗਰਸ ਜਿਹੜੀ ਰਾਜ ਭਾਗ ‘ਤੇ ਕਾਬਜ਼ ਸੀ, ਉਹ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਅਸਫ਼ਲ ਰਹੀ। ਪੰਜਾਬ ਕਾਂਗਰਸ ਨੂੰ ਆਪਣੇ ਨੇਤਾਵਾਂ ਦੀ ਲੜਾਈ ਦਾ ਖਮਿਆਜ਼ਾ ਭੁਗਤਣਾ ਪਿਆ ਹੈ। ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾਵਾਂ ਦੀ ਧੜੇਬੰਦੀ ਨੇ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ ਹੈ। ਪੰਜਾਬ ਕਾਂਗਰਸ ਦੇ ਵਰਕਰ ਨਹੀਂ ਸਗੋਂ ਨੇਤਾ ਹਾਰੇ ਹਨ ਕਿਉਂਕਿ ਨੇਤਾਵਾਂ ਦੀਆਂ ਆਪਹੁਦਰੀਆਂ ਦਾ ਨੁਕਸਾਨ ਵਰਕਰਾਂ ਨੂੰ ਭੁਗਤਣਾ ਪਿਆ ਹੈ। ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਨਿਮੋਸ਼ੀਜਨਕ ਹਾਰ ਦਾ ਮੁੱਖ ਕਾਰਨ ਉਸਦੇ ਲੀਡਰਾਂ ਦੀ ਆਪਸੀ ਪਾੜੋਧਾੜ ਬਣੀ ਹੈ। ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰਾਂ ਦੀ ਧੜੇਬੰਦੀ ਜਗ ਜ਼ਾਹਰ ਸੀ ਪ੍ਰੰਤੂ ਕੇਂਦਰੀ ਕਾਂਗਰਸ ਦੀ ਕਮਜ਼ੋਰ ਲੀਡਰਸ਼ਿਪ ਕੋਈ ਵੀ ਠੋਸ ਫੈਸਲੇ ਕਰਨ ਦੇ ਸਮਰੱਥ ਨਾ ਹੋਣ ਕਰਕੇ ਨਿਰਾਸਤਾ ਪੱਲੇ ਪਈ ਹੈ। ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਕਾਂਗਰਸ ਪਾਰਟੀ ਦੀ ਹਾਰ ਦੇ ਦੋਵੇਂ ਇਕੋ ਜਿਤਨੇ ਜ਼ਿੰਮੇਵਾਰ ਹਨ। ਕਾਂਗਰਸ ਪਾਰਟੀ ਸੀਨੀਅਰ ਲੀਡਰਾਂ ਦੀ ਹਓਮੈ ਦੇ ਭਾਰ ਹੇਠ ਦੱਬਣ ਕਰਕੇ ਸਾਹ ਸਤ ਹੀਣ ਹੋ ਗਈ ਹੈ। ਚੋਣਾ ਦੇ ਦਰਮਿਆਨ ਵੀ ਉਨ੍ਹਾਂ ਨੇ ਇਕ ਦੂਜੇ ਨੂੰ ਠਿੱਬੀ ਲਾਉਣ ਦੀ ਕਸਰ ਬਾਕੀ ਨਹੀਂ ਛੱਡੀ। ਉਨ੍ਹਾਂ ਦੇ ਘੁਮੰਡ ਨੇ ਉਨ੍ਹਾਂ ਨੂੰ ਸੋਚਣ ਹੀ ਨਹੀਂ ਦਿੱਤਾ ਕਿ ਉਹ ਆਪਣੀਆਂ ਜੜ੍ਹਾਂ ਆਪ ਵੱਢ੍ਹ ਰਹੇ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਵਿੱਚ ਮੁੱਖ ਮੰਤਰੀ ਨੂੰ ਬਦਲਣ ਦਾ ਸਮਾਂ ਬਹੁਤ ਗ਼ਲਤ ਸੀ। ਦੂਜੀ ਗੱਲ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਅਤੇ ਟਕਸਾਲੀ ਕਾਂਗਰਸੀਆਂ ਨੂੰ ਅਣਡਿਠ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਦਾ ਪ੍ਰਧਾਨ ਬਣਾਉਣਾ ਕਾਂਗਰਸ ਹਾਈ ਕਮਾਂਡ ਦਾ ਬਚਕਾਨਾ ਫ਼ੈਸਲਾ ਸੀ। ਪੰਜਾਬ ਕਾਂਗਰਸ ਦਾ ਪ੍ਰਧਾਨ ਬਣਦਿਆਂ ਹੀ ਨਵਜੋਤ ਸਿੰਘ ਸਿੱਧੂ ਨੇ ਆਪਣੀ ਹਓਮੈ ਦੇ ਤੇਵਰ ਵਿਖਾਉਣੇ ਸ਼ੁਰੂ ਕਰ ਦਿੱਤੇ ਸਨ। ਉਹ ਇਸ ਤਰ੍ਹਾਂ ਬਿਆਨ ਦੇ ਰਹੇ ਸਨ, ਜਿਵੇਂ ਵੋਟਰ ਉਨ੍ਹਾਂ ਦੇ ਗ਼ੁਲਾਮ ਹੋਣ। ਨਵਜੋਤ ਸਿੰਘ ਸਿੱਧੂ ਦੇ ਕਰੈਡਿਟ ਵਿੱਚ ਪੰਜਾਬ ਕਾਂਗਰਸ ਦੇ ਅਕਸ ਨੂੰ ਥੋੜ੍ਹੇ ਸਮੇਂ ਲਈ ਉਭਾਰਨ ਅਤੇ ਇਸਨੂੰ ਖੂਹ ਵਿੱਚ ਸੁੱਟਣਾ ਜਾਂਦਾ ਹੈ। ਨਵਜੋਤ ਸਿੰਘ ਸਿੱਧੂ ਦਾ ਆਪਣੇ ਆਪ ਨੂੰ ਸਭ ਤੋਂ ਸਰਵੋਤਮ ਨੇਤਾ ਸਮਝਣਾ ਅਤੇ ਬਾਕੀ ਨੇਤਾਵਾਂ ਨੂੰ ਟਿੱਚ ਸਮਝਣਾ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਵਿੱਚ ਤੇਲ ਦੇ ਗਿਆ। ਕਿਸੇ ਵੀ ਪਾਰਟੀ ਦਾ ਪ੍ਰਧਾਨ ਸੰਜੀਦਾ ਵਿਅਕਤੀ ਹੋਣਾ ਚਾਹੀਦਾ ਹੈ ਨਾ ਕਿ ਜਿਹੜੀ ਗੱਲ ਮੂੰਹ ਵਿੱਚ ਆ ਗਈ, ਉਹੀ ਕਹਿ ਦਿੱਤੀ। ਉਨ੍ਹਾਂ ਦੀ ਮੁੱਖ ਮੰਤਰੀ ਬਣਨ ਦੀ ਲਾਲਸਾ ਨੇ ਕਾਂਗਰਸ ਪਾਰਟੀ ਦਾ ਭੱਠਾ ਬਿਠਾ ਦਿੱਤਾ ਹੈ। ਚਰਨਜੀਤ ਸਿੰਘ ਚੰਨੀ ਨੂੰ ਨਵਜੋਤ ਸਿੰਘ ਸਿੱਧੂ ਨੇ ਕਦੀਂ ਵੀ ਮੁੱਖ ਮੰਤਰੀ ਸਵੀਕਾਰ ਹੀ ਨਹੀਂ ਕੀਤਾ। ਫਿਰ ਮੰਤਰੀ ਬਣਾਉਣ ਲਈ ਆਡ੍ਹਾ ਡਾਹ ਕੇ ਬੈਠ ਗਿਆ। ਆਪਣੀ ਮਰਜ਼ੀ ਦੇ ਮੰਤਰੀ ਬਣਾ ਕੇ ਵੀ ਸੰਤੁਸ਼ਟ ਨਹੀਂ ਹੋਇਆ, ਸਗੋਂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਵੀ ਟਵੀਟ ਰਾਹੀਂ ਹੀ ਕਰ ਦਿੱਤਾ। ਸਿਆਸਤ ਦੀ ਟਵੀਟ ਨੇ ਵੀ ਕਾਂਗਰਸ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਹੈ। ਅਨੁਸ਼ਾਸ਼ਨਹੀਣਤਾ ਦਾ ਨਮੂਨਾ ਨੇਤਾਵਾਂ ਨੇ ਵਰਕਰਾਂ ਲਈ ਦਿੱਤਾ ਹੈ। ਜਦੋਂ ਕਿ ਨੇਤਾਵਾਂ ਦਾ ਅਨੁਸ਼ਾਸ਼ਨ ਬਣਾਕੇ ਰੱਖਣ ਦੀ ਜ਼ਿੰਮੇਵਾਰੀ ਹੁੰਦੀ ਹੈ। ਲੋਕਾਂ ਵਿੱਚ ਨਾ ਜਾਣਾ ਵੀ ਕਾਂਗਰਸ ਦੀ ਹਾਰ ਦਾ ਕਾਰਨ ਬਣਿਆਂ ਹੈ। ਜਦੋਂ ਪਾਰਟੀ ਦੀ ਮਜ਼ਬੂਤੀ ਲਈ ਕਾਂਗਰਸ ਭਵਨ ਬਿਸਤਰਾ ਲਾ ਕੇ ਕੰਮ ਕਰਨ ਦਾ ਸਮਾਂ ਸੀ ਤਾਂ ਉਨ੍ਹਾਂ ਨੇ ਦੋ ਮਹੀਨੇ ਮੋਨ ਧਾਰ ਲਿਆ। ਪਾਰਟੀ ਬਿਨਾ ਪ੍ਰਧਾਨ ਤੇ ਹੀ ਰਹੀ, ਵਰਕਰਾਂ ਵਿੱਚ ਨਮੋਸ਼ੀ ਘਰ ਕਰ ਗਈ। ਲੋਕਾਂ ਨਾਲ ਤਾਲਮੇਲ ਕਰਨ ਤੋਂ ਬਿਨਾ ਪਾਰਟੀ ਕਿਵੇਂ ਮਜ਼ਬੂਤ ਹੁੰਦੀ। ਵਾਅਦੇ ਕਰਨੇ ਕਦੇ ਵੀ ਵਫ਼ਾ ਨਹੀਂ ਦਿੰਦੇ, ਅਮਲੀ ਜਾਮਾ ਪਹਿਨਾਉਣਾ ਜ਼ਰੂਰੀ ਹੁੰਦਾ ਹੈ। ਨਵਜੋਤ ਸਿੰਘ ਸਿੱਧੂ ਵਾਅਦਿਆਂ ਦੀ ਝੜੀ ਲਾ ਦਿੰਦੇ ਰਹੇ। ਵਾਅਦੇ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਬਥੇਰੇ ਕੀਤੇ ਸੀ। ਜਦੋਂ ਮੁਕੰਮਲ ਨਹੀਂ ਹੋਏ ਤਾਂ ਹਾਰ ਦਾ ਮੂੰਹ ਵੇਖਣਾ ਪਿਆ। ਪਾਰਟੀ ਕਿਵੇਂ ਮਜ਼ਬੂਤ ਹੁੰਦੀ। ਕਾਂਗਰਸ ਦੇ ਵਰਕਰਾਂ ਨੂੰ ਜਿਹੜਾ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਨਾਲ ਹੌਸਲਾ ਮਿਲਿਆ ਸੀ, ਜਦੋਂ ਉਹ ਅਸਤੀਫਾ ਦੇ ਗਏ ਤਾਂ ਵਰਕਰ ਫਿਰ ਨਿਰਾਸ਼ ਹੋ ਗਏ। ਕਾਂਗਰਸੀ ਵਰਕਰਾਂ ਦੇ ਹੌਸਲੇ ਪਸਤ ਹੋ ਗਏ। ਪ੍ਰਧਾਨ ਦਾ ਕੰਮ ਹੁੰਦਾ ਹੈ ਕਿ ਉਹ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰੇ। ਨਵਜੋਤ ਸਿੰਘ ਸਿੱਧੂ ਤਾਂ ਸੰਗਠਨ ਵੀ ਨਹੀਂ ਬਣਾ ਸਕਿਆ। ਫਿਰ ਸੰਗਠਨ ਨੇ ਕੰਮ ਕੀ ਕਰਨਾ ਸੀ? ਕੋਈ ਪਬਲਿਕ ਜਲਸਾ ਨਹੀਂ ਕੀਤਾ ਸਗੋਂ ਉਹ ਪਾਰਟੀ ਨੂੰ ਟਵੀਟਾਂ ਨਾਲ ਹੀ ਚਲਾਉਂਦੇ ਰਹੇ। ਉਨ੍ਹਾਂ ਦੇ ਟਵੀਟ ਵੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਥਾਂ ਕਮਜ਼ੋਰ ਕਰਨ ਵਾਲੇ ਹੁੰਦੇ ਸਨ। ਹਮੇਸ਼ਾ ਹੀ ਵਾਦਵਿਵਾਦ ਵਿੱਚ ਰਹੇ, ਕਦੇ ਸਲਾਹਕਾਰਾਂ ਦੀ ਨਿਯੁਕਤੀ ਦਾ ਵਦਵਿਵਾਦ ਕਦੇ ਦੂਜੇ ਨੇਤਾਵਾਂ ਨਾਲ ਲੜਾਈ । ਇਸ ਲੜਾਈ ਵਿੱਚ ਸਾਰੇ ਹੀ ਕਾਂਗਰਸ ਦੇ ਨੇਤਾ ਹੀਰੋ ਤੋਂ ਜ਼ੀਰੋ ਹੋ ਗਏ। ਆਪਣੇ ਹੀ ਮੁੱਖ ਮੰਤਰੀ ਦੇ ਵਿਰੁੱਧ ਬਿਆਨ ਦੇਣ ਨੂੰ ਉਹ ਆਪਣਾ ਅਧਿਕਾਰ ਸਮਝਦੇ ਸਨ। ਟਿਕਟਾਂ ਦੀ ਵੰਡ ਵਿੱਚ ਵੀ ਸੀਨੀਅਰ ਨੇਤਾ ਗੁਥਮ ਗੁੱਥਾ ਹੁੰਦੇ ਰਹੇ। ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਨਾਲ ਪੰਜਾਬ ਕਾਂਗਰਸ ਦੋ ਜ਼ਬਰਦਸਤ ਧੜਿਆਂ ਵਿੱਚ ਵੰਡੀ ਗਈ। ਜੇਕਰ ਇਕ ਉਮੀਦਵਾਰ ਦੀ ਚਰਨਜੀਤ ਸਿੰਘ ਚੰਨੀ ਸਪੋਰਟ ਕਰਦਾ ਤਾਂ ਨਵਜੋਤ ਸਿੰਘ ਸਿੱਧੂ ਉਸਦੇ ਵਿਰੋਧੀ ਦੀ ਬਾਂਹ ਫੜ ਲੈਂਦੇ ਅਤੇ ਪਬਲਿਕਲੀ ਉਸਦੇ ਵਿਰੁੱਧ ਬਿਆਨ ਦਾਗ ਦਿੰਦੇ। ਕਾਂਗਰਸ ਹਾਈ ਕਮਾਂਡ ਗਾਂਧੀ ਦੇ ਤਿੰਨ ਬਾਂਦਰਾਂ ਦੀ ਤਰ੍ਹਾਂ ਚੁੱਪ ਵੱਟੀ ਰੱਖਦੀ ਕਿਉਂਕਿ ਕਾਂਗਰਸ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਨੂੰ ਨਰਾਜ਼ ਨਹੀਂ ਕਰਨਾ ਚਾਹੁੰਦੀ ਸੀ। ਇਸ ਕਰਕੇ ਉਹ ਆਪ ਮੁਹਾਰਾ ਹੋ ਗਿਆ। ਨਵਜੋਤ ਸਿੰਘ ਸਿੱਧੂ ਕਾਂਗਰਸ ਹਾਈ ਕਮਾਂਡ ਦੇ ਗਲੇ ਦੀ ਹੱਡੀ ਬਣ ਗਏ ਸਨ। ਉਹੀ ਉਸਨੇ ਸਾਬਤ ਕਰ ਦਿੱਤਾ। ਏਥੇ ਹੀ ਬਸ ਨਹੀਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਛੋਟਾ ਭਰਾ ਡਾ ਮਨੋਹਰ ਸਿੰਘ ਕਾਂਗਰਸ ਦੇ ਵਿਧਾਨਕਾਰ ਅਤੇ ਫਤਿਹਗੜ੍ਹ ਸਾਹਿਬ ਜਿਲ੍ਹੇ ਦੇ ਰਾਖਵੇਂ ਹਲਕੇ ਬਸੀ ਪਠਾਨਾ ਤੋਂ ਉਮੀਦਵਾਰ ਜੀ ਪੀ ਸਿੰਘ ਵਿਰੁੱਧ ਅਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਿਆ ਪ੍ਰੰਤੂ ਚਰਨਜੀਤ ਸਿੰਘ ਚੰਨੀ ਨੇ ਉਸਨੂੰ ਰੋਕਿਆ ਨਹੀਂ ਸਗੋਂ ਵਰਤਮਾਨ ਵਿਧਾਨਕਾਰ ਨੂੰ ਹਰਾਇਆ। ਕਾਂਗਰਸ ਹਾਈ ਕਮਾਂਡ ਬੇਬਸ ਹੋ ਕੇ ਵੇਖਦੀ ਰਹੀ। ਏਸੇ ਤਰ੍ਹਾਂ ਸੁਲਤਾਨਪੁਰ ਲੋਧੀ ਹਲਕੇ ਤੋਂ ਰਾਣਾ ਗੁਰਜੀਤ ਸਿੰਘ ਮੰਤਰੀ ਦਾ ਸਪੁੱਤਰ ਕਾਂਗਰਸ ਦੇ ਵਰਤਮਾਨ ਵਿਧਾਨਕਾਰ ਨਵਤੇਜ ਸਿੰਘ ਚੀਮਾ ਦੇ ਵਿਰੁੱਧ ਅਜ਼ਾਦ ਚੋਣ ਲੜਿਆ। ਰਾਣਾ ਗੁਰਜੀਤ ਨੇ ਉਸਨੂੰ ਚੋਣ ਲੜਨ ਤੋਂ ਰੋਕਣ ਦੀ ਥਾਂ ਪਬਲਿਕਲੀ ਬਿਆਨ ਦੇ ਕਾਂਗਰਸ ਪਾਰਟੀ ਦੀ ਪੁਜੀਸ਼ਨ ਖਰਾਬ ਕੀਤੀ। ਕਾਂਗਰਸ ਹਾਈ ਕਮਾਂਡ ਫਿਰ ਚੁੱਪ ਕਰਕੇ ਬੈਠੀ ਰਹੀ। ਇਸਦਾ ਭਾਵ ਤਾਂ ਇਹ ਬਣਦਾ ਹੈ ਕਿ ਕਾਂਗਰਸ ਹਾਈ ਕਮਾਂਡ ਵੀ ਪੰਜਾਬ ਦੀ ਜਿੱਤ ਲਈ ਸੰਜੀਦਾ ਨਹੀਂ ਸੀ। ਕਾਂਗਰਸ ਪਾਰਟੀ ਨੂੰ ਆਪਣੀ ਰਣਨੀਤੀ ਬਦਲਣੀ ਪਵੇਗੀ। ਜਿਹੜੇ ਕਾਂਗਰਸੀ ਚੋਣਾਂ ਤੋਂ ਪਹਿਲਾਂ ਪਾਰਟੀ ਛੱਡ ਗਏ ਉਨ੍ਹਾਂ ਨੂੰ ਵਾਪਸ ਕਾਂਗਰਸ ਪਾਰਟੀ ਵਿੱਚ ਬਿਲਕੁਲ ਸ਼ਾਮਲ ਨਹੀਂ ਕਰਨਾ ਚਾਹੀਦਾ। ਮੌਕਾਪ੍ਰਸਤਾਂ, ਚਾਪਲੂਸਾਂ, ਭਰਿਸ਼ਟਾਚਾਰੀਆਂ, ਮਾਫੀਏ ਦੇ ਸਰਗਣਾ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਤੋਂ ਗੁਰੇਜ ਕਰਨਾ ਜ਼ਰੂਰੀ ਹੈ। ਟਕਾਲੀ ਕਾਂਗਰਸੀਆਂ ਨੂੰ ਪਾਰਟੀ ਵਿੱਚ ਮਹੱਤਤਾ ਦੇਣੀ ਚਾਹੀਦੀ ਹੈ। ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਕਿਉਂਕਿ 2024 ਵਿੱਚ ਲੋਕ ਸਭਾ ਦੀਆਂ ਚੋਣਾ ਆ ਰਹੀਆਂ ਹਨ।
Comments
Post a Comment