ਡਾ ਤੇਜਵੰਤ ਮਾਨ ਦੀ ਸਵੈਜੀਵਨੀ ‘ਜਿਸੁ ਆਸਿਣ ਹਮ ਬੈਠੇ’: ਜਦੋਜਹਿਦ ਦੀ ਕਹਾਣੀ
ਡਾ ਤੇਜਵੰਤ ਮਾਨ ਪੰਜਾਬੀ ਦੇ ਪ੍ਰਗਤੀਸ਼ੀਲ, ਬੇਬਾਕ ਅਤੇ ਅਗਾਂਵਧੂ ਵਿਚਾਰਧਾਰਾ ‘ਤੇ ਪਹਿਰਾ ਦੇਣ ਵਾਲੇ ਵਿਦਵਾਨ ਸਾਹਿਤਕਾਰ ਹਨ। ਉਨ੍ਹਾਂ ਦੀ ਸਵੈਜੀਵਨੀ ‘ਜਿਸੁ ਆਸਿਣ ਹਮ ਬੈਠੇ’ ਜਿੰਦਗੀ ਦੀ ਜਦੋਜਹਿਦ ਦੀ ਕਹਾਣੀ ਹੈ। ਉਨ੍ਹਾਂ ਦੇ ਬਚਪਨ ਤੋਂ ਲੈ ਕੇ ਸਿਰਮੌਰ ਵਿਦਵਾਨ ਬਣਨ ਤੱਕ ਦਾ ਸਫ਼ਰ ਕੰਡਿਆਲੀ ਤਾਰ ‘ਤੇ ਨੰਗੇ ਪੈਰੀਂ ਔਝੜੇ ਰਾਹਾਂ ‘ਤੇ ਤੁਰਕੇ ਅਨੇਕ ਅੜਚਣਾ ਦੇ ਬਾਵਜੂਦ ਸਫ਼ਲਤਾ ਪ੍ਰਾਪਤ ਕਰਨੀ ਨੌਜਵਾਨ ਸਾਹਿਤਕਾਰਾਂ ਲਈ ਪ੍ਰੇਰਨਾ ਸਰੋਤ ਸਾਬਤ ਹੋਵੇਗੀ। ਉਨ੍ਹਾਂ ਨੂੰ ਸਫ਼ਲਤਾ ਦੀ ਪੌੜੀ ਚੜ੍ਹਦਿਆਂ ਹਰ ਕਦਮ ‘ਤੇ ਦਿ੍ਰੜ੍ਹਤਾ ਨਾਲ ਰਾਜ ਪ੍ਰਬੰਧ ਦੀ ਪ੍ਰਣਾਲੀ ਨਾਲ ਦੋ ਹੱਥ ਕਰਨੇ ਪਏ। ਇਥੇ ਹੀ ਬਸ ਨਹੀਂ ਕਈ ਵਾਰ ਅਣਕਿਆਸੇ ਹਾਲਾਤ ਦਾ ਮੁਕਾਬਲਾ ਕਰਦਿਆਂ ਉਨ੍ਹਾਂ ਦਲੇਰੀ ਦਾ ਸਬੂਤ ਦਿੰਦਿਆਂ ਪ੍ਰਬੰਧਕੀ ਪ੍ਰਣਾਲੀ ਨੂੰ ਚੁਣੌਤੀ ਵੀ ਦਿੱਤੀ। ਉਨ੍ਹਾਂ ਵਿਚ ਅਜਿਹੀ ਦਲੇਰੀ ਪਰਿਵਾਰਿਕ ਗੁੜ੍ਹਤੀ ਕਰਕੇ ਪੈਦਾ ਹੋਈ ਕਿਉਂਕਿ ਉਨ੍ਹਾਂ ਦੇ ਪਿਤਾ ਅਜੀਤ ਸਿੰਘ ਮਾਨ ਨੇ ਅਨੇਕਾਂ ਦੁਸ਼ਾਵਰੀਆਂ ਦਾ ਮੁਕਾਬਲਾ ਕਰਦਿਆਂ ਆਪਣੀ ਅਣਖ਼ ਨੂੰ ਆਂਚ ਨਹੀਂ ਆਉਣ ਦਿੱਤੀ, ਭਾਵੇਂ ਉਨ੍ਹਾਂ ਨੂੰ ਵੀ ਕਈ ਵਾਰੀ ਪ੍ਰਬੰਧਕੀ ਪ੍ਰਣਾਲੀ ਦੀਆਂ ਜ਼ਿਆਦਤੀਆਂ ਨੇ ਪ੍ਰੇਸ਼ਾਨ ਕੀਤਾ ਸੀ। ਜੇ ਪਿਤਾ ਨੇ ਅਜਿਹੇ ਮਾਹੌਲ ਵਿਚ ਜੀਵਨ ਗੁਜ਼ਾਰਿਆ ਹੋਵੇ ਤਾਂ ਸਪੁੱਤਰ ਕਿਵੇਂ ਪਿਛੇ ਰਹਿ ਸਕਦਾ ਹੈ। ਆਰਥਿਕ ਮਜ਼ਬੂਰੀਆਂ ਨੇ ਉਨ੍ਹਾਂ ਦੇ ਰਾਹ ਵਿੱਚ ਬਥੇਰਾ ਰੋੜਾ ਬਣਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਡਾ ਤੇਜਵੰਤ ਮਾਨ ਹਰ ਵਾਰੀ ਉਨ੍ਹਾਂ ‘ਤੇ ਕਾਬੂ ਪਾਉਣ ਵਿਚ ਸਫਲ ਹੁੰਦਾ ਰਿਹਾ। ਉਨ੍ਹਾਂ ਨੇ ਪੰਜਾਬੀ ਵਿਚ 70 ਦੇ ਲਗਪਗ ਪੁਸਤਕਾਂ, 150 ਪੁਸਤਕਾਂ ਦੇ ਮੁੱਖਬੰਦ, 100 ਪੁਸਤਕਾਂ ਦੀ ਪੜਚੋਲ ਅਤੇ 200 ਦੇ ਲਗਪਗ ਚਿੱਠੀਆਂ ਲਿਖੀਆਂ ਹਨ। ਇਹ ਚਿੱਠੀਆਂ ਕੋਈ ਆਮ ਚਿੱਠੀਆਂ ਨਹੀਂ ਸਗੋਂ ਪੰਜਾਬੀ ਭਾਸ਼ਾ ਦੇ ਵਿਕਾਸ, ਖੜੋਤ ਅਤੇ ਪੰਜਾਬੀ ਦੇ ਰਾਹ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਆਲੋਚਨਾਤਮਿਕ ਦਿ੍ਰਸ਼ਟੀਕੋਣ ਤੋਂ ਲਿਖੀਆਂ ਗਈਆਂ ਹਨ। ਪੰਜਾਬੀ ਦੀ ਵਰਤੋਂ, ਵਿਚਾਧਾਰਕ ਤੌਰ ਤੇ ਵਖਰੇਵੇਂ, ਵਿਦਵਾਨਾ ਦੇ ਸੈਮੀਨਾਰਾਂ ਵਿਚ ਪੜ੍ਹੇ ਲੇਖਾਂ, ਵਿਸ਼ਵ ਪੰਜਾਬੀ ਕਾਨਫਰੰਸਾਂ ਦੇ ਜਵਾਬ ਵਿੱਚ ਉਨ੍ਹਾਂ ਨੇ ਅਣਗਿਣਤ ਲੇਖ ਅਤੇ ਚਿੱਠੀਆਂ ਇਕ ਵਾਰ ਨਹੀਂ ਅਨੇਕਾਂ ਵਾਰ ਲਿਖੀਆਂ ਹਨ। ਉਹ ਸਾਰੀਆਂ ਇਸ ਸਵੈਜੀਵਨੀ ਦਾ ਹਿੱਸਾ ਬਣਾਈਆਂ ਹਨ। ਇਸ ਸਵੈਜੀਵਨੀ ਨੂੰ ਸਾਹਿਤਕ ਜੀਵਨੀ ਕਿਹਾ ਜਾ ਸਕਦਾ ਹੈ। ਆਪਣੇ ਨਿੱਜੀ ਜੀਵਨ ਬਾਰੇ ਤਾਂ 462 ਪੰਨਿਆਂ ਦੀ ਇਸ ਸਵੈਜੀਵਨੀ ਵਿਚ ਸਿਰਫ 100 ਕੁ ਪੰਨੇ ਹੋਣਗੇ ਬਾਕੀ ਤਾਂ ਸਾਹਿਤਕ ਗੋਸ਼ਟੀਆਂ, ਸਾਹਿਤ ਸਭਾਵਾਂ ਅਤੇ ਆਲੋਚਨਾਤਮਿਕ ਚਿੱਠੀਆਂ ਹੀ ਹਨ। ਉਨ੍ਹਾਂ ਨੇ ਇਹ ਸਾਰਾ ਮੈਟਰ ਬੇਬਾਕ ਹੋ ਕੇ ਲਿਖਿਆ, ਭਾਵੇਂ ਕਿਸੇ ਦੇ ਗੋਡੇ ਅਤੇ ਭਾਵੇਂ ਗਿੱਟੇ ਲੱਗੇ। ਉਦਾਹਰਣ ਲਈ ਵਿਸ਼ਵ ਪੰਜਾਬੀ ਕਾਨਫਰੰਸਾਂ, ਪੰਜਾਬੀ ਦੇ ਸੈਮੀਨਾਰਾਂ, ਪੰਜਾਬੀ ਨਾਲ ਹੋ ਰਹੇ ਵਿਤਕਰਿਆਂ, ਹੋਰ ਰਾਜਾਂ ਵਿੱਚ ਪੰਜਾਬੀ ਨੂੰ ਲਾਗੂ ਕਰਵਾਉਣ ਆਦਿ ਬਾਰੇ ਅਖ਼ਬਾਰਾਂ ਵਿਚ ਪ੍ਰਕਾਸ਼ਤ ਹੋਏ ਲੇਖਾਂ ਅਤੇ ਖ਼ਬਰਾਂ ਨੂੰ ਪੜ੍ਹਨ ਤੋਂ ਬਾਅਦ ਸਚਾਈ ‘ਤੇ ਪਹਿਰਾ ਦੇਣ ਲਈ ਉਹ ਡੱਟਕੇ ਲੇਖ ਲਿਖਦੇ ਰਹੇ ਹਨ। ਉਨ੍ਹਾਂ ਨੇ 50 ਦੇ ਲਗਪਗ ਪ੍ਰਧਾਨ ਮੰਤਰੀ, ਰਾਜਪਾਲ, ਮੁੱਖ ਮੰਤਰੀ, ਮੰਤਰੀ, ਸਕੱਤਰ, ਉਪ ਕੁਲਪਤੀ, ਵਿਭਾਗਾਂ ਦੇ ਮੁੱਖੀ ਤੋਂ ਲੈ ਕੇ ਛੋਟੇ ਤੋਂ ਛੋਟੇ ਅਧਿਕਾਰੀਆਂ ਨੂੰ ਚਿੱਠੀਆਂ ਬੇਬਾਕ ਹੋ ਕੇ ਲਿਖੀਆਂ ਹਨ। ਭਾਸ਼ਾ ਵਿਭਾਗ ਵਲੋਂ ਲੇਖਕਾਂ ਨੂੰ ਦਿੱਤੇ ਜਾਂਦੇ ਇਨਾਮਾ ਵਿਚ ਪਾਰਦਰਸ਼ਤਾ ਨਾ ਹੋਣ ਬਾਰੇ ਵੀ ਉਨ੍ਹਾਂ ਲਿਖਿਆ ਹੈ। ਜੇ ਇਹ ਕਹਿ ਲਿਆ ਜਾਵੇ ਕਿ ਇਸ ਸਵੈਜੀਵਨੀ ਵਿੱਚ ਡਾ ਤੇਜਵੰਤ ਮਾਨ ਨੇ ਆਪਣੀ ਵਿਚਾਰਧਾਰਾ ਦਾ ਪ੍ਰਗਟਾਵਾ ਕਰਕੇ ਪੰਜਾਬੀ ਦਾ ਮੁੱਦਈ ਹੋਣ ਦਾ ਸਬੂਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਹ ਸਵੈਜੀਵਨੀ ਨਵਰੰਗ ਪਬਲੀਕੇਸ਼ਨਜ਼ ਸਮਾਣਾ ਨੇ ਪ੍ਰਕਾਸ਼ਤ ਕੀਤੀ ਹੈ। ਇਸ ਸਵੈ ਜੀਵਨੀ ਦੀ ਕੀਮਤ 795 ਰੁਪਏ ਹੈ। ਆਪਣੀ ਨੌਕਰੀ ਦੌਰਾਨ ਤਾਂ 25 ਕੁ ਪੁਸਤਕਾਂ ਹੀ ਲਿਖੀਆਂ ਹਨ ਪ੍ਰੰਤੂ ਸੇਵਾ ਮੁਕਤੀ ਤੋਂ ਬਾਅਦ ਕੁਲਵਕਤੀ ਲੇਖਕ ਦੇ ਤੌਰ ਤੇ ਲਗਪਗ 45 ਪੁਸਤਕਾਂ ਪ੍ਰਕਾਸ਼ਤ ਕਰਵਾਈਆਂ ਹਨ। ਪੰਜਾਬੀ ਦੇ ਵਿਰੋਧੀਆਂ ਨਾਲ ਆਡ੍ਹਾ ਡਾ ਤੇਜਵੰਤ ਮਾਨ ਹੀ ਲੈ ਸਕਦੇ ਹਨ। ਜੇ ਇਹ ਕਹਿ ਲਿਆ ਜਾਵੇ ਕਿ ਡਾ ਤੇਜਵੰਤ ਮਾਨ ਨੇ ਇਕ ਸੰਸਥਾ ਤੋਂ ਵੀ ਵੱਧ ਕੰਮ ਕੀਤਾ ਹੈ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ।
ਉਨ੍ਹਾਂ ਨੂੰ ਦਸਵੀਂ ਤੱਕ ਦੀ ਪੜ੍ਹਾਈ ਮੁਕੰਮਲ ਕਰਨ ਲਈ ਅਨੇਕਾਂ ਸਕੂਲ ਬਦਲਣੇ ਪਏ। ਬੀ ਏ ਪਾਰਟ ਫਸਟ ਤੋਂ ਬਾਅਦ ਉਨ੍ਹਾਂ ਦੋਹਰੀ ਐਮ ਏ ਤੱਕ ਦੀ ਪੜ੍ਹਾਈ ਪ੍ਰਾਈਵੇਟਲੀ ਹੀ ਕੀਤੀ। ਕਲਰਕ ਦੀ ਨੌਕਰੀ ਤੋਂ ਸ਼ੁਰੂ ਕਰਕੇ ਦੋ ਤਿੰਨ ਐਡਹਾਕ ਨੌਕਰੀਆਂ ਕਰਨ ਤੋਂ ਬਾਅਦ ਲੈਕਚਰਾਰ ਬਣਨ ਦਾ ਸਪਨਾ ਬੜੀ ਜਦੋਜਹਿਦ ਤੋਂ ਬਾਅਦ ਸਾਕਾਰ ਹੋਇਆ ਪ੍ਰੰਤੂ ਪੱਕੇ ਤੌਰ ਤੇ ਲੈਕਚਰਾਰ ਬਣਨ ਲਈ ਵੀ ਪ੍ਰਬੰਧਕੀ ਪ੍ਰਣਾਲੀ ਨੇ ਅੜਿਕੇ ਅਟਕਾਏ। ਦੋ ਵਾਰ ਇਨਸਪੈਕਟਰ ਦੀਆਂ ਨੌਕਰੀਆਂ ਤੋਂ ਅਸਤੀਫ਼ਾ ਪ੍ਰਣਾਲੀ ਵਿਚ ਪਾਰਦਰਤਾ ਨਾ ਹੋਣ ਕਰਕੇ ਦਿੱਤਾ। ਉਹ ਹਰ ਸਮੱਸਿਆ ਨੂੰ ਵੰਗਾਰ ਦੀ ਤਰ੍ਹਾਂ ਲੈਂਦੇ ਹੋਏ ਨਿਸ਼ਾਨੇ ਤੇ ਪਹੁੰਚਦੇ ਰਹੇ ਹਨ। ਡੀ ਲਿਟ ਅਤੇ ਪੀ ਐਚ ਡੀ ਲਈ ਵੀ ਉਨ੍ਹਾਂ ਦੀ ਵਿਚਾਰਧਾਰਾ ‘ਤੇ ਕਿੰਤੂ ਪ੍ਰੰਤੂ ਹੁੰਦੇ ਰਹੇ। ਤੇਜਵੰਤ ਮਾਨ ਦੀ ਹਠਧਰਮੀ, ਦਲੇਰੀ, ਲਗਨ ਅਤੇ ਦਿ੍ਰੜ੍ਹਤਾ ਨੇ ਸਫਲ ਹੋਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਜਿਓਣਾ ਮੌੜ ਦੇ ਪਿੰਡ ਦੀ ਮਿੱਟੀ ਵਿੱਚ ਦਲੇਰੀ ਦੀ ਖ਼ੁਸ਼ਬੂ ਹੋਣ ਕਰਕੇ ਉਨ੍ਹਾਂ ਦਾ ਕੋਈ ਵੀ ਵੱਡੇ ਤੋਂ ਵੱਡਾ ਵਿਅਕਤੀ ਰਾਹ ਨਹੀਂ ਰੋਕ ਸਕਿਆ। ਡਾ ਤੇਜਵੰਤ ਮਾਨ ਦਾ ਜਨਮ 1 ਜਨਵਰੀ 1944 ਨੂੰ ਮਾਤਾ ਵਰਿਆਮ ਕੌਰ ਅਤੇ ਪਿਤਾ ਅਜੀਤ ਸਿੰਘ ਮਾਨ ਦੇ ਘਰ ਸੰਗਰੂਰ ਵਿਖੇ ਹੋਇਆ। ਉਨ੍ਹਾਂ ਦਾ ਜੱਦੀ ਪਿੰਡ ਮੌੜ ਹੈ। ਉਨ੍ਹਾਂ 5ਵੀਂ ਤੱਕ ਮੌੜ ਪਿੰਡ, 8ਵੀਂ ਤੱਕ ਮਿਡਲ ਸਕੂਲ ਮਹਿਲਾਂ, 9ਵੀਂ-10ਵੀਂ ਰਾਜ ਹਾਈ ਸਕੂਲ ਸੰਗਰੂਰ, ਪ੍ਰੈਪ ਅਤੇ ਬੀ ਏ ਪਾਰਟ 1 ਰਣਬੀਰ ਕਾਲਜ ਸੰਗਰੂਰ ਤੋਂ ਪਾਸ ਕੀਤੀਆਂ। ਗਿਆਨੀ, ਬੀ ਏ, ਬੀ ਏ ਸੰਸਕਿ੍ਰਤ, ਐਮ ਏ ਪੰਜਾਬੀ ਅਤੇ ਐਮ ਏ ਅੰਗਰੇਜ਼ੀ ਪ੍ਰਾਈਵੇਟਲੀ ਪਾਸ ਕੀਤੀਆਂ। ਉਨ੍ਹਾਂ ਦਾ ਵਿਆਹ ਜੀਂਦ ਰਿਆਸਤ ਦੇ ਵਿਧਾਨਕਾਰ ਉਤਮ ਸਿੰਘ ਦੀ ਸਪੁੱਤਰੀ ਧਮਿੰਦਰ ਕੌਰ ਨਾਲ ਹੋਇਆ। ਉਨ੍ਹਾਂ ਦੀਆਂ ਤਿੰਨ ਲੜਕੀਆਂ ਪ੍ਰੋ ਤੇਜਿੰਦਰ ਕੌਰ, ਡਾ ਸਤਿੰਦਰ ਕੌਰ, ਰਾਜਵੰਤ ਕੌਰ ਅਤੇ ਇਕ ਲੜਕਾ ਓਂਕਾਰ ਸਿੰਘ ਮਾਨ ਹਨ। ਉਨ੍ਹਾਂ ਦੀਆਂ ਤਿੰਨੋ ਲੜਕੀਆਂ, ਤਿੰਨੋ ਜਵਾਈ ਡਾ ਕਮਰਜੀਤ, ਡਾ ਗੁਰਜੀਤ ਸਿੰਘ, ਪ੍ਰੋ ਮਨਜੀਤ ਸਿੰਘ, ਨੂੰਹ ਡਾ ਮਨਸਿਮਰਨ ਕੌਰ ਪੜ੍ਹੇ ਲਿਖੇ ਅਤੇ ਅਧਿਆਪਨ ਦੇ ਕਿੱਤੇ ਨਾਲ ਜੁੜੇ ਹੋਏ ਹਨ। ਉਨ੍ਹਾਂ ਦਾ ਲੜਕਾ ਐਡਵੋਕੇਟ ਹੈ। ਡਾ ਤੇਜਵੰਤ ਮਾਨ ਦੀ ਵਿਦਵਾਨਾ ਵੱਲੋਂ ਵਿਰੋਧਤਾ ਦਾ ਉਨ੍ਹਾਂ ਦੀਆਂ ਲੜਕੀਆਂ ਨੂੰ ਨੁਕਸਾਨ ਹੀ ਹੋਇਆ ਹੈ, ਪ੍ਰੰਤੂ ਉਹ ਆਪਣੀ ਕਾਬਲੀਅਤ ਨਾਲ ਸਫਲ ਹੋਈਆਂ ਹਨ। ਉਨ੍ਹਾਂ ਦੀਆਂ ਦੋ ਲੜਕੀਆਂ ਡਾ ਤੇਜਿੰਦਰ ਕੌਰ ਅਤੇ ਡਾ ਸਤਵਿੰਦਰ ਕੌਰ ਡਾ ਤੇਜਵੰਤ ਮਾਨ ਦੇ ਪਦ ਚਿੰਨ੍ਹਾਂ ਤੇ ਸਾਹਿਤਕ ਯੋਗਦਾਨ ਪਾ ਰਹੀਆਂ ਹਨ। ਪਰਿਵਾਰ ਦੇ ਵਿਰੋਧ ਦੇ ਬਾਵਜੂਦ ਡਾ ਤੇਜਵੰਤ ਆਪਣਾ ਘਰ ਫੂਕ ਤਮਾਸ਼ਾ ਵੇਖਣ ਦੀ ਤਰ੍ਹਾਂ ਆਪਣੇ ਕੋਲੋਂ ਪੈਸੇ ਖ਼ਰਚਕੇ ਪੁਸਤਕਾਂ ਪ੍ਰਕਾਸ਼ਤ ਕਰਵਾਉਂਦੇ ਅਤੇ ਸਾਹਿਤਕਾਰਾਂ ਨੂੰ ਮੁਫ਼ਤ ਵੰਡਦੇ ਰਹੇ ਹਨ। ਪੁਸਤਕਾਂ ਦੀ ਪ੍ਰਕਾਸ਼ਨਾ ਤੇ ਪੈਸੇ ਖ਼ਰਚਣ ਕਰਕੇ ਪਰਿਵਾਰ ਨੂੰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨ ਪੈਂਦਾ ਰਿਹਾ। ਇਥੋਂ ਤੱਕ ਕਿ ਉਹ ਆਪਣਾ ਪਰ ਵੀ ਨਹੀਂ ਬਣਾ ਸਕੇ। ਉਨ੍ਹਾਂ ਦੇ ਲੜਕੇ ਨੇ ਹੁਣ ਆਪਣਾ ਘਰ ਬਣਾਇਆ ਹੈ।
ਸਾਹਿਤਕ ਮਸ ਦੀ ਗੁੜ੍ਹਤੀ ਉਨ੍ਹਾਂ ਨੂੰ ਲਹਿਰੇ ਜਦੋਂ ਉਹ ਐਡਹਾਕ ਮਲੇਰੀਆ ਇਨਸਪੈਕਟਰ ਸਰਵੇਲੈਂਸ ਲੱਗੇ ਹੋਏ ਸਨ ਲੱਗੀ ਸੀ। ਉਸ ਸਮੇਂ ਉਹ ਗ਼ਜ਼ਲ ਲਿਖਦੇ ਸਨ। ਉਥੇ ਹੀ ਲਹਿਰੇ ਸਕੂਲ ਵਿੱਚ ਸੁਰਜੀਤ ਰਾਮਪੁਰੀ ਨੌਕਰੀ ਕਰਦਿਆਂ ਸ਼ਾਮ ਨੂੰ ਉਨ੍ਹਾਂ ਨੂੰ ਮਿਲਦੇ ਸਨ। ਸੁਰਜੀਤ ਰਾਮਪੁਰੀ ਨੇ ਸਲਾਹ ਦਿੱਤੀ ਕਿ ਤੁਹਾਡੀ ਸ਼ਬਦਾਵਲੀ ਗ਼ਜ਼ਲਾਂ ਲਿਖਣ ਵਾਲੀ ਨਹੀਂ ਇਸ ਲਈ ਤੁਸੀਂ ਕਹਾਣੀਆਂ ਵਧੀਆ ਲਿਖ ਸਕਦੇ ਹੋ। ਫਿਰ ਉਨ੍ਹਾਂ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਉਸ ਸਮੇਂ ਉਨ੍ਹਾਂ ਤੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦਾ ਵੀ ਪ੍ਰਭਾਵ ਸੀ। ਉਨ੍ਹਾਂ ਦੀਆਂ ਪ੍ਰੀਤਲੜੀ ਦੇ ਪ੍ਰਭਾਵ ਅਧੀਨ ਲਿਖੀਆਂ ਕਹਾਣੀਆਂ ਦਾ ਖਰੜਾ ‘‘ਜ਼ਿੰਦਗੀ ਹੁੰਗਾਰਾ ਭਰਦੀ ਗਈ’’ ਤਿਆਰ ਕੀਤਾ ਪ੍ਰੰਤੂ ਪ੍ਰਕਾਸ਼ਤ ਨਹੀਂ ਕੀਤਾ ਕਿਉਂਕਿ ਉਹ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਵਿਚਾਰਧਾਰਾ ਤੋਂ ਮੁੱਖ ਮੋੜ ਚੁੱਕੇ ਹਨ। ਪੰਜ ਦਰਿਆ ਵਰਗੇ ਰਸਾਲਿਆਂ ਵਿਚ ਕਹਾਣੀਆਂ ਪ੍ਰਕਾਸ਼ਤ ਹੋਣ ਲੱਗ ਪਈਆਂ। ਉਨ੍ਹਾਂ ਰਣਬੀਰ ਕਾਲਜ ਸੰਗਰੂਰ ਵਿਚ ਪੜ੍ਹਦਿਆਂ ਪਹਿਲੀ ਕਹਾਣੀ ਲਾਲ ਪਰੀ ਆਪਣੀ ਕਲਾਸ ਦੀ ਇਕ ਸੱਚੀ ਘਟਨਾ ‘ਤੇ ਅਧਾਰਤ ਲਿਖੀ ਪ੍ਰੰਤੂ ਕਾਲਜ ਮੈਗਜ਼ੀਨ ਵਿਚ ਪ੍ਰਕਾਸ਼ਤ ਨਾ ਹੋ ਸਕੀ। ਉਨ੍ਹਾਂ ਦਾ ਪਹਿਲਾ ਕਹਾਣੀ ਸੰਗ੍ਰਹਿ ‘‘ਪਾਗਲ ਔਰਤ ਸਭਿਆ ਆਦਮੀ’’ 1971 ਅਤੇ ਦੂਜਾ ਕਹਾਣੀ ਸੰਗ੍ਰਹਿ ਦੰਦ ਕਥਾ 1974 ਵਿੱਚ ਪ੍ਰਕਾਸ਼ਤ ਹੋਏ। ਉਸਤੋਂ ਬਾਅਦ ਤਾਂ ਚਲ ਸੋ ਚਲ ਦੋ ਆਲੋਚਨਾ ਦੀਆਂ ਪੁਸਤਕਾਂ ਪ੍ਰਸ਼ਨ ਚਿੰਨ੍ਹ ਅਤੇ ਪ੍ਰਤੀਕਰਮ ਪ੍ਰਕਾਸ਼ਤ ਹੋਣ ਤੋ ਪੁਸਤਕਾਂ ਲਿਖਣ ਦਾ ਪਰਵਾਹ ਚਲਦਾ ਰਿਹਾ। ਡਾ ਤੇਜਵੰਤ ਮਾਨ ਸਾਹਿਤ ਸਭਾਵਾਂ ਦੀ ਰਾਜਨੀਤੀ ਵਿਚ ਹੀ ਉਲਝਕੇ ਰਹਿ ਗਏ, ਜਿਸਦਾ ਉਨ੍ਹਾਂ ਦੀ ਸਾਹਿਤਕ ਦੇਣ ਤੇ ਬਹੁਤਾ ਚੰਗਾ ਪ੍ਰਭਾਵ ਨਹੀਂ ਪਿਆ। ਕੇਂਦਰੀ ਲੇਖਕ ਸਭਾ ਦੇ ਉਪ ਪ੍ਰਧਾਨ ਅਤੇ ਜਨਰਲ ਸਕੱਤਰ ਬਣਦੇ ਰਹੇ। ਮੁੱਢਲੇ ਤੌਰ ਇਸ ਪੁਸਤਕ ਵਿਚ ਉਨ੍ਹਾਂ ਆਪਣੀ ਵਿਚਾਰਧਾਰਾ ‘ਤੇ ਡਟੇ ਰਹਿਣ ਬਾਰੇ ਵਿਸਤਾਰ ਪੂਰਬਕ ਦੱਸਿਆ ਹੈ। ਜੋ ਵੀ ਉਨ੍ਹਾਂ ਰਚਨਾ ਲਿਖੀ ਉਸ ਵਿਚੋਂ ਡਾ ਤੇਜਵੰਤ ਮਾਨ ਦੀ ਵਿਚਾਰਧਾਰਾ ਦਾ ਪ੍ਰਗਟਾਵਾ ਹੁੰਦਾ ਰਿਹਾ ਹੈ। ਜੇਕਰ ਉਹ ਸਾਹਿਤਕ ਸਭਾਵਾਂ ਦੀ ਧੜੇਬੰਦੀ ਤੋਂ ਨਿਰਲੇਪ ਰਹਿੰਦੇ ਤਾਂ ਹੋਰ ਵਧੀਆ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਪਾ ਸਕਦੇ ਸਨ। ਡਾ ਤੇਜਵੰਤ ਮਾਨਦੀ ਇਕ ਵਿਲੱਖਣ ਖ਼ੂਬੀ ਹੈ ਕਿ ਉਨ੍ਹਾਂ ਆਪਣੀ ਸਵੈ ਜੀਵਨੀ ਵਿੱਚ ਲੋਕਾਂ ਵੱਲੋਂ ਉਨ੍ਹਾਂ ਦੇ ਵਿਰੁੱਧ ਲਿਖੇ ਅਤੇ ਬੋਲੇ ਗਏ ਮੈਟਰ ਨੂੰ ਹੂ ਬ ਹੂ ਪ੍ਰਕਾਸ਼ਤ ਕਰਵਾ ਦਿੱਤਾ। ਆਮ ਤੌਰ ‘ਤੇ ਆਦਮੀ ਆਪਣੀ ਪ੍ਰਸੰਸਾ ਵਿਚ ਕਹੇ ਗਏ ਨੂੰ ਹੀ ਲਿਖਦਾ ਹੈ। ਉਨ੍ਹਾਂ ਦੀ ਪ੍ਰਸੰਸਾ ਵਿਚ ਲਿਖੇ ਗਏ ਲੇਖਾਂ ਅਤੇ ਚਿੱਠੀਆਂ ਨੂੰ ਵੀ ਵਾਜਬ ਥਾਂ ਦਿੱਤੀ ਹੈ। ਡਾ ਤੇਜਵੰਤ ਮਾਨ ਨੂੰ ਲਗਪਗ 25 ਸਾਹਿਤਕ ਅਤੇ ਸਮਾਜਿਕ ਸੰਸਥਾਵਾਂ ਨੇ ਸਨਮਾਨਤ ਕੀਤਾ ਹੈ। ਭਾਸ਼ਾ ਵਿਭਾਗ ਨੇ ਵੀ 2010 ਵਿਚ ਸਰਵੋਤਮ ਪੁਰਸਕਾਰ ਸ਼ਰੋਮਣੀ ਪੰਜਾਬੀ ਸਾਹਿਤਕਾਰ ਅਵਾਰਡ ਅਤੇ 2021 ਵਿੱਚ ਪੰਜਾਬੀ ਸਾਹਿਤ ਰਤਨ ਦੇ ਕੇ ਸਨਮਾਨਤ ਕੀਤਾ ਹੈ।
Comments
Post a Comment