ਫਿਲਮਾ ਅਤੇ ਨਾਟਕਾਂ ਵਿਚ ਧਮਾਲਾਂ ਪਾਉਣ ਵਾਲੀ ਅਦਾਕਾਰਾ: ਪੰਮੀ ਸਿੱਧੂ ਸੰਧੂ
ਸਟੇਜ ‘ਤੇ ਅਦਾਕਾਰੀ ਦੀ ਰੁਚੀ ਪੰਮੀ ਸਿੱਧੂ
ਨੂੰ ਆਪਣੇ ਪਿਤਾ ਤੋਂ ਮਿਲੀ, ਜਿਹੜੇ ਆਪ ਕਵਿਤਾਵਾਂ ਅਤੇ ਸ਼ਬਦ ਲਿਖਕੇ ਪੰਮੀ
ਸਿੱਧੂ ਨੂੰ ਸਕੂਲ ਦੀ ਪ੍ਰਾਰਥਨਾ ਸਭਾ ਅਤੇ ਹੋਰ ਸਭਿਅਚਾਰਕ ਪ੍ਰੋਗਰਾਮਾ ਵਿਚ ਸੁਣਾਉਣ ਲਈ ਉਤਸ਼ਾਹਤ ਕਰਦੇ ਸਨ। ਇਸ ਤੋਂ ਇਲਾਵਾ ਵਿਆਹਾਂ
ਵਿਚ ਸਿਖਿਆ ਪੜ੍ਹਨ ਲਈ ਵੀ ਕਹਿੰਦੇ ਸਨ। ਭਾਵ ਸਟੇਜ ‘ਤੇ ਜਾਣ ਦਾ ਉਤਸ਼ਾਹ ਉਸਨੂੰ ਸਕੂਲ ਵਿਚੋਂ ਹੀ
ਮਿਲ ਗਿਆ ਸੀ। ਕਾਲਜ ਵਿੱਚ ਜਾ ਕੇ ਉਨ੍ਹਾਂ ਦੀ ਇਸ ਕਲਾ ਨੂੰ ਬੂਰ ਪਿਆ। ਬੱਚੇ ਨੇ ਭਵਿਖ ਵਿੱਚ ਕੀ
ਬਣਨਾ ਹੈ, ਬਚਪਨ ਤੋਂ ਹੀ ਉਸ ਦੇ ਝੁਕਾਅ ਤੋਂ ਪਤਾ ਲੱਗ ਜਾਂਦਾ ਹੈ।
ਬੱਚਾ ਆਪਣੇ ਘਰ ਪਰਿਵਾਰ ਅਤੇ ਚੌਗਿਰਦੇ ਦੇ ਵਾਤਾਵਰਨ ਤੋਂ ਜ਼ਿਆਦਾ ਪ੍ਰਭਾਵਤ ਹੁੰਦਾ ਹੈ। ਉਸ ਚੀਜ਼
ਤੋਂ ਹੀ ਪ੍ਰਭਾਵਤ ਹੁੰਦਾਹੈ, ਜਿਸਨੂੰ ਗ੍ਰਹਿਣ ਕਰਨ ਦੀ ਪ੍ਰਵਿਰਤੀ ਉਸਦੇ ਮਨ
ਵਿਚ ਹੁੰਦੀ ਹੈ। ਉਹ ਵੇਖਦਾ ਹਰ ਚੀਜ਼ ਨੂੰ ਹੈ ਪ੍ਰੰਤੂ ਪਸੰਦ ਸਿਰਫ ਉਸਨੂੰ ਕਰਦਾ ਹੈ, ਜੋ ਚੀਜ਼ ਉਸਦੇ ਮਨ ਨੂੰ ਭਾਉਂਦੀ ਹੈ। ਫਿਰ ਉਹ ਆਪਣੇ ਅਚੇਤ ਮਨ ਵਿਚ ਆਪਣੀ ਪਸੰਦ
ਨੂੰ ਪ੍ਰਾਪਤ ਕਰਨ ਬਾਰੇ ਕੋਸ਼ਿਸ਼ਾਂ ਸ਼ੁਰੂ ਕਰਦਾ ਹੈ। ਪੰਜਾਬੀ ਦੀ ਇਕ ਬੋਲੀ ਹੈ, ‘‘ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ, ਬੋਲੀ ਮੈਂ ਪਾਵਾਂ ਨੱਚੇਂ ਗਿੱਧੇ ਵਿੱਚ ਤੂੰ’’ ਨੱਚਣਾ ਗਾਉਣਾ ਪੰਜਾਬੀਆਂ ਦੀ
ਵਿਰਾਸਤ ਦਾ ਅਹਿਮ ਹਿੱਸਾ ਹੈ। ਲੜਕੀਆਂ ਬਚਪਨ ਵਿੱਚ ਵਿਆਹਾਂ, ਤਿ੍ਰੰਝਣਾ
ਅਤੇ ਤੀਆਂ ਦੇ ਮੌਕੇ ‘ਤੇ ਪੀਂਘਾਂ ਝੂਟਦੀਆਂ ਆਪਣੀਆਂ ਸਹੇਲੀਆਂ ਦੇ ਸੰਗ ਸਾਥ ਵਿਚ ਭਾਵਨਾਵਾਂ ਦਾ
ਪ੍ਰਗਟਾਵਾ ਅਜਿਹੀਆਂ ਬੋਲੀਆਂ ਪਾ ਕੇ ਕਰਦੀਆਂ ਰਹਿੰਦੀਆਂ ਹਨ। ਮਾਲਵੇ ਦੇ ਸਾਹਿਤਕਾਰਾਂ ਅਤੇ
ਕਲਾਕਾਰਾਂ ਦੀ ਨਰਸਰੀ ਦੇ ਤੌਰ ਤੇ ਜਾਣੇ ਜਾਂਦੇ ਬਰਨਾਲਾ ਇਲਾਕੇ ਦੇ ਮਹਿਲ ਕਲਾਂ ਪਿੰਡ ਦੀ ਜੰਮ ਪਲ ਪ੍ਰਮਿੰਦਰ ਕੌਰ ਉਰਫ
ਪੰਮੀ ਸਿੱਧੂ ਬਚਪਨ ਵਿਚ ਵਿਰਾਸਤ ਵਿਚੋਂ ਮਿਲੀ ਗੁੜ੍ਹਤੀ ਦੇ ਨਾਲ ਹੀ ਤੀਆਂ ਵਿੱਚ ਆਪਣੀ ਅਦਾਕਾਰੀ
ਅਤੇ ਸੰਗੀਤ ਦੀ ਕਲਾ ਦਾ ਪ੍ਰਦਰਸ਼ਨ ਕਰਨ ਲੱਗ ਗਈ ਸੀ। ਤੀਆਂ ਅਤੇ ਤਿ੍ਰੰਝਣਾ ਵਿਚ ਆਪਣੇ ਮਨ ਦਾ
ਸਕੂਨ ਪ੍ਰਾਪਤ ਕਰਨ ਲਈ ਉਹ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੀ ਰਹੀ। ਉਸ ਤੋਂ ਬਾਅਦ ਸਕੂਲਾਂ,
ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਸਭਿਆਚਾਰਕ ਸਮਾਗਮਾਂ ਦੀ ਰੂਹੇ ਰਵਾਂ ਬਣ ਗਈ।
ਗਿੱਧਾ, ਭੰਗੜਾ, ਨਾਟਕਾਂ ਅਤੇ
ਫਿਲਮਾਂ ਵਿਚ ਅਦਾਕਾਰੀ ਕਰਕੇ ਆਪਣੀ ਕਲਾ ਦੀ ਸੁਗੰਧੀ ਨਾਲ ਸਮੁੱਚੇ ਪੰਜਾਬੀ ਜਗਤ ਨੂੰ ਮਹਿਕਾਉਂਦੀ
ਰਹੀ ਹੈ। ਵਿਦਿਆਰਥੀ ਜੀਵਨ ਸਮੇਂ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਯੂਥ ਫੈਸਟੀਵਲਾਂ ਦਾ ਸ਼ਿੰਗਾਰ
ਰਹਿਣ ਵਾਲੀ ਪੰਮੀ ਸਿੱਧੂ ਬਹੁਪੱਖੀ ਅਦਾਕਾਰਾ ਬਣਕੇ ਉਭਰਦੀ ਰਹੀ। ਕਿਸੇ ਨਾਟਕ ਵਿੱਚ ਅਦਾਕਾਰੀ
ਕਰਨੀ ਹੋਵੇ, ਗੀਤ ਸੰਗੀਤ ਪ੍ਰੋਗਰਾਮ ਵਿਚ ਸ਼ਾਮਲ ਹੋਣਾ ਹੋਵੇ,
ਗਿੱਧੇ ਅਤੇ ਭੰਗੜੇ ਦਾ ਪ੍ਰੋਗਰਾਮ ਹੋਵੇ, ਭਾਸ਼ਣ ਮੁਕਾਬਲਾ ਹੋਵੇ ਅਤੇ ਭਾਵੇਂ ਸੋਲੇ
ਅਦਾਕਾਰੀ ਕਰਨੀ ਹੋਵੇ ਤਾਂ ਚੋਣ ਦਾ ਗੁਣਾ ਪੰਮੀ ਸਿੱਧੂ ਤੇ ਪੈਂਦਾ ਸੀ। ਬੇਬਾਕੀ ਨਾਲ ਅਦਾਕਾਰੀ
ਕਰਨੀ ਉਨ੍ਹਾਂ ਦਾ ਸ਼ੌਕ ਹੈ। ਬਰਨਾਲਾ ਦੇ ਇਲਾਕੇ ਨੂੰ ਮਾਣ ਜਾਂਦਾ ਹੈ ਕਿ ਇਥੋਂ ਦੀਆਂ ਲੜਕੀਆਂ
ਬੇਬਾਕੀ ਨਾਲ ਸਾਹਿਤਕ, ਸਭਿਆਚਾਰਕ ਅਤੇ ਸੰਗੀਤਕ ਖੇਤਰ ਵਿਚ ਵਿਚਰਦੀਆਂ
ਰਹੀਆਂ ਹਨ। ਹਾਲਾਂਕਿ ਪੰਜਾਬ ਦੇ ਬਾਕੀ ਹਿੱਸਿਆਂ ਵਿਚ ਲੜਕੀਆਂ ਅਜਿਹੇ ਖੇਤਰਾਂ ਵਿਚ ਆਉਣ ਤੋਂ
ਕੰਨੀ ਕਤਰਾਉਂਦੀਆਂ ਰਹੀਆਂ। ਪੰਮੀ ਸਿੱਧੂ ਵਿਚਲੀ ਲੀਡਰਸ਼ਿਪ ਦੀ ਪ੍ਰਵਿਰਤੀ ਨੇ ਉਨ੍ਹਾਂ ਨੂੰ
ਬਿਹਤਰੀਨ ਪ੍ਰਵਕਤਾ ਬਣਾਇਆ। ਉਹ ਕਾਲਜ ਵਿਚ ਸਟੂਡੈਂਟ ਕਾਉਂਸਲ ਦੀ ਸਕੱਤਰ, ਸਾਹਿਤ ਸਭਾ ਦੀ ਪ੍ਰਧਾਨ ਅਤੇ ਰਾਈਫ਼ਲ ਸ਼ੂਟਰ ਰਹੀ ਹੈ। ਉਨ੍ਹਾਂ ਦੇ ਗਿੱਧੇ ਦੀ ਧਮਕ
ਵੇਖਣ ਵਾਲਿਆਂ ਦੇ ਪੈਰਾਂ ਨੂੰ ਥਰਥਰਾਉਣ ਅਤੇ ਮੂੰਹ ਨੂੰ ਗੁਣਗੁਣਾਉਣ ਲਾ ਦਿੰਦੀ ਸੀ। ਗਿੱਧੇ ਅਤੇ
ਭੰਗੜੇ ਵਿਚ ਡਾ ਸੁਰਿੰਦਰ ਸ਼ਰਮਾ ਦੀ ਹੱਲਸ਼ੇਰੀ ਨੇ ਸਫਲਤਾ ਦਿਵਾਈ। ਜਦੋਂ ਉਹ ਕਾਲਜ ਵਿਚ ਫਸਟ ਯੀਅਰ
ਵਿਚ ਪੜ੍ਹਨ ਲੱਗੀ ਤਾਂ ਉਨ੍ਹਾਂ ਸੰਗੀਤ ਦਾ ਵਿਸ਼ਾ ਚੁਣ ਲਿਆ। ਪ੍ਰੰਤੂ ਜਦੋਂ ਉਹ ਆਪਣੇ ਪਿੰਡ ਮਹਿਲ
ਕਲਾਂ ਸਿਤਾਰ ਲੈ ਕੇ ਗਈ ਤਾਂ ਪਿੰਡ ਦੇ ਲੋਕਾਂ ਨੇ ਉਸਦੇ ਪਿਤਾ ਨੂੰ ਕਿਹਾ ਕਿ ਕੁੜੀ ਨੂੰ ਫ਼ਿਲਮਾ
ਵਿਚ ਪਾਉਣਾ ਠੀਕ ਨਹੀਂ। ਉਹ ਗੱਲ ਪੰਮੀ ਸਿੱਧੂ ਦੇ ਦਿਮਾਗ਼ ਵਿਚ ਖਟਕਦੀ ਰਹੀ। ਉਸਨੇ ਮਨ ਬਣਾ ਲਿਆ
ਕਿ ਆਪਣੀ ਜ਼ਿੰਦਗੀ ਵਿਚ ਉਹ ਕੋਈ ਵੱਖਰੀ ਕਿਸਮ ਦਾ ਕੰਮ ਕਰੇਗੀ। ਫਿਰ ਯੂਨੀਵਰਸਿਟੀ ਦੀ ਪੜ੍ਹਾਈ
ਸਮੇਂ ਡਾ ਸੁਰਿੰਦਰ ਸ਼ਰਮਾ ਦੀ ਅਗਵਾਈ ਵਿਚ ਉਨ੍ਹਾਂ ਦੀ ਅਦਾਕਾਰੀ ਵਿਚ ਨਿਖ਼ਾਰ ਆਇਆ। ਆਪਣੀ ਅਦਾਕਾਰੀ
ਦੀ ਕਲਾ ਦੇ ਤੀਰ ਦਰਸ਼ਕਾਂ ਦੇ ਦਿਲਾਂ ਤੇ ਅਜਿਹੇ ਮਾਰਦੀ ਰਹੀ ਕਿ ਦਰਸ਼ਕ ਉਨ੍ਹਾਂ ਦੀ ਪ੍ਰਸੰਸਾ ਕਰਨ
ਲਈ ਮਜ਼ਬੂਰ ਹੁੰਦੇ ਰਹੇ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਗਿੱਧੇ ਅਤੇ ਭੰਗੜੇ ਦੀਆਂ ਸਾਂਝੀਆਂ
ਟੀਮਾ ਵਿਚ ਬਿਹਤਰੀਨ ਕਲਾਕਾਰ ਦੇ ਇਨਾਮ ਜਿੱਤਣ
ਵਾਲੀ ਪੰਮੀ ਦੀ ਅਦਾਕਾਰੀ ਨੇ ਜਸਪਾਲ ਭੱਟੀ ਨੂੰ ਪ੍ਰਭਾਵਤ ਕੀਤਾ, ਜਿਸਦੇ
ਸਿੱਟੇ ਵਜੋਂ ਜਸਪਾਲ ਭੱਟੀ ਨੇ ਦੂਰ ਦਰਸ਼ਨ ਜਲੰਧਰ ਟੀ ਵੀ ਸੀਰੀਅਲ ਦੇ ਪ੍ਰੋਗਰਾਮ ‘‘ਰੰਗ ‘ਚ ਭੰਗ’’
ਵਿਚ ਉਨ੍ਹਾਂ ਨੂੰ ਸ਼ਾਮਲ ਕਰ ਲਿਆ। ਉਹ ਲਗਾਤਾਰ ਇਸ ਪ੍ਰੋਗਰਾਮ ਵਿਚ ਅਦਾਕਾਰੀ ਕਰਦੇ ਰਹੇ। ਇਸਤੋਂ
ਇਲਾਵਾ ਜਲੰਧਰ ਦੂਰ ਦਰਸ਼ਨ ਦੇ ਪ੍ਰੋਗਰਾਮ ‘‘ਕੱਚ ਦੀਆਂ ਮੁੰਦਰਾਂ’’ ਵਿੱਚ ਵੀ ਕੰਮ ਕਰਦੀ ਰਹੀ।
ਪਹਿਲੀ ਵਾਰ ਸਰਪੰਚ ਫਿਲਮ ਵਿੱਚ ਉਨ੍ਹਾਂ ਨੂੰ ਭੰਗੜਾ ਪਾਉਣ ਦਾ ਮੌਕਾ ਮਿਲਿਆ। ਸਰਦੂਲ ਅਟਵਾਲ ਦੀ
ਟੈਲੀ ਫਿਲਮ ‘‘ਇਕ ਸਾਧਾਰਨ ਆਦਮੀ’’ ਵਿੱਚ ਅਦਾਕਾਰੀ ਕੀਤੀ। ਵਰਿੰਦਰ ਦੀ ਫ਼ਿਲਮ ‘‘ ਯਾਰੀ ਜੱਟ ਦੀ’’
ਵਿਚ ਪੰਮੀ ਸਿੱਧੂ ਸੰਧੂ ਨੇ ਫ਼ਿਲਮ ਦੀ ਹੀਰੋਈਨ ਪ੍ਰੀਤੀ ਸਪਰੂ ਦੀ ਮਤਰੇਈ ਮਾਂ ਦਾ ਕਿਰਦਾਰ ਬੜੇ
ਸੁਚੱਜੇ ਢੰਗ ਨਾਲ ਨਿਭਾਕੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਇਹ ਫ਼ਿਲਮ ਸੁਪਰ ਹਿਟ ਹੋਈ ਤੇ ਸਿਲਵਰ
ਜੁਬਲੀ ਤੱਕ ਪਹੁੰਚ ਗਈ। ਇਸ ਤੋਂ ਇਲਾਵਾ ਪੰਮੀ ਸਿੱਧੂ ਸੰਧੂ ਨੇ ਇਕ ਦਰਜਨ ਦੇ ਲਗਪਗ ਫਿਲਮਾ ਵਿੱਚ
ਅਦਾਕਾਰੀ ਕੀਤੀ। ਉਨ੍ਹਾਂ ਵਿਚ ਇਸ਼ਕ ਨਾ ਪੁਛੇ ਜ਼ਾਤ, ਜ਼ੋਰਾਵਰ,
ਤੇਰੀਆਂ ਮੁਹੱਬਤਾਂ, ਸੁੱਖਾ ਅਤੇ ਮਾਹੌਲ ਠੀਕ ਹੈ ਅਦਿ ਵਰਨਣਯੋਗ
ਹਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਪੜ੍ਹਦਿਆਂ ਅਜਮੇਰ ਔਲਖ਼ ਦੇ ਨਾਟਕਾਂ ਜਿਨ੍ਹਾਂ ਨੂੰ ਡਾ
ਸੁਰਿੰਦਰ ਸ਼ਰਮਾ, ਦਿਲਬਾਗ ਸਿੱਧੂ ਅਤੇ ਹੋਰ ਡਾਇਰੈਕਟਰਾਂ
ਨੇ ਡਾਇਰੈਕਟ ਕੀਤਾ ਸੀ। ਉਨ੍ਹਾਂ ਨੇ ਅਨੇਕਾਂ ਸ਼ੋ
ਵਿਚ ਚੰਡੀਗੜ੍ਹ ਅਤੇ ਦਿੱਲੀ ਵਿਚ ਅਦਾਕਾਰੀ ਕੀਤੀ।
Êਪ੍ਰਮਿੰਦਰ ਕੌਰ ਦਾ ਜਨਮÊਮਾਤਾ ਗੁਰਮੀਤ ਕੌਰ ਅਤੇ ਪਿਤਾ ਬਚਨ ਸਿੰਘ
ਸਿੱਧੂ ਦੇ ਘਰ ਬਰਨਾਲਾ ਨੇੜੇ ਮਹਿਲ ਕਲਾਂ ਪਿੰਡ ਵਿਚ ਹੋਇਆ। 7ਵੀਂ
ਤੱਕ ਦੀ ਪੜ੍ਹਾਈ ਉਨ੍ਹਾਂ ਪਿੰਡ ਮਹਿਲ ਕਲਾਂ ਦੇ ਸਕੂਲ ਵਿਚੋਂ ਹੀ ਕੀਤੀ। 8ਵੀਂ ਤੋਂ 11ਵੀਂ ਤੱਕ ਖਾਲਸਾ ਗਰਲਜ਼ ਸਕੂਲ ਸਿੱਧਵਾਂ ਖੁਰਦ ਤੋਂ ਹੋਸਟਲ ਵਿੱਚ ਰਹਿਕੇ ਕੀਤੀ।
ਉਸਤੋਂ ਬਾਅਦ ਉਨ੍ਹਾਂ ਨੇ ਬੀ ਏ ਖਾਲਸਾ ਕਾਲਜ ਫਾਰ ਵਿਮੈਨ ਲੁਧਿਆਣਾ। ਫਿਰ ਐਮ ਏ ਅੰਗਰੇਜ਼ੀ ਪੰਜਾਬ
ਯੂਨੀਵਰਸਿਟੀ ਚੰਡੀਗੜ੍ਹ ਤੋਂ ਅਤੇ ਐਮ ਫਿਲ ਏਨਸ਼ੀਐਂਟ ਇੰਡੀਅਨ ਹਿਸਟਰੀ, ਕਲਚਰ
ਐਂਡ ਆਰਕਾਲੋਜੀ ਵਿੱਚ ਐਮ ਫਿਲ ਕੀਤੀ। ਦਸਵੀਂ ਪੱਧਰ ਦੀ ਉਰਦੂ ਦੀ ਪੜ੍ਹਾਈ ਵੀ ਕੀਤੀ। ਇਸ ਤੋਂ
ਬਾਅਦ ਡਿਪਲੋਮਾ ਇਨ ਆਰਕਾਈਵਲ ਸਟੱਡੀਜ਼ ਨੈਸ਼ਨਲ ਆਰਕਾਈਵਜ਼ ਆਫ਼ ਇੰਡੀਆ ਦਿੱਲੀ ਤੋਂ 1998 ਵਿੱਚ ਕੀਤਾ। 1987 ਵਿੱਚ ਪੁਰਾਲੇਖ ਵਿਭਾਗ ਪੰਜਾਬ ਵਿੱਚ ਖੋਜ ਸਹਾਇਕ ਦੀ ਨੌਕਰੀ ਕੀਤੀ। ਉਹ 2003 ਵਿੱਚ ਆਰਕਾਈਵਿਸਟ
ਦੀ ਅਸਾਮੀ ਤੋਂ ਸੇਵਾ ਮੁਕਤ ਹੋਏ ਹਨ। ਪੰਮੀ ਸਿੱਧੂ ਉਰਫ ਪ੍ਰਮਿੰਦਰ ਕੌਰ ਦਾ ਵਿਆਹ 25 ਮਈ 1986 ਨੂੰ ਵੀਰ ਸਿੰਘ ਸੰਧੂ ਦੇ ਸਪੁੱਤਰ
ਪ੍ਰੀਤਇੰਦਰਜੀਤ ਸਿੰਘ ਸੰਧੂ ਨਾਲ ਹੋਇਆ। ਫਿਰ ਉਹ ਪੰਮੀ ਸਿੱਧੂ ਸੰਧੂ ਬਣ ਗਈ। ਸਹੁਰਾ ਪਰਿਵਾਰ
ਪੜਿ੍ਹਆ ਲਿਖਿਆ ਸੀ, ਜੋ ਚੰਡੀਗੜ੍ਹ ਰਹਿੰਦੇ ਸਨ। ਉਨ੍ਹਾਂ ਨੇ ਪੰਮੀ
ਸਿੱਧੂ ਨੂੰ ਅਦਾਕਾਰੀ ਕਰਨ ਤੋਂ ਰੋਕਿਆ ਨਹੀਂ ਸਗੋਂ ਉਤਸ਼ਾਹਤ ਕੀਤਾ। ਜਿਸ ਕਰਕੇ ਉਨ੍ਹਾਂ ਦੀ
ਅਦਾਕਾਰੀ ਵਿੱਚ ਹੋਰ ਨਿਖ਼ਾਰ ਆਇਆ। ਉਨ੍ਹਾਂ ਦੇ ਇਕ ਲੜਕਾ ਗੁਰਪਿੰਦਰਪ੍ਰੀਤ ਸਿੰਘ ਸੰਧੂ ਹੈ। 2016 ਵਿੱਚ ਉਨ੍ਹਾਂ ਦੇ ਪਤੀ ਪ੍ਰੀਤਇੰਰਜੀਤ ਸਿੰਘ ਸੰਧੂ ਅਚਾਨਕ ਸਵਰਗਵਾਸ ਹੋ ਗਏ।
ਉਸਤੋਂ ਬਾਅਦ ਉਨ੍ਹਾਂ ਦਲੇਰੀ ਨਾਲ ਆਪਣੇ ਬੇਟੇ ਨੂੰ ਪਾਲਿਆ ਅਤੇ ਪੜ੍ਹਾਇਆ ਹੈ। ਇਤਨੀ ਵੱਡੀ ਸੱਟ
ਤੋਂ ਬਾਅਦ ਵੀ ਉਹ ਅਦਾਕਾਰੀ ਵੀ ਬਾਖ਼ੂਬੀ ਨਾਲ ਕਰਦੇ ਰਹੇ। ਇਸ ਵਕਤ ਉਹ ਵੱਖ-ਵੱਖ ਸੰਸਥਾਵਾਂ ਨਾਲ
ਜੁੜੇ ਹੋਏ ਹਨ। ਉਨ੍ਹਾਂ ਨੇ ਸਭਿਆਚਾਰਕ, ਸੰਗੀਤਕ ਅਤੇ ਸਮਾਜਿਕ ਸਰਗਰਮੀਆਂ ਜ਼ਾਰੀ
ਰੱਖੀਆਂ ਹੋਈਆਂ ਹਨ। ਉਹ ਪੰਜਾਬ ਸਰਕਾਰ, ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ, ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਅਤੇ ਹੋਰ ਸਭਿਆਚਾਰਕ
ਅਤੇ ਸੰਗੀਤਕ ਸੰਸਥਾਵਾਂ ਦੇ ਪ੍ਰੋਗਰਾਮਾ ਦੇ ਜੱਜ ਬਣਕੇ ਜਾਂਦੇ ਹਨ।
ਜਸਪਾਲ ਭੱਟੀ ਦੀ ਨਾਨਸੈਂਸ ਕਲੱਬ ਦੀ ਸਰਗਰਮ ਮੈਂਬਰ ਹਨ। ਬੀੜ ਸੋਸਾਇਟੀ ਫਰੀਦਕੋਟ ਰੁੱਖ
ਲਗਾਉਣ ਦਾ ਕੰਮ ਕਰਦੀ ਹੈ, ਉਸਦੇ ਵੀ ਮੈਂਬਰ ਹਨ। ਉਨ੍ਹਾਂ ਨੂੰ ਬਹੁਤ
ਸਾਰੀਆਂ ਸਮਾਜਿਕ, ਸਭਿਆਚਾਰਕ, ਸਾਹਿਤਕ,
ਸੰਗੀਤਕ ਅਤੇ ਥੇਟਰ ਨਾਲ ਸੰਬੰਧਤ ਸੰਸਥਾਵਾਂ ਨੇ ਸਨਮਾਨਤ ਕੀਤਾ ਹੈ। ਉਨ੍ਹਾਂ ਨੂੰ
ਮਿਲੇ ਸਨਮਾਨਾ ਵਿੱਚ ਰੀਅਲ ਸਿਟੀਜਨ ਅਵਾਰਡ, ਨਾਰੀ ਸ਼ਕਤੀ ਕੋ
ਪ੍ਰਣਾਮ ਅਵਾਰਡ, ਬੀੜ ਸੋਸਾਇਟੀ, ਪਿੰਡ
ਮਹਿਲ ਕਲਾਂ ਵੱਲੋਂ ਅਵਾਰਡ, ਪੰਜਾਬ ਯੂਨੀਵਰਸਿਟੀ ਵੱਲੋਂ ਬਿਹਤਰੀਨ ਅਦਾਕਾਰ
ਅਵਾਰਡ, ਬਿਹਤਰੀਨ ਗਿੱਧਾ ਕਲਾਕਾਰ ਸੰਯੁਕਤ ਭੰਗੜਾ ਕਲਾਕਾਰ ਇਨਾਮ, ਨਾਟਕਾਂ ਦਾ ਗਰੁਪ ਗਾਇਨ ਅਤੇ ਨਿਊ ਥੇਟਰ
ਰਜਿਸਟਰਡ ਚੰਡੀਗੜ੍ਹ ਨੇ ਵੀ ਵਿਸ਼ੇਸ਼ ਤੌਰ ਤੇ ਅਵਾਰਡ ਦੇ ਕੇ ਸਨਮਾਨਤ ਕੀਤਾ ਹੈ। ਉਨ੍ਹਾਂ ਲਈ ਇਸ
ਤੋਂ ਵੱਡਾ ਮਾਣ ਕੀ ਹੋ ਸਕਦਾ ਹੈ ਕਿ ਜਿਹੜੇ ਉਨ੍ਹਾਂ ਦੇ ਪਿੰਡ ਮਹਿਲ ਕਲਾਂ ਦੇ ਲੋਕ ਉਸਦੇ ਫਿਲਮਾ ਵਿਚ ਜਾਣ ‘ਤੇ ਇਤਰਾਜ਼ ਕਰਦੇ ਉਨ੍ਹਾਂ
ਨੇ ਹੀ ਉਸਨੂੰ ਆਪਣੇ ਪਿੰਡ ਬੁਲਾਕੇ ਸਰਵੋਤਮ ਅਦਾਕਾਰੀ ਕਰਨ ਲਈ ਸਨਮਾਨਤ ਕੀਤਾ।
Comments
Post a Comment