ਸਿੱਖ ਅਤੇ ਪੰਜਾਬੀ ਸੰਸਾਰ ਦਾ ਪਹਿਰੇਦਾਰ: ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿਲ
ਸਮਾਜ ਵਿੱਚ ਹਰ ਵਿਅਕਤੀ ਆਪਣਾ ਜੀਵਨ ਬਤੀਤ
ਕਰਦਿਆਂ ਆਪੋ ਆਪਣੇ ਢੰਗ ਨਾਲ ਵਿਚਰਦਾ ਹੈ। ਹਰ ਇਕ ਦਾ ਖੇਤਰ ਵੀ ਵੱਖਰਾ ਹੁੰਦਾ ਹੈ। ਉਸ ਖੇਤਰ
ਵਿੱਚ ਇਨਸਾਨ ਆਪਣੀ ਕਾਰਗੁਜ਼ਾਰੀ ਅਤੇ ਕਾਰਜਕੁਸ਼ਲਤਾ ਨਾਲ ਸਫ਼ਲ ਹੋਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ।
ਕਈ ਇਨਸਾਨ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਦਾ ਮੰਤਵ ਸਿਰਫ਼ ਆਪਣੀ ਸਫ਼ਲਤਾ ਤੱਕ
ਹੀ ਸੀਮਤ ਨਹੀਂ ਹੁੰਦਾ। ਉਹ ਪੁਰਾਣੇ ਘਿਸੇ ਪਿਟੇ ਰਸਤਿਆਂ ‘ਤੇ ਨਹੀਂ ਚਲਦੇ ਸਗੋਂ ਆਪਣੀਆਂ ਨਵੀਂਆਂ
ਪਗਡੰਡੀਆਂ ਬਣਾਕੇ ਪੈੜਾਂ ਪਾ ਜਾਂਦੇ ਹਨ। ਉਨ੍ਹਾਂ ਦੀਆਂ ਪੈੜਾਂ ਇਤਿਹਾਸ ਦੇ ਪੰਨਿਆਂ ‘ਤੇ ਉਕਰੀਆਂ
ਜਾਂਦੀਆਂ ਹਨ। ਉਨ੍ਹਾਂ ਵਿਲੱਖਣ ਇਨਸਾਨਾ ਵਿਚ 80 ਸਾਲਾ ਨੌਜਵਾਨ
ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿਲ ਦਾ ਨਾਮ ਧਰੂ ਤਾਰੇ ਦੀ ਤਰ੍ਹਾਂ ਚਮਕਦਾ ਹੈ। ਉਹ ਨਿੱਜੀ
ਹਿਤਾਂ ਦੀ ਥਾਂ ਲੋਕ ਹਿਤਾਂ ਦੀ ਤਰਜ਼ਮਾਨੀ ਕਰਨ ਨੂੰ ਤਰਜ਼ੀਹ ਦਿੰਦੇ ਹਨ। ਨਰਪਾਲ ਸਿੰਘ ਸ਼ੇਰਗਿਲ
ਪਿਛਲੇ 54 ਸਾਲਾਂ ਤੋਂ ਸਿੱਖ ਵਿਰਾਸਤ, ਸਿੱਖ
ਅਤੇ ਪੰਜਾਬੀ ਸੰਸਾਰ ਦਾ ਪਹਿਰੇਦਾਰ ਬਣਕੇ ਬਚਨਵੱਧਤਾ ਨਾਲ ਕਾਰਜ਼ਸ਼ੀਲ ਹਨ। 25 ਜੂਨ 2021 ਨੂੰ ਉਨ੍ਹਾਂ ਦਾ 80ਵਾਂ ਜਨਮ ਦਿਨ ਹੈ। ਉਹ ਪਟਿਆਲਾ ਜਿਲ੍ਹੇ ਦੇ ਪਿੰਡ ਮਜਾਲ ਖੁਰਦ ਵਿਚੋਂ ਉਠਕੇ
ਕੌਮਾਂਤਰੀ ਪੱਤਰਕਾਰੀ, ਸੰਪਾਦਕ ਅਤੇ ਆਪਣੇ ਕਾਰੋਬਾਰ ਵਿਚ ਉਦਮੀ ਦੇ
ਤੌਰ ਤੇ ਸੰਸਾਰ ਵਿੱਚ ਆਪਣਾ ਨਾਮ ਬਣਾ ਚੁੱਕਾ ਹੈ। ਪਰਵਾਸ ਵਿੱਚ ਵਾਪਰ ਰਹੀਆਂ ਘਟਨਾਵਾਂ ਬਾਰੇ
ਪੰਜਾਬੀਆਂ ਨੂੰ ਜਾਣਕਾਰੀ ਆਪਣੇ ਲੇਖਾਂ ਰਾਹੀਂ ਦਿੰਦੇ ਰਹਿੰਦੇ ਹਨ। ਨਰਪਾਲ ਸਿੰਘ ਸ਼ੇਰਗਿਲ
ਕੌਮਾਂਤਰੀ ਪੱਤਰਕਾਰੀ ਵਿਚ ਪਰਵਾਸੀ ਮਾਮਲਿਆਂ ਅਤੇ ਸਿੱਖ ਸਮੱਸਿਆਵਾਂ ਦੇ ਅਗਾਊਂ ਖ਼ਤਰਿਆਂ ਬਾਰੇ ਵੀ
ਆਗਾਹ ਕਰਕੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਸਿੱਖ ਭਾਈਚਾਰੇ ਨੂੰ ਸੁਜੱਗ ਅਤੇ ਜਾਗਰੂਕ ਕਰਨ ਲਈ
ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਇਕ ਸੁਚੇਤ ਸਿੱਖ ਚਿੰਤਕ ਅਤੇ ਦੂਰ ਅੰਦੇਸ਼ ਹੋਣ ਦੇ ਨਾਤੇ ਉਹ
ਭਾਂਪ ਲੈਂਦੇ ਹਨ ਕਿ ਭਵਿਖ ਵਿੱਚ ਸਿੱਖ ਧਰਮ ਲਈ ਕਿਹੜੀ ਸਮੱਸਿਆ ਵੰਗਾਰ ਬਣਕੇ ਸਾਹਮਣੇ ਆ ਸਕਦੀ
ਹੈ। ਇਸ ਲਈ ਉਹ ਆਪਣੇ ਵਿਦਵਤਾ ਵਾਲੇ ਲੇਖ ਲਿਖਕੇ, ਸੋਵੀਨਰ ਪ੍ਰਕਾਸ਼ਤ
ਕਰਕੇ ਅਤੇ ਆਪਣੀ ਪੁਸਤਕ ਰਾਹੀਂ ਸਮੁੱਚੇ ਸੰਸਾਰ ਨੂੰ ਪਹਿਲਾਂ ਹੀ ਸੁਚੇਤ ਕਰ ਦਿੰਦੇ ਹਨ।
ਨਰਪਾਲ ਸਿੰਘ ਸ਼ੇਰਗਿਲ ਆਪਣੀ ਮਾਤ ਭੂਮੀ ਦੀ ਮਿੱਟੀ ਨਾਲ ਇਸ ਤਰ੍ਹਾਂ ਜੁੜੇ ਹੋਏ ਹਨ ਕਿ
ਮਹੀਨੇ ਵਿਚੋਂ 15 ਦਿਨ ਇੰਗਲੈਂਡ ਆਪਣੇ ਕਾਰੋਬਾਰ ਦੇ ਸਿਲਸਿਲੇ
ਵਿਚ ਅਤੇ ਅੱਧਾ ਮਹੀਨਾ ਪਟਿਆਲਾ ਜਿਲ੍ਹੇ ਦੇ ਮਜਾਲ ਖੁਰਦ ਪਿੰਡ ਵਿੱਚ ਆਪਣੇ ਸਪੁੱਤਰ ਨਵਜੋਤ ਸਿੰਘ
ਸ਼ੇਰਗਿਲ, ਜਿਨ੍ਹਾਂ ਨੂੰ ‘‘ਸਟਰਾਅਬੈਰੀ ਦਾ ਬਾਦਸ਼ਾਹ’’ ਕਰਕੇ
ਜਾਣਿਆਂ ਜਾਂਦਾ ਹੈ, ਦੀ ਆਧੁਨਿਕ ਢੰਗ ਨਾਲ ਕੀਤੀ ਜਾਂਦੀ ਆਰਗੈਨਿਕ
ਖੇਤੀ ਵਿਚਲੀ ਸਟਰਾਅਬੈਰੀ ਦੀ ਫ਼ਸਲ ਦੀ ਖ਼ੁਸ਼ਬੂ ਦਾ ਆਨੰਦ ਮਾਣਦੇ ਹਨ। ਇੰਗਲੈਂਡ ਉਨ੍ਹਾਂ ਲਈ ਮਜਾਲ
ਖੁਰਦ ਦੇ ਖੇਤਾਂ ਵਿੱਚ ਜਾਣ ਦੀ ਤਰ੍ਹਾਂ ਹੈ। ਸਹੀ ਅਰਥਾਂ ਵਿੱਚ ਉਨ੍ਹਾਂ ਨੂੰ ਪੰਜਾਬ ਦਾ ਧਰਤੀ
ਪੁੱਤਰ ਕਿਹਾ ਜਾ ਸਕਦਾ ਹੈ। ਉਨ੍ਹਾਂ ਨੂੰ ਬਰਤਾਨੀਆਂ ਜਾਂ ਭਾਰਤ ਆਉਣ ਜਾਣ ਲਈ ਵੀਜ਼ਾ ਲੈਣ ਦੀ ਲੋੜ
ਨਹੀਂ ਪੈਂਦੀ। ਆਮ ਤੌਰ ‘ਤੇ ਜਿਹੜਾ ਵੀ ਭਾਰਤੀ ਪਰਵਾਸ ਵਿੱਚ ਜਾਂਦਾ ਹੈ, ਉਹ ਸਭ ਤੋਂ ਪਹਿਲਾਂ ਉਥੋਂ ਦੀ ਨਾਗਰਿਕਤਾ ਲੈਣ ਦੀ ਕੋਸ਼ਿਸ਼ ਕਰਦਾ ਹੈ। ਉਨ੍ਹਾਂ
ਵਿਚੋਂ ਬਹੁਤੇ ਕਲੀਨ ਸ਼ੇਵ ਹੋ ਜਾਂਦੇ ਹਨ ਪ੍ਰੰਤੂ ਨਰਪਾਲ ਸਿੰਘ ਸ਼ੇਰਗਿਲ ਪੂਰਨ ਸਿੱਖੀ ਸਰੂਪ ਵਿੱਚ
ਹੈ। ਉਹ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਦਿੱਤੀ ਦਸਤਾਰ ਦੀ ਦਾਤ ਦੀ ਅਹਿਮੀਅਤ ਨੂੰ ਚੰਗੀ
ਤਰ੍ਹਾਂ ਸਮਝਦੇ ਹਨ। ਉਹ ਸਿੱਖੀ ਵਿਚਾਰਧਾਰਾ ਦਾ
ਪਹਿਰੇਦਾਰ ਬਣਕੇ ਆਪਣਾ ਜੀਵਨ ਬਤੀਤ ਕਰ ਰਹੇ ਹਨ। ਨਰਪਾਲ ਸਿੰਘ ਸ਼ੇਰਗਿਲ ਦੀ ਵਿਲੱਖਣਤਾ ਇਹ ਹੈ ਕਿ
ਭਾਵੇਂ ਉਹ ਅੱਧੀ ਸਦੀ ਤੋਂ ਵਧੇਰੇ ਸਮੇਂ ਤੋਂ ਇੰਗਲੈਂਡ ਵਿਚ ਰਹਿੰਦੇ ਹਨ ਪ੍ਰੰਤੂ ਉਨ੍ਹਾਂ ਦੀ ਦੇਸ਼
ਭਗਤੀ ਵੇਖਣ ਵਾਲੀ ਹੈ ਕਿ ਉਨ੍ਹਾਂ ਨੇ ਇੰਗਲੈਂਡ ਦੀ ਨਾਗਰਿਕਤਾ ਨਹੀਂ ਲਈ। ਉਨ੍ਹਾਂ ਕੋਲ ਭਾਰਤੀ
ਪਾਸਪੋਰਟ ਹੈ। ਪ੍ਰੰਤੂ ਉਨ੍ਹਾਂ ਨੂੰ ਭਾਰਤ ਅਤੇ ਬਰਤਾਨੀਆਂ ਵਿਚ ਦੋਹਾਂ ਦੇਸ਼ਾਂ ਵਿੱਚ ਵੋਟ ਪਾਉਣ
ਦਾ ਅਧਿਕਾਰ ਹੈ। ਉਨ੍ਹਾਂ ਦੇ ਦੇਸ਼ ਪਿਆਰ ਦੀ ਇਸ ਤੋਂ ਵੱਡੀ ਉਦਾਹਰਣ ਹੋਰ ਕੀ ਹੋ ਸਕਦੀ ਹੈ?
ਮੈਨੂੰ ਉਨ੍ਹਾਂ ਦੀਆਂ ਸਰਗਰਮੀਆਂ ਵੇਖਕੇ ਕਈ ਵਾਰ ਅਚੰਭਾ ਹੁੰਦਾ ਹੈ ਕਿ ਉਹ ਇਤਨੀ
ਵਡੇਰੀ ਉਮਰ ਵਿੱਚ ਵੀ ਇਕ ਸੰਸਥਾ ਜਿਤਨਾ ਕੰਮ ਕਰੀ ਜਾ ਰਹੇ ਹਨ। ਜਦੋਂ ਪੰਜਾਬ ਵਿੱਚ ਹੁੰਦੇ ਹਨ
ਕਦੀਂ ਲੁਧਿਆਣਾ, ਜਲੰਧਰ, ਗੁਰੂ
ਕੀ ਨਗਰੀ ਅੰਮਿ੍ਰਤਸਰ ਸਾਹਿਬ ਅਤੇ ਕਦੀਂ ਪੁਸਤਕ ਦੀ ਪ੍ਰਕਾਸ਼ਨਾ ਲਈ ਦਿੱਲੀ ਪਹੁੰਚੇ ਹੁੰਦੇ ਹਨ। 23 ਸਾਲ ਤੋਂ ਲਗਾਤਾਰ ਉਹ 400 ਪੰਨਿਆਂ ਦੀ ਇਕ
ਰੰਗਦਾਰ ਸਚਿਤਰ ਪੁਸਤਕ ‘‘ਇੰਡੀਅਨਜ਼ ਅਬਰਾਡ ਐਂਡ ਪੰਜਾਬ ਇਮਪੈਕਟ’’ ਪ੍ਰਕਾਸ਼ਤ ਕਰਵਾਕੇ ਦੇਸ਼ ਵਿਦੇਸ਼
ਵਿੱਚ ਭੇਜਦੇ ਹਨ। ਇਸ ਪੁਸਤਕ ਵਿੱਚ ਪੰਜਾਬੀ ਅਤੇ ਅੰਗਰੇਜ਼ੀ ਵਿਚ ਚੋਟੀ ਦੇ ਵਿਦਵਾਨਾ ਦੇ ਲੇਖ
ਹੁੰਦੇ ਹਨ, ਜਿਨ੍ਹਾਂ ਵਿਚ ਸਿੱਖ/ਪੰਜਾਬੀ ਭਾਈਚਾਰੇ ਦੀਆਂ
ਪੰਜਾਬ ਅਤੇ ਪਰਵਾਸ ਵਿੱਚ ਪ੍ਰਾਪਤ ਕੀਤੀਆਂ ਸਫਲਤਾਵਾਂ ਬਾਰੇ ਵਿਸਤਾਰ ਪੂਰਬਕ ਜਾਣਕਾਰੀ ਹੁੰਦੀ ਹੈ
ਤਾਂ ਜੋ ਨੌਜਵਾਨ ਪੀੜ੍ਹੀ ਆਪਣੀ ਅਮੀਰ ਵਿਰਾਸਤ ਤੋਂ ਪ੍ਰੇਰਨਾ ਲੈ ਕੇ ਮਾਅਰਕੇ ਮਾਰ ਸਕੇ। ਇਹ
ਪੁਸਤਕ ਇਤਿਹਾਸਕ ਦਸਤਾਵੇਜ਼ ਹੁੰਦੀ ਹੈ, ਜਿਸ ਵਿੱਚ ਵਿਲੱਖਣ ਕਿਸਮ ਦੀ ਜਾਣਕਾਰੀ ਹੁੰਦੀ
ਹੈ, ਜਿਹੜੀ ਜਾਣਕਾਰੀ ਪਰਵਾਸੀ ਭਾਰਤੀਆਂ ਲਈ ਪ੍ਰੇਰਨਾ ਸਰੋਤ
ਸਾਬਤ ਹੁੰਦੀ ਹੈ। ਸਿੱਖ ਇਤਿਹਾਸ ਦੀਆਂ ਸਾਰੀਆਂ ਮਹੱਤਵਪੂਰਨ ਘਟਨਾਵਾਂ ਜਿਵੇਂ ਸਿੱਖ ਇਤਿਹਾਸ ਦੀਆਂ
ਸ਼ਤਾਬਦੀਆਂ ਅਤੇ ਸਿੱਖ ਇਤਿਹਾਸ ਨਾਲ ਸੰਬੰਧਤ ਤਿਓਹਾਰਾਂ ਬਾਰੇ ਇਸ ਪੁਸਤਕ ਦੇ ਵਿਸ਼ੇਸ਼ ਅੰਕ ਪ੍ਰਕਾਸ਼ਤ
ਕੀਤੇ ਜਾਂਦੇ ਹਨ। ਸਿੱਖ ਇਤਿਹਾਸ ਨਾਲ ਸੰਬੰਧਤ ਯਾਦਗਾਰਾਂ ਅਤੇ ਗੁਰੂ ਘਰਾਂ ਦੀਆਂ ਉਹ ਯਾਤਰਾਵਾਂ
ਕਰਕੇ ਉਥੋਂ ਵਿਸ਼ੇਸ਼ ਕਿਸਮ ਦੀ ਜਾਣਕਾਰੀ ਇਕੱਤਰ ਕਰਦੇ ਹਨ। ਤੱਥਾਂ ‘ਤੇ ਅਧਾਰਤ ਉਨ੍ਹਾਂ ਦੇ ਲਿਖੇ
ਲੇਖ ਵੀ ਪੜ੍ਹਨ ਵਾਲੇ ਹੁੰਦੇ ਹਨ। ਉਹ 1981 ਤੋਂ 84 ਤੱਕ ਲੰਦਨ ਤੋਂ ਅੰਗਰੇਜ਼ੀ ਦਾ ਮਾਸਿਕ ਰਸਾਲਾ ‘‘ਦੀ ਪਾਲਿਟਿਕਸ’’ ਪ੍ਰਕਾਸ਼ਤ ਕਰਦੇ
ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਲੇਖ ਦੇਸ਼ ਵਿਦੇਸ਼ ਦੇ ਚੋਟੀ ਦੇ ਅਖ਼ਬਾਰਾਂ ਵਿੱਚ ਪ੍ਰਕਾਸ਼ਤ
ਹੁੰਦੇ ਹਨ। ਉਨ੍ਹਾਂ 1982 ਵਿੱਚ ਦਿੱਲੀ ਵਿਖੇ ਹੋਈਆਂ ਏਸ਼ੀਅਨ ਖੇਡਾਂ
ਨੂੰ ਬਰਤਾਨੀਆਂ ਤੋਂ ਆ ਕੇ ਕਵਰ ਕੀਤਾ ਸੀ। ਉਨ੍ਹਾਂ ਦੁਨੀਆਂ ਦੇ ਲਗਪਗ ਇਕ ਦਰਜਨ ਦੇਸ਼ਾਂ ਦਾ ਦੌਰਾ
ਕਰਕੇ ਸਿੱਖ ਇਤਿਹਾਸ ਨਾਲ ਸੰਬੰਧਤ ਯਾਦਗਾਰਾਂ ਬਾਰੇ ਜਾਣਕਾਰੀ ਇਕੱਤਰ ਕੀਤੀ ਅਤੇ ਫਿਰ ਅਖ਼ਬਾਰਾਂ
ਅਤੇ ਆਪਣੀ ਪੁਸਤਕ ‘‘ਇੰਡੀਅਨਜ਼ ਅਬਰਾਡ ਐਂਡ ਪੰਜਾਬ ਇਮਪੈਕਟ’’ ਵਿਚ ਪ੍ਰਕਾਸ਼ਤ ਕੀਤੀ। ਜਿਹੜੇ
ਸਿੱਖਾਂ/ਪੰਜਾਬੀਆਂ ਨੇ ਪਹਿਲੀ ਅਤੇ ਦੂਜੀ ਸੰਸਾਰ ਜੰਗ ਵਿਚ ਹਿਸਾ ਲੈ ਕੇ ਬਹਾਦਰੀ ਦੇ ਮੈਡਲ ਜਿੱਤੇ,
ਉਨ੍ਹਾਂ ਬਾਰੇ ਜਾਣਕਾਰੀ ਇਕੱਤਰ ਕਰਕੇ ਅਖ਼ਬਾਰਾਂ ਵਿਚ ਪ੍ਰਕਾਸ਼ਤ ਕਰਵਾਈ। ਉਨ੍ਹਾਂ
ਵੱਲੋਂ ਸਿੱਖੀ, ਪੰਜਾਬੀ ਸੰਸਾਰ ਅਤੇ ਕੌਮੀ ਪੱਤਰਕਾਰੀ ਵਿਚ
ਪਾਏ ਯੋਗਦਾਨ ਕਰਕੇ ਜਨਵਰੀ 1983 ਵਿੱਚ ਦਿੱਲੀ ਵਿਖੇ ਰਾਸ਼ਟਰਮੰਡਲ ਕਾਨਫ਼ਰੰਸ
ਵਿੱਚ ਬਰਤਾਨੀਆਂ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬਾਨ ਨੇ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਸੀ।
ਉਨ੍ਹਾਂ ਨੇ ਭਾਰਤ ਵਿੱਚ ਜਿਤਨੇ ਵੀ ਇਤਿਹਾਸਕ ਗੁਰੂ ਘਰ ਹਨ, ਉਹ
ਉਨ੍ਹਾਂ ਸਾਰਿਆਂ ਦੀ ਲਗਾਤਾਰ ਪਰਕਰਮਾ ਕਰਦੇ ਰਹਿੰਦੇ ਹਨ। ਇਸੇ ਤਰ੍ਹਾਂ ਪਰਵਾਸ ਵਿੱਚ ਖਾਸ ਤੌਰ ਤੇ
ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਦੇ ਮਹੱਤਵਪੂਰਨ ਗੁਰੂ ਘਰ ਹਨ,
ਉਨ੍ਹਾਂ ਵਿਚ ਵੀ ਨਤਮਸਤਕ ਹੁੰਦੇ ਰਹਿੰਦੇ ਹਨ। ਸਿੱਖ ਧਰਮ ਅਤੇ ਸਿੱਖੀ ਵਿਚਾਰਧਾਰਾ
ਦੇ ਪਾਸਾਰ ਤੇ ਪ੍ਰਚਾਰ ਲਈ ਉਨ੍ਹਾਂ ਵਲੋਂ ਪਾਏ ਯੋਗਦਾਨ ਕਰਕੇ ਸਿੱਖ ਧਰਮ ਦੇ ਸਰਵੋਤਮ ਤਖ਼ਤ ਸ੍ਰੀ
ਅਕਾਲ ਤਖ਼ਤ ਸਾਹਿਬ ਵਿਖੇ ਉਨ੍ਹਾਂ ਨੂੰ 1995 ਵਿੱਚ ਵਿਸੇੇਸ਼
ਤੌਰ ਤੇ ਸਿਰੋਪਾਓ ਦੇ ਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਨਮਾਨਤ ਕੀਤਾ ਗਿਆ ਸੀ।
ਉਨ੍ਹਾਂ ਦੀ ਪੁਸਤਕ ਇੰਡੀਅਨਜ਼ ਅਬਰਾਡ ਐਂਡ ਪੰਜਾਬ ਇਮਪੈਕਟ ਸ੍ਰੀ ਆਨੰਦਪੁਰ ਸਾਹਿਬ ਵਿਖੇ ਅਕਾਲ ਤਖ਼ਤ
ਦੇ ਉਦੋਂ ਦੇ ਜਥੇਦਾਰ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਜ਼ਾਰੀ ਕੀਤੀ ਸੀ।
ਦੇਸ਼ ਵਿਦੇਸ਼ ਅਤੇ ਖਾਸ ਤੌਰ ‘ਤੇ ਪੰਜਾਬ ਦੀ ਸਿਆਸਤ ਬਾਰੇ ਵੀ ਉਨ੍ਹਾਂ ਨੂੰ ਪੂਰੀ ਜਾਣਕਾਰੀ ਹੁੰਦੀ
ਹੈ। ਇਥੋਂ ਤੱਕ ਕਿ ਪੰਜਾਬ ਦੇ ਤਿੰਨ ਮੁੱਖ ਮੰਤਰੀ ਸਾਹਿਬਾਨ ਸਰਵ ਸ੍ਰੀ ਦਰਬਾਰਾ ਸਿੰਘ, ਬੇਅੰਤ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਜਦੋਂ ਉਹ ਇੰਗਲੈਂਡ ਜਾਂਦੇ ਰਹੇ ਹਨ,
ਉਨ੍ਹਾਂ ਨਾਲ ਰਾਜਨੀਤਕ ਵਿਚਾਰ ਚਰਚਾ ਕਰਦੇ ਅਤੇ ਨਰਪਾਲ ਸਿੰਘ ਸ਼ੇਰਗਿਲ ਦੀ ਕਾਰ
ਵਿੱਚ ਜਾਂਦੇ ਰਹੇ ਹਨ ਪ੍ਰੰਤੂ ਉਨ੍ਹਾਂ ਦੀ ਖ਼ੂਬੀ ਇਹ ਹੈ ਕਿ ਜਦੋਂ ਉਹ ਰਾਜਨੀਤਕ ਲੋਕ ਸਿਆਸੀ ਤਾਕਤ
ਵਿਚ ਹੁੰਦੇ ਹਨ ਤਾਂ ਉਨ੍ਹਾਂ ਨੂੰ ਨਰਪਾਲ ਸਿੰਘ ਸ਼ੇਰਗਿਲ ਨੇ ਕਦੀਂ ਵੀ ਪਹੁੰਚ ਨਹੀਂ ਕੀਤੀ। ਉਹ
ਹਮੇਸ਼ਾ ਹੀ ਪੰਜਾਬ, ਪੰਜਾਬੀਅਤ ਅਤੇ ਸਿੱਖ ਸਿਧਾਂਤਾਂ ਅਨੁਸਾਰ
ਸਮਾਜ ਵਿੱਚ ਵਿਚਰਣ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਨ। ਵਾਹਿਗੁਰੂ ਉਨ੍ਹਾਂ ਦੀ ਉਮਰ ਲੰਬੀ ਕਰੇ
ਅਤੇ ਸਿਹਤਮੰਦ ਰੱਖੇ ਤਾਂ ਜੋ ਉਹ ਇਸੇ ਤਰ੍ਹਾਂ ਸਿੱਖ ਅਤੇ ਪੰਜਾਬੀ ਸੰਸਾਰ ਦੀ ਸੇਵਾ ਕਰਦੇ ਰਹਿਣ।
Comments
Post a Comment