ਪੰਜਾਬੀ ਨੌਜਵਾਨਾ ਲਈ ਪ੍ਰੇਰਨਾ ਸਰੋਤ : ਜਲੰਧਰ ਫਾਰਮ ਦੀ ਮਾਲਕ ਉਦਮੀ ਗੁਰਜੀਤ ਸੋਂਧੂ

 

ਲੁਧਿਆਣਾ ਜਿਲ੍ਹੇ ਦੇ ਕਸਬਾ ਮੁਲਾਂਪੁਰ ਦਾਖਾ ਦੀ ਸਪੁੱਤਰੀ ਅਤੇ ਜਲੰਧਰ ਦੀ ਨੂੰਹ ਬੀਬੀ ਗੁਰਜੀਤ ਸੋਂਧੂ ਨੇ ਆਸਟਰੇਲੀਆ ਵਿਚ ਖੇਤੀਬਾੜੀ ਉਦਮੀ ਦੇ ਤੌਰ ਤੇ ਸਫਲ ਹੋ ਕੇ ਪਰਵਾਸੀ ਪੰਜਾਬੀਆਂ ਲਈ ਮਾਰਗ ਦਰਸ਼ਨ ਕੀਤਾ ਹੈ। ਇਕ ਇਸਤਰੀ ਹੋ ਕੇ ਇਸ ਸਮੇਂ ਉਹ ਮੈਲਬਾਰਨ ਤੋਂ ਚਾਰ ਸੌ ਮੀਲ ਦੂਰ 5500 ਏਕੜ ਦੇ ਖੇਤੀਬਾੜੀ ਫਾਰਮ ਵਿਚ ਕਨੋਲਾ, ਕਣਕ ਅਤੇ ਜੌਂਆਂ ਦੀ ਕਾਸ਼ਤ ਕਰ ਰਹੀ ਹੈ। ਇਸ ਤੋਂ ਇਲਾਵਾ ਪਸ਼ੂਆਂ ਅਤੇ ਭੇਡਾਂ ਦਾ ਕਾਰੋਬਾਰ ਵੀ ਵੱਡੇ ਪੱਧਰ ਤੇ ਕਰ ਰਹੀ ਹੈ। ਖੇਤੀਬਾੜੀ ਨੂੰ ਆਮ ਤੌਰ ਤੇ ਮਰਦ ਪ੍ਰਧਾਨ ਕਿੱਤਾ ਕਿਹਾ ਜਾਂਦਾ ਹੈ ਪ੍ਰੰਤੂ ਗੁਰਜੀਤ ਸੋਂਧੂ ਨੇ ਆਪਣੀ ਕਾਰਜ਼ਕੁਸ਼ਲਤਾ ਨਾਲ ਇਸ ਖੇਤਰ ਵਿਚ ਵੀ ਨਾਮਣਾ ਖੱਟਕੇ ਆਪਣਾ ਨਾਮ ਪੈਦਾ ਕੀਤਾ ਹੈ। ਗੁਰਜੀਤ ਸੋਂਧੂ ਦੀ ਸਫ਼ਲਤਾ ਤੋਂ ਸਾਫ ਹੁੰਦਾ ਹੈ ਕਿ ਔਰਤਾਂ ਮਰਦਾਂ ਨਾਲੋਂ ਕਿਸੇ ਪੱਖ ਤੋਂ ਵੀ ਘੱਟ ਨਹੀਂ ਹਨ। ਹੌਸਲਾ, ਦਿ੍ਰੜ੍ਹਤਾ ਅਤੇ ਲਗਨ ਹੋਵੇ ਤਾਂ ਹਰ ਇਨਸਾਨ ਮਿਥੇ ਨਿਸ਼ਾਨੇ ਤੇ ਪਹੁੰਚ ਸਕਦਾ ਹੈ ਪ੍ਰੰਤੂ ਉਸਨੂੰ ਆਪਣਾ ਨਿਸ਼ਾਨਾ ਨਿਸਚਤ ਕਰਨਾ ਹੋਵੇਗਾ। ਜੇਕਰ ਇਸਤਰੀਆਂ ਪੁਲਾੜ ਵਿਚ ਪਹੁੰਚਕੇ ਨਾਮਣਾ ਖੱਟ ਸਕਦੀਆਂ ਹਨ ਤਾਂ ਜ਼ਮੀਨ ਤੇ ਵੀ ਆਪਣੀ ਕਾਬਲੀਅਤ ਦਾ ਸਿੱਕਾ ਜਮਾ੍ਹ ਸਕਦੀਆਂ ਹਨ। ਇਸਦੀ ਮਿਸਾਲ ਆਪਣੀ ਮਾਤ ਭੂਮੀ ਤੋਂ ਹਜ਼ਾਰਾਂ ਮੀਲ ਦੂਰ ਪਰਵਾਸ ਵਿਚ ਜਾ ਕੇ ਜਿਥੇ ਵਾਤਾਵਰਨ ਅਤੇ ਹਾਲਾਤ ਵੀ ਪੰਜਾਬ ਨਾਲੋਂ ਵੱਖਰੇ ਹਨ। ਉਥੇ ਗੁਰਜੀਤ ਸੋਂਧੂ ਨੇ ਆਪਣੀ ਯੋਗਤਾ ਦਾ ਝੰਡਾ ਗੋਰਿਆਂ ਵਿਚ ਗੱਡ ਦਿੱਤਾ ਹੈ। ਇਸਤਰੀ ਨੂੰ ਸੈਕੰਡ ਸੈਕਸ ਕਹਿਕੇ ਉਸਦੀ ਨਿਪੁੰਨਤਾ ਤੇ ਸਵਾਲੀਆ ਨਿਸ਼ਾਨ ਲਗਾਉਣ ਵਾਲਿਆਂ ਨੂੰ ਸੋਚਣਾ ਪਵੇਗਾ ਕਿ ਉਹ ਗੁਰਜੀਤ ਸੋਂਧੂ ਨੂੰ ਸੈਕੰਡ ਸੈਕਸ ਕਿਸ ਆਧਾਰ ਤੇ ਕਹਿਣਗੇ। ਇਹ ਮਰਦ ਪ੍ਰਧਾਨ ਸਮਾਜ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ, ਜੋ ਇਸਤਰੀ ਨੂੰ ਆਪਣੀ ਧੌਂਸ ਹੇਠ ਹੀ ਰੱਖਣਾ ਚਾਹੁੰਦਾ ਹੈ। ਇਸਦੀ ਪ੍ਰੇਰਨਾਦਾਇਕ ਮਿਸਾਲ ਗੁਰਜੀਤ ਸੋਂਧੂ ਦੇ ਜੀਵਨ ਤੋਂ ਮਿਲ ਸਕਦੀ ਹੈ। ਪ੍ਰਵਾਸ ਵਿਚ ਜਾ ਕੇ ਪ੍ਰਵਾਸ ਦੀ ਜ਼ਿੰਦਗੀ ਨੂੰ ਜਦੋਜਹਿਦ ਅਤੇ ਬਹੁਤ ਹੀ ਔਖੀ ਕਹਿਣ ਵਾਲਿਆਂ ਨੂੰ ਗੁਰਜੀਤ ਸੋਂਧੂ ਨੂੰ ਆਪਣਾ ਰੋਲ ਮਾਡਲ ਬਣਾਉਣਾ ਚਾਹੀਦਾ ਹੈ। ਖਾਸ ਤੌਰ ਤੇ ਨੌਜਵਾਨ ਲੜਕੀਆਂ ਨੂੰ ਗੁਰਜੀਤ ਸੋਂਧੂ ਦੀ ਜ਼ਿੰਦਗੀ ਦੀ ਜਦੋਜਹਿਦ ਤੋਂ ਕੁਝ ਸਿਖਣਾ ਬਣਦਾ ਹੈ।

          ਗੁਰਜੀਤ ਸੋਂਧੂ ਅਲ੍ਹੜ੍ਹ ਉਮਰ ਵਿਚ ਵਿਆਹੇ ਜਾਣ ਤੋਂ ਤੁਰੰਤ ਬਾਅਦ 1976 ਵਿਚ ਆਪਣੇ ਪਤੀ ਅਵਤਾਰ ਸਿੰਘ ਤਾਰੀ ਨਾਲ ਆਸਟਰੇਲੀਆ ਚਲੀ ਗਈ ਸੀ। ਅਜੇ ਉਨ੍ਹਾਂ ਨੇ ਆਪਣੇ ਵਿਆਹ ਦੇ ਚਾਅ ਵੀ ਪੂਰੇ ਨਹੀਂ ਕੀਤੇ ਸਨ। ਹੱਥਾਂ ਤੇ ਸ਼ਗਨਾ ਦੀ ਮਹਿੰਦੀ, ਨਹੁੰਆਂ ‘ਤੇ ਨਹੁੰ ਪਾਲਿਸ਼ ਅਤੇ ਸੈਂਟ ਦੀ ਸੁਗੰਧ ਆ ਰਹੀ ਸੀ, ਜਦੋਂ ਉਸਨੂੰ ਉਨ੍ਹਾਂ ਦੇ ਪਤੀ ਅਵਤਾਰ ਸਿੰਘ ਤਾਰੀ ਨੇ ਆਪਣੇ ਸਹੁਰਿਆਂ ਦੇ ਜਲੰਧਰ ਫਾਰਮ ਵਿਚ ਭੇਡਾਂ ਦੇ ਵਾੜੇ ਵਿਚੋਂ ਭੇਡਾਂ ਦਾ ਮਲ ਮੂਤਰ ਚੁੱਕਣ ਲਈ ਆਖ ਦਿੱਤਾ। ਉਸ ਸਮੇਂ ਉਹ ਆਪਣੇ ਪਤੀ ਨਾਲ ਨਾਰਾਜ਼ ਵੀ ਹੋਈ ਪ੍ਰੰਤੂ ਜਵਾਬ ਵੀ ਨਹੀਂ ਦੇ ਸਕੀ ਕਿਉਂਕਿ ਪ੍ਰਵਾਸ ਵਿਚ ਉਹ ਆਪਣੇ ਦੁੱਖ ਕਿਸੇ ਕੋਲ ਖੋਲ੍ਹ ਨਹੀਂ ਸਕਦੀ ਸੀ। ਮਾਪਿਆਂ ਤੋਂ ਹਜ਼ਾਰਾਂ ਮੀਲ ਦੂਰ ਉਸਦਾ ਦਰਦ ਸੁਣਨ ਵਾਲਾ ਕੋਈ ਨਹੀਂ ਸੀ।  ਉਨ੍ਹਾਂ ਨੇ ਆਪਣੇ ਮਨ ਵਿਚ ਸੋਚਿਆ ਕਿ ਪਰਵਾਸ ਵਿਚ ਵਿਆਹ ਅਜਿਹਾ ਕੰਮ ਕਰਨ ਲਈ ਕਰਵਾਇਆ ਹੈ। ਇਹ ਕੰਮ ਤਾਂ ਉਸਨੇ ਪੰਜਾਬ ਵਿਚ ਵੀ ਕਦੀਂ ਨਹੀਂ ਕੀਤਾ ਸੀ। ਉਸਦੇ ਇਕ ਨਵੀਂ ਵਿਆਹੀ ਲੜਕੀ ਦੇ ਮਹਿੰਦੀ ਵਾਲੇ ਹੱਥਾਂ ਨੂੰ ਭੇਡਾਂ ਦੇ ਵਾੜੇ ਦੀ ਸਫਾਈ ਕਰਨੀ ਪਈ ਪ੍ਰੰਤੂ ਉਸਨੇ ਆਪਣਾ ਹੌਸਲਾ ਨਹੀਂ ਛੱਡਿਆ, ਭਾਵੇਂ ਉਸਦੇ ਮਨ ਵਿਚ ਨਵੀਂਆਂ ਵਿਆਹੀਆਂ ਲੜਕੀਆਂ ਦੀ ਤਰ੍ਹਾਂ ਰੰਗ ਬਰੰਗੇ ਪਹਿਰਾਵੇ ਅਤੇ ਆਪਣੇ ਪਤੀ ਨਾਲ ਸੈਰ ਸਪਾਟਾ ਕਰਨ ਦੇ ਚਾਅ ਉਸਲਵੱਟੇ ਲੈ ਰਹੇ ਸਨ ਪ੍ਰੰਤੂ ਇਕ ਵਾਰ ਤਾਂ ਉਹ ਆਸਟਰੇਲੀਆ ਦੇ ਵੈਸਟਰਨ ਵਿਕਟੋਰੀਆ ਵਿਚਲੇ ਬੀਆਬਾਨ ਇਲਾਕੇ ਦੇ ਉਸਦੇ ਸਹੁਰਿਆਂ ਦੇ ਜਲੰਧਰ ਫਾਰਮ ਵਿਚ ਇਕੱਲਾਪਣ ਹੋਣ ਕਰਕੇ ਮਨ ਉਚਾਟ ਹੋ ਗਿਆ ਸੀ ਕਿ ਉਹ ਉਨ੍ਹਾਂ ਦੇ ਪਰਿਵਾਰ ਵੱਲੋਂ ਪ੍ਰਵਾਸ ਦੇ ਹੁਲਾਰਿਆਂ ਦੇ ਸੁਪਨੇ ਵਿਖਾਕੇ ਉਸਨੂੰ ਕਿਥੇ ਫਸਾ ਦਿੱਤਾ ਗਿਆ ਹੈ। ਫਿਰ ਉਨ੍ਹਾਂ ਨੇ ਇਸ ਜ਼ਿੰਦਗੀ ਨੂੰ ਇਕ ਵੰਗਾਰ ਦੀ ਤਰ੍ਹਾਂ ਪ੍ਰਵਾਨ ਕੀਤਾ ਅਤੇ ਫੈਸਲਾ ਕੀਤਾ ਕਿ ਉਹ ਇਸ ਕਿਤੇ ਦੀਆਂ ਬਾਰੀਕੀਆਂ ਨੂੰ ਸਮਝਕੇ, ਇਸ ਵਿਚ ਸਫਲਤਾ ਪ੍ਰਾਪਤ ਕਰਨ ਲਈ ਹਰ ਹੀਲਾ ਵਰਤੇਗੀ। ਉਸਨੇ ਇਸ ਜਦੋਜਹਿਦ ਬਾਰੇ ਆਪਣੇ ਮਾਪਿਆਂ ਨੂੰ ਦੱਸਣ ਤੋਂ ਵੀ ਪ੍ਰਹੇਜ਼ ਕੀਤਾ ਤਾਂ ਜੋ ਮਾਪਿਆਂ ਲਈ ਨਮੋਸ਼ੀ ਨਾ ਖੜ੍ਹੀ ਹੋ ਜਾਵੇ, ਜਿਵੇਂ ਆਮ ਤੌਰ ਤੇ ਲੜਕੀਆਂ ਆਪਣੇ ਮਾਪਿਆਂ ਤੋਂ ਹਰ ਮੁਸੀਬਤ ਨੂੰ ਦੱਸਣ ਤੋਂ ਲੁਕੋਂਦੀਆਂ ਹਨ। ਉਸਦੇ ਪਤੀ ਅਵਤਾਰ ਸਿੰਘ ਤਾਰੀ ਨੂੰ ਫੁਟਵਾਲ ਖੇਡਣ ਦਾ ਸ਼ੌਕ ਸੀ, ਪਹਿਲੀ ਵਾਰ ਉਹ ਆਪਣੇ ਪਤੀ ਨਾਲ ਇਕ ਗੋਰਿਆਂ ਦੀ ਕਲੱਬ ਵਿਚ ਫੁਟਵਾਲ ਖੇਡਣ ਲਈ ਘਰੋਂ ਬਾਹਰ ਗਈ। ਉਥੇ ਆਸਟਰੇਲੀਆ ਦੇ ਲੋਕਾਂ ਲਈ ਗੁਰਜੀਤ ਸੋਂਧੂ ਦੀ ਦਿਖ ਅਤੇ ਪਹਿਰਾਵਾ ਅਜਨਬੀ ਸੀ। ਉਹ ਸੋਹਣੀ ਸੁਨੱਖੀ ਸੀ, ਉਥੋਂ ਦੇ ਖਿਡਾਰੀ ਲੋਕ ਉਸਨੂੰ ਖੇਡਦੀ ਨੂੰ ਵੇਖਣ ਲਈ ਫੁਟਵਾਲ ਉਸ ਵੱਲ ਸੁਟਦੇ ਰਹਿੰਦੇ ਸਨ ਪ੍ਰੰਤੂ ਉਹ ਲੋਕ ਸੱਚੇ ਸੁੱਚੇ ਹਨ। ਉਨ੍ਹਾਂ ਦੇ ਮਨਾਂ ਵਿਚ ਕੋਈ ਗ਼ਲਤ ਭਾਵਨਾ ਨਹੀਂ ਸੀ ਪ੍ਰੰਤੂ ਉਹ ਗੁਰਜੀਤ ਸੋਂਧੂ ਨੂੰ ਉਥੋਂ ਦੇ ਨਵੇਂ ਵਾਤਾਵਰਨ ਵਿਚ ਅਡਜਸਟ ਕਰਨ ਲਈ ਇੰਜ ਕਰਦੇ ਸਨ। ਹੌਲੀ ਹੌਲੀ ਉਹ ਉਨ੍ਹਾਂ ਲੋਕਾਂ ਵਿਚ ਰਚ ਮਿਚ ਗਈ। ਉਨ੍ਹਾਂ ਦੇ ਸਭਿਆਚਾਰ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਹ ਆਪਣੇ ਪਤੀ ਨਾਲ 5500 ਏਕੜ ਦੇ ਖੇਤੀਬਾੜੀ, ਪਸ਼ੂਆਂ ਅਤੇ ਭੇਡਾਂ ਦੇ ਕਾਰੋਬਾਰ ਵਿਚ ਮਦਦ ਹੀ ਨਹੀਂ ਸਗੋਂ ਮੋਹਰੀ ਦੀ ਭੂਮਿਕਾ ਨਿਭਾਉਂਦੀ ਕਰਦੀ ਰਹੀ। ਅਸਲ ਵਿਚ ਉਹ ਆਪਣੇ ਆਪ ਨੂੰ ਰੁਝੇਵਿਆਂ ਵਿਚ ਮਸ਼ਰੂਫ ਰੱਖਣ ਦੀ ਕੋਸਿਸ਼ ਕਰਦੀ ਸੀ ਤਾਂ ਜੋ ਇਕੱਲਤਾ ਮਹਿਸੂਸ ਨਾ ਹੋਵੇ। ਉਸਨੇ ਇਤਨੀ ਮਿਹਨਤ ਕੀਤੀ ਕਿ ਜਲਦੀ ਹੀ ਉਸਦਾ ਸਹੁਰਾ ਪਰਿਵਾਰ ਗੁਰਜੀਤ ਸੋਂਧੂ ਦੀ ਕਾਰਜਕੁਸ਼ਲਤਾ ਤੇ ਨਿਰਭਰ ਹੋ ਗਿਆ।

       ਉਨ੍ਹਾਂ ਦਾ ਪਤੀ ਸਤ ਸਾਲ ਦੀ ਉਮਰ ਵਿਚ ਆਸਟਰੇਲੀਆ ਚਲਾ ਗਿਆ ਸੀ। ਇਸ ਲਈ ਉਹ ਪੂਰਾ ਆਸਟਰੇਲੀਅਨ ਬਣ ਗਿਆ ਸੀ ਪ੍ਰੰਤੂ ਉਸਦੇ ਮਾਤਾ ਪਿਤਾ ਉਸਦਾ ਵਿਆਹ ਪੰਜਾਬਣ ਲੜਕੀ ਨਾਲ ਕਰਨਾ ਚਾਹੁੰਦੇ ਸਨ। ਅਵਤਾਰ ਸਿੰਘ ਤਾਰੀ ਅਤੇ ਗੁਰਜੀਤ ਸੋਂਧੂ ਦੇ ਪਰਿਵਾਰ ਦੇ ਆਪਸੀ ਸੰਬੰਧ ਚੰਗੇ ਸਨ। ਇਸ ਲਈ ਉਨ੍ਹਾਂ ਦਾ ਵਿਆਹ ਕਰ ਦਿੱਤਾ ਗਿਆ। ਗੁਰਜੀਤ ਸੋਂਧੂ ਨੇ ਆਪਣੇ ਪਤੀ ਅਵਤਾਰ ਸਿੰਘ ਤਾਰੀ ਦੀ ਆਸਟਰੇਲੀਅਨ ਲੜਕੀ ਨਾਲ ਵਿਆਹ ਕਰਵਾਉਣ ਦੀ ਚਾਹਤ ਨੂੰ ਪੂਰੀ ਤਰ੍ਹਾਂ ਬਦਲਕੇ ਰੱਖ ਦਿੱਤਾ। ਤਾਰੀ ਵੀ ਇਹ ਮਹਿਸੂਸ ਕਰਨ ਲੱਗ ਪਿਆ ਸੀ ਕਿ ਜੇਕਰ ਉਹ ਆਸਟਰੇਲੀਅਨ ਲੜਕੀ ਨਾਲ ਵਿਆਹ ਕਰਵਾ ਲੈਂਦਾ, ਇਕ ਤਾਂ ਉਹ ਆਪਣੇ ਮਾਪਿਆਂ ਨੂੰ ਨਾਰਾਜ਼ ਕਰ ਲੈਂਦਾ, ਦੂਜੇ ਉਸਨੇ ਉਨ੍ਹਾਂ ਦੇ ਪਰਿਵਾਰਿਕ ਵਿਓਪਾਰ ਵਿਚ ਉਨ੍ਹਾਂ ਦੀ ਸਹਾਈ ਨਹੀਂ ਹੋ ਸਕਣਾ ਸੀ। ਉਹ ਆਪਣੀ ਵਿਰਾਸਤ ਨਾਲੋਂ ਵੀ ਟੁੱਟ ਜਾਂਦਾ।  ਮੈਲਬਾਰਨ ਤੋਂ ਚਾਰ ਸੌ ਮੀਲ ਦੂਰ ਹਾਰੋ ਦੇ ਵਿਚ ਮਲਗ ਥਾਂ ਤੇ ਉਜਾੜ ਵਿਚ ਜਲੰਧਰ ਫਾਰਮ ਸਥਿਤ ਸੀ। ਜਦੋਂ ਵਿਆਹ ਤੋਂ ਬਾਅਦ ਪਹਿਲੀ ਵਾਰ ਮੈਲਬਾਰਨ ਏਅਰਪੋਰਟ ਤੋਂ ਰਾਤ ਨੂੰ ਉਹ ਫਾਰਮ ਤੇ ਜਾ ਰਹੇ ਸਨ ਤਾਂ ਸੁੰਨ ਸਾਨ ਇਲਾਕਾ ਸੀ, ਕਿਤੇ ਕਿਤੇ ਰੌਸ਼ਨੀ ਦਿਸਦੀ ਸੀ। ਸਵੇਰ ਨੂੰ ਜਦੋਂ ਉਹ ਸੁੱਤੀ ਉਠੀ ਤਾਂ ਚਾਰੇ ਪਾਸੇ ਖੇਤ ਹੀ ਖੇਤ ਸਨ। ਦੂਰ ਦੂਰ ਤੱਕ ਕੋਈ ਆਂਢ ਗੁਆਂਢ ਨਹੀਂ ਸੀ। ਪਰਿਵਾਰ ਆਪਣੇ ਕਾਰੋਬਾਰ ਵਿਚ ਵਿਅਸਤ ਹੋ ਜਾਂਦਾ ਤੇ ਘਰ ਉਸਨੂੰ ਇਕੱਲੀ ਨੂੰ ਖਾਣ ਨੂੰ ਆਉਂਦਾ ਸੀ। ਹੌਲੀ ਹੌਲੀ ਗੁਰਜੀਤ ਪਰਿਵਾਰਿਕ ਵਿਓਪਾਰ ਵਿਚ ਅਜਿਹਾ ਅਡਜਸਟ ਕਰ ਗਈ ਕਿ ਉਲਟਾ ਸੋਂਧੂ ਪਰਿਵਾਰ ਉਸ ਉਪਰ ਫਖ਼ਰ ਕਰਨ ਲੱਗ ਪਿਆ। ਗੁਰਜੀਤ ਸੋਂਧੂ ਦੇ ਦੋ ਲੜਕੇ ਜੇਸਨ ਅਤੇ ਫਿਲਿਪ ਹਨ। ਇਕ ਲੜਕੀ ਬੇਲੀਂਡਾ ਹੈ। ਉਨ੍ਹਾਂ ਦੇ ਪਤੀ ਅਵਤਾਰ ਸਿੰਘ ਤਾਰੀ ਦੀ ਮੌਤ ਤੋਂ ਬਾਅਦ ਖੇਤੀਬਾੜੀ ਅਤੇ ਵਿਓਪਾਰ ਦੀ ਸਾਰੀ ਜ਼ਿੰਮੇਵਾਰੀ ਗੁਰਜੀਤ ਸੋਂਧੂ ਦੇ ਸਿਰ ਪੈ ਗਈ ਪ੍ਰੰਤੂ ਗੁਰਜੀਤ ਸੋਂਧੂ ਨੂੰ ਕੋਈ ਔਖਿਆਈ ਮਹਿਸੂਸ ਨਹੀਂ ਹੋਈ ਕਿਉਂਕਿ ਪਹਿਲਾਂ ਹੀ ਉਹ ਇਸ ਕਾਰੋਬਾਰ ਨੂੰ ਸੁਚੱਜੇ ਢੰਗ ਨਾਲ ਵੇਖਦੀ ਸੀ। ਉਨ੍ਹਾਂ ਦੇ ਪਤੀ ਕਾਰੋਬਾਰ ਦੀ ਮਾਰਕੀਟਿੰਗ ਦਾ ਕੰਮ ਕਰਦੇ ਸਨ। 62 ਸਾਲਾ ਗੁਰਜੀਤ ਸੋਂਧੂ ਨੂੰ ਇਕ ਸਮੱਸਿਆ ਆ ਰਹੀ ਸੀ ਕਿ ਉਹ ਆਧੁਨਿਕ ਸਮੇਂ ਵਿਓਪਾਰ ਵਿਚ ਵਰਤੀਆਂ ਜਾਣ ਵਾਲੀਆਂ ਆਈ ਟੀ ਦੀਆਂ ਬਾਰੀਕੀਆਂ ਬਾਰੇ ਉਸਨੂੰ ਉਨ੍ਹਾਂ ਦੀ ਜਾਣਕਾਰੀ ਨਾ ਮਾਤਰ ਸੀ। ਇਸ ਮੰਤਵ ਲਈ ਉਨ੍ਹਾਂ ਦੇ ਦੋਵੇਂ ਲੜਕੇ ਅਤੇ ਲੜਕੀ ਉਨ੍ਹਾਂ ਦੀ ਮਦਦ ਕਰਦੇ ਰਹਿੰਦੇ ਹਨ। ਗੁਰਜੀਤ ਸੋਂਧੂ ਨੇ ਆਪਣੇ ਬੱਚਿਆਂ ਨੂੰ ਵੀ ਆਪਣੇ ਪਰਿਵਾਰ ਵਿਚ ਲਗਾਕੇ ਆਪ ਖੁਦ ਹੁਣ ਵਿਓਪਾਰ ਦੀ ਨਿਗਰਾਨੀ ਦਾ ਕੰਮ ਕਰਦੇ ਹਨ। ਗੁਰਜੀਤ ਸੋਂਧੂ ਦੇ ਬੱਚੇ ਆਸਟਰੇਲੀਆ ਵਿਚ ਪੈਦਾ ਹੋਏ ਅਤੇ ਉਥੇ ਹੀ ਪੜ੍ਹੇ ਲਿਖੇ ਹਨ ਇਸ ਲਈ  ਭਾਵੇਂ ਉਹ ਆਸਟਰੇਲੀਅਨ ਸਭਿਆਚਾਰ ਵਿਚ ਗੜੂੰਦ ਹਨ ਪ੍ਰੰਤੂ ਗੁਰਜੀਤ ਉਨ੍ਹਾਂ ਨੂੰ ਪੰਜਾਬੀ ਸਭਿਆਚਾਰ ਨਾਲ ਵੀ ਜੋੜਨ ਦੀ ਕੋਸਿਸ਼ ਕਰਦੀ ਰਹਿੰਦੀ ਹੈ। ਅਜੋਕੇ ਸਮੇਂ ਵਿਚ ਜਦੋਂ ਪੰਜਾਬੀ ਨੌਜਵਾਨ ਲੜਕੇ ਅਤੇ ਲੜਕੀਆਂ ਬੇਰੋਜ਼ਗਾਰੀ ਕਰਕੇ ਨਿਰਾਸ਼ਾ ਦੇ ਆਲਮ ਵਿਚੋਂ ਗੁਜਰ ਰਹੇ ਹਨ। ਉਨ੍ਹਾਂ ਨੂੰ ਗੁਰਜੀਤ ਸੋਂਧੂ ਦੀ ਜ਼ਿੰਦਗੀ ਨੂੰ ਪ੍ਰੇਰਨਾ ਸਰੋਤ ਦੇ ਤੌਰ ਤੇ ਲੈ ਕੇ ਸਫਲਤਾ ਦੀਆਂ ਪੌੜੀਆਂ ਚੜ੍ਹਨ ਦੇ ਗੁਰ ਲੈਣੇ ਚਾਹੀਦੇ ਹਨ।

Comments

Popular posts from this blog

ਹਰਪ੍ਰੀਤ ਕੌਰ ਸੰਧੂ ਦੀ ‘ਜ਼ਿੰਦਗੀ ਦੇ ਰੂਬਰੂ’ ਪੁਸਤਕ ਜ਼ਿੰਦਗੀ ਜਿਓਣ ਦੇ ਬਿਹਤਰੀਨ ਨੁਸਖ਼ੇ

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ

ਪੰਜਾਬੀ ਭਾਸ਼ ਦਾ ਵਿਦੇਸ਼ਾਂ ਵਿਚ ਪਰਚਮ ਲਹਿਰਾਉਣ ਵਾਲਾ ਸਾਹਿਤਕਾਰ ਰਵਿੰਦਰ ਰਵੀ