ਅਧਿਆਤਮਿਕ ਖੋਜ ਦਾ ਵਗਦਾ ਦਰਿਆ : ਡਾ.ਗੁਰਸ਼ਰਨ ਕੌਰ ਜੱਗੀ


 

         ਡਾ.ਗੁਰਸ਼ਰਨ ਕੌਰ ਜੱਗੀ ਦਾ ਸਮੁੱਚਾ ਸਾਹਿਤਕ, ਵਿਦਿਅਕ ਅਤੇ ਨਿੱਜੀ ਜੀਵਨ ਧਾਰਮਿਕ ਖੋਜ ਨੂੰ ਸਮਰਪਤ ਰਿਹਾ ਹੈ। ਵਿਦਿਆਰਥੀ ਜੀਵਨ ਵਿਚ ਵੀ ਆਪ ਹਮੇਸ਼ਾ ਸਿੱਖ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਿਚ ਰੁੱਝੇ ਰਹੇ ਹਨ ਜਦੋਂ ਕਿ ਵਿਦਿਆਰਥੀ ਜੀਵਨ ਅਜਿਹਾ ਹੁੰਦਾ ਹੈ ਕਿ ਲੜਕੇ ਅਤੇ ਲੜਕੀਆਂ ਵਿਦਿਅਕ ਸੰਸਥਾਵਾਂ ਨੂੰ ਆਪਣੇ ਜੀਵਨ ਦਾ ਸਰਵੋਤਮ ਸਮਾਂ ਸਮਝਦੀਆਂ ਹੋਈਆਂ ਆਨੰਦਮਈ ਵਾਤਾਵਰਨ ਵਿਚ ਵਿਚਰਦੇ ਹਨ। ਵਿਹਲੇ ਸਮੇਂ ਵਿਚ ਦੋਸਤਾਂ ਨਾਲ ਕਾਫੀ ਹਾਊਸ ਜਾਂ ਪਾਰਕਾਂ ਵਿਚ ਗੱਪ ਛੱਪ ਮਾਰਕੇ ਸਮਾਂ ਬਤੀਤ ਕਰਦੇ ਹਨ। ਗੁਰਸ਼ਰਨ ਕੌਰ ਵਿਦਿਆਰਥੀ ਜੀਵਨ ਵਿਚ ਵਿਹਲਾ ਸਮਾਂ ਲਾਇਬਰੇਰੀ ਦੇ ਲੇਖੇ ਲਾਉਂਦੇ ਰਹੇ ਹਨ। ਜਿਸ ਕਰਕੇ ਖੋਜ ਦੀ ਚਿਣਗ ਨੇ ਉਨ੍ਹਾਂ ਨੂੰ ਪੰਜਾਬੀ ਅਤੇ ਹਿੰਦੀ ਸਾਹਿਤਕ ਖੇਤਰ ਵਿਚ ਬੁਲੰਦੀਆਂ ਤੇ ਪਹੁੰਚਾ ਦਿੱਤਾ ਹੈ। ਇਸ ਸਮੇਂ ਡਾ.ਗੁਰਸ਼ਰਨ ਕੌਰ ਜੱਗੀ ਖੋਜ ਅਤੇ ਸਿਖਿਆ ਜਗਤ ਵਿਚ ਜਾਣਿਆਂ ਪਛਾਣਿਆਂ ਨਾਂ ਹੈ। ਉਨ੍ਹਾਂ ਦੀ ਖ਼ੁਸ਼ਕਿਸਮਤੀ, ਹਾਲਾਤ ਦਾ ਤਕਾਜ਼ਾ ਜਾਂ ਪਰਮਾਤਮਾ ਦੀ ਮਿਹਰ ਕਹਿ ਲਓ ਕਿ ਉਨ੍ਹਾਂ ਨੂੰ ਡਾ.ਰਤਨ ਸਿੰਘ ਜੱਗੀ ਵਰਗੇ ਵਿਦਵਤਾ ਦੇ ਮੁਜੱਸਮੇਂ ਦੀ ਪਹਿਲਾਂ ਵਿਦਿਆਰਥੀ ਦੇ ਤੌਰ ਤੇ ਇਕ ਬਤੌਰ ਅਧਿਆਪਕ ਦੇ ਰਹਿਨਮਾਈ ਅਤੇ ਬਾਅਦ ਵਿਚ ਜੀਵਨ ਜਿਓਣ ਦਾ ਸਾਥ ਮਿਲਿਆ ਜੋ ਉਸ ਲਈ ਸੋਨੇ ਤੇ ਸੁਹਾਗੇ ਦਾ ਵਰਦਾਨ ਸਾਬਤ ਹੋਇਆ। ਜਿਸ ਤਰ੍ਹਾਂ ਦੇ ਵਾਤਾਵਰਨ ਵਿਚ ਇਨਸਾਨ ਪਲਿਆ, ਵਿਚਰਿਆ ਅਤੇ ਜੀਵਨ ਬਸਰ ਕਰ ਰਿਹਾ ਹੁੰਦਾ ਹੈ, ਉਸਦਾ ਪ੍ਰਭਾਵ ਉਸਦੇ ਵਿਅਕਤਿਵ ਉਪਰ ਪੈੈਣਾ ਕੁਦਰਤੀ ਹੁੰਦਾ ਹੈ। ਇਹੋ ਕੁਝ ਗੁਰਸ਼ਰਨ ਕੌਰ ਜੱਗੀ ਨਾਲ ਹੋਇਆ। ਬਚਪਨ ਇਤਿਹਾਸਕ ਅਤੇ ਸਿੱਖਾਂ ਲਈ ਖਾਸ ਤੌਰ ਪਵਿਤਰ ਅਸਥਾਨ ਮਾਛੀਵਾੜੇ ਵਿਚ ਪਰਿਵਾਰਿਕ ਧਾਰਮਿਕ ਮਾਹੌਲ ਵਿਚ ਗੁਜਰਿਆ। ਉਨ੍ਹਾਂ ਆਪਣੇ ਵਿਦਿਆਰਥੀ, ਗ੍ਰਹਿਸਤੀ ਅਤੇ ਸਾਹਿਤਕ ਸਫਰ ਵਿਚ ਡਾ.ਰਤਨ ਸਿੰਘ ਜੱਗੀ ਦੀ ਵਿਦਵਤਾ ਦੀ ਖ਼ੁਸ਼ਬੂ ਦਾ ਆਨੰਦ ਮਾਣਿਆਂ ਹੀ ਨਹੀਂ ਸਗੋਂ ਉਸ ਖ਼ੁਸ਼ਬੂ ਨੂੰ ਆਪਣੇ ਵਿਚ ਸਮਾ ਲਿਆ, ਜਿਸ ਸਦਕਾ ਅੱਜ ਉਨ੍ਹਾਂ ਦੇ ਅਧਿਆਤਮਕ ਖੋਜ ਕਾਰਜਾਂ ਵਿਚੋਂ ਵਿਦਵਤਾ ਦੀ ਮਹਿਕ ਆ ਰਹੀ ਹੈ ਜੋ ਸਾਹਿਤਕ ਖੇਤਰ ਨੂੰ ਰੁਸ਼ਨਾ ਰਹੀ ਹੈ। ਇਤਫਾਕ ਦੀ ਗੱਲ ਹੈ ਕਿ ਗੁਰਸ਼ਰਨ ਕੌਰ ਦਾ ਜਨਮ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਚਰਨਾ ਦੀ ਛੋਹ ਪ੍ਰਾਪਤ ਲੁਧਿਆਣਾ ਜਿਲ੍ਹੇ ਦੇ ਇਤਿਹਾਸਕ ਕਸਬੇ ਮਾਛੀਵਾੜੇ ਵਿਚ ਮਾਸਟਰ ਰਾਜ ਸਿੰਘ ਦੇ ਘਰ ਵਿਸਾਖੀ ਵਾਲੇ ਦਿਨ 13 ਅਪ੍ਰੈਲ 1949 ਨੂੰ ਹੋਇਆ। ਉਨ੍ਹਾਂ ਦਾ ਬਚਪਨ ਦੋ ਇਤਿਹਾਸਿਕ ਕਸਬਿਆਂ ਸੁਲਤਾਨਪੁਰ ਲੋਧੀ ਅਤੇ ਮਾਛੀਵਾੜਾ ਵਿਚ ਗੁਜਰਿਆ। ਇਸ ਵਾਯੂਮੰਡਲ ਵਿਚ ਧਾਰਮਿਕ ਗੁੜ੍ਹਤੀ ਮਿਲਣ ਕਰਕੇ ਆਪ ਨੂੰ ਅਧਿਆਤਮਿਕਤਾ ਦੀ ਜਾਗ ਅਜਿਹੀ ਲੱਗ ਗਈ, ਜਿਸਨੇ ਪੰਜਾਬੀ ਅਤੇ ਹਿੰਦੀ ਦੇ ਸਿਰਜਣਾਤਮਿਕ ਖੋਜ ਦੇ ਖੇਤਰ ਨੂੰ ਮਾਲੋ ਮਾਲ ਕਰ ਦਿੱਤਾ।  ਆਪ ਨੇ ਮੁੱਢਲੀ ਵਿਦਿਆ ਮਾਛੀਵਾੜਾ ਤੋਂ ਹੀ ਪ੍ਰਾਪਤ ਕੀਤੀ। ਆਪਦਾ ਸਾਰਾ ਪਰਿਵਾਰ ਹੀ ਪੜਿ੍ਹਆ ਲਿਖਿਆ ਸੀ। ਪਰਿਵਾਰ ਵਿਚ ਵਿਦਿਅਕ ਵਾਤਵਰਨ ਹੋਣ ਕਰਕੇ ਆਪ ਦੀ ਪੜ੍ਹਾਈ ਵਿਚ ਦਿਲਚਸਪੀ ਵੱਧ ਗਈ। ਇਸ ਤੋਂ ਬਾਅਦ ਉਨ੍ਹਾਂ ਪੰਜਾਬੀ ਅਤੇ ਹਿੰਦੀ ਵਿਚ ਐਮ.ਏ.ਦੀਆਂ ਪ੍ਰਥਮ ਸ਼੍ਰੇਣੀ ਵਿਚ ਡਿਗਰੀਆਂ ਪ੍ਰਾਪਤ ਕੀਤੀਆਂ। ਖ਼ੋਜ ਵਿਚ ਆਪ ਨੂੰ ਜ਼ਿਆਦਾ ਲਗਨ ਸੀ, ਇਸ ਕਰਕੇ ਆਪ ਨੇ ਆਪਣੀ ਜਾਣਕਾਰੀ ਵਿਚ ਵਾਧਾ ਕਰਨ ਲਈ ਸੰਸਕ੍ਰਿਤ ਅਤੇ ਫ਼ਾਰਸੀ ਵਿਚ ਬੀ.ਏ.ਤੱਕ ਦੀ ਪੜ੍ਹਾਈ ਵੀ ਕੀਤੀ ਤਾਂ ਜੋ ਖੋਜ ਵਿਚ ਮਦਦ ਮਿਲ ਸਕੇ। ਇਸ ਦੇ ਨਾਲ ਹੀ ਗਿਆਨੀ ਅਤੇ ਪ੍ਰਭਾਕਰ ਵੀ ਪਾਸ ਕਰ ਲਈਆਂ। 1975 ਵਿਚ ਆਪ ਡਾ.ਰਤਨ ਸਿੰਘ ਜੱਗੀ ਨਾਲ ਵਿਆਹ ਦੇ ਪਵਿਤਰ ਬੰਧਨ ਵਿਚ ਬੱਝ ਗਏ, ਜਿਸ ਨਾਲ ਉਨ੍ਹਾਂ ਦੇ ਜੀਵਨ ਵਿਚ ਇਨਕਲਾਬੀ ਤਬਦੀਲੀ ਆ ਗਈ। ਪੰਜਾਬੀ ਯੂਨੀਵਰਸਿਟੀ ਦੇ ਵਿਦਿਅਕ ਮਾਹੌਲ ਵਿਚ ਰਹਿਣ ਕਰਕੇ ਆਪ ਨੂੰ ਖ਼ੁਸ਼ਗਵਾਰ ਮਾਹੌਲ ਅਤੇ ਸ਼ਾਂਤਮਈ ਵਾਤਾਵਰਨ ਵਿਚ ਵਿਦਿਆ ਪ੍ਰਾਪਤੀ ਦੀ ਇੱਛਾ ਪੂਰੀ ਕਰਨ ਦਾ ਅਥਾਹ ਅਵਸਰ ਮਿਲ ਗਿਆ। ਇਸ ਸਮੇਂ ਦੌਰਾਨ ਆਪ ਨੇ ‘ ਗੁਰੂ ਨਾਨਕ ਬਾਣੀ ਵਿਚ ਪ੍ਰੇਮ ਭਗਤੀ ਦਾ ਸਰੂਪ ’ ਵਿਸ਼ੇ ਤੇ ਪੀ.ਐਚ.ਡੀ.ਦੀ ਡਿਗਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। 1980 ਵਿਚ ਆਰ.ਕੇ.ਐਸ.ਡੀ.ਕਾਲਜ ਕੈਥਲ ਵਿਚ ਲੈਕਚਰਾਰ ਲੱਗ ਗਏ। 1982 ਵਿਚ ਪੰਜਾਬ ਸਰਕਾਰ ਦੇ ਵਿਦਿਆ ਵਿਭਾਗ ਵਿਚ ਲੈਕਚਰਾਰ ਚੁਣੇ ਗਏ ਅਤੇ ਪਹਿਲਾਂ ਸਰਕਾਰੀ ਕਾਲਜ ਸੁਨਾਮ ਅਤੇ ਫਿਰ ਮਹਿੰਦਰਾ ਕਾਲਜ ਪਟਿਆਲਾ ਵਿਚ ਪੜ੍ਹਾਉਂਦੇ ਰਹੇ। 1998 ਤੱਕ ਮਹਿੰਦਰਾ ਕਾਲਜ ਵਿਚ ਪੜ੍ਹਾਇਆ ਅਤੇ ਫਿਰ ਪ੍ਰਿੰਸੀਪਲ ਚੁਣੇ ਗਏ। 1999 ਤੋਂ 2007 ਤੱਕ ਸਰਕਾਰੀ ਕਾਲਜ ਲੜਕੀਆਂ ਪਟਿਆਲਾ ਵਿਖੇ ਪ੍ਰਿੰਸੀਪਲ ਰਹੇ। ਫਿਰ ਆਪਦੀ ਚੋਣ ਪੰਜਾਬੀ ਯੂਨੀਵਰਸਿਟੀ ਵਿਚ ਬਤੌਰ ਰਜਿਸਟਰਾਰ ਹੋ ਗਈ, ਇਥੇ ਆਪ ਥੋੜ੍ਹਾ ਸਮਾਂ ਹੀ ਰਹੇ ਕਿਉਂਕਿ ਪ੍ਰਬੰਧਕੀ ਕੰਮ ਦੇ ਰੁਝੇਵਿਆਂ ਨਾਲ ਆਪ ਦੇ ਸਾਹਿਤਕ ਅਤੇ ਖੋਜ ਦੇ ਕੰਮ ਵਿਚ ਰੁਕਾਵਟ ਪੈਣ ਲੱਗ ਗਈ। ਫਿਰ ਮੁੜਕੇ ਸਰਕਾਰੀ ਕਾਲਜ ਲੜਕੀਆਂ ਦੇ ਪ੍ਰਿੰਸੀਪਲ ਦੇ ਫਰਜ ਨਿਭਾਉਣ ਲੱਗ ਗਏ। ਫਿਰ ਆਪ ਨੇ ਭਾਗਲਪੁਰ ਯੂਨੀਵਰਸਿਟੀ ਤੋਂ ‘ਪੰਜਾਬ ਮੇਂ ਭਗਤੀ ਅੰਦੋਲਨ ਕਾ ਇਤਿਹਾਸ ’ ਵਿਸ਼ੇ ਤੇ ਡੀ.ਲਿਟ. ਦੀ ਉਪਾਧੀ ਪ੍ਰਾਪਤ ਕੀਤੀ। ਸਰਕਾਰੀ ਨੌਕਰੀ ਦੇ ਦਰਮਿਆਨ ਹੀ ਆਪ ਆਪਣਾ ਖੋਜ ਦਾ ਕੰਮ ਕਰਦੇ ਰਹੇ। ਆਪਦੀਆਂ 31 ਪੁਸਤਕਾਂ, 10 ਸ਼ੋਧ ਪੱਤਰ ਪ੍ਰਕਾਸ਼ਤ ਹੋਏ ਅਤੇ 7 ਪਾਠ-ਸਮਗਰੀ ਪੱਤਰਾਚਾਰ ਪ੍ਰਣਾਲੀ ਦੇ ਤਿਆਰ ਕੀਤੇ। ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ: 8 ਪੁਸਤਕਾਂ ‘ ਗੁਰੂ ਨਾਨਕ ਬਾਣੀ ਦਾ ਸਿਧਾਂਤਿਕ ਵਿਸ਼ਲੇਸ਼ਣ’, ਪਟਿਆਲਾ 1979 (ਪੁਰਸਕ੍ਰਿਤ), ਗੁਰੂ ਨਾਨਕ ਦੀ ਕਾਵਿ-ਕਲਾ,1979’, ‘ਪ੍ਰੇਮ-ਭਗਤੀ-ਸਰੂਪ ਅਤੇ ਵਿਕਾਸ’, 1981 (ਪੁਰਸਕ੍ਰਿਤ) ‘ਭਾਰਤੀ ਕਾਵਿ-ਸ਼ਾਸਤ੍ਰ ’, 1981, ‘ਗੁਰੂ ਅਰਜਨ ਦੇਵ-ਜੀਵਨ ਤੇ ਰਚਨਾ ’, 1988 (ਪੁਰਸਕ੍ਰਿਤ), ‘ਗੁਰੂ ਅਰਜਨ ਕੀ ਪ੍ਰੇਮ ਭਕਤੀ ’ 2002 ਹਿੰਦੀ (ਪੁਰਸਕ੍ਰਿਤ), ‘ਗੁਰੂ ਨਾਨਕ ਬਾਣੀ-ਪ੍ਰੇਮ ਭਕਤੀ ਦਾ ਸਰੂਪ ’ 2011 (ਪੁਰਸਕ੍ਰਿਤ) ਅਤੇ ‘ ਗੁਰੂ ਤੇਗ ਬਹਾਦਰ-ਬਾਣੀ ਵਿਸ਼ਲੇਸ਼ਣ ’ (ਸਹਿ ਲੇਖਕ) 2011 ਪ੍ਰਕਾਸ਼ਤ ਹੋਈਆਂ ਹਨ। ਇਸ ਤੋਂ ਇਲਾਵਾ ਧਾਰਮਿਕ ਵਿਸ਼ਿਆਂ ਤੇ ਹੀ 12 ਪੁਸਤਕਾਂ ਸੰਪਾਦਿਤ, 15 ਅਨੁਵਾਦ ਜਿਨ੍ਹਾਂ ਵਿਚੋਂ 2 ਹਿੰਦੀ ਦੀਆਂ ਹਨ। ਆਪ ਨੂੰ 10 ਮਾਨ ਸਨਮਾਨ ਭਾਸ਼ਾ ਵਿਭਾਗ ਅਤੇ ਹੋਰ ਸਾਹਿਤਕ ਸੰਸਥਾਵਾਂ ਵੱਲੋਂ ਮਿਲੇ ਹਨ, ਜਿਨ੍ਹਾਂ ਵਿਚ ਭਾਸ਼ਾ ਵਿਭਾਗ ਪੰਜਾਬ ਦਾ ਗਿਆਨ ਪੁਰਸਕਾਰ ਅਤੇ ਸਾਹਿਤਯ ਅਕਾਦਮੀ ਨਵੀਂ ਦਿੱਲੀ ਵੱਲੋਂ ਦਿੱਤਾ ਨੈਸ਼ਨਲ ਟਰਾਂਸਲੇਸ਼ਨ ਅਵਾਰਡ ਵੀ ਸ਼ਾਮਲ ਹਨ। ਧਾਰਮਿਕ ਖੇਤਰ ਦੇ ਖ਼ੋਜ ਦੇ ਕੰਮਾਂ ਵਿਚ ਆਪ ਦਾ ਯੋਗਦਾਨ ਵਿਲੱਖਣ ਹੈ। ਇਸ ਤੋਂ ਇਲਾਵਾ ਡਾ.ਰਤਨ ਸਿੰਘ ਜੱਗੀ ਨਾਲ ਮਿਲਕੇ ਸਾਹਿਤਕ ਕਾਰਜਾਂ ਵਿਚ ਰੁਝੇ ਹੋਏ ਹਨ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਹਰ ਸਫਲ ਵਿਅਕਤੀ ਦੀ ਸਫਲਤਾ ਪਿੱਛੇ ਇਸਤਰੀ ਦਾ ਹੱਥ ਹੁੰਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਡਾ.ਰਤਨ ਸਿੰਘ ਜੱਗੀ ਦੇ ਖੋਜ ਕਾਰਜਾਂ ਵਿਚ ਡਾ.ਗੁਰਸ਼ਰਨ ਕੌਰ ਜੱਗੀ ਪੂਰਾ ਹੱਥ ਵਟਾਉਂਦੇ ਹਨ ਕਿਉਂਕਿ ਡਾ.ਰਤਨ ਸਿੰਘ ਜੱਗੀ ਦਾ ਖੋਜ ਦਾ ਕੰਮ ਇਕ ਸੰਸਥਾ ਤੋਂ ਵੀ ਵੱਧ ਹੈ, ਇਸ ਲਈ ਉਨ੍ਹਾਂ ਨੂੰ ਅਣਥੱਕ, ਬੇਗਰਜ ਅਤੇ ਵਿਦਵਤਾ ਵਾਲੇ ਸਹਿਯੋਗੀ ਦੀ ਲੋੜ ਸੀ। ਉਨ੍ਹਾਂ ਦੀ ਇਹ ਲੋੜ ਡਾ.ਗੁਰਸ਼ਰਨ ਕੌਰ ਜੱਗੀ ਨੇ ਪੂਰੀ ਕੀਤੀ ਕਿਉਂਕਿ 16-16 ਘੰਟੇ ਡਾ.ਰਤਨ ਸਿੰਘ ਜੱਗੀ ਕੰਮ ਕਰਦੇ ਹਨ। ਰਾਤ ਬਰਾਤੇ ਬਾਹਰਲਾ ਕੋਈ ਵੀ ਵਿਦਵਾਨ ਸਾਥ ਨਹੀਂ ਦੇ ਸਕਦਾ। ਇਸਦੇ ਨਾਲ ਇਹ ਵੀ ਕਹਿਣਾ ਪਵੇਗਾ ਕਿ ਇਕ ਸਫਲ ਇਸਤਰੀ ਪਿੱਛੇ ਵਿਦਵਾਨ ਵਿਅਕਤੀ ਦਾ ਹੱਥ ਵੀ ਹੁੰਦਾ ਹੈ। ਡਾ.ਗੁਰਸ਼ਰਨ ਕੌਰ ਜੱਗੀ ਭਾਵੇਂ ਖ਼ੁਦ ਖੋਜੀ ਵਿਦਵਾਨ ਹਨ ਪ੍ਰੰਤੂ ਡਾ.ਰਤਨ ਸਿੰਘ ਜੱਗੀ ਨੇ ਜਿਹੜੀ ਉਨ੍ਹਾਂ ਨੂੰ ਖੋਜ ਦੇ ਖੇਤਰ ਵਿਚ ਅਗਵਾਈ ਦਿੱਤੀ, ਉਸਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਜੋੜੀਆਂ ਜੱਗ ਥੋੜ੍ਹੀਆਂ ਨਰੜ ਬਥੇਰੇ ਦੇ ਕਥਨ ਅਨੁਸਾਰ ਡਾ.ਰਤਨ ਸਿੰਘ ਜੱਗੀ ਅਤੇ ਡਾ.ਗੁਰਸ਼ਰਨ ਕੌਰ ਜੱਗੀ ਦੀ ਜੋੜੀ, ਥੋੜ੍ਹੀਆਂ ਜੋੜੀਆਂ ਵਿਚੋਂ ਵਿਲੱਖਣ ਖੋਜੀ ਜੋੜੀ ਹੈ, ਜਿਹੜੀ ਵਗਦੇ ਦਰਿਆ ਦੇ ਵਹਿਣ ਦੀ ਤਰ੍ਹਾਂ ਖੋਜ ਦਾ ਦਰਿਆ ਵਹਾ ਰਹੀ ਹੈ। ਆਮ ਤੌਰ ਅਜਿਹੇ ਵਿਦਵਾਨ ਜਿਨ੍ਹਾਂ ਦਾ ਸਾਹਿਤਕ, ਸਮਾਜਿਕ, ਖੋਜ ਅਤੇ ਅਧਿਆਤਮਕ ਖੇਤਰ ਵਿਚ ਇਤਨਾ ਮਾਨ ਸਨਮਾਨ ਹੋਵੇ ਤਾਂ ਉਨ੍ਹਾਂ ਵਿਚ ਹੰਕਾਰ ਆ ਜਾਂਦਾ ਹੈ ਪ੍ਰੰਤੂ ਖ਼ੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਇਸ ਜੋੜੀ ਵਿਚ ਹਲੀਮੀ, ਨਮਰਤਾ, ਸਹਿਜਤਾ ਅਤੇ ਸੰਤੁਸ਼ਟਤਾ ਦਾ ਨਮੂਨਾ ਵੇਖਣ ਨੂੰ ਮਿਲਦਾ ਹੈ। ਨੌਜਵਾਨ ਖੋਜੀ ਵਿਦਿਆਰਥੀਆਂ ਨੂੰ ਇਸ ਵਿਦਵਤਾ ਮੂਰਤ ਖੋਜੀ ਜੋੜੀ ਨੂੰ ਆਪਣਾ ਮਾਰਗ ਦਰਸ਼ਕ ਬਣਾਕੇ ਖੋਜ ਦੇ ਖੇਤਰ ਵਿਚ ਕੰਮ ਕਰਨਾ ਚਾਹੀਦਾ ਹੈ।

Comments

Popular posts from this blog

ਹਰਪ੍ਰੀਤ ਕੌਰ ਸੰਧੂ ਦੀ ‘ਜ਼ਿੰਦਗੀ ਦੇ ਰੂਬਰੂ’ ਪੁਸਤਕ ਜ਼ਿੰਦਗੀ ਜਿਓਣ ਦੇ ਬਿਹਤਰੀਨ ਨੁਸਖ਼ੇ

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ

ਪੰਜਾਬੀ ਭਾਸ਼ ਦਾ ਵਿਦੇਸ਼ਾਂ ਵਿਚ ਪਰਚਮ ਲਹਿਰਾਉਣ ਵਾਲਾ ਸਾਹਿਤਕਾਰ ਰਵਿੰਦਰ ਰਵੀ