ਲੋਕ ਸੰਪਰਕ ਵਿਭਾਗ ਦੀ ਨੌਕਰੀ ਦੇ ਖੱਟੇ ਮਿਠੇ ਤਜ਼ਰਬੇ -1
ਲੋਕ ਸੰਪਰਕ ਵਿਭਾਗ ਦੀ ਨੌਕਰੀ ਲੋਕਾਂ ਨੂੰ ਲਭਾਉਣੀ ਲਗਦੀ ਹੈ ਪ੍ਰੰਤੂ ਅਸਲ ਵਿਚ ਇਹ
ਸੂਲਾਂ ਦੀ ਸੇਜ ਹੁੰਦੀ ਹੈ। ਤਲਵਾਰ ਦੀ ਧਾਰ ਤੇ ਚਲਣ ਦੇ ਬਰਾਬਰ। ਮੈਂ ਤੇਤੀ ਸਾਲ ਲੋਕ ਸੰਪਰਕ
ਵਿਭਾਗ ਵਿਚ ਨੌਕਰੀ ਕੀਤੀ ਹੈ। ਇਸ ਦੌਰਾਨ ਜੋ ਖੱਟੇ ਮਿੱਠੇ ਤਜਰਬੇ ਹੋਏ ਹਨ, ਉਨ੍ਹਾਂ ਵਿਚੋਂ ਕੁਝ ਕੁ ਤੇ ਝਾਤ ਪੁਆਵਾਂਗਾ। ਆਮ ਲੋਕਾਂ ਵਿਚ ਇਹ ਪ੍ਰਭਾਵ ਹੈ ਕਿ
ਲੋਕ ਸੰਪਰਕ ਦੇ ਅਧਿਕਾਰੀਆਂ ਦੀ ਸਰਕਾਰੇ ਦਰਬਾਰੇ ਪਹੁੰਚ ਹੁੰਦੀ ਹੈ ਪ੍ਰੰਤੂ ਇਸ ਵਿਚ ਇਹ ਤਾਂ
ਸਚਾਈ ਹੈ ਕਿ ਉਹ ਬਿਨਾ ਸਮਾਂ ਲਏ ਕਿਸੇ ਵੀ ਮੰਤਰੀ
ਅਤੇ ਅਧਿਕਾਰੀ ਨੂੰ ਮਿਲ ਸਕਦੇ ਹਨ। ਇਸ ਤੋਂ ਵੱਧ ਕੁਝ ਵੀ ਨਹੀਂ ਹੁੰਦਾ। ਜੇਕਰ ਕੋਈ
ਪਹੁੰਚ ਹੁੰਦੀ ਹੈ, ਉਹ ਉਸ ਅਧਿਕਾਰੀ ਦੀ ਕਾਬਲੀਅਤ ਤੇ ਨਿਰਭਰ ਕਰਦਾ
ਹੈ ਪ੍ਰੰਤੂ ਲੋਕ ਸੰਪਰਕ ਦੇ ਅਧਿਕਾਰੀ ਹਮੇਸ਼ਾ ਹਰ ਰੋਜ਼ ਉਸ ਗ਼ਲਤੀ ਲਈ ਜਵਾਬਦੇਹ ਹੁੰਦੇ ਹਨ,
ਜਿਹੜੀ ਉਨ੍ਹਾਂ ਨੇ ਕਦੀਂ ਵੀ ਕੀਤੀ ਹੀ ਨਹੀਂ ਹੁੰਦੀ। ਗ਼ਲਤੀ ਕਿਸੇ ਹੋਰ ਦੀ ਤੇ
ਜਵਾਬਦੇਹ ਉਹ ਹੁੰਦੇ ਹਨ। ਹਰ ਰੋਜ਼ ਸਵੇਰੇ ਅਖਬਾਰਾਂ ਵਿਚ ਜਿਹੜੀਆਂ ਖਬਰਾਂ ਸਰਕਾਰ ਦੇ ਖ਼ਿਲਾਫ਼
ਲਗਦੀਆਂ ਹਨ, ਸ਼ਾਮਤ ਲੋਕ ਸੰਪਰਕ ਦੇ ਅਧਿਕਾਰੀਆਂ ਦੀ ਆਉਂਦੀ
ਹੈ। ਗ਼ਲਤੀ ਸਰਕਾਰ ਦੀ, ਸ਼ਾਂਮਤ ਲੋਕ ਸੰਪਰਕ ਅਧਿਕਾਰੀਆਂ ਦੀ ਆਉਂਦੀ
ਹੈ। ਇਹ ਖ਼ਬਰ ਕਿਉਂ ਲੱਗੀ ਹੈ ? ਰੁਕਵਾਈ ਕਿਉਂ ਨਹੀਂ ? ਤੁਹਾਡਾ ਪੱਤਰਕਾਰਾਂ ਉਪਰ ਕੰਟਰੋਲ ਨਹੀਂ। ਤੁਸੀਂ ਤਨਖਾਹ ਕਾਹਦੀ ਲੈਂਦੇ ਹੋ,
ਨੌਕਰੀ ਕਰਨ ਦਾ ਇਰਾਦਾ ਨਹੀਂ ਆਦਿ ਗੱਲਾਂ ਸੁਣਨੀਆਂ ਪੈਂਦੀਆਂ ਹਨ। ਬਦਲੀ ਕਰਨ ਦੇ
ਦਬਕੇ ਮਾਰੇ ਜਾਂਦੇ ਹਨ। ਮਾਨਸਿਕ ਤਸੀਹੇ ਦਿੱਤੇ ਜਾਂਦੇ ਹਨ, ਜਿਸਦੇ
ਸਿੱਟੇ ਵਜੋਂ ਬਿਮਾਰੀਆਂ ਲਗਦੀਆਂ ਹਨ। ਜਿਵੇਂ ਪੱਤਰਕਾਰ ਅਖ਼ਬਾਰਾਂ ਦੇ ਨਹੀਂ ਲੋਕ ਸੰਪਰਕ
ਅਧਿਕਾਰੀਆਂ ਦੇ ਮੁਲਾਜ਼ਮ ਹੁੰਦੇ ਹਨ। ਹੋਰ ਵਿਭਾਗਾਂ ਦਾ ਕੰਮ ਸ਼ਾਮ 5
ਵਜੇ ਸਮਾਪਤ ਹੁੰਦਾ ਹੈ, ਜਦੋਂ ਕਿ ਲੋਕ ਸੰਪਰਕ ਦਾ ਖ਼ਬਰਾਂ ਭੇਜਣ ਤੇ
ਲਗਵਾਉਣ ਦਾ ਸ਼ੁਰੂ ਹੁੰਦਾ ਹੈ। ਸਰਕਾਰੀ ਹਦਾਇਤਾਂ ਅਨੁਸਾਰ ਸਰਕਾਰੀ ਕਰਮਚਾਰੀਆਂ ਦੀ ਡਿਊਟੀ ਦਾ
ਸਮਾਂ 8 ਘੰਟੇ ਹੁੰਦਾ ਹੈ ਪ੍ਰੰਤੂ ਲੋਕ ਸੰਪਰਕ ਵਾਲੇ 24 ਘੰਟੇ ਕੰਮ ਕਰਦੇ ਹਨ। ਮੈਂ ਵੈਸੇ ਤਾਂ 6
ਜਿਲ੍ਹਿਆਂ ਪਟਿਆਲਾ, ਲੁਧਿਆਣਾ, ਫਤਿਹਗੜ੍ਹ
ਸਾਹਿਬ, ਫਰੀਦਕੋਟ, ਫੀਰੋਜ਼ਪੁਰ
ਅਤੇ ਫਾਜਿਲਕਾ ਵਿਚ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਵਿਚ ਰਿਹਾ ਹਾਂ ਪ੍ਰੰਤੂ ਬਹੁਤਾ ਸਮਾਂ ਪਟਿਆਲਾ
ਹੀ ਰਿਹਾ ਹਾਂ। ਵਿਭਾਗ ਵੱਲੋਂ ਹਰ ਮਹੀਨੇ ਸਰਕਾਰ ਦੀ ਕਾਰਗੁਜ਼ਾਰੀ ਅਤੇ ਮਹੱਤਵਪੂਰਨ ਪ੍ਰਾਜੈਕਟਾਂ
ਦੀ ਫੀਡ ਬੈਕ ਲਈ ਜਾਂਦੀ ਸੀ। ਹੁਣ ਤਾਂ ਪਤਾ ਨਹੀਂ ਫ਼ੀਡ ਬੈਕ ਲੈਂਦੇ ਵੀ ਹਨ। ਜੇਕਰ ਤੁਹਾਡੇ
ਜਿਲ੍ਹੇ ਵਿਚ ਗ਼ਲਤ ਜਾਂ ਗੈਰਕਾਨੂੰਨੀ ਕੰਮ ਹੋ ਰਿਹਾ ਹੁੰਦਾ ਹੋਵੇ ਤਾਂ ਉਸਦੀ ਫੀਡ ਬੈਕ ਭੇਜੀ
ਜਾਂਦੀ ਸੀ। ਮਹੱਤਵਪੂਰਨ ਫੀਡ ਬੈਕ ਵਿਭਾਗ ਦੇ ਮੁੱਖੀ ਨੂੰ ਟੈਲੀਫੋਨ ਤੇ ਵੀ ਰਾਤ ਬਰਾਤੇ ਦਿੱਤੀ ਜਾ
ਸਕਦੀ ਸੀ। ਮੈਂ ਅਧਿਕਾਰੀਆਂ ਦੀ ਮੀਟਿੰਗ ਵਿਚ ਕਿਹਾ ਸੀ ਕਿ ਜੇਕਰ ਅਸੀਂ ਲਿਖਕੇ ਭੇਜਾਂਗੇ ਤਾਂ
ਸਿਆਸਤਦਾਨ ਅਤੇ ਅਧਿਕਾਰੀ ਸਾਡੇ ਵਿਰੁਧ ਹੋ ਜਾਣਗੇ, ਫਿਰ
ਮੁੱਖ ਦਫ਼ਤਰ ਨੇ ਸਾਥ ਨਹੀਂ ਦੇਣਾ ਕਿਉਂਕਿ ਮੁਖ ਦਫਤਰ ਤੋਂ ਸਾਡੀ ਫੀਡ ਬੈਕ ਲੀਕ ਹੋ ਜਾਇਆ ਕਰੇਗੀ
ਤਾਂ ਵਿਭਾਗ ਦੇ ਮੁਖੀ ਨੇ ਕਿਹਾ ਕਿ ਬਿਨਾ ਦਸਖਤਾਂ ਹੀ ਭੇਜ ਦਿਆ ਕਰੋ। ਮੈਂ ਪਟਿਆਲੇ ਲੱਗਿਆ ਹੋਇਆ
ਸੀ, ਮਰਹੂਮ ਹਰਚਰਨ ਸਿੰਘ ਬਰਾੜ ਮੁੱਖ ਮੰਤਰੀ ਸਨ। ਜਿਲ੍ਹੇ
ਦਾ ਡਿਪਟੀ ਕਮਿਸ਼ਨਰ ਵੀ ਮੇਰਾ ਦੂਰ ਦਾ ਸੰਬੰਧੀ ਸੀ। ਜਿਲ੍ਹੇ ਦੇ ਦੋ ਵਿਧਾਨ ਸਭਾ ਹਲਕਿਆਂ ਘਨੌਰ
ਅਤੇ ਡਕਾਲਾ (ਸਨੌਰ) ਦੋਹਾਂ ਹਲਕਿਆਂ ਦਾ ਬਰਸਾਤਾਂ ਵਿਚ ਸਭ ਤੋਂ ਵੱਧ ਹੜ੍ਹਾਂ ਨਾਲ ਨੁਕਸਾਨ ਹੁੰਦਾ
ਹੈ। ਘਨੌਰ ਹਲਕੇ ਦੇ ਵਿਧਾਇਕ ਸਿੰਜਾਈ ਮੰਤਰੀ ਵੀ ਸਨ। ਉਨ੍ਹਾਂ ਨੇ ਆਪਣੇ ਹਲਕੇ ਵਿਚ ਹੜ੍ਹ ਵਾਲੇ
ਪਾਣੀ ਦਾ ਵਹਾਅ ਰੋਕਣ ਲਈ ਬੰਧ ਬਣਾਉਣ ਦਾ ਮੁੱਖ ਮੰਤਰੀ ਤੋਂ ਨੀਂਹ ਪੱਥਰ ਰੱਖਣ ਦਾ ਪ੍ਰੋਗਰਾਮ ਬਣਾ
ਲਿਆ। ਜਦੋਂ ਮੈਨੂੰ ਪ੍ਰੋਗਰਾਮ ਦਾ ਪਤਾ ਲੱਗਿਆ ਤਾਂ ਮੈਂ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਅਤੇ ਉਨ੍ਹਾਂ
ਤੋਂ ਪੁਛਿਆ ਕਿ ਕੀ ਇਹ ਪ੍ਰਾਜੈਕਟ ਪ੍ਰਵਾਨ ਹੋ ਗਿਆ ਹੈ ਅਤੇ ਇਸ ਲਈ ਜ਼ਮੀਨ ਅਕੁਆਇਰ ਕਰ ਲਈ ਹੈ।
ਉਨ੍ਹਾਂ ਕਿਹਾ ਕਿ ਸਿੰਜਾਈ ਵਿਭਾਗ ਦਾ ਕੰਮ ਹੈ, ਸਿੰਜਾਈ ਮੰਤਰੀ
ਆਪੇ ਕਰਵਾ ਲੈਣਗੇ। ਮੈਂ ਕਿਹਾ ਕਿ ਪ੍ਰਾਜੈਕਟ ਪ੍ਰਵਾਨ ਨਹੀਂ ਅਤੇ ਜ਼ਮੀਨ ਅਕੁਆਇਰ ਨਹੀਂ ਹੋਈ ਫਿਰ
ਤਾਂ ਜੇਕਰ ਅਖ਼ਬਾਰਾਂ ਵਾਲਿਆਂ ਨੂੰ ਪਤਾ ਲੱਗ ਗਿਆ ਤਾਂ ਖ਼ਬਰਾਂ ਪਹਿਲਾਂ ਹੀ ਸਰਕਾਰ ਦੇ ਵਿਰੁਧ ਲੱਗ
ਜਾਣਗੀਆਂ। ਵਿਰੋਧੀ ਪਾਰਟੀਆਂ ਅਜਿਹੀਆਂ ਗੱਲਾਂ ਪੱਤਰਕਾਰਾਂ ਨੂੰ ਦੱਸ ਦਿੰਦੀਆਂ ਹਨ। ਦੂਜੀ ਗੱਲ ਇਹ
ਬੰਧ ਜਿਹੜੇ ਪਾਣੀ ਦਾ ਵਹਾਅ ਰੋਕੇਗਾ, ਉਹ ਪਾਣੀ ਡਕਾਲਾ ਹਲਕੇ ਦੇ ਪਿੰਡਾਂ ਅਤੇ
ਫਸਲਾਂ ਨੂੰ ਡੋਬ ਦੇਵੇਗਾ। ਇਸ ਲਈ ਇਹ ਪ੍ਰਾਜੈਕਟ ਹੀ ਵਾਜਬ ਨਹੀਂ ਹੈ। ਮੇਰੇ ਲਈ ਬਿਪਤਾ ਕਿਉਂ ਪੁਆ
ਰਹੇ ਹੋ। ਮੁੱਖ ਮੰਤਰੀ ਨਾਲ ਗੱਲ ਕਰਕੇ ਪ੍ਰੋਗਰਾਮ ਅੱਗੇ ਪੁਆ ਦਿਓ। ਡਿਪਟੀ ਕਮਿਸ਼ਨਰ ਕਹਿਣ ਲੱਗੇ
ਮੰਤਰੀ ਨਾਰਾਜ਼ ਹੋ ਜਾਣਗੇ। ਮੈਂ ਕਿਹਾ ਫਿਰ ਡਕਾਲੇ (ਸਨੌਰ) ਹਲਕੇ ਦਾ ਵਿਧਾਨਕਾਰ ਵੀ ਮੰਤਰੀ ਹੈ, ਉਹ ਨਰਾਜ਼ ਹੋ ਜਾਵੇਗਾ। ਤੁਸੀਂ ਸਹੀ ਰਿਪੋਰਟ ਸਰਕਾਰ ਤੱਕ ਪਹੁੰਚਾ ਦਿਓ, ਅੱਗੇ ਸਰਕਾਰ ਦੀ ਮਰਜ਼ੀ ਹੈ। ਮੈਂ ਫਿਰ ਕਿਹਾ ਕਿ ਮੰਤਰੀ ਜੀ ਨੂੰ ਮੇਰੇ ਵਾਲੀ ਗੱਲ
ਦੱਸ ਦਿਓ ਪ੍ਰੰਤੂ ਉਨ੍ਹਾਂ ਮੇਰੇ ਸੁਝਾਅ ਨੂੰ ਅਣਡਿਠ ਕਰ ਦਿੱਤਾ। ਮੈਂ ਦਫਤਰ ਆ ਕੇ ਵਿਭਾਗ ਦੇ
ਮੁੱਖੀ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ। ਉਨ੍ਹਾਂ ਕਿਹਾ ਕਿ ਸਾਰੀ ਫੀਡ ਬੈਕ ਲਿਖਕੇ ਫੈਕਸ ਕਰ ਦਿਓ,
ਬੇਸ਼ਕ ਦਸਤਖਤ ਨਾ ਕਰਿਓ। ਮੈਂ ਉਸੇ ਤਰ੍ਹਾਂ ਕੀਤਾ। ਇਹ ਸੋਚਿਆ ਹੀ ਨਹੀਂ ਕਿ ਫੈਕਸ
ਤਾਂ ਦਸਤਾਵੇਜ਼ੀ ਪਰੂਫ ਹੋ ਗਿਆ। ਮੈਨੂੰ ਅਚਾਨਕ ਅਗਲੇ ਦਿਨ ਬਾਹਰ ਜਾਣਾ ਪੈ ਗਿਆ ਕਿਉਂਕਿ ਮੇਰੀ
ਚਚੇਰੀ ਭੈਣ ਸਵਰਗਵਾਸ ਹੋ ਗਈ ਸੀ। ਸਵੇਰੇ ਜਦੋਂ ਮੈਂ ਸਸਕਾਰ ਤੇ ਜਾਣ ਲੱਗਾ ਤਾਂ ਸਿੰਜਾਈ ਮੰਤਰੀ
ਜੀ ਦਾ ਫੋਨ ਆ ਗਿਆ। ਮੈਂ ਸਤਿ ਸ੍ਰੀ ਅਕਾਲ ਬੁਲਾਈ, ਉਨ੍ਹਾਂ
ਮੇਰਾ ਜਵਾਬ ਦੇਣ ਦੀ ਥਾਂ ਕਿਹਾ ਤਹਿਜ਼ੀਬ ਤੋਂ ਬਿਨਾ ਹੀ ਕਿ ਤੂੰ ਮੈਨੂੰ ਮੰਤਰੀ ਹੀ ਨਹੀਂ ਮੰਨਦਾ।
ਤੂੰ ਮੇਰੇ ਵਿਰੁਧ ਹੀ ਲਿਖਕੇ ਭੇਜ ਦਿੱਤਾ। ਤੇਰੀ ਨੌਕਰੀ ਕਰਨ ਦੀ ਸਲਾਹ ਹੈ ਜਾਂ ਨਹੀਂ। ਮੰਤਰੀ
ਸਰਕਾਰ ਹੁੰਦਾ ਹੈ। ਤੂੰ ਆਪਣੇ ਆਪਨੂੰ ਮੰਤਰੀ ਤੋਂ ਵੱਡਾ ਸਮਝਦੈਂ। ਇਕੋ ਸਾਹ ਸਾਰਾ ਕੁਝ ਕਹਿ
ਦਿੱਤਾ। ਜਦੋਂ ਮੰਤਰੀ ਜੀ ਬਹੁਤ ਸਾਰੇ ਦਬਕੇ ਮਾਰ ਚੁੱਕੇ ਤਾਂ ਮੈਂ ਹਲੀਮੀ ਨਾਲ ਕਿਹਾ ਮੈਂ ਤਾਂ
ਜਿਹੜੀ ਸਹੀ ਗੱਲ ਸੀ, ਉਹੀ ਲਿਖਕੇ ਭੇਜੀ ਹੈ। ਤੁਹਾਡਾ ਤਾਂ
ਪ੍ਰਾਜੈਕਟ ਹੀ ਪ੍ਰਵਾਨ ਨਹੀਂ। ਮੰਤਰੀ ਜੀ ਕਹਿਣ ਲੱਗੇ ਮੈਂ ਤੈਨੂੰ ਹੁਣ ਪ੍ਰਵਾਨਗੀ ਵਿਖਾਵਾਂਗਾ।
ਮੁੱਖ ਮੰਤਰੀ ਜੀ ਹਰ ਹਾਲਤ ਵਿਚ ਆਉਣਗੇ । ਮੈਨੂੰ ਪਤਾ ਤੇਰੇ ਵਿਚ ਕੌਣ ਬੋਲਦਾ ਹੈ। ਦੋ ਸਮਾਗਮ ਹਨ
ਜੇ ਨੌਕਰੀ ਕਰਨੀ ਹੈ ਤਾਂ ਕਵਰੇਜ ਕਰਵਾ ਦੇਣਾ। ਮੈਂ ਆਪਣੀ ਭੈਣ ਦੇ ਸਸਕਾਰ ਤੇ ਚਲਾ ਗਿਆ। ਸ਼ਾਮ ਨੂੰ
ਆ ਕੇ ਡਿਪਟੀ ਕਮਿਸ਼ਨਰ ਨੂੰੇ ਇਕ ਹਫਤੇ ਦੀ ਛੁੱਟੀ ਦੇ ਦਿੱਤੀ। ਅਜਿਹੇ ਹਾਲਾਤ ਵਿਚ ਉਹ ਛੁਟੀ ਤੋਂ
ਜਵਾਬ ਨਹੀਂ ਦੇ ਸਕਦੇ ਸਨ। ਦੋ ਸਹਾਇਕ ਲੋਕ ਸੰਪਰਕ ਅਧਿਕਾਰੀਆਂ ਨੂੰ ਦੋਹਾਂ ਸਮਾਗਮਾ ਦੀ ਕਵਰੇਜ ਲਈ
ਕਹਿ ਦਿੱਤਾ। ਆਮ ਤੌਰ ਤੇ ਪਹਿਲੇ ਸਮਾਗਮ ਦੀ ਕਵਰੇਜ ਜ਼ਿਆਦਾ ਹੁੰਦੀ ਹੈ। ਉਹੀ ਗੱਲ ਹੋਈ, ਜਿਹੜਾ ਬੰਧ ਲਗਾਉਣ ਦੇ ਨੀਂਹ ਪੱਥਰ ਦਾ ਸਮਾਗਮ ਸੀ, ਉਸਦੀ
ਕਵਰੇਜ ਨਾ ਮਾਤਰ ਹੀ ਹੋਈਕਿਉਂਕਿ ਉਹ ਸਮਾਗਮ ਬਾਅਦ ਦੁਪਹਿਰ ਸੀ। ਅੱਜ ਦੀ ਤਰ੍ਹਾਂ ਨੈਟ ਦਾ ਯੁਗ
ਨਹੀਂ ਸੀ। ਅਖਬਾਰਾਂ ਨੂੰ ਖ਼ਬਰਾਂ ਤੇ ਫੋਟੋਆਂ ਵਿਸ਼ੇਸ ਤੌਰ ਤੇ ਆਦਮੀ ਭੇਜਕੇ ਭੇਜੀਆਂ ਜਾਂਦੀਆਂ ਸਨ।
ਅਗਲੇ ਦਿਨ ਫਿਰ ਮੰਤਰੀ ਜੀ ਅੱਗ ਬੰਬੋਲਾ ਹੋ ਕੇ ਫੋਨ ਤੇ ਦਬਕੇ ਮਾਰੇ। ਮੈਨੂੰ ਪਤਾ ਲੱਗਾ ਕਿ ਮੇਰੇ
ਵਿਭਾਗ ਦਾ ਮੁੱਖੀ ਮੇਰੀ ਫੀਡ ਬੈਕ ਦੀ ਕਾਪੀ ਲੈ ਕੇ ਮੰਤਰੀ ਜੀ ਕੋਲ ਪਹੁੰਚ ਗਿਆ ਸੀ। ਭਾਵ ਮੇਰੀ
ਫੀਡ ਬੈਕ ਵਿਖਾਕੇ ਸਮਾਗਮ ਅੱਗੇ ਪਾਉਣ ਲਈ ਕਿਹਾ ਗਿਆ ਸੀ। ਅਖ਼ੀਰ ਸਿਆਸਤਦਾਨਾ ਦੇ ਹੱਥ ਬਦਲੀ ਹੀ
ਹੁੰਦੀ ਹੈ ਉਹ ਸਿੰਜਾਈ ਮੰਤਰੀ ਨੇ ਕਰਵਾ ਦਿੱਤੀ। ਸਰਕਾਰੀ ਅਧਿਕਾਰੀ ਦੀ ਬਦਲੀ ਕੋਈ ਸਜ਼ਾ ਨਹੀਂ ਹੁੰਦੀ।
Comments
Post a Comment