ਸਾਊ, ਨਿਰਪੱਖ ਅਤੇ ਸੰਜੀਦਾ ਪੱਤਰਕਾਰੀ ਦਾ ਥੰਮ : ਵੈਟਰਨ ਪੱਤਰਕਾਰ ਵੀ ਪੀ ਪ੍ਰਭਾਕਰ
ਕੀ ਤੁਸੀਂ ਇਹ ਸੋਚ ਸਕਦੇ ਹੋ ਕਿ ਇੰਟਰਨੈਟ ਅਤੇ ਮੋਬਾਈਲ ਦੇ ਜ਼ਮਾਨੇ ਵਿਚ ਕੋਈ ਪੱਤਰਕਾਰ
ਅਜਿਹਾ ਵੀ ਹੋ ਸਕਦਾ ਹੈ, ਜਿਸ ਕੋਲ ਮੋਬਾਈਲ ਵੀ ਨਾ ਹੋਵੇ ? ਪੱਤਰਕਾਰ ਤਾਂ ਦੋ-ਦੋ ਮੋਬਾਈਲ ਲਈ ਫਿਰਦੇ ਹਨ। ਉਸ ਪੱਤਰਕਾਰ ਦੀ ਤਾਂ ਕੋਈ ਰੰਗਦਾਰ
ਤਸਵੀਰ ਹੀ ਨਹੀਂ। ਬਲੈਕ ਐਂਡ ਵਾਈਟ ਤਸਵੀਰ ਵੀ ਉਨ੍ਹਾਂ ਨੇ ਸਰਕਾਰੀ ਸਮਾਗਮਾ ਵਿਚ ਸ਼ਨਾਖ਼ਤੀ ਕਾਰਡ
ਬਣਵਾਉਣ ਲਈ ਇਕ ਵਾਰ ਖਿਚਾਈ ਸੀ। ਉਸਦਾ ਨੈਗੇਟਿਵ ਹੁਣ ਤੱਕ ਸੰਭਾਲਕੇ ਰੱਖਿਆ ਹੋਇਆ ਹੈ। ਉਹ ਹੀ
ਤਸਵੀਰ ਅਜੇ ਤੱਕ ਉਸ ਕੋਲ ਹੈ। ਭਾਵੇਂ ਪੱਤਰਕਾਰੀ ਬਹੁਤ ਹੀ ਲੁਭਾਉਣਾ ਕਿੱਤਾ ਗਿਣਿਆਂ ਜਾਂਦਾ ਹੈ।
ਪੱਤਰਕਾਰਾਂ ਉਪਰ ਆਮ ਤੌਰ ਤੇ ਸਨਸਨੀਖ਼ੇਜ ਖ਼ਬਰਾਂ ਬਣਾਉਣ ਦਾ ਇਲਜ਼ਾਮ ਲਗਾਇਆ ਜਾਂਦਾ ਹੈ ਤਾਂ ਜੋ
ਉਨ੍ਹਾਂ ਦਾ ਅਖ਼ਬਾਰ ਜ਼ਿਆਦਾ ਪੜਿ੍ਹਆ ਜਾ ਸਕੇ ਅਤੇ ਪੱਤਰਕਾਰ ਦੀ ਪ੍ਰਸੰਸਾ ਹੋਵੇ। ਪ੍ਰੰਤੂ ਸਾਰੇ
ਪੱਤਰਕਾਰ ਇਕੋ ਜਿਹੇ ਨਹੀਂ ਹੁੰਦੇ। ਕੁਝ ਪੱਤਰਕਾਰ ਅਜਿਹੇ ਹੁੰਦੇ ਹਨ, ਜਿਹੜੇ
ਸਨਸਨੀਖ਼ੇਜ ਖ਼ਬਰਾਂ ਦੀ ਥਾਂ ਨਿਰਪੱਖ ਅਤੇ ਸੰਜੀਦਾ ਖ਼ਬਰਾਂ ਲਿਖਕੇ ਸਮਾਜ ਵਿਚ ਆਪਣਾ ਨਾਂ ਬਣਾ ਲੈਂਦੇ
ਹਨ। ਉਨ੍ਹਾਂ ਪੱਤਰਕਾਰਾਂ ਵਿਚੋਂ ਅਜਿਹਾ ਇਕ ਪੱਤਰਕਾਰ ਹੈ, ਜਿਹੜਾ
ਸੰਜੀਦਾ ਢੰਗ ਨਾਲ ਖ਼ਬਰਾਂ ਭੇਜ ਕੇ ਪੱਤਰਕਾਰੀ ਕਰਦਾ ਰਿਹਾ ਹੈ। ਉਹ ਵਿਕਾਸ ਨਾਲ ਸੰਬੰਧਤ ਖ਼ਬਰਾਂ
ਲਿਖਣ ਨੂੰ ਤਰਜ਼ੀਹ ਦਿੰਦਾ ਰਿਹਾ ਹੈ। ਉਹ ਪੱਤਰਕਾਰ ਹੈ, ਵਿਦਿਆ
ਪ੍ਰਕਾਸ਼ ਪ੍ਰਭਾਕਰ, ਜਿਨ੍ਹਾਂ ਨੂੰ ਪੱਤਰਕਾਰੀ ਦੇ ਖੇਤਰ ਵਿਚ ਵੀ
ਪੀ ਪ੍ਰਭਾਕਰ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ। ਮੀਡੀਆ ਦੇ ਯੁਗ ਵਿਚ ਹਰ ਵਿਅਕਤੀ ਪੱਤਰਕਾਰ ਬਣਨਾ
ਚਾਹੁੰਦਾ ਹੈ ਕਿਉਂਕਿ ਪੱਤਰਕਾਰਾਂ ਦੀ ਸਰਕਾਰੇ ਦਰਬਾਰੇ ਅਤੇ ਸਮਾਜ ਵਿਚ ਚੰਗੀ ਪੁਛ ਪੜਤਾਲ ਹੁੰਦੀ
ਹੈ। ਕੋਈ ਸਮਾਂ ਹੁੰਦਾ ਸੀ ਕਿ ਅਖ਼ਬਾਰਾਂ ਦੀ ਖ਼ਬਰ ਪੱਥਰ ‘ਤੇ ਲਕੀਰ ਹੁੰਦੀ ਸੀ। ਕਹਿਣ ਤੋਂ ਭਾਵ
ਅਖ਼ਬਾਰ ਦੀ ਖ਼ਬਰ ਤੇ ਯਕੀਨ ਕੀਤਾ ਜਾਂਦਾ ਸੀ। ਪ੍ਰੰਤੂ ਅਜੋਕੇ ਸਮੇਂ ਵਿਚ ਵਰਨਣਯੋਗ ਤਬਦੀਲੀ ਆ ਗਈ
ਹੈ। ਕੁਝ ਪੱਤਰਕਾਰਾਂ ਦੇ ਵਿਵਹਾਰ ਕਰਕੇ ਪੱਤਰਕਾਰੀ ਦੇ ਮਿਆਰ ਉਪਰ ਸਮਾਜ ਕਿੰਤੂ ਪ੍ਰੰਤੂ ਕਰਨ ਲੱਗ
ਪਿਆ ਹੈ। ਫਿਰ ਵੀ ਸਾਰਿਆਂ ਨੂੰ ਇਕੋ ਰੱਸੇ ਨਹੀਂ
ਬੰਨਿ੍ਹਆਂ ਜਾ ਸਕਦਾ। ਪੱਤਰਕਾਰੀ ਦੇ ਖੇਤਰ ਵਿਚ ਵੀ ਪੀ ਪ੍ਰਭਾਕਰ ਨੂੰ ਸਾਊ, ਨਿਰਪੱਖ ਅਤੇ ਸੰਜੀਦਾ ਪੱਤਰਕਾਰ ਤੌਰ ਤੇ ਸਤਿਕਾਰਿਆ ਜਾਂਦਾ ਹੈ। ਵੀ ਪੀ ਪ੍ਰਭਾਕਰ
ਪੰਜਾਬ, ਹਰਿਆਣਾ, ਹਿਮਾਚਲ
ਪ੍ਰਦੇਸ ਅਤੇ ਚੰਡੀਗੜ੍ਹ ਵਿਚ ਸੰਜੀਦਾ ਅਤੇ ਨਿਰਪੱਖ ਪੱਤਰਕਾਰੀ ਕਰਨ ਕਰਕੇ ਉਥੋਂ ਦੇ ਲੋਕਾਂ ਵਿਚ
ਬਹੁਤ ਹਰਮਨ ਪਿਆਰਾ ਪੱਤਰਕਾਰ ਰਿਹਾ ਹੈ। ਉਨ੍ਹਾਂ ਲਗਪਗ ਅੱਧੀ ਸਦੀ ਇਮਾਨਦਾਰੀ ਅਤੇ ਦਿਆਨਤਦਾਰੀ
ਨਾਲ ਪੱਤਰਕਾਰੀ ਕੀਤੀ ਹੈ। ਇਤਨਾ ਲੰਮਾ ਸਮਾਂ ਅੰਗਰੇਜ਼ੀ ਦੇ ਅਖ਼ਬਾਰ ‘‘ਦੀ ਟਰਬਿਊਨ’’ ਹਿੰਦੀ ਦੇ
‘‘ਦੈਨਿਕ ਭਾਸਕਰ’’ ਅਤੇ ਦਿਵਿਆ ਹਿਮਾਚਲ ਵਿਚ ਨੌਕਰੀ ਕੀਤੀ ਪ੍ਰੰਤੂ ਉਨ੍ਹਾਂ ਦੀ ਜਾਇਦਾਦ ਵਿਚ ਇਕ
ਧੇਲੇ ਦਾ ਵੀ ਵਾਧਾ ਨਹੀਂ ਹੋਇਆ। ਉਨ੍ਹਾਂ ਨੂੰ ਇਮਾਨਦਾਰੀ ਦੇ ਪ੍ਰਤੀਕ ਵਜੋਂ ਵੀ ਜਾਣਿਆਂ ਜਾਂਦਾ
ਹੈ। ਉਨ੍ਹਾਂ ਦੇ ਪਿਤਾ ਪੰਜਾਬ ਸਕੱਤਰੇਤ ਵਿਚ ਲਾਹੌਰ ਅਸਿਸਟੈਂਟ ਸਕੱਤਰ ਸਨ। ਦੇਸ਼ ਦੀ ਵੰਡ ਤੋਂ
ਬਾਅਦ ਪੰਜਾਬ ਸਕੱਤਰੇਤ ਸਿਮਲਾ ਵਿਖੇ ਆ ਗਈ। ਇਸ ਲਈ ਉਹ ਵੀ ਲਾਹੌਰ ਤੋਂ ਸਿੱਧੇ ਸਿਮਲੇ ਆ ਗਏ। ਵੀ
ਪੀ ਪ੍ਰਭਾਕਰ ਉਦੋਂ 10 ਸਾਲ ਦੇ ਸਨ। ਉਦੋਂ ਚੜ੍ਹਦੇ ਪੰਜਾਬ ਦੀ
ਰਾਜਧਾਨੀ ਸਿਮਲਾ ਬਣੀ ਸੀ। 1953 ਵਿਚ ਸਿਮਲਾ ਤੋਂ ਉਨ੍ਹਾਂ ਦੇ ਪਿਤਾ ਦਾ ਦਫਤਰ
ਨਵੀਂ ਬਣੀ ਰਾਜਧਾਨੀ ਚੰਡੀਗੜ੍ਹ ਵਿਚ ਆ ਗਿਆ। ਸਰਦਾਰ ਪਰਤਾਪ ਸਿੰਘ ਕੈਰੋਂ ਨੇ ਚੰਡੀਗੜ੍ਹ ਵਸਾਉਣ
ਲਈ ਆਪਣੇ ਮੁਲਾਜ਼ਮਾਂ ਨੂੰ ਪਹਿਲਾਂ ਪਲਾਟ ਲੈਣ ਅਤੇ ਫਿਰ ਉਥੇ ਮਕਾਨ ਉਸਾਰਨ ਲਈ ਕਰਜ਼ੇ ਦਿੱਤੇ ਸਨ,
ਜਿਸ ਕਰਕੇ ਉਨ੍ਹਾਂ ਦੇ ਪਿਤਾ ਨੇ ਚੰਡੀਗੜ੍ਹ ਦੇ ਸੈਕਟਰ 16 ਵਿਚ ਕੋਠੀ ਭਲੇ ਮੌਕੇ ਬਣਾ ਲਈ।
ਇਸ ਸਮੇਂ ਵੀ ਪੀ ਪ੍ਰਭਾਕਰ ਉਸੇ ਕੋਠੀ ਵਿਚ ਰਹਿੰਦੇ ਹਨ। ਉਨ੍ਹਾਂ ਦੀ ਸਾਦਗੀ ਬਿਲਕੁਲ ਉਸੇ ਤਰ੍ਹਾਂ
ਹੈ, ਜਿਵੇਂ ਇਕ ਆਮ ਸਾਧਾਰਨ ਵਿਅਕਤੀ ਦੀ ਹੁੰਦੀ ਹੈ।
ਪੱਤਰਕਾਰਾਂ ਵਾਲੀ ਕੋਈ ਫੂੰ ਫਾਂ ਨਹੀਂ ਹੈ। ਉਹ ‘ਦੀ ਟਰਬਿਊਨ ’ ਵਿਚ ਚੰਡੀਗੜ੍ਹ ਵਿਖੇ ਪੰਜਾਬ
ਹਰਿਆਣਾ ਅਤੇ ਚੰਡੀਗੜ੍ਹ ਦੇ ਬਿਓਰੋ ਚੀਫ ਰਹੇ ਹਨ। ਇਹ ਹੋਰ ਵੀ ਮਾਣ ਵਾਲੀ ਗੱਲ ਹੈ ਕਿ ‘ਦੀ
ਟਰਬਿਊਨ’ ਅਖ਼ਬਾਰ ਦੇ ਪਹਿਲੇ ਬਿਓਰੋ ਚੀਫ ਵੀ ਪੀ ਪ੍ਰਭਾਕਰ ਹੀ ਬਣੇ ਸਨ। ਹੁਣ ਤਾਂ ਹਰ ਸਟੇਟ ਦੇ
ਬਿਓਰੋ ਚੀਫ ਵੱਖਰੇ-ਵੱਖਰੇ ਹਨ। ਉਨ੍ਹਾਂ ਲਈ ਇਕ ਹੋਰ ਵੀ ਵੱਖਰੀ ਤੇ ਮਾਣ ਵਾਲੀ ਗੱਲ ਹੈ ਕਿ ਉਹ
ਹਿੰਦੀ ਦੀ ਐਮ ਏ ਸਨ ਪ੍ਰੰਤੂ ਅੰਗਰੇਜ਼ੀ ਅਖ਼ਬਾਰ ਦੇ ਬਿਓਰੋ ਚੀਫ ਬਣੇ। ਦੈਨਿਕ ਭਾਸਕਰ ਵਿਚ ਸੰਪਾਦਕੀ
ਸਲਾਹਕਾਰ ਸਨ। ਇਤਨੇ ਮਹੱਤਵਪੂਰਨ ਅਤੇ ਉਚ ਅਹੁਦਿਆਂ ਤੇ ਰਹੇ ਹਨ ਪ੍ਰੰਤੂ ਰਹਿਣ ਸਹਿਣ, ਖਾਣ ਪੀਣ ਅਤੇ ਉਨ੍ਹਾਂ ਦਾ ਵਿਵਹਾਰ ਬਹੁਤ ਹੀ ਸਾਧਾਰਨ ਹੈ। ਅੱਜ ਦੇ ਆਧੁਨਿਕ ਯੁਗ
ਵਿਚ ਵੀ ਉਨ੍ਹਾਂ ਕੋਲ ਮੋਬਾਈਲ ਵੀ ਨਹੀਂ ਹੈ। ਉਨ੍ਹਾਂ ਦੀ ਪ੍ਰਸੰਸਾ ਵਿਚ ਜਿਤਨੇ ਵੀ ਵਿਸ਼ੇਸ਼ਣ ਲਗਾ
ਲਓ ਉਤਨੇ ਹੀ ਥੋੜ੍ਹੇ ਹਨ। ਉਹ ਸਬਰ ਸੰਤੋਖ ਵਾਲੇ ਲੋਭ, ਲਾਲਚ
ਅਤੇ ਪੈਸੇ ਦੀ ਮੋਹ ਮਾਇਆ ਤੋਂ ਕੋਹਾਂ ਦੂਰ ਹਨ। ਉਨ੍ਹਾਂ ਨੇ ਬਹੁਤ ਸਾਰੇ ਮਹੱਤਵਪੂਰਨ ਸਮਾਗਮਾ ਦੀ
ਕਵਰੇਜ ਲਈ ਵੀ ਫਰਜ ਨਿਭਾਏ ਹਨ। ਅਮਰੀਕਾ, ਕੈਨੇਡਾ ਅਤੇ ਕੁਵੈਤ ਵਿਚ ਕਵਰੇਜ ਲਈ ਗਏ ਸਨ।
ਯੂ ਐਨ ਜਨਰਲ ਅਸੈਂਬਲੀ ਕਵਰ ਕਰਨ ਲਈ ਗਏ ਸਨ, ਜਿਥੇ ਪਾਕਿਸਤਾਨ
ਦੀ ਪ੍ਰਧਾਨ ਮੰਤਰੀ ਬੇਨਜ਼ੀਰ ਭੁਟੋ ਅਤੇ ਭਾਰਤ ਦੇ ਵਿਦੇਸ਼ ਮੰਤਰੀ ਇੰਦਰ ਕੁਮਾਰ ਗੁਜਰਾਲ ਗਏ ਹੋਏ
ਸਨ। ਇਸੇ ਤਰ੍ਹਾਂ 1972 ਵਿਚ ਜਦੋਂ ਸਿਮਲਾ ਵਿਚ ਇੰਡੋ ਪਾਕਿ ਸਮਿਟ
ਹੋਈ ਸੀ ਤਾਂ ਉਸਨੂੰ ਵੀ ਉਨ੍ਹਾਂ ਕਵਰ ਕੀਤਾ ਸੀ, ਜਿਸ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਪਾਕਿਸਤਾਨ ਦੇ ਪ੍ਰਧਾਨ
ਮੰਤਰੀ ਜੁਲਫਕਾਰ ਅਲੀ ਭੁਟੋ ਸ਼ਾਮਲ ਹੋਏ ਸਨ। ਉਹ ਸਮਿਟ ਸਿਮਲਾ ਸਮਝੌਤੇ ਦੇ ਨਾਮ ਤੇ ਪ੍ਰਸਿੱਧ ਹੈ।
ਵੀ ਪੀ ਪ੍ਰਭਾਕਰ ਨੇ ਆਪਣਾ ਪੱਤਰਕਾਰੀ ਦਾ ਕਿੱਤਾ
ਇਕ ਹਿੰਦੀ ਦੇ ਸਪਤਾਹਿਕ ਅਖਬਾਰ ‘ਸੇਵਾ ਗ੍ਰਾਮ’ ਤੋਂ ਸ਼ੁਰੂ ਕੀਤਾ ਸੀ। ਇਹ ਸਪਤਾਹਕ ਦਿਹਾਤੀ ਭਾਰਤ
ਦੇ ਵਿਕਾਸ ਬਾਰੇ ਖ਼ਬਰਾਂ ਪ੍ਰਕਾਸ਼ਤ ਕਰਦਾ ਸੀ। ਇਸੇ ਕਰਕੇ ਵੀ ਪੀ ਪ੍ਰਭਾਕਰ ਨੇ ਆਪਣੀ ਸਾਰੀ
ਪੱਤਰਕਾਰਤਾ ਦੀ ਨੌਕਰੀ ਦੌਰਾਨ ਦਿਹਾਤੀ ਵਿਕਾਸ ਦੀਆਂ ਖ਼ਬਰਾਂ ਭੇਜਣ ਨੂੰ ਪਹਿਲ ਦਿੱਤੀ। ਉਹ
ਵਿਕਾਸਮੁਖੀ ਸੋਚ ਵਾਲੇ ਪੱਤਰਕਾਰ ਹਨ। ਉਨ੍ਹਾਂ ਦੀ ਚੋਣ ਰਾਜ ਸਭਾ ਵਿਚ ਵੀ ਅਨੁਵਾਦਕ ਦੇ ਤੌਰ ਤੇ
ਹੋ ਗਈ ਸੀ ਪ੍ਰੰਤੂ ਉਨ੍ਹਾਂ ਪੱਤਰਕਾਰੀ ਨੂੰ ਪਹਿਲ ਦਿੱਤੀ। ਫਿਰ ਉਨ੍ਹਾਂ ਹਿੰਦੀ ਦੇ ਮਾਸਕ ਮੈਗਜ਼ੀਨ
‘ਸਰਿਤਾ’ ਵਿਚ ਨੌਕਰੀ ਕਰ ਲਈ। ਉਨ੍ਹਾਂ ਅੰਗਰੇਜ਼ੀ ਦੇ ਰੋਜ਼ਾਨਾ ‘ਦੀ ਟਰਬਿਊਨ’ ਅਖ਼ਬਾਰ ਵਿਚ 1961 ਵਿਚ ਨੌਕਰੀ ਸ਼ੁਰੂ ਕਰ ਲਈ ਸੀ। ਉਸ ਸਮੇਂ ਉਨ੍ਹਾਂ ਦੀ ਉਮਰ ਮਹਿਜ 24 ਸਾਲ ਸੀ। ਉਹ ਦੀ ਟਰਬਿਊਨ ਵਿਚੋਂ 36
ਸਾਲ ਵੱਖ-ਵੱਖ ਅਹੁਦਿਆਂ ਤੇ ਨੌਕਰੀ ਕਰਨ ਤੋਂ ਬਾਅਦ 1997
ਵਿਚ ਸੇਵਾ ਮੁਕਤ ਹੋਏ ਹਨ। ਜਦੋਂ ਉਹ ਪਟਿਆਲਾ ਬਦਲਕੇ ਆਏ ਤਾਂ ਮੇਰਾ ਉਨ੍ਹਾਂ ਨਾਲ ਵਾਹ ਪਿਆ।
ਉਨ੍ਹਾਂ ਦੀ ਹਮੇਸ਼ਾ ਹਰ ਰੋਜ਼ ਦੀਆਂ ਖ਼ਬਰਾਂ ਤੋਂ ਇਲਾਵਾ ਵਿਕਾਸ ਮੁਖੀ ਖ਼ਬਰਾਂ ਲਿਖਣ ਦੀ ਕੋਸਿਸ਼
ਹੁੰਦੀ ਸੀ। ਜਿਹੜਾ ਵੀ ਕੋਈ ਨਵਾਂ ਵਿਕਾਸ ਦਾ ਪ੍ਰਾਜੈਕਟ ਲੱਗਦਾ ਸੀ ਤਾਂ ਉਹ ਸਭ ਤੋਂ ਪਹਿਲਾਂ ਉਸ
ਪ੍ਰਾਜੈਕਟ ਦੀ ਖ਼ਬਰ ਬਣਾਉਂਦੇ ਸਨ। ਵੀ ਪੀ ਪ੍ਰਭਾਕਰ ਆਮ ਤੌਰ ਤੇ ਦਫਤਰ ਵਿਚ ਬੈਠਕੇ ਕੰਮ ਕਰਨ ਦੀ
ਥਾਂ ਪਿੰਡਾਂ ਵਿਚ ਮੌਕੇ ਤੇ ਜਾ ਕੇ ਵਿਕਾਸ ਦੀਆਂ ਖ਼ਬਰਾਂ ਲੱਭਦੇ ਰਹਿੰਦੇ ਸਨ। ਮੈਂ ਉਨ੍ਹਾਂ ਦੇ
ਨਾਲ ਪਟਿਆਲਾ ਤੋਂ ਬਾਹਰ ਜਾਂਦਾ ਰਿਹਾ ਹਾਂ। ਉਦੋਂ ਪਟਿਆਲਾ ਜਿਲ੍ਹਾ ਬਹੁਤ ਵੱਡਾ ਸੀ। ਫਤਿਹਗੜ੍ਹ
ਸਾਹਿਬ ਅਤੇ ਮੋਹਾਲੀ ਜਿਲ੍ਹੇ ਦਾ ਡੇਰਾ ਬਸੀ ਵਿਧਾਨ ਸਭਾ ਹਲਕਾ ਹਿੱਸਾ ਪਟਿਆਲਾ ਜਿਲ੍ਹੇ ਵਿਚ ਹੀ
ਹੁੰਦੇ ਸਨ। ਜੇਕਰ ਸਾਨੂੰ ਕਿਤੇ ਪਟਿਆਲਾ ਤੋਂ ਬਾਹਰ ਖਾਣਾ ਜਾਂ ਚਾਹ ਪਾਣੀ, ਪੀਣਾ ਪੈਂਦਾ ਤਾਂ ਪ੍ਰਭਾਕਰ ਸਾਹਿਬ ਆਪਣੇ ਕੋਲੋਂ ਪੇਮੈਂਟ ਕਰਦੇ ਸਨ। ਉਨ੍ਹਾਂ ਦੀ
ਕੋਸਿਸ਼ ਹੁੰਦੀ ਸੀ ਕਿ ਲੋਕ ਸੰਪਰਕ ਵਿਭਾਗ ਤੋਂ ਕੋਈ ਸਹੂਲਤ ਨਾ ਲਈ ਜਾਵੇ। ਬਿਓਰੋ ਚੀਫ ਹੁੰਦਿਆਂ
ਉਹ ਫੀਲਡ ਵਿਚ ਕੰਮ ਕਰਦੇ ਪੱਤਰਕਾਰਾਂ ਨੂੰ ਵਿਕਾਸ ਮੁਖੀ ਖ਼ਬਰਾਂ ਭੇਜਣ ਨੂੰ ਪਹਿਲ ਦੇਣ ਦੀ ਤਾਕੀਦ
ਕਰਦੇ ਰਹਿੰਦੇ ਸਨ। ਸੇਵਾ ਮੁਕਤੀ ਤੋਂ ਬਾਅਦ ਵੀ ਉਹ ਹੁਣ ਤੱਕ 83
ਸਾਲ ਦੀ ਉਮਰ ਵਿਚ ਵੀ ਪਾਵਰ ਪਾਲਿਟਕਸ ਅਖ਼ਬਾਰ ਲਈ ਲਗਾਤਰ ਕਾਲਮ ਲਿਖਦੇ ਆ ਰਹੇ ਹਨ। ਉਨ੍ਹਾਂ ਦੇ
ਨਿਰਪੱਖ ਅਤੇ ਇਮਾਨਦਾਰੀ ਨਾਲ ਪੱਤਰਕਾਰੀ ਖੇਤਰ ਵਿਚ ਪਾਏ ਯੋਗਦਾਨ ਕਰਕੇ ਬਹੁਤ ਸਾਰੀਆਂ ਸੰਸਥਾਵਾਂ
ਨੇ ਮਾਣ ਸਨਮਾਨ ਕੀਤੇ ਹਨ। ਜੋਸ਼ੀ ਫਾਊਂਡੇਸ਼ਨ ਨੇ ਲਾਈਫ ਟਾਈਮ ਅਚੀਵਮੈਂਟ ਅਵਾਰਡ ਦੇ ਕੇ ਸਨਮਾਨਿਆਂ।
ਆਲ ਇੰਡੀਆ ਆਰਟਿਸਟਸ ਐਸੋਸੀਏਸ਼ਨ ਸਿਮਲਾ ਨੇ ਬਲਰਾਜ ਸਾਹਨੀ ਅਵਾਰਡ ਸਰਵੋਤਮ ਪੱਤਰਕਾਰੀ ਲਈ ਦਿੱਤਾ।
ਸੋਸਇਟੀ ਫਾਰ ਰਿਸਰਚ ਇਨ ਐਜੂਕੇਸ਼ਨ ਐਂਡ ਇਨਫਰਮੇਸ਼ਨ ਟੈਕਨਾਲੋਜੀ ਸਿਮਲਾ ਨੇ ਸਰਵੋਤਮ ਪੱਤਰਕਾਰ
ਅਵਾਰਡ ਦੇ ਕੇ ਸਨਮਾਨਤ ਕੀਤਾ। ਹਿਮਾਚਲ ਵਿਕਾਸ ਮੰਚ ਨੇ ਵੀ ਉਨ੍ਹਾਂ ਦੇ ਨਿਰਪੱਖ ਪੱਤਰਕਾਰੀ ਦੇ
ਯੋਗਦਾਨ ਲਈ ਸਨਮਾਨਤ ਕੀਤਾ। ਅਮਰ ਸ਼ਹੀਦ ਰਮੇਸ਼ ਚੰਦਰਾ ਮੈਮੋਰੀਅਲ ਅਵਾਰਡ ਹਿਮਾਚਲ ਪ੍ਰਦੇਸ਼
ਜਰਨਿਲਿਟਸ ਫੈਡਰੇਸ਼ਨ ਨੇ ਬੋਲਡ ਪੱਤਰਕਾਰੀ ਲਈ ਸਨਮਾਨਤ ਕੀਤੇ। ਇਸੇ ਤਰ੍ਹਾਂ ਪ੍ਰਾਚੀਨ ਕਲਾ ਕੇਂਦਰ
ਚੰਡੀਗੜ੍ਹ ਨੇ ਪੱਤਰਕਾਰੀ ਵਿਚ ਬਿਹਤਰੀਨ ਯੋਗਦਾਨ ਲਈ ਸਨਮਾਨਤ ਕੀਤਾ। ਸੀਨੀਅਰ ਸਿਟੀਜ਼ਨ ਐਸੋਸੀਏਸ਼ਨ
ਚੰਡੀਗੜ੍ਹ ਨੇ ਵੀ ਉਨ੍ਹਾਂ ਨੂੰ ਸਨਮਾਨਤ ਕੀਤਾ। ਉਹ ਚੰਡੀਗੜ੍ਹ ਪ੍ਰੈਸ ਕਲਬ ਦੇ ਪ੍ਰਧਾਨ ਵੀ ਰਹੇ।
ਵੀ ਪੀ ਪ੍ਰਭਾਕਰ ਦਾ ਜਨਮ ਲਾਹੌਰ ਵਿਖੇ 19 ਮਾਰਚ 1937 ਨੂੰ ਮਾਤਾ ਸ੍ਰੀਮਤੀ ਕਿ੍ਰਸ਼ਨਾ ਪ੍ਰਭਾਕਰ ਅਤੇ ਪਿਤਾ ਸ੍ਰੀ ਅਮਰ ਚੰਦ ਪ੍ਰਭਾਕਰ ਦੇ
ਘਰ ਹੋਇਆ। ਉਨ੍ਹਾਂ ਦੇ ਪਿਤਾ ਫਗਵਾੜਾ ਜਿਲ੍ਹਾ ਜਲੰਧਰ ਨਾਲ ਸੰਬੰਧ ਰਖਦੇ ਸਨ ਪ੍ਰੰਤੂ ਪੰਜਾਬ
ਸਰਕਾਰ ਦੇ ਸਕੱਤਰੇਤ ਵਿਚ ਲਾਹੌਰ ਵਿਖੇ ਨੌਕਰੀ ਕਰਦੇ ਸਨ। ਇਸ ਲਈ ਵੀ ਪੀ ਪ੍ਰਭਾਕਰ ਨੇ ਮੁਢਲੀ
ਸਿਖਿਆ ਲਾਹੌਰ ਅਤੇ ਬਾਅਦ ਵਿਚ ਸਿਮਲਾ ਤੋਂ ਹੀ ਪ੍ਰਾਪਤ ਕੀਤੀ ਕਿਉਂਕਿ ਦੇਸ ਦੀ ਵੰਡ ਤੋਂ ਬਾਅਦ
ਉਨ੍ਹਾਂ ਦੇ ਪਿਤਾ ਦਾ ਦਫਤਰ ਸਿਮਲਾ ਆ ਗਿਆ ਸੀ। ਉਹ ਇਥੇ ਹੀ ਪੰਜਾਬ ਸਕੱਤਰੇਤ ਵਿਚ ਹੀ ਨੌਕਰੀ
ਕਰਦੇ ਰਹੇ। ਦਸਵੀਂ ਉਨ੍ਹਾਂ ਡੀ ਏ ਵੀ ਸਕੂਲ ਲੱਕੜ ਬਾਜ਼ਾਰ ਸਿਮਲਾ ਤੋਂ ਪਾਸ ਕੀਤੀ। ਇੰਟਰਮੀਡੀਏਟ
ਭਾਰਗਵਾ ਮਿਉਂਸਪਲ ਕਾਲਜ ਸਿਮਲਾ ਤੋਂ ਕੀਤੀ। ਫਿਰ 1953
ਪੰਜਾਬ ਦੇ ਦਫਤਰ ਚੰਡੀਗੜ੍ਹ ਆ ਗਏ। ਉਨ੍ਹਾਂ ਦਾ
ਪਰਿਵਾਰ ਵੀ ਚੰਡੀਗੜ੍ਹ ਆ ਗਿਆ। ਉਸ ਤੋਂ ਬਾਅਦ ਬੀ ਏ ਸਰਕਾਰੀ ਕਾਲਜ ਚੰਡੀਗੜ੍ਹ ਤੋ ਪਾਸ ਕੀਤੀ।
ਫਿਰ ਉਹਨ੍ਹਾਂ ਨੇ ਐਮ ਏ ਹਿੰਦੀ ਪੰਜਾਬ ਯੂਨੀਵਰਸਿਟੀ ਤੋਂ ਪਾਸ ਕੀਤੀ। ਉਦੋਂ ਪੰਜਾਬ ਯੂਨੀਵਰਸਿਟੀ
ਦਾ ਕੈਂਪਸ ਡੀ ਏ ਵੀ ਕਾਲਜ ਜਲੰਧਰ ਵਿਚ ਹੁੰਦਾ ਸੀ। ਉਨ੍ਹਾਂ ਪੱਤਰਕਾਰੀ ਦਾ ਡਿਪਲੋਮਾ ਦਿੱਲੀ ਤੋਂ
ਕੀਤਾ। ਵੀ ਪੀ ਪ੍ਰਭਾਕਰ ਅਤੇ ਉਨ੍ਹਾਂ ਦੀ ਪਤਨੀ ਸ਼ਕੁਨ ਸਮਾਜ ਵਿਚ ਸਹਿਜਤਾ ਨਾਲ ਵਿਚਰਦੇ ਹੋਏ
ਸੁਖਮਈ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਦੇ ਦੋ ਸਪੁਤਰ ਅਤੇ ਇਕ ਸਪੁਤਰੀ ਹੈ। ਵੱਡਾ ਲੜਕਾ ਸੰਦੀਪ
ਪ੍ਰਭਾਕਰ ਆਰਕੀਟੈਕਟ ਹੈ ਅਤੇ ਚੰਡੀਗੜ੍ਹ ਵਿਚ ਆਪਣੀ ਪ੍ਰੈਕਟਿਸ ਕਰਦਾ ਹੈ। ਸੰਦੀਪ ਪ੍ਰਭਾਕਰ ਦੀ
ਪਤਨੀ ਸਪਨਾ ਪ੍ਰਭਾਕਰ ਪੰਜਾਬ ਸਰਕਾਰ ਦੀ ਚੀਫ ਆਰੀਟੈਕਟ ਹੈ। ਇਸੇ ਤਰ੍ਹਾਂ ਦੂਜਾ ਲੜਕਾ ਮੋਹਿਤ
ਪ੍ਰਭਾਕਰ ਗੁਜਰਾਤ ਵਿਖੇ ਕਿਸੇ ਪ੍ਰਾਈਵੇਟ ਕੰਪਨੀ ਵਿਚ ਮੈਨੇਜਿੰਗ ਡਾਇਰੈਕਟਰ ਹੈ। ਉਸਦੀ ਪਤਨੀ
ਨਮੀਤਾ ਪ੍ਰਭਾਕਰ ਐਮ ਬੀ ਏ ਹੈ ਅਤੇ ਗੁਜਰਾਤ ਵਿਚ ਹੀ ਨੌਕਰੀ ਕਰ ਰਹੀ ਹੈ। ਉਨ੍ਹਾਂ ਦੀ ਸਪੁਤਰੀ
ਮੋਨਾ ਪ੍ਰਭਾਕਰ ਚੰਡੀਗੜ੍ਹ ਵਿਚ ਹੀ ਅਧਿਆਪਕਾ ਹੈ। ਵੀ ਪੀ ਪ੍ਰਭਾਕਰ ਤੋਂ ਨਵੇਂ ਉਭਰਦੇ ਪੱਤਰਕਾਰ
ਪ੍ਰੇਰਨਾ ਲੈ ਸਕਦੇ ਹਨ ਕਿ ਪੱਤਰਕਾਰ ਸਾਧਾਰਨ ਜੀਵਨ ਬਸਰ ਕਰਕੇ ਵੀ ਬੱਚੇ ਪੜ੍ਹਾ ਸਕਦੇ ਹਨ ਅਤੇ
ਉਨ੍ਹਾਂ ਦੇ ਪਰਿਵਾਰ ਖ਼ੁਸ਼ਹਾਲ ਜੀਵਨ ਬਤੀਤ ਕਰ ਸਕਦੇ ਹਨ।
Comments
Post a Comment