ਜਦੋਂ ਪੰਜ ਰੁਪਏ ਦੇ ਸਮੋਸਿਆਂ ਨੇ ਭਸੂੜੀ ਪਾਈ
ਗੱਲ 1975 ਦੀ
ਹੈ, ਜਦੋਂ ਮੈਂ ਲੋਕ ਸੰਪਰਕ ਵਿਭਾਗ ਪੰਜਾਬ ਦੇ ਮਾਸਕ ਰਸਾਲੇ
ਜਾਗ੍ਰਤੀ ਪੰਜਾਬੀ ਦਾ ਸਹਾਇਕ ਸੰਪਾਦਕ ਲੱਗਿਆ ਹੋਇਆ ਸੀ। ਸੁਖਪਾਲਵੀਰ ਸਿੰਘ ਹਸਰਤ ਜੋ ਪੰਜਾਬੀ ਦੇ
ਕਵੀ ਸਨ, ਉਹ ਲੋਕ ਸੰਪਰਕ ਅਧਿਕਾਰੀ ਪੰਜਾਬੀ ਅਤੇ ਲੋਕ ਸੰਪਰਕ ਵਿਭਾਗ ਦੇ ਜਾਗ੍ਰਤੀ ਪੰਜਾਬੀ ਰਸਾਲੇ ਦੇ ਸੰਪਾਦਕ
ਸਨ। ਪੰਜਾਬ ਸਕੱਤਰੇਤ ਦੀ ਪੰਜਵੀਂ ਮੰਜ਼ਲ ਤੇ ਲੋਕ ਸੰਪਰਕ ਵਿਭਾਗ ਦਾ ਦਫਤਰ ਸੀ। ਸੁਖਪਾਲਵੀਰ ਸਿੰਘ
ਹਸਰਤ ਦਾ ਕੈਬਿਨ ਇਮਾਰਤ ਦੇ ਬਿਲਕੁਲ ਨੁਕਰ ਤੇ ਸੀ। ਅਸੀਂ ਪੰਜਾਬੀ ਸ਼ੈਕਸ਼ਨ ਵਿਚ ਦੋ ਨਿਬੰਧਕਾਰ ਸੁਰਿੰਦਰ
ਮੋਹਨ ਸਿੰਘ ਅਤੇ ਮੈਂ, ਦੋ ਅਨੁਵਾਦਕ ਬੰਸੀ ਲਾਲ ਤੇ ਬਲਵਿੰਦਰ ਕੌਰ,
ਇਕ ਪ੍ਰੂਫ ਰੀਡਰ ਪ੍ਰੀਤਮ ਸਿੰਘ,
ਇਕ ਸਟੈਨੋ ਟਾਈਪਿਸਟ ਗੁਰਦਾਸ ਸਿੰਘ ਅਤੇ ਇਕ ਸੇਵਾਦਾਰ
ਦੇਸ ਰਾਜ ਹੁੰਦਾ ਸੀ। ਦੇਸ ਰਾਜ ਵੇਖਣ ਪਾਖਣ ਨੂੰ
ਸੇਵਾਦਾਰ ਨਹੀਂ ਲਗਦਾ ਸੀ। ਅਨੁਵਾਦਕਾਂ ਦਾ ਕੀਤਾ ਅਨੁਵਾਦ ਨਿਬੰਧਕਾਰ ਦਰੁਸਤ ਕਰਦੇ ਸਨ। ਆਖਰ ਵਿਚ
ਪੀ ਆਰ ਓ ਪੰਜਾਬੀ ਆਪਣੀ ਮੋਹਰ ਲਾਉਂਦਾ ਸੀ। ਪੰਜਾਬੀ ਸ਼ਾਖਾ ਦੀ ਜਾਗ੍ਰਤੀ ਪੰਜਾਬੀ ਦੇ ਰਸਾਲੇ ਅਤੇ
ਲੋਕ ਸੰਪਰਕ ਵਿਭਾਗ ਵੱਲੋਂ ਪ੍ਰਕਾਸ਼ਤ ਕੀਤੀ ਜਾਣ ਵਾਲੀ ਪੰਜਾਬੀ ਦੀ ਪ੍ਰਚਾਰ ਸਮਗਰੀ ਨੂੰ ਪ੍ਰਕਾਸ਼ਤ
ਕਰਵਾਉਣ ਦੀ ਜ਼ਿੰਮੇਵਾਰੀ ਹੁੰਦੀ ਸੀ। ਰਸਾਲੇ ਵਿਚ ਕਿਹੜਾ ਮੈਟਰ ਪ੍ਰਕਾਸ਼ਤ ਕਰਨਾ ਹੈ, ਇਸਦੀ ਚੋਣ ਇਕੱਲਾ ਸੁਖਪਾਲਵੀਰ ਸਿੰਘ ਹਸਰਤ ਹੀ ਕਰਦਾ ਸੀ। ਮੈਟਰ ਦੀ ਚੋਣ ਵਿਚ ਉਹ
ਹੋਰ ਕਿਸੇ ਤੇ ਵਿਸ਼ਵਾਸ ਨਹੀਂ ਕਰਦਾ ਸੀ। ਸਹਾਇਕ ਸੰਪਾਦਕ ਅਤੇ ਪ੍ਰੂਫ ਰੀਡਰ ਦਾ ਕੰਮ ਪਿ੍ਰੰਟਿੰਗ
ਪ੍ਰੈਸ ਵਿਚ ਜਾ ਕੇ ਰਸਾਲਾ ਪ੍ਰਕਾਸ਼ਤ ਕਰਵਾਉਣਾ ਹੁੰਦਾ ਸੀ। ਉਦੋਂ ਰਸਾਲਾ ਕੇਂਦਰ ਸ਼ਾਸ਼ਤ ਪ੍ਰਦੇਸ਼
ਚੰਡੀਗੜ੍ਹ ਦੀ ਸਰਕਾਰੀ ਪ੍ਰੈਸ ਵਿਚ ਪ੍ਰਕਾਸ਼ਤ ਹੁੰਦਾ ਸੀ। ਸਿੱਕੇ ਦੀ ਕੰਪੋਜਿੰਗ ਹੱਥ ਨਾਲ ਕੀਤੀ
ਜਾਂਦੀ ਸੀ। ਉਦੋਂ ਕੰਪਿਊਟਰ ਅਜੇ ਆਏ ਨਹੀਂ ਸਨ। ਪ੍ਰੈਸ ਵਿਚ ਖੱਜਲ ਖ਼ੁਆਰੀ ਬੜੀ ਹੁੰਦੀ ਸੀ। ਇਸ
ਸ਼ਾਖਾ ਵਿਚ ਬਹੁਤ ਸਾਰੇ ਸਾਹਿਤਕਾਰ ਅਤੇ ਪ੍ਰੈਸਾਂ ਵਾਲੇ ਮਾਲਕ ਤੇ ਕਰਮਚਾਰੀ ਆਉਂਦੇ ਰਹਿੰਦੇ ਸਨ।
ਇਸ ਲਈ ਉਨ੍ਹਾਂ ਦੀ ਆਓ ਭਗਤ ਲਈ ਚਾਹ ਪਾਣੀ ਪਿਲਾਉਣਾ ਪੈਂਦਾ ਸੀ। ਸੁਖਪਾਲਵੀਰ ਸਿੰਘ ਹਸਰਤ ਬੜਾ
ਕੰਜੂਸ ਸੀ ਕਿਉਂਕਿ ਉਦੋਂ ਪੀ ਆਰ ਓ ਦੀ ਤਨਖ਼ਾਹ ਵੀ ਪੁਰਾਣੇ ਗਰੇਡ ਵਿਚ ਥੋੜ੍ਹੀ ਹੁੰਦੀ ਸੀ। ਉਹ ਪੰਜਾਬੀ ਦਾ ਕਵੀ ਹੋਣ ਕਰਕੇ, ਉਸ ਕੋਲ ਬਹੁਤ ਸਾਰੇ ਸਾਹਿਤਕਾਰ ਆਪਣੀਆਂ ਰਚਨਾਵਾਂ ਜਾਗ੍ਰਤੀ ਪੰਜਾਬੀ ਵਿਚ
ਪ੍ਰਕਾਸ਼ਤ ਕਰਵਾਉਣ ਲਈ ਦੇਣ ਵਾਸਤੇ ਆਉਂਦੇ ਜਾਂਦੇ ਰਹਿੰਦੇ ਸਨ। ਉਦੋਂ ਈ ਮੇਲ ਦਾ ਰਿਵਾਜ ਨਹੀਂ ਸੀ।
ਸਰਕਾਰੀ ਰਸਾਲਾ ਹੋਣ ਕਰਕੇ ਲੇਖਕਾਂ ਨੂੰ ਸੇਵਾ ਫਲ ਵੀ ਦਿੱਤਾ ਜਾਂਦਾ ਸੀ। ਜਿਸ ਕਰਕੇ ਬਹੁਤੇ
ਸਾਹਿਤਕਾਰ ਸਰਕਾਰੀ ਰਸਾਲੇ ਵਿਚ ਰਚਨਾਵਾਂ ਪ੍ਰਕਾਸ਼ਤ ਕਰਵਾਉਣ ਦੇ ਚਾਹਵਾਨ ਆਉਂਦੇ ਰਹਿੰਦੇ ਸਨ।
ਵੈਸੇ ਤਾਂ ਇਹ ਰਸਾਲਾ ਸਰਕਾਰੀ ਪ੍ਰਚਾਰ ਲਈ ਹੀ ਸ਼ੁਰੂ ਕੀਤਾ ਸੀ ਪ੍ਰੰਤੂ ਸੁਖਪਾਲਵੀਰ ਸਿੰਘ ਹਸਰਤ
ਨੇ ਆਪਣਾ ਅਸਰ ਰਸੂਖ ਵਰਤਕੇ ਵਿਭਾਗ ਤੋਂ ਸਾਹਿਤਕ ਰਚਨਾਵਾਂ ਪ੍ਰਕਾਸ਼ਤ ਕਰਨ ਦੀ ਪ੍ਰਵਾਨਗੀ ਲੈ ਲਈ
ਸੀ। ਉਸਦੀ ਦਲੀਲ ਵੀ ਵਾਜਬ ਸੀ ਕਿ ਪ੍ਰਚਾਰ ਸਮਗਰੀ
ਨੂੰ ਲੋਕ ਪੜ੍ਹਦੇ ਨਹੀਂ, ਜੇਕਰ ਸਾਹਿਤਕ ਰਚਨਾਵਾਂ ਹੋਣਗੀਆਂ ਤਾਂ ਲੋਕ
ਪੜ੍ਹ ਲੈਣਗੇ। ਰਸਾਲੇ ਦੇ ਟਾਈਟਲ ਦੇ ਚਾਰੇ ਪੰਨਿਆਂ ਤੇ ਮੰਤਰੀਆਂ ਦੀਆਂ ਤਸਵੀਰਾਂ ਪ੍ਰਕਾਸ਼ਤ
ਹੁੰਦੀਆਂ ਸਨ। ਹਸਰਤ ਨੇ ਟਾਈਟਲ ਦੇ ਪਹਲਿੇ ਅਤੇ ਚੌਥੇ ਪੰਨੇ ਤੇ ਕੋਈ ਹੋਰ ਦਿਲਚਸਪ ਤਸਵੀਰ
ਪ੍ਰਕਾਸ਼ਤ ਕਰਨ ਦੀ ਵੀ ਪ੍ਰਵਾਨਗੀ ਲੈ ਲਈ ਸੀ। ਇਸ ਪ੍ਰਕਾਰ ਫੋਟੋਗ੍ਰਾਫਰ ਤਸਵੀਰਾਂ ਦੇਣ ਲਈ ਵੀ ਆਉਣ
ਲੱਗ ਪਏ। ਜਾਣੀ ਕਿ ਪੰਜਾਬੀ ਸ਼ੈਕਸ਼ਨ ਵਿਚ ਕੋਈ ਨਾ ਕੋਈ ਮਹਿਮਾਨ ਆਇਆ ਹੀ ਰਹਿੰਦਾ ਸੀ। ਉਨ੍ਹਾਂ
ਦਿਨਾ ਵਿਚ ਪੀ ਆਰ ਓ ਕੋਲ ਮਹਿਮਾਨਾ ਦੀ ਆਓ ਭਗਤ ਲਈ ਕੋਈ ਪੈਸਾ ਖ਼ਰਚਣ ਦੇ ਅਖਤਿਆਰ ਨਹੀਂ ਹੁੰਦੇ
ਸਨ। ਹੁਣ ਤਾਂ ਲੋਕ ਸੰਪਰਕ ਦੇ ਹਰ ਅਧਿਕਾਰੀ ਨੂੰ ਆਓ ਭਗਤ ਕਰਨ ਲਈ ਖ਼ਰਚ ਕਰਨ ਦਾ ਅਖਤਿਆਰ ਹੈ। ਉਸ
ਸਮੇਂ ਸਕੱਤਰੇਤ ਦੀ ਕਨਟੀਨ ਵਿਚ ਚਾਹ ਅਤੇ ਖਾਣ ਪੀਣ ਦਾ ਸਾਮਾਨ ਬਹੁਤ ਸਸਤਾ ਹੁੰਦਾ ਸੀ। ਆਮ ਤੌਰ
ਤੇ ਹਸਰਤ ਸਾਹਿਬ ਮਹਿਮਾਨਾ ਨੂੰ ਚਾਹ ਪਿਲਾਉਣ ਦੇ ਬਹੁਤਾ ਹੱਕ ਵਿਚ ਨਹੀਂ ਸਨ। ਜੇਕਰ ਪਿਲਾਉਣੀ ਪਵੇ
ਤਾਂ ਬਹੁਤੀ ਵਾਰ ਮਹਿਮਾਨਾ ਨੂੰ ਕਨਟੀਨ ਵਿਚ ਹੀ ਚਾਹ ਪਿਲਾਉਣ ਲਈ ਲੈ ਜਾਂਦੇ ਸਨ ਕਿਉਂਕਿ ਦਫਤਰ
ਵਿਚ ਮੌਕੇ ਤੇ ਹੋਰ ਸਾਹਿਤਕਾਰ ਆ ਜਾਂਦੇ ਸਨ। ਕਨਟੀਨ ਵਿਚ ਉਸਦੀ ਕੋਸਿਸ਼ ਹੁੰਦੀ ਸੀ ਕਿ ਮਹਿਮਾਨ ਈ
ਚਾਹ ਦੇ ਪੈਸੇ ਦੇ ਦੇਵੇ। ਅਸਲ ਵਿਚ ਉਦੋਂ ਪੀ ਆਰ ਓ ਦੀ ਤਨਖ਼ਾਹ ਵੀ ਤਿੰਨ ਫਿਗਰਾਂ ਵਿਚ ਹੀ ਹੁੰਦੀ
ਸੀ। ਸੇਵਾਦਾਰ ਵਾਰ ਵਾਰ ਚਾਹ ਲੈਣ ਜਾਣ ਤੋਂ ਕੰਨੀ ਕਤਰਾਂਦਾ ਸੀ। ਉਨ੍ਹਾਂ ਦਿਨਾਂ ਵਿਚ ਸਰਕਾਰੀ
ਕਨਟੀਨ ਵਿਚ ਚਾਹ ਦਾ ਕਪ 10 ਪੈਸੇ, ਚਾਹ
ਦਾ ਹਾਫ ਸੈਟ 40 ਪੈਸੇ, ਚਾਹ
ਦਾ ਫੁਲ ਸੈਟ 60 ਪੈਸੇ, ਸਮੋਸਾ
20 ਪੈਸੇ ਅਤੇ ਬੇਸਣ, ਗੁਲਾਬ
ਜਾਮਣ, ਜਲੇਬੀਆਂ ਆਦਿ ਦੇ ਵੀ ਬਹੁਤ ਘੱਟ ਦਰਾਂ ਤੇ ਮਿਲਦੀਆਂ
ਸਨ। ਸੇਵਾਦਾਰ ਦੇਸ ਰਾਜ ਅੱਕਿਆ ਰਹਿੰਦਾ ਸੀ। ਕਈ ਵਾਰੀ ਚਾਹ ਪਾਣੀ ਲੈਣ ਗਿਆ ਮਹਿਮਾਨਾ ਦੇ ਜਾਣ
ਤੋਂ ਬਾਅਦ ਆਉਂਦਾ ਸੀ। ਸਾਰੇ ਸੇਵਾਦਾਰ ਚੰਡੀਗੜ੍ਹ ਦੇ ਆਸ ਪਾਸ ਦੇ ਪਿੰਡਾਂ ਦੇ ਸਨ। ਪੰਜਾਬੀ
ਸ਼ੈਕਸ਼ਨ ਵਿਚ ਹੋਰ ਕੋਈ ਸੇਵਾਦਾਰ ਆਉਣ ਨੂੰ ਤਿਆਰ ਹੀ ਨਹੀਂ ਸੀ। ਸਵੇਰੇ ਪਹਿਲਾਂ ਉਹ ਆਪੋ ਆਪਣੇ
ਪਿੰਡਾਂ ਤੋਂ ਦੁਧ ਅਤੇ ਸਬਜੀਆਂ ਲੈ ਕੇ ਵੱਡੇ ਪ੍ਰਬੰਧਕੀ ਅਧਿਕਾਰੀਆਂ ਦੇ ਘਰਾਂ ਵਿਚ ਦੇ ਕੇ ਆਉਂਦੇ
ਸਨ ਅਤੇ ਉਨ੍ਹਾਂ ਦੀਆਂ ਸਿਫਾਰਸ਼ਾਂ ਨਾਲ ਹੀ ਭਰਤੀ ਹੋਏ ਹੁੰਦੇ ਸਨ। ਸਰਕਾਰੀ ਨੌਕਰੀ ਤਾਂ ਉਹ ਰੂੰਘੇ
ਵਿਚ ਹੀ ਕਰਦੇ ਸਨ। ਇਸ ਲਈ ਉਹ ਬਹੁਤਾ ਵਿਭਾਗ ਦੇ ਅਧਿਕਾਰੀਆਂ ਨੂੰ ਗੌਲਦੇ ਨਹੀਂ ਸਨ। ਇਕ ਦਿਨ
ਸੁਖਪਾਲਵੀਰ ਸਿੰਘ ਹਸਰਤ ਕੋਲ ਦੋ ਵੱਡੇ ਸਾਹਿਤਕਾਰ ਆ ਗਏ। ਉਸਨੇ ਦੇਸ ਰਾਜ ਨੂੰ ਬਲਾਇਆ ਅਤੇ ਪੰਜ
ਰੁਪਏ ਦਾ ਨੋਟ ਦੇ ਕੇ ਕਿਹਾ ਕਿ ਚਾਹ ਅਤੇ ਖਾਣ ਲਈ ਸਮੋਸੇ ਤੇ ਮਿੱਠਾ ਲੈ ਆ। ਦੇਸ ਰਾਜ ਜਦੋਂ ਕਾਫੀ
ਦੇਰ ਨਾ ਆਇਆ ਤਾਂ ਉਸਨੇ ਆਪਣੇ ਸਟੈਨੋ ਗੁਰਦਾਸ ਸਿੰਘ ਨੂੰ ਦੇਸ ਰਾਜ ਦਾ ਪਤਾ ਕਰਨ ਲਈ ਭੇਜਿਆ।
ਜਦੋਂ ਦੇਸ ਰਾਜ ਆਇਆ ਤਾਂ ਉਸਨੇ ਦੋ ਵੱਡੇ ਲਿਫਾਫੇ ਮੇਜ ਤੇ ਰੱਖ ਦਿੱਤੇ ਅਤੇ ਚਾਹ ਕੱਪਾਂ ਵਿਚ
ਪਾਉਣ ਲੱਗ ਪਿਆ। ਸੁਖਪਾਲਵੀਰ ਸਿੰਘ ਹਸਰਤ ਲਿਫਾਫੇ ਵੇਖ ਕੇ ਅੱਗ ਬਬੂਲਾ ਹੋ ਗਿਆ ਕਿਉਂਕਿ ਦੇਸ ਰਾਜ
ਚਾਹ ਦਾ ਫੁਲ ਸੈਟ ਅਤੇ ਬਾਕੀ ਸਾਰੇ ਪੈਸਿਆਂ ਦੇ ਸਮੋਸੇ ਲੈ ਆਇਆ ਸੀ। ਦੇਸ ਰਾਜ ਨੇ ਕਿਹਾ ਕਿ
ਤੁਸੀਂ ਤਾਂ ਚਾਹ ਅਤੇ ਸਮੋਸੇ ਲਿਆਉਣ ਲਈ ਕਿਹਾ ਸੀ, ਮੈਂ
ਲੈ ਆਇਆ, ਤੁਸੀਂ ਇਹ ਤਾਂ ਨਹੀਂ ਕਿਹਾ ਕਿ ਕਿਤਨੇ ਲਿਆਉਣੇ ਹਨ।
ਮੈਂ ਤਾਂ ਸਮੋਸੇ ਬਣਵਾ ਕੇ ਲਿਆਇਆ ਹਾਂ ਤਾਂ ਹੀ ਦੇਰੀ ਹੋ ਗਈ। ਬੇਸਣ ਖ਼ਤਮ ਹੋ ਗਿਆ ਸੀ, ਇਸ ਕਰਕੇ ਮੈਂ ਲੈ ਕੇ ਨਹੀਂ ਆਇਆ। ਪਹਿਲੀ ਵਾਰੀ ਸਾਰੀ ਪੰਜਾਬੀ ਸੈਕਸ਼ਨ ਨੂੰ
ਸੁਖਪਾਲਵੀਰ ਸਿੰਘ ਹਸਰਤ ਨੇ ਦੇਸ ਰਾਜ ਦੀ ਬਦਨੀਤੀ ਕਰਕੇ ਸਮੋਸੇ ਖਿਲਾਏ।
Comments
Post a Comment