ਕਿਸਾਨਾ ਦਾ ਹਮਦਰਦ ਅਤੇ ਹਮਾਇਤੀ ਖੇਤੀਬਾੜੀ ਵਿਗਿਆਨੀ ਡਾ.ਅਮਰੀਕ ਸਿੰਘ ਚੀਮਾ
ਪੰਜਾਬ ਵਿਚ ਹਰਾ ਇਨਕਲਾਬ ਲਿਆਉਣ ਦੇ ਮੋਢੀਆਂ
ਵਿਚੋਂ ਡਾ.ਅਮਰੀਕ ਸਿੰਘ ਚੀਮਾ ਸਹੀ ਅਰਥਾਂ ਵਿਚ ਕਿਸਾਨਾ ਦਾ ਹਮਦਰਦ ਅਤੇ ਹਮਾਇਤੀ ਸੀ, ਜਿਸਨੇ ਆਪਣੀ ਨੌਕਰੀ ਦੌਰਾਨ ਪੰਜਾਬ ਦੇ ਕਿਸਾਨਾ ਨੂੰ ਖੇਤੀ ਦੀ ਉਪਜ ਵਧਾਉਣ ਲਈ
ਆਧੁਨਿਕ ਢੰਗ ਤਰੀਕੇ ਅਪਨਾਉਣ ਲਈ ਜ਼ੋਰ ਦਿੱਤਾ। ਅਮਰੀਕ ਸਿੰਘ ਚੀਮਾ ਦਾ ਜਨਮ 1 ਦਸੰਬਰ 1918 ਨੂੰ ਪੱਛਵੀਂ ਪੰਜਾਬ ਦੇ ਬਧਾਈ ਚੀਮਾ ਪਿੰਡ
ਵਿਚ ਕਿਸਾਨ ਘਰਾਣੇ ਵਿਚ ਸ੍ਰ.ਕਰਤਾਰ ਸਿੰਘ ਦੇ ਘਰ ਹੋਇਆ। ਆਪਨੇ ਖੇਤੀਬਾੜੀ ਦੀ ਪੜ੍ਹਾਈ ਲਾਇਲਪੁਰ
ਖੇਤੀਬਾੜੀ ਕਾਲਜ ਤੋਂ ਪ੍ਰਾਪਤ ਕੀਤੀ। ਉਨ੍ਹਾਂ ਆਪਣੀ ਉਚੇਰੀ ਪੜ੍ਹਾਈ ਅਤੇ ਪੀ.ਐਚ.ਡੀ.ਦੀ ਡਿਗਰੀ
ਅਮਰੀਕਾ ਦੀ ਕੌਰਨਿਲ ਯੂਨੀਵਰਸਿਟੀ ਤੋਂ ਪਾਸਾਰ ਸਿਖਿਆ ਦੇ ਵਿਸ਼ੇ ਵਿਚ ਕੀਤੀ। ਦੇਸ਼ ਦੀ ਵੰਡ ਸਮੇਂ
ਆਪਦੇ ਪਰਿਵਾਰ ਨੂੰ ਗੁਰਦਾਸਪੁਰ ਦੇ ਨਜ਼ਦੀਕ ਰਣਜੀਤ ਬਾਗ ਵਿਚ ਜ਼ਮੀਨ ਅਲਾਟ ਹੋ ਗਈ। ਉਨ੍ਹਾਂ ਨੇ ਉਥੇ
ਇਕ ਖੇਤੀਬਾੜੀ ਦਾ ਫਾਰਮ ਬਣਾ ਲਿਆ ਕਿਉਂਕਿ ਆਪ ਦਾ ਪਰਿਵਾਰ ਖੇਤੀਬਾੜੀ ਨੂੰ ਪ੍ਰਫੁਲਤ ਕਰਨ ਵਿਚ
ਵਿਸ਼ਵਾਸ ਰੱਖਦਾ ਸੀ, ਇਸ ਲਈ ਉਨ੍ਹਾਂ ਇਕ ਹੋਰ ਖੇਤੀਬਾੜੀ ਦਾ ਫਾਰਮ
ਸਾਂਝੇ ਪੰਜਾਬ ਵਿਚ ਪਾਣੀਪਤ ਦੇ ਨੇੜੇ ਵੀ ਬਣਾ ਲਿਆ ਸੀ। ਉਨ੍ਹਾਂ ਦਾ ਪਰਿਵਾਰ ਸ਼ਹਿਰ ਵਿਚ ਰਹਿਣ ਦੀ
ਥਾਂ ਆਪਣੇ ਖੇਤ ਵਿਚ ਫਾਰਮ ਬਣਾਕੇ ਰਹਿਣ ਵਿਚ ਯਕੀਨ ਰੱਖਦਾ ਸੀ। ਉਨ੍ਹਾਂ ਆਪਣੀ ਪਹਿਲੀ ਨੌਕਰੀ
ਫਰੀਦਕੋਟ ਰਿਆਸਤ ਵਿਚ ਮਹਾਰਾਜਾ ਫਰੀਦਕੋਟ ਕੋਲ ਕੀਤੀ। ਜਦੋਂ ਰਿਆਸਤਾਂ ਨੂੰ ਇਕੱਠੇ ਕਰਕੇ ਨਵਾਂ
ਸੂਬਾ ਪੈਪਸੂ ਬਣਿਆਂ ਤਾਂ ਆਪਨੂੰ ਪੈਪਸੂ ਦੇ ਖੇਤੀਬਾੜੀ ਵਿਭਾਗ ਦਾ ਡਾਇਰੈਕਟਰ ਲਗਾਇਆ ਗਿਆ। 1956
ਵਿਚ ਜਦੋਂ ਪੈਪਸੂ ਪੰਜਾਬ ਵਿਚ ਸ਼ਾਮਲ ਹੋ ਗਿਆ ਤਾਂ ਆਪ ਪੰਜਾਬ ਦੇ ਖੇਤੀਬਾੜੀ
ਵਿਭਾਗ ਵਿਚ ਆ ਗਏ। ਆਪਦੀਆਂ ਕਿਸਾਨਾ ਅਤੇ ਖੇਤੀ ਦੇ ਵਿਕਾਸ ਸੰਬੰਧੀ ਰੁਚੀਆਂ ਨੂੰ ਮੁੱਖ ਰਖਦਿਆਂ 1963
ਵਿਚ ਆਪਨੂੰ ਪੰਜਾਬ ਦੇ ਖੇਤੀਬਾੜੀ ਵਿਭਾਗ ਦਾ ਡਾਇਰੈਕਟਰ ਬਣਾ ਦਿੱਤਾ ਗਿਆ। ਉਸ
ਸਮੇਂ ਪੰਜਾਬ ਵਿਚ ਸੰਗਠਤ ਖੇਤੀ ਦੀ ਮੁਹਿੰਮ ਅਧੀਨ ਕਿਸਾਨਾ ਨੂੰ ਰਸਇਣਕ ਖਾਦਾਂ ਦੀ ਵਰਤੋਂ ਕਰਨ ਤੇ
ਜ਼ੋਰ ਦਿੱਤਾ ਜਾ ਰਿਹਾ ਸੀ। ਕਿਸਾਨਾ ਨੂੰ ਰਸਾਇਣਕ ਖਾਦਾਂ ਵਰਤਣ ਅਤੇ ਸਿੰਜਾਈ ਸਹੂਲਤਾਂ ਦੇਣ ਵਿਚ
ਆਪਨੇ ਦਿਲਚਸਪੀ ਨਾਲ ਕਿਸਾਨਾ ਨੂੰ ਉਤਸ਼ਾਹਤ ਕੀਤਾ। ਉਸ ਸਮੇਂ ਦੇਸ਼ ਵਿਚ ਭੁੱਖਮਰੀ ਦਾ ਦੌਰ ਸੀ।
ਭਾਰਤ ਦੀ ਆਬਾਦੀ ਦੀਆਂ ਜ਼ਰੂਰਤਾਂ ਲਈ ਪੂਰਾ ਅਨਾਜ ਉਪਲਭਧ ਨਹੀਂ ਸੀ। ਅਜਿਹੇ ਨਾਜ਼ਕ ਮੌਕੇ ਤੇ ਭਾਰਤ ਸਰਕਾਰ ਨੇ ਆਪਨੂੰ 1966
ਵਿਚ ਭਾਰਤ ਦੇ ਖੇਤੀਬਾੜੀ ਕਮਿਸ਼ਨਰ ਬਣਾਕੇ ਅਨਾਜ ਦੇ ਉਤਪਾਦਨ ਵਿਚ ਵਾਧਾ ਕਰਨ ਲਈ
ਉਪਰਾਲੇ ਕਰਨ ਲਈ ਕਿਹਾ। ਕਣਕ ਅਤੇ ਚੌਲਾਂ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਭਾਰਤ ਵਿਚ ਲਿਆਉਣ
ਲਈ ਕੇਂਦਰ ਸਰਕਾਰ ਨਾਲ ਵਿਚਾਰ ਵਟਾਂਦਰਾ ਕਰਕੇ ਖੇਤੀ ਮਾਹਿਰਾਂ ਦੀ ਟੀਮ ਮੈਕਸੀਕੋ ਭੇਜੀ ਤਾਂ ਜੋ
ਉਥੋਂ ਵੱਧ ਝਾੜ ਦੇਣ ਵਾਲੀਆਂ ਕਿਸਮਾ ਦੇ ਬੀਜ ਭਾਰਤ ਲਿਆਂਦੇ ਜਾ ਸਕਣ। ਉਦੋਂ ਪਹਿਲੀ ਵਾਰ ਵੱਡੀ
ਮਾਤਰਾ ਵਿਚ ਮੈਕਸੀਕਨ ਕਣਕ ਦੇ ਬੀਜ ਭਾਰਤ ਲਿਆਂਦੇ ਗਏ। ਇਨ੍ਹਾਂ ਬੀਜਾਂ ਨੂੰ ਪੰਜਾਬ ਅਤੇ ਹਰਿਆਣਾ
ਵਿਚ ਵੰਡਿਆ ਗਿਆ। ਬਹੁਤਾ ਬੀਜ ਪੰਜਾਬ ਵਿਚ ਵੰਡਿਆ ਗਿਆ ਕਿਉਂਕਿ ਪੰਜਾਬ ਦੇ ਕਿਸਾਨ ਹਰ ਨਵੀਂ ਪਹਿਲ
ਕਦਮੀ ਕਰਨ ਵਿਚ ਮੋਹਰੀ ਰਹਿੰਦੇ ਹਨ। ਇਸ ਤੋਂ ਬਾਅਦ ਚੌਲਾਂ ਦਾ ਉਤਪਾਦਨ ਵਧਾਉਣ ਲਈ ਤਾਇਵਾਨ ਤੋਂ
ਵੱਧ ਝਾੜ ਵਾਲੇ ਬੀਜ ਭਾਰਤ ਮੰਗਵਾਕੇ ਉਨ੍ਹਾਂ ਦੀ ਪਰਖ ਕਰਵਾਈ ਕਿ ਕੀ ਉਹ ਬੀਜ ਪੰਜਾਬ ਵਿਚ ਸਫਲ ਹੋ
ਸਕਦੇ ਹਨ? ਕੁਝ ਚੋਣਵੇਂ ਕਿਸਾਨਾ ਨੂੰ ਸਿਖਲਾਈ ਲੈਣ ਲਈ ਤਾਇਵਾਨ
ਭੇਜਿਆ। ਕਿਸਾਨਾ ਦੀਆਂ ਸਮੱਸਿਆਵਾਂ ਬਾਰੇ ਉਨ੍ਹਾਂ ਨੂੰ ਵਧੇਰੇ ਜਾਣਕਾਰੀ ਸੀ, ਇਸ ਲਈ ਉਨ੍ਹਾਂ ਕੇਂਦਰ ਸਰਕਾਰ ਤੋਂ ਕਿਸਾਨਾ ਦੀ ਆਮਦਨ ਵਧਾਉਣ ਲਈ ਬਹੁਤ ਸਾਰੀਆਂ
ਸਕੀਮਾ ਸ਼ੁਰੂ ਕਰਵਾਈਆਂ। ਆਮ ਤੌਰ ਤੇ ਆਈ.ਏ.ਐਸ.ਅਧਿਕਾਰੀ ਛੇਤੀ ਕੀਤਿਆਂ ਨਵੀਆਂ ਸਕੀਮਾ ਦੇ ਰਾਹ
ਵਿਚ ਰੋੜੇ ਅਟਕਾਉਣ ਦੇ ਆਦੀ ਹੁੰਦੇ ਹਨ ਪ੍ਰੰਤੂ ਅਮਰੀਕ ਸਿੰਘ ਚੀਮਾ ਦੀਆਂ ਸਾਰਥਕ ਦਲੀਲਾਂ ਕਰਕੇ
ਉਨ੍ਹਾਂ ਨੂੰ ਮੰਨਣਾ ਪਿਆ। ਉਹ ਮਹਿਸੂਸ ਕਰਦੇ ਸਨ ਕਿ ਖੇਤੀਬਾੜੀ ਨੂੰ ਉਤਸ਼ਾਹਤ ਕਰਨ ਲਈ ਨੌਜਵਾਨ
ਕਿਸਾਨਾ ਨੂੰ ਅੱਗੇ ਲਿਆਂਦਾ ਜਾਵੇ ਤਾਂ ਉਹ ਆਧੁਨਿਕ ਤਕਨੀਕਾਂ ਵਰਤਕੇ ਅਨਾਜ ਦਾ ਉਤਪਾਦਨ ਵਧਾ ਸਕਣ।
ਨੌਜਵਾਨਾ ਦੇ ਅੱਗੇ ਆਉਣ ਨਾਲ ਬੇਰੋਜ਼ਗਾਰੀ ਵੀ ਦੂਰ ਹੋਵੇਗੀ ਅਤੇ ਉਹ ਆਹਰੇ ਲੱਗ ਜਾਣਗੇ। ਉਨ੍ਹਾਂ
ਨੇ ਇਕ ਨੌਜਵਾਨ ਸੰਸਥਾ ਬਣਾਈ ਅਤੇ ਪਟਿਆਲਾ ਜਿਲ੍ਹੇ ਦੇ ਰਖੜਾ ਪਿੰਡ ਦੇ ਨਜ਼ਦੀਕ ਨੌਜਵਾਨਾ ਲਈ
ਸਿਖਲਾਈ ਕੇਂਦਰ ਖੋਲਿ੍ਹਆ। ਉਹ ਇਹ ਵੀ ਮਹਿਸੂਸ ਕਰਦੇ ਸਨ ਕਿ ਕਿਸਾਨਾ ਲਈ ਸਨਅਤਕਾਰਾਂ ਵਾਂਗੂੰ
ਕਿਸਾਨ ਚੈਂਬਰ ਆਫ ਕਮਰਸ ਦੀ ਸ਼ੁਰੂਆਤ ਕੀਤੀ ਜਾਵੇ। ਉਨ੍ਹਾਂ ਬੈਂਕਾਂ ਨੂੰ ਕਿਸਾਨਾ ਨੂੰ ਕਰਜ਼ੇ ਦੇਣ
ਲਈ ਉਤਸ਼ਾਹਤ ਕੀਤਾ। 1973 ਤੱਕ ਉਹ ਖੇਤੀਬਾੜੀ ਕਮਿਸ਼ਨਰ ਦੇ ਅਹੁਦੇ ਤੇ
ਰਹੇ। ਉਸਤੋਂ ਬਾਅਦ ਵਿਸ਼ਵ ਬੈਂਕ ਨੇ ਆਪਨੂੰ ਆਪਣਾ ਖੇਤੀਬਾੜੀ ਸਲਾਹਕਾਰ ਨਿਯੁਕਤ ਕਰ ਲਿਆ ਜਿਸ
ਅਹੁਦੇ ਤੇ ਆਪ 1976 ਤੱਕ ਕੰਮ ਕਰਦੇ ਰਹੇ। ਪੰਜਾਬ ਦੇ ਮੁੱਖ ਮੰਤਰੀ
ਗਿਆਨੀ ਜ਼ੈਲ ਸਿੰਘ ਆਪਦੀ ਕਾਰਜ਼ਕੁਸ਼ਲਤਾ ਤੋਂ ਬਹੁਤ ਹੀ ਪ੍ਰਭਾਵਤ ਸਨ, ਇਸ
ਲਈ ਉਨ੍ਹਾਂ ਆਪ ਲਈ ਵਿਸ਼ੇਸ਼ ਤੌਰ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਦੀ ਅਸਾਮੀ
ਖਾਲੀ ਕਰਵਾਕੇ ਆਪਨੂੰ ਉਪ ਕੁਲਪਤੀ ਨਿਯੁਕਤ ਕੀਤਾ। ਆਪ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ
ਦੇ ਤੀਜੇ ਅਤੇ ਪਹਿਲੇ ਖੇਤੀ ਮਾਹਰ ਉਪਕੁਲਪਤੀ ਬਣੇ। ਉਹ ਹਮੇਸ਼ਾ ਨਵੀਂਆਂ ਤਕਨੀਕਾਂ ਪੰਜਾਬ ਦੇ
ਕਿਸਾਨਾ ਤਕ ਪਹੁੰਚਾਉਣ ਦੇ ਉਪਰਾਲੇ ਕਰਦੇ ਰਹੇ। ਖੇਤੀਬਾੜੀ ਯੂਨੀਵਰਸਿਟੀ ਵਿਚ ਕਿਸਾਨਾ ਦੀ ਸਿਖਲਾਈ
ਲਈ ਸਿਖਲਾਈ ਕੇਂਦਰ ਨੂੰ ਮਜ਼ਬੂਤ ਕੀਤਾ ਅਤੇ ਇਸ
ਕੇਂਦਰ ਨੂੰ ਦੇਸ਼ ਦਾ ਸਭ ਤੋਂ ਵੱਡਾ ਸਿਖਲਾਈ ਕੇਂਦਰ ਬਣਾਇਆ। ਕਿਸਾਨ ਮੇਲਿਆਂ ਦੀ ਪਾਈ ਪਿਰਤ ਨੂੰ
ਅੱਗੇ ਤੋਰਦਿਆਂ ਵੱਧ ਤੋਂ ਵੱਧ ਕਿਸਾਨਾ ਦੀ ਸ਼ਮੂਲੀਅਤ ਲਈ ਯੂਨੀਵਰਸਿਟੀ ਪ੍ਰਬੰਧ ਨੂੰ ਕਾਰਜਸ਼ੀਲ
ਕੀਤਾ। ਵਧੇਰੇ ਕਿਸਾਨਾ ਨੂੰ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰੋਗਰਾਮਾ ਨਾਲ ਜੋੜਨ ਲਈ ਪਟਿਆਲਾ
ਜਿਲ੍ਹੇ ਵਿਚ ਰੌਣੀ ਖੇਤੀਬਾੜੀ ਫਾਰਮ ਸਥਾਪਤ ਕੀਤਾ। ਇਸ ਫਾਰਮ ਵਿਚ ਵੀ ਕਿਸਾਨ ਮੇਲਾ ਸ਼ੁਰੂ ਕਰਨ ਦੀ
ਪਿਰਤ ਪਾਈ ਜੋ ਹੁਣ ਤਕ ਲਗਾਤਾਰ ਚਲ ਰਿਹਾ ਹੈ। ਰਖੜਾ ਪਿੰਡ ਦੇ ਨਜ਼ਦੀਕ ਯੰਗ ਫਾਰਮਰਜ਼ ਸੰਸਥਾ
ਕਿਸਾਨਾ ਨੂੰ ਸਾਲ ਵਿਚ ਦੋ ਵਾਰ ਕਿਸਾਨ ਮੇਲੇ ਲਗਾਕੇ ਉਥੇ ਤਕਨੀਕੀ ਜਾਣਕਾਰੀ ਦਿੰਦੀ ਹੈ ਅਤੇ
ਫਸਲਾਂ ਦੇ ਨਵੇਂ ਬੀਜਾਂ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ।
Comments
Post a Comment