ਗੁਰਮਤਿ ਦਾ ਪ੍ਰਸਿੱਧ ਵਿਦਵਾਨ ਕਥਾਵਾਚਕ : ਗਿਆਨੀ ਸੰਤ ਸਿੰਘ ਮਸਕੀਨ
ਸਿੱਖ ਧਰਮ ਸੰਸਾਰ ਦੇ ਸਾਰੇ ਧਰਮਾਂ ਤੋਂ
ਆਧੁਨਿਕ ਧਰਮ ਹੈ। ਬਹੁਤ ਸਾਰੇ ਵਿਦਵਾਨ ਗੁਰਬਾਣੀ ਦੀ ਵਿਆਖਿਆ ਕਰਕੇ ਆਮ ਲੋਕਾਂ ਨੂੰ ਸਿੱਖ ਧਰਮ ਦੀ
ਵਿਚਾਰਧਾਰਾ ਬਾਰੇ ਸੌਖੇ ਢੰਗ ਨਾਲ ਜਾਣਕਾਰੀ ਦਿੰਦੇ ਹਨ। ਹਰ ਵਿਦਵਾਨ ਆਪਣੀ ਵਿਦਵਤਾ ਤੇ ਮਾਣ ਕਰਦਾ
ਹੋਇਆ ਇਹ ਕਹਿੰਦਾ ਹੈ ਕਿ ਉਸਦੇ ਗੁਰਬਾਣੀ ਦੇ ਗਿਆਨ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਭਾਵ ਉਹ
ਵਿਦਵਾਨ ਹਓਮੈ ਵਿਚ ਗ੍ਰਸਿਆ ਹੋਇਆ ਹੈ, ਜਦੋਂ ਕਿ ਗੁਰਬਾਣੀ ਹਓਮੈ ਦਾ ਖੰਡਨ ਕਰਦੀ ਹੋਈ,
ਉਸਨੂੰ ਤਿਆਗਣ ਦੀ ਪ੍ਰੇਰਨਾ ਦਿੰਦੀ ਹੈ। ਦੁੱਖ ਇਸ ਗੱਲ ਦਾ ਹੈ ਕਿ ਵਿਦਵਾਨਾ ਦੀ
ਵਿਦਵਤਾ ਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਸਾਡੀ ਨੌਜਵਾਨ ਪੀੜੀ ਗੁਰੂ ਸਾਹਿਬਾਨ ਦੀ ਵਿਚਾਰਧਾਰਾ
ਤੇ ਪਹਿਰਾ ਨਹੀਂ ਦੇ ਰਹੀ ਸਗੋਂ ਉਸਦੇ ਉਲਟ ਚਲਕੇ ਪਤਿਤ ਹੋ ਰਹੀ ਹੈ। ਜਿਹੜੇ ਕਰਮ ਕਾਂਡਾਂ ਤੋਂ
ਗੁਰੂ ਸਾਹਿਬ ਨੇ ਰੋਕਿਆ ਸੀ, ਅਸੀਂ ਉਨ੍ਹਾਂ ਦਾ ਪੱਲਾ ਫੜਨ ਲੱਗ ਗਏ ਹਾਂ।
ਇਥੋਂ ਤੱਕ ਕਿ ਗੁਰੂ ਘਰਾਂ ਵਿਚ ਸੰਤੋਖ ਸਿੰਘ ਚੂੜਾਮਣੀ ਦੀਆਂ ਸੂਰਜ ਪ੍ਰਕਾਸ਼ ਵਿਚ ਲਿਖੀਆਂ ਸਾਖੀਆਂ
ਦੀ ਕਥਾ ਕਰ ਰਹੇ ਹਾਂ। ਇਨ੍ਹਾਂ ਸਾਖੀਆਂ ਵਿਚ ਕਰਾਮਾਤਾਂ ਦਾ ਜ਼ਿਕਰ ਕੀਤਾ ਹੋਇਆ ਹੈ। ਕਈ ਅਸਭਿਅਕ
ਗੱਲਾਂ ਲਿਖੀਆਂ ਗਈਆਂ ਹਨ ਜਿਹੜੀਆਂ ਸਿੱਖ ਵਿਚਾਰਧਾਰਾ ਦੇ ਵਿਰੁੱਧ ਜਾਂਦੀਆਂ ਹਨ। ਇਸ ਖੇਤਰ ਵਿਚ
ਅਣਗਿਣਤ ਵਿਆਖਿਆਕਾਰ, ਸੰਤ, ਗਿਆਨੀ,
ਰਾਗੀ ਅਤੇ ਢਾਡੀ ਆਪੋ ਆਪਣੀ ਸਮਝ ਮੁਤਾਬਕ ਗੁਰਬਾਣੀ ਦੇ ਅਰਥ ਦੱਸਣ ਦੀ ਕੋਸ਼ਿਸ਼ ਕਰਨ
ਵਿਚ ਲੱਗੇ ਹੋਏ ਹਨ। ਉਨ੍ਹਾਂ ਵਿਚੋਂ ਗਿਆਨੀ ਸੰਤ ਸਿੰਘ ਮਸਕੀਨ ਅਜਿਹੇ ਵਿਦਵਾਨ ਵਿਆਖਿਆਕਾਰ ਹੋਏ
ਹਨ, ਜਿਹੜੇ ਪ੍ਰਮਾਣੀਕ ਢੰਗ ਨਾਲ ਸਿੱਖ ਧਰਮ ਵਿਚੋਂ ਉਦਾਹਰਣਾ
ਦੇ ਕੇ ਗੁਰਬਾਣੀ ਦੇ ਅਰਥ ਸਮਝਾਉਂਦੇ ਰਹੇ ਹਨ। ਉਨ੍ਹਾਂ ਦਾ ਜਨਮ ਪੱਛਵੀਂ ਪੰਜਾਬ ਦੇ ਪਿੰਡ ਲੱਕ
ਮਰਵਤ ਜਿਲ੍ਹਾ ਬੰਨੂ ਵਿਚ ਮਾਤਾ ਰਾਮ ਕੌਰ ਅਤੇ ਪਿਤਾ ਕਰਤਾਰ ਸਿੰਘ ਦੇ ਘਰ 1934 ਵਿਚ ਹੋਇਆ। ਉਨ੍ਹਾਂ ਦੀ ਸਹੀ ਜਨਮ ਤਾਰੀਕ ਦਾ ਕਿਸੇ ਨੂੰ ਪਤਾ ਨਹੀਂ। ਇਹ ਇਲਾਕਾ
ਅੱਜ ਕਲ੍ਹ ਪਾਕਿਸਤਾਨ ਵਿਚ ਹੈ। ਮੁੱਢਲੀ ਸਿਖਿਆ ਆਪਨੇ ਸਥਾਨਕ ਖਾਲਸਾ ਸਕੂਲ ਵਿਚੋਂ ਪ੍ਰਾਪਤ ਕੀਤੀ।
ਦੇਸ ਦੀ ਵੰਡ ਸਮੇਂ ਆਪ ਸਰਕਾਰੀ ਹਾਈ ਸਕੂਲ ਵਿਚ ਪੜ੍ਹਦੇ ਸੀ ਪ੍ਰੰਤੂ ਦਸਵੀਂ ਦਾ ਇਮਤਿਹਾਨ ਨਹੀਂ
ਦੇ ਸਕੇ। ਵੰਡ ਤੋਂ ਬਾਅਦ ਆਪਦਾ ਪਰਿਵਾਰ ਰਾਜਸਥਾਨ ਦੇ ਬਹਾਦਰਪੁਰ ਜਿਲ੍ਹੇ ਦੇ ਅਲਵਰ ਸ਼ਹਿਰ ਵਿਚ ਆ
ਕੇ ਵਸ ਗਿਆ। ਥੋੜ੍ਹਾ ਸਮਾਂ ਆਪਨੇ ਪਰਿਵਾਰ ਦੇ ਗੁਜ਼ਾਰੇ ਲਈ ਭਾਰਤੀ ਰੇਲਵੇ ਵਿਚ ਨੌਕਰੀ ਕੀਤੀ। 1952 ਵਿਚ ਆਪਦੇ ਪਿਤਾ ਸਵਰਗ ਸਿਧਾਰ ਗਏ। ਪਿਤਾ ਦੇ ਵਿਛੋੜੇ ਵਿਚ ਆਪ ਉਦਾਸ ਰਹਿਣ ਲੱਗ
ਪਏ। ਉਦਾਸੀ ਦੇ ਵਾਤਾਵਰਨ ਵਿਚ ਸੰਤ ਸਿੰਘ ਮਸਕੀਨ ਕਟਕ ਬੈਜ ਨਾਥ ਧਾਮ ਵਿਖੇ ਨਿਰਮਲੇ ਸਾਧੂਆਂ ਦੀ
ਸੰਗਤ ਵਿਚ ਸ਼ਾਮਲ ਹੋ ਗਏ। ਇਨ੍ਹਾਂ ਨੇ ਨਿਰਮਲੇ ਸੰਤ ਗਿਆਨੀ ਬਲਵੰਤ ਸਿੰਘ ਨੂੰ ਆਪਣਾ ਗੁਰੂ ਧਾਰ
ਲਿਆ। ਗਿਆਨੀ ਬਲਵੰਤ ਸਿੰਘ ਦੀ ਰਹਿਨੁਮਾਈ ਵਿਚ ਕਥਾ ਕਰਨ ਦੀ ਮੁਹਾਰਤ ਹਾਸਲ ਕਰ ਲਈ। ਸੰਤ ਸਿੰਘ
ਨੂੰ ਬਚਪਨ ਵਿਚ ਹੀ ਗਿਆਨ ਪ੍ਰਾਪਤ ਕਰਨ ਦੀ ਇੱਛਾ ਪੈਦਾ ਹੋ ਗਈ ਸੀ। ਇਸ ਲਈ ਜਿਹੜੀ ਵੀ ਪੁਸਤਕ
ਉਸਨੂੰ ਮਿਲਦੀ ਸੀ, ਉਸਦਾ ਪੂਰਾ ਅਧਿਐਨ ਕਰ ਲੈਂਦੇ ਸਨ। ਸਿੱਖ ਧਰਮ
ਦੇ ਪੁਰਾਤਨ ਗ੍ਰੰਥਾਂ, ਸਿੱਖ ਇਤਿਹਾਸ ਅਤੇ ਵਰਤਮਾਨ ਗ੍ਰੰਥਾਂ ਦਾ ਸਭ
ਤੋਂ ਪਹਿਲਾਂ ਅਧਿਐਨ ਕੀਤਾ। ਆਪਨੇ ਪੰਜਾਬੀ, ਹਿੰਦੀ, ਫਾਰਸੀ, ਅਰਬੀ ਅਤੇ ਅੰਗਰੇਜ਼ੀ ਭਾਸ਼ਾ ਦਾ ਗਿਆਨ ਵੀ
ਨਿਰਮਲੇ ਸੰਤਾਂ ਦੀ ਸ਼ੋਹਬਤ ਵਿਚ ਹੀ ਪ੍ਰਾਪਤ ਕੀਤਾ। ਇਨ੍ਹਾਂ ਭਾਸ਼ਾਵਾਂ ਦੇ ਸਾਹਿਤਕਾਰਾਂ ਅਤੇ
ਕਵੀਆਂ ਦੀਆਂ ਕਵਿਤਾਵਾਂ ਦਾ ਅਧਿਐਨ ਵੀ ਕੀਤਾ, ਖਾਸ ਤੌਰ ਤੇ ਉਰਦੂ
ਤੇ ਫਾਰਸੀ ਦੇ ਸ਼ਾਇਰਾਂ ਇਕਬਾਲ, ਗਾਲਿਬ ਅਤੇ ਮੀਰ ਦੀਆਂ ਰਚਨਾਵਾਂ ਨੂੰ ਪੜ੍ਹਕੇ
ਯਾਦ ਕੀਤਾ। ਲੋੜ ਪੈਣ ਤੇ ਉਦਾਹਰਣਾ ਦੇਣ ਲਈ ਉਨ੍ਹਾਂ ਦੀ ਵਰਤੋਂ ਕਰ ਲੈਂਦੇ ਸਨ। ਕਹਿਣ ਤੋਂ ਭਾਵ
ਹੈ ਕਿ ਉਹ ਲੋਕਾਂ ਦੇ ਦਿਲਾਂ ਦੀ ਨਬਜ਼ ਨੂੰ ਪਛਾਣਦੇ ਸਨ। ਇਸ ਲਈ ਲੋਕਾਂ ਦੀ ਸਾਧਾਰਣ ਪੰਜਾਬੀ ਬੋਲੀ
ਵਿਚ ਕਥਾ ਕਰਦੇ ਸਨ। ਗੁਰਬਾਣੀ ਦੇ ਅਰਥਾਂ ਨੂੰ ਪੂਰੀ ਤਰ੍ਹਾਂ ਸਮਝਿਆ ਹੀ ਨਹੀਂ ਸਗੋਂ ਉਨ੍ਹਾਂ ਤੇ
ਅਮਲ ਵੀ ਕੀਤਾ। ਉਸ ਤੋਂ ਬਾਅਦ ਸੰਸਕਿ੍ਰਤ ਸਾਹਿਤ ਵੇਦ ਅਤੇ ਉਪਨਿਸ਼ਦ ਪੜ੍ਹਕੇ ਆਪਣੇ ਗਿਆਨ ਵਿਚ
ਵਾਧਾ ਕੀਤਾ। ਫਿਰ ਸਿੱਖ ਧਰਮ ਦਾ ਦੂਜੇ ਧਰਮਾਂ ਨਾਲ ਤੁਲਨਾਤਮਿਕ ਅਧਿਐਨ ਕੀਤਾ ਤਾਂ ਜੋ ਸਿੱਖ ਧਰਮ
ਦੀ ਵਿਚਾਰਧਾਰਾ ਦੀਆਂ ਖ਼ੂਬੀਆਂ ਬਾਰੇ ਸੰਗਤ ਨੂੰ ਜਾਣਕਾਰੀ ਦਿੱਤੀ ਜਾ ਸਕੇ। ਗਿਆਨੀ ਬਲਵੰਤ ਸਿੰਘ
ਤੋਂ ਬ੍ਰਹਮ ਵਿਦਿਆ ਦਾ ਗਿਆਨ ਵੀ ਪ੍ਰਾਪਤ ਕੀਤਾ। ਜਦੋਂ ਆਪਨੇ ਮਹਿਸੂਸ ਕੀਤਾ ਕਿ ਹੁਣ ਉਹ ਸਿੱਖ
ਧਰਮ ਦੇ ਪਾਸਾਰ ਤੇ ਪ੍ਰਚਾਰ ਵਿਚ ਆਪਣਾ ਯੋਗਦਾਨ ਸੁਚੱਜੇ ਢੰਗ ਨਾਲ ਪਾ ਸਕਦੇ ਹਨ ਤਾਂ ਆਪਨੇ ਸਭ
ਤੋਂ ਪਹਿਲਾਂ 1960 ਵਿਚ ਅਲਵਰ ਵਿਖੇ ਆਪਣੇ ਘਰ ਵਿਚ ਹੀ ਗੁਰਮਤਿ
ਸਮਾਗਮ ਆਯੋਜਤ ਕਰਨੇ ਸ਼ੁਰੂ ਕਰ ਦਿੱਤੇ। ਆਪ ਪੂਰਨ ਗੁਰਮੁੱਖ ਅਤੇ ਨਿਤਨੇਮੀ ਸਨ। ਹਰ ਕੰਮ ਸਿੱਖ ਧਰਮ
ਦੀ ਮਰਿਆਦਾ ਵਿਚ ਰਹਿਕੇ ਆਪ ਕਰਦੇ ਸਨ ਅਤੇ ਸੰਗਤਾਂ ਨੂੰ ਅਜਿਹਾ ਕਰਨ ਲਈ ਪ੍ਰੇਰਦੇ ਸਨ। ਉਹ
ਮਹਿਸੂਸ ਕਰਦੇ ਸਨ ਕਿ ਉਹ ਸੁਚੱਜੇ ਢੰਗ ਨਾਲ ਪ੍ਰਚਾਰ ਤਾਂ ਹੀ ਕਰ ਸਕਦੇ ਹਨ ਜੇਕਰ ਸਿੱਖ ਧਰਮ ਦੀ
ਵਿਚਾਰਧਾਰਾ ਤੇ ਪਹਿਲਾਂ ਆਪ ਅਮਲ ਕਰਨਗੇ ਤੇ ਫਿਰ ਸੰਗਤ ਨੂੰ ਸਿਖਿਆ ਦੇ ਸਕਣਗੇ। ਇਨਸਾਨ ਦੀ ਕਹਿਣੀ
ਤੇ ਕਰਨੀ ਇਕ ਹੋਣੀ ਚਾਹੀਦੀ ਹੈ। ਕਥਾ ਕਰਨ ਦਾ ਆਪਦਾ ਢੰਗ ਵੀ ਨਿਵੇਕਲਾ ਸੀ। ਉਹ ਆਮ ਜੀਵਨ ਵਿਚੋਂ
ਉਦਾਹਰਣਾ ਦੇ ਕੇ ਸਰਲ ਭਾਸ਼ਾ ਵਿਚ ਸਮਝਾਉਂਦੇ ਸਨ। ਆਪਦਾ ਕਥਾ ਕਰਨ ਦਾ ਢੰਗ ਦਿ੍ਰਸ਼ਟਾਂਤਿਕ ਸੀ।
ਆਪਣੀ ਕਥਾ ਕਰਨ ਦੀ ਵੱਖਰੀ ਸ਼ੈਲੀ ਨਾਲ ਸੰਗਤਾਂ ਨੂੰ ਮੰਤਰ ਮੁਗਧ ਕਰ ਲੈਂਦੇ ਸਨ। ਆਪਦੀ ਬੋਲੀ
ਮਿਠਾਸ ਭਰਪੂਰ ਅਤੇ ਰਸੀਲੀ ਸੀ। ਨਿਮਰਤਾ ਇਤਨੀ ਸੀ ਕਿ ਸੰਗਤਾਂ ਦੇ ਮਨਾ ਨੂੰ ਮੋਹ ਲੈਂਦੇ ਸਨ।
ਉਨ੍ਹਾਂ ਦੀ ਜ਼ਿੰਦਗੀ ਦਾ ਇਕੋ ਇਕ ਮੰਤਵ ਗੁਰਮਤਿ ਪ੍ਰਚਾਰ ਅਤੇ ਪ੍ਰਸਾਰ ਕਰਨਾ ਸੀ। ਅਸਲ ਵਿਚ ਉਹ
ਗੁਰਮਤਿ ਦੇ ਰੰਗ ਵਿਚ ਰੰਗੇ ਹੋਏ ਗੁਰਮੁਖ ਸਨ। ਜਦੋਂ ਉਨ੍ਹਾਂ ਦੇ ਘਰ ਵਿਚ ਗੁਰਮਤਿ ਸਮਾਗਮਾ ਵਿਚ
ਸ਼ਾਮਲ ਹੋਣ ਵਾਲੀ ਸੰਗਤ ਵਿਚ ਵਾਧਾ ਹੋ ਗਿਆ ਤਾਂ
ਉਨ੍ਹਾਂ ਖੁਲ੍ਹੇ ਮੈਦਾਨ ਵਿਚ ਗੁਰਮਤਿ ਸਮਾਗਮ ਕਰਨੇ ਸ਼ੁਰੂ ਕਰ ਦਿੱਤੇ। ਗਿਆਨੀ ਸੰਤ ਸਿੰਘ ਮਸਕੀਨ
ਨੇ ਅਲਵਰ ਵਿਚ ਹਰ ਸਾਲ 1 ਮਾਰਚ ਤੋਂ 3
ਮਾਰਚ ਤੱਕ 3 ਦਿਨਾ ਗੁਰਮਤਿ ਸਮਾਗਮ ਕਰਨ ਨੂੰ ਸਾਲਾਨਾ
ਫੀਚਰ ਬਣਾ ਲਿਆ। ਇਨ੍ਹਾਂ ਗੁਰਮਤਿ ਸਮਾਗਮਾ ਵਿਚ 100, ਰਾਗੀ,
ਢਾਡੀ, ਕੀਰਤਨੀਏ, ਪ੍ਰਚਾਰਕ
ਅਤੇ ਕਥਾ ਵਾਚਕਾਂ ਦੇ ਜੱਥੇ ਸ਼ਾਮਲ ਹੁੰਦੇ ਸਨ। ਉਨ੍ਹਾਂ ਜੱਥਿਆਂ ਨੂੰ ਸੇਵਾ ਫਲ, ਦੁਸ਼ਾਲੇ ਅਤੇ ਸਿਰੋਪਾਓ ਦਿੱਤੇ ਜਾਂਦੇ ਸਨ। ਹਜ਼ਾਰਾਂ ਦੀ ਗਿਣਤੀ ਵਿਚ ਸ਼ਾਮਲ ਹੋਣ
ਵਾਲੀਆਂ ਸੰਗਤਾਂ ਦੇ ਰਹਿਣ ਅਤੇ ਖਾਣ ਪੀਣ ਦਾ ਪ੍ਰਬੰਧ ਕੀਤਾ ਜਾਂਦਾ ਸੀ। ਇਕ ਕਿਸਮ ਨਾਲ ਅਲਵਰ
ਗੁਰਮਤਿ ਦੇ ਰੰਗ ਵਿਚ ਰੰਗਿਆ ਜਾਂਦਾ ਸੀ। ਇਨ੍ਹਾਂ ਸਮਾਗਮਾ ਦਾ ਅਲੌਕਿਕ ਨਜ਼ਾਰਾ ਵੇਖਣ ਨੂੰ ਮਿਲਦਾ
ਸੀ। ਸੰਗਤਾਂ ਇਨ੍ਹਾਂ ਗੁਰਮਤਿ ਸਮਾਗਮਾ ਦੀ ਸਾਲ ਭਰ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੀਆਂ ਰਹਿੰਦੀਆਂ
ਸਨ। ਜੇ ਇਹ ਕਹਿ ਲਿਆ ਜਾਵੇ ਕਿ ਉਹ ਸਿੱਖ ਧਰਮ ਦੇ ਇਨਸਾਈਕਲੋਪੀਡੀਆ ਸਨ ਤਾਂ ਕੋਈ ਅਤਕਥਨੀ ਨਹੀਂ
ਹੋਵੇਗੀ। ਉਹ ਆਪਣੇ ਜੀਵਨ ਵਿਚ ਅੱਧੀ ਸਦੀ ਸਿੱਖ ਧਰਮ ਦਾ ਦੇਸ ਅਤੇ ਵਿਦੇਸ਼ ਵਿਚ ਪ੍ਰਚਾਰ ਕਰਦੇ
ਰਹੇ। ਜਦੋਂ ਵੀ ਕਿਤੇ ਉਹ ਕਥਾ ਕਰਨ ਦੇਸ਼ ਜਾਂ ਵਿਦੇਸ਼ ਜਾਂਦੇ ਸਨ ਤਾਂ ਹਮੇਸ਼ਾ ਖਾਣਾ ਲੰਗਰ ਵਿਚ ਹੀ
ਸੰਗਤਾਂ ਦੇ ਨਾਲ ਛਕਦੇ ਅਤੇ ਰਾਤ ਨੂੰ ਵੀ ਗੁਰੂ ਘਰ ਵਿਚ ਹੀ ਠਹਿਰਦੇ ਸਨ। ਉਹ ਹਰ ਸਾਲ ਫਰੀਦਾਬਾਦ,
ਆਗਰਾ, ਕਾਨ੍ਹਪੁਰ, ਜੈਪੁਰ,
ਕਲਕੱਤਾ, ਮਦਰਾਸ, ਬੰਬਈ,
ਬੰਗਲੌਰ ਅਤੇ ਹੋਰ ਥਾਵਾਂ ਤੇ ਗੁਰਮਤਿ ਸਮਾਗਮ ਆਯੋਜਤ ਕਰਦੇ ਰਹਿੰਦੇ ਸਨ। ਇਸ ਤੋਂ
ਇਲਾਵਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਵਸ ‘ਤੇ ਪਟਨਾ ਸਾਹਿਬ, ਸ੍ਰੀ ਗੁਰੂ ਰਾਮਦਾਸ ਦੇ ਪ੍ਰਕਾਸ਼ ਦਿਵਸ ਅਤੇ ਦੀਵਾਲੀ ਤੇ ਸ੍ਰੀ ਹਰਿਮੰਦਰ ਸਾਹਿਬ
ਅੰਮਿ੍ਰਤਸਰ ਗੁਰਬਾਣੀ ਦੀ ਵਿਆਖਿਆ 45 ਸਾਲ ਲਗਾਤਾਰ ਕਰਦੇ ਰਹੇ। ਉਨ੍ਹਾਂ ਕਦੇ ਵੀ
ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕੋਈ ਭੇਟਾ ਸਵੀਕਾਰ ਨਹੀਂ ਕੀਤੀ। ਗਿਆਨੀ ਸੰਤ ਸਿੰਘ
ਮਸਕੀਨ ਇਕ ਚੰਗੇ ਵਿਦਵਾਨ ਲੇਖਕ ਵੀ ਸਨ। ਉਨ੍ਹਾਂ ਇਕ ਦਰਜਨ ਤੋਂ ਵੱਧ ਸਿੱਖੀ ਦੀ ਵਿਚਾਰਧਾਰਾ ਤੇ
ਅਧਾਰਤ ਪੁਸਤਕਾਂ ਲਿਖੀਆਂ ਜਿਨ੍ਹਾਂ ਵਿਚੋਂ ਮੁੱਖ ਜਪੁ ਨੀਸਾਣ, ਗੁਰੂ
ਚਿੰਤਨ, ਗੁਰੂ ਜੋਤੀ, ਬ੍ਰਹਮ
ਗਿਆਨ, ਤੀਜਾ ਨੇਤਰ, ਪੰਜ
ਤੱਤ, ਧਰਮ ਤੇ ਮਨੁੱਖ, ਰਸ
ਧਾਰਾ, ਜੀਵਨ ਝਲਕੀਆਂ, ਐਸੇ
ਦਿਨ ਵਿਰਲੇ ਸੰਸਾਰੇ, ਗਿਆਨ ਸਾਗਰ, ਅੰਮਿ੍ਰਤ
ਮੰਥਨ, ਰਤਨਾਗਰ ਅਤੇ ਸ਼ਬਦ ਗੁਰੂ ਹਨ। ਅਲਵਰ ਵਿਚ ਉਨ੍ਹਾਂ ਇਕ
ਮੈਡੀਟੇਸ਼ਨ ਸੈਂਟਰ ਵੀ ਸਥਾਪਤ ਕੀਤਾ। ਇਸੇ ਤਰ੍ਹਾਂ ਇਕ ਸੰਸਥਾ ‘‘ਵਿਸ਼ਵ ਸਿੱਖ ਪ੍ਰਚਾਰ ਸੰਗਠਨ’’
ਬਣਾਇਆ ਹੋਇਆ ਸੀ ਜਿਹੜਾ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਜ਼ਿੰਮੇਵਾਰੀ ਨਿਭਾਉਂਦਾ ਸੀ।
ਉਨ੍ਹਾਂ ਦੀਆਂ ਅਨੇਕਾਂ ਕਥਾ ਕਰਦਿਆਂ ਦੀਆਂ ਕੈਸਟਾਂ ਮਾਰਕੀਟ ਵਿਚ ਮਿਲਦੀਆਂ ਹਨ ਅਤੇ ਯੂ ਟਿਊਬ ਤੇ
ਵੀ ਉਪਲਭਧ ਹਨ।
ਸਮਾਜ ਸੇਵਾ ਦੇ ਖੇਤਰ ਵਿਚ ਵੀ ਆਪਦਾ ਯੋਗਦਾਨ ਵਿਲੱਖਣ ਸੀ। ਉਨ੍ਹਾਂ ਅਲਵਰ ਵਿਖੇ ਦੋ ਸਕੂਲ
ਗੁਰੂ ਨਾਨਕ ਪਬਲਿਕ ਸਕੂਲ ਅਤੇ ਸ੍ਰੀ ਹਰਿਕਿਸ਼ਨ ਪਬਲਿਕ ਸਕੂਲ ਸਥਾਪਤ ਕੀਤੇ ਅਤੇ ਉਨ੍ਹਾਂ ਨੂੰ
ਬਾਖ਼ੂਬੀ ਨਾਲ ਚਲਾਇਆ। ਇਨ੍ਹਾਂ ਸਕੂਲਾਂ ਵਿਚ ਪੜ੍ਹਨ ਵਾਲੇ ਗ਼ਰੀਬ ਘਰਾਂ ਦੇ ਬੱਚਿਆਂ ਨੂੰ ਪੁਸਤਕਾਂ,
ਸ਼ਟੇਸ਼ਨਰੀ ਅਤੇ ਵਰਦੀਆਂ ਆਪ ਮੁਫ਼ਤ ਦਿੰਦੇ ਸਨ। ਦੋਵੇਂ ਸਕੂਲਾਂ ਵਿਚ ਬੱਚਿਆਂ ਨੂੰ
ਸਿੱਖ ਧਰਮ ਦੇ ਪਹਿਰੇਦਾਰ ਬਣਨ ਦੀ ਪ੍ਰੇਰਨਾ ਦਿੱਤੀ ਜਾਂਦੀ ਸੀ। ਆਪ ਦਾ ਜੀਵਨ ਤੇ ਰਹਿਣੀ ਬਹਿਣੀ
ਬਿਲਕੁਲ ਸਾਦਾ ਸੀ। ਆਪਦਾ ਵਿਆਹ 1958 ਵਿਚ ਬੀਬੀ ਸੁੰਦਰ ਕੌਰ ਨਾਲ ਹੋਇਆ। ਆਪਦੇ
ਤਿੰਨ ਲੜਕੇ ਅਤੇ ਦੋ ਲੜਕੀਆਂ ਹਨ, ਜਿਹੜੇ ਗੁਰਮਤਿ ਨੂੰ ਵਰੋਸਾਏ ਹੋਏ ਹਨ। ਗਿਆਨੀ
ਸੰਤ ਸਿੰਘ ਮਸਕੀਨ ਨੂੰ ਉਨ੍ਹਾਂ ਦੀਆਂ ਪੰਥ ਅਤੇ ਸਿੱਖ ਧਰਮ ਦੇ ਪ੍ਰਚਾਰ ਤੇ ਪਾਸਾਰ ਲਈ ਪਾਏ
ਯੋਗਦਾਨ ਕਰਕੇ ਪੰਥ ਰਤਨ ਦੀ ਉਪਾਧੀ ਦਿੱਤੀ ਗਈ। ਉਨ੍ਹਾਂ ਦੀ ਮੌਤ ਤੋਂ ਬਾਅਦ 20 ਮਾਰਚ 2005 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗਿਆਨੀ
ਜੋਗਿੰਦਰ ਸਿੰਘ ਵੇਦਾਂਤੀ ਜਥੇਦਾਰ ਅਕਾਲ ਤਖ਼ਤ ਨੇ ਮਰਨ ਉਪਰੰਤ ‘‘ਗੁਰਮਤਿ ਵਿਦਿਆ ਮਾਰਤੰਡ’’ ਦੀ ਉਪਾਧੀ
ਉਨ੍ਹਾਂ ਦੀ ਪਤਨੀ ਬੀਬੀ ਸੁੰਦਰ ਕੌਰ ਨੂੰ ਦਿੱਤੀ। ਇਸੇ ਤਰ੍ਹਾਂ ਭਾਈ ਗੁਰਦਾਸ ਅਵਾਰਡ ਵੀ ਆਪਨੂੰ
ਮਰਨ ਉਪਰੰਤ ਦਿੱਤਾ ਗਿਆ। ਗਿਆਨੀ ਸੰਤ ਸਿੰਘ ਮਸਕੀਨ 18
ਫਰਵਰੀ 2005 ਨੂੰ ਜਦੋਂ ਉਹ ਉਤਰ ਪ੍ਰਦੇਸ਼ ਦੇ ਇਟਾਵਾ ਸ਼ਹਿਰ
ਵਿਚ ਇਕ ਵਿਆਹ ਵਿਚ ਸ਼ਾਮਲ ਹੋਣ ਲਈ ਗਏ ਹੋਏ ਸਨ ਤਾਂ ਜਾਨ ਲੇਵਾ ਦਿਲ ਦਾ ਦੌਰਾ ਪੈਣ ਕਾਰਨ ਸਵਰਗ
ਸਿਧਾਰ ਗਏ।
Comments
Post a Comment