ਜ਼ਮੀਨ ਨਾਲ ਜੁੜਿਆ ਬੇਦਾਗ਼ ਸਿਆਸਤਦਾਨ : ਕਰਮਯੋਗੀ ਬਸੰਤ ਸਿੰਘ ਖਾਲਸਾ

 


     ਸਿਆਸਤਦਾਨਾ ਦੇ ਕਿਰਦਾਰ ਨੂੰ ਵੇਖਦਿਆਂ ਹਰ ਸਿਆਤਦਾਨ ਦੀ ਕਾਰਗੁਜ਼ਾਰੀ ਤੇ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਣ ਲੱਗ ਪਿਆ ਹੈ। ਪੰਚਾਇਤੀ ਪੱਧਰ ਦੇ ਸਿਆਸਤਦਾਨਾ ਦੀਆਂ ਆਦਤਾਂ ਵੀ ਸੀਨੀਅਰ ਨੇਤਾਵਾਂ ਨੂੰ ਵੇਖਕੇ ਲੋਕਾਈ ਦੀ ਸੇਵਾ ਦੀ ਪ੍ਰਵਿਰਤੀ ਨਾਲੋਂ ਟੁੱਟ ਕੇ ਨਿੱਜੀ ਹਿੱਤਾਂ ਦੀ ਪੂਰਤੀ ਵਲ ਨੂੰ ਹੋ ਗਈਆਂ ਹਨ। ਇਸ ਕਰਕੇ ਸਿਆਸਤ ਹੁਣ ਸਮਾਜ ਸੇਵਾ ਦੀ ਥਾਂ ਨਿੱਜੀ ਸੇਵਾ ਦਾ ਰੂਪ ਧਾਰ ਗਈ ਹੈ। ਅਜਿਹੇ ਹਾਲਾਤ ਵਿਚ ਵੀ ਜਿਵੇਂ ਚਿਕੜ ਵਿਚ ਕਮਲ ਦਾ ਫੁਲ ਆਪਣੀ ਖ਼ੁਸ਼ਬੂ ਖਿਲਾਰਦਾ ਹੈ, ਉਸੇ ਤਰ੍ਹਾਂ ਸਵਰਗਵਾਸੀ ਦਰਵੇਸ਼ ਸਿਆਸਤਦਾਨ ਸ੍ਰ.ਬਸੰਤ ਸਿੰਘ ਖਾਲਸਾ ਵੀ ਹੋਇਆ ਹੈ, ਜਿਹੜਾ ਆਪਣੇ ਸਿਆਸੀ ਗੁਰੂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਸਚਾਈ ਅਤੇ ਇਮਾਨਦਾਰੀ ਦੇ ਮਾਰਗ ਤੇ ਚਲਦਾ ਹੋਇਆ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਸਿਆਸੀ ਪਿੜ ਵਿਚ ਸੁਗੰਧੀਆਂ ਫ਼ੈਲਾਉਂਦਾ ਰਿਹਾ ਹੈ। ਉਸਨੇ ਆਪਣੇ ਸਿਆਸੀ ਜੀਵਨ ਦੇ 35 ਸਾਲ ਸਾਦਗੀ, ਸਹਿਜਤਾ, ਸੰਜਮ, ਸ਼ਹਿਣਸ਼ੀਲਤਾ ਅਤੇ ਸੰਤੁਸ਼ਟਤਾ ਦਾ ਪੱਲਾ ਨਹੀਂ ਛੱਡਿਆ। ਬਸੰਤ ਸਿੰਘ ਖਾਲਸਾ 18 ਸਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ, 4 ਵਾਰ ਵਿਧਾਇਕ, 2 ਵਾਰ ਲੋਕ ਸਭਾ ਦਾ ਮੈਂਬਰ ਅਤੇ ਦੋ ਵਾਰ ਮੰਤਰੀ ਰਿਹਾ ਪ੍ਰੰਤੂ ਇਮਾਨਦਾਰੀ ਅਤੇ ਸਾਦਗੀ ਤੇ ਚਲਦਿਆਂ ਲੋਕਾਈ ਅਤੇ ਸਿੱਖ ਸੰਗਤਾਂ ਦੀ ਸੇਵਾ ਲਗਨ, ਦਿ੍ਰੜ੍ਹਤਾ ਅਤੇ ਸਿਆਣਪ ਨਾਲ ਕੀਤੀ ਅਤੇ ਲੋਕ ਨਾਇਕ ਬਣ ਗਿਆ। ਇਸ ਸਾਰੇ ਸਿਆਸੀ ਜੀਵਨ ਵਿਚ ਉਨ੍ਹਾਂ ਦੇ ਕਿਰਦਾਰ ਤੇ ਕਦੀਂ ਵੀ ਕਿਸੇ ਨੇ ਉਂਗਲ ਚੁੱਕਣ ਦੀ ਜ਼ੁਅਰਤ ਨਹੀਂ ਕੀਤੀ। ਉਨ੍ਹਾਂ ਸਿਆਸਤ ਦੀ ਚਿੱਟੀ ਚਾਦਰ ਤੇ ਦਾਗ਼ ਨਹੀਂ ਲੱਗਣ ਦਿੱਤਾ। ਜਿਹੜੀ ਜਾਇਦਾਦ ਪਰਿਵਾਰ ਦੀ ਵਿਰਾਸਤ ਵਿਚ ਮਿਲੀ ਸੀ, ਉਸ ਵਿਚ ਧੇਲੇ ਦਾ ਵੀ ਵਾਧਾ ਨਹੀਂ ਹੋਇਆ। ਅਜੋਕੇ ਯੁਗ ਵਿਚ ਆਮ ਤੌਰ ਤੇ ਸਿਆਸਤਦਾਨ ਸਿਆਸਤ ਨਿੱਜੀ ਲਾਭਾਂ ਲਈ ਕਰਦੇ ਹਨ ਪ੍ਰੰਤੂ ਬਸੰਤ ਸਿੰਘ ਖਾਲਸਾ ਨੇ ਨਿੱਜੀ ਹਿੱਤਾਂ ਨੂੰ ਦਾਅ ਤੇ ਲਾਕੇ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਸਿਆਸਤ ਕੀਤੀ, ਜਿਸ ਕਰਕੇ ਹਮੇਸ਼ਾ ਹਰ ਖੇਤਰ ਵਿਚ ਸਫ਼ਲਤਾ ਨੇ ਉਨ੍ਹਾਂ ਦੇ ਪੈਰ ਚੁੰਮੇ।

            ਬਸੰਤ ਸਿੰਘ ਖਾਲਸਾ ਦਾ ਜਨਮ 2 ਮਾਰਚ 1932 ਨੂੰ ਪਿਤਾ ਸ੍ਰ.ਕੇਹਰ ਸਿੰਘ ਅਤੇ ਮਾਤਾ ਸ਼੍ਰੀਮਤੀ ਹਰਨਾਮ ਕੌਰ ਦੇ ਘਰ ਪੱਛਵੀਂ ਪੰਜਾਬ ਦੇ ਚੱਕ ਨੰਬਰ 470 ਜੀ.ਬੀ.ਜਿਲ੍ਹਾ ਲਾਇਲਪੁਰ ਵਿਚ ਹੋਇਆ। ਮੁੱਢਲੀ ਪੜ੍ਹਾਈ ਉਨ੍ਹਾਂ ਆਪਣੇ ਪਿੰਡ ਵਿਚੋਂ ਹੀ ਪ੍ਰਾਪਤ ਕੀਤੀ। 1947 ਵਿਚ ਦੇਸ਼ ਦੀ ਵੰਡ ਤੋਂ ਬਾਅਦ ਆਪਦਾ ਪਰਿਵਾਰ ਪਿੰਡ ਮਲੌਦ ਰੋੜੀਆਂ ਜਿਲ੍ਹਾ ਲੁਧਿਆਣਾ ਵਿਚ ਆ ਕੇ ਵਸ ਗਿਆ। ਆਪਨੇ ਬੀ.ਏ.ਖਾਲਸਾ ਕਾਲਜ ਪਟਿਆਲਾ ਅਤੇ ਲਾਇਬਰੇਰੀ ਸਾਇੰਸ ਵਿਚ ਡਿਪਲੋਮਾ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਚੋਂ ਕੀਤਾ। ਆਪਨੇ ਬਤੌਰ ਲਾਇਬਰੇਰੀਅਨ ਆਪਣੀ ਨੌਕਰੀ ਗੁਰੂਸਰ ਸਿਧਾਰ ਕਾਲਜ ਜਿਲ੍ਹਾ ਲੁਧਿਆਣਾ ਤੋਂ ਸ਼ੁਰੂ ਕੀਤੀ। ਵਿਦਿਆਰਥੀ ਜੀਵਨ ਵਿਚ ਹੀ ਆਪ ਕਾਲਜ ਦੀ ਵਿਦਿਆਰਥੀ ਜਥੇਬੰਦੀ ਵਿਚ ਦਿਲਚਸਪੀ ਲੈਣ ਲੱਗ ਪਏ। ਖੇਡਾਂ ਇਨਸਾਨ ਨੂੰ ਅਨੁਸ਼ਾਸਨ ਵਿਚ ਰਹਿਣ ਅਤੇ ਖੇਡ ਸਪਿਰਟ ਨਾਲ ਜ਼ਿੰਦਗੀ ਜਿਓਣ ਦਾ ਸਾਧਨ ਬਣਦੀਆਂ ਹਨ। ਆਪ ਕਾਲਜ ਦੀ ਫੁਟਬਾਲ ਦੀ ਟੀਮ ਦੇ ਮੈਂਬਰ ਵੀ ਸਨ, ਇਸ ਕਰਕੇ ਆਪਦਾ ਜੀਵਨ ਸਾਦਾ ਅਤੇ ਅਨੁਸ਼ਾਸਨ ਦਾ ਮੁੱਦਈ ਰਿਹਾ। ਇਕ ਗੁਰਸਿੱਖ ਪਰਿਵਾਰ ਨਾਲ ਸੰਬੰਧਤ ਹੋਣ ਕਰਕੇ ਆਪਦਾ ਝੁਕਾਆ ਸਿੱਖ ਸਿਧਾਂਤਾਂ ਦੀ ਸਿਆਸਤ ਅਰਥਾਤ ਸ਼ਰੋਮਣੀ ਅਕਾਲੀ ਦਲ ਵੱਲ ਹੋ ਗਿਆ। ਖਾਲਸਾ ਕਾਲਜ ਦੀ ਪੜ੍ਹਾਈ ਦੌਰਾਨ ਆਪਨੇ ਸਿਆਸਤ ਦੇ ਗੁਰ ਸਿੱਖੇ ਅਤੇ ਸਿੱਖ ਸਿਆਸਤ ਨੂੰ ਸਮਝਣ ਅਤੇ ਨੇੜਿਓਂ ਜਾਨਣ ਦਾ ਮੌਕਾ ਮਿਲਿਆ। ਪਟਿਆਲਾ ਕਿਉਂਕਿ ਸਿੱਖ ਖਾਸ ਤੌਰ ਤੇ ਅਕਾਲੀ ਸਿਆਸਤ ਦਾ ਧੁਰਾ ਰਿਹਾ ਹੈ। ਇਸ ਕਰਕੇ ਆਪਦਾ ਮੇਲ ਪੰਥ ਦੇ ਮਹਾਨ ਸੇਵਕ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਹੋ ਗਿਆ, ਜਿਨ੍ਹਾਂ ਨੇ ਆਪ ਨੂੰ ਪਰਪੱਕ ਸਿਆਸਤਦਾਨ ਬਣਾ ਦਿੱਤਾ। ਗੁਰੂਸਰ ਸਿਧਾਰ ਕਾਲਜ ਵਿਚ ਨੌਕਰੀ ਕਰਦਿਆਂ ਹੀ ਆਪਦਾ ਵਿਆਹ 13 ਅਪ੍ਰੈਲ 1959 ਨੂੰ ਵਿਸਾਖੀ ਵਾਲੇ ਇਤਿਹਾਸਕ ਦਿਨ ਬੀਬੀ ਬਲਬੀਰ ਕੌਰ ਸਪੁੱਤਰੀ ਲਾਲ ਸਿੰਘ ਮੋਹੀ ਨਾਲ ਹੋ ਗਿਆ। ਸਿਆਸਤ ਦੀ ਚਿਣਗ ਤਾਂ ਆਪਨੂੰ ਪਹਿਲਾਂ ਹੀ ਲੱਗੀ ਹੋਈ ਸੀ ਪ੍ਰੰਤੂ ਆਪ ਦੀ ਪਤਨੀ ਦਾ ਭਰਾ ਬਹਾਦਰ ਸਿੰਘ ਲੋਕ ਸਭਾ ਦਾ ਮੈਂਬਰ ਸੀ ਜਿਸ ਕਰਕੇ ਸਿਆਸਤ ਉਨ੍ਹਾਂ ਲਈ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ। ਉਸ ਤੋਂ ਬਾਅਦ ਉਨ੍ਹਾਂ ਆਪਣੇ ਮਨ ਵਿਚ ਸਿਆਸਤ ਵਿਚ ਜਾਣ ਦਾ ਫ਼ੈਸਲਾ ਕਰ ਲਿਆ। ਇਸ ਦੌਰਾਨ ਆਪ ਦੇ ਸੰਬੰਧ ਕਾਲਜ ਦੇ ਸੰਸਥਾਪਕ ਸ਼ਮਸ਼ੇਰ ਸਿੰਘ ਅਤੇ ਪਿ੍ਰੰਸੀਪਲ ਇਕਬਾਲ ਸਿੰਘ ਬੋਪਾਰਾਏ ਨਾਲ ਬਣ ਗਏ। ਇਹ ਜੋੜੀ ਵੀ ਗੁਰੂ ਦੇ ਲੜ ਲੱਗੀ ਹੋਈ ਪੰਥਕ ਸੋਚ ਦੀ ਧਾਰਨੀ ਸੀ। ਇਕਬਾਲ ਸਿੰਘ ਬੋਪਾਰਏ ਬਾਅਦ ਵਿਚ ਅਕਾਲੀ ਦਲ ਦਾ ਪ੍ਰਧਾਨ ਅਤੇ ਵਿਧਾਨਕਾਰ ਰਿਹਾ ਹੈ। ਇਕਬਾਲ ਸਿੰਘ ਬੋਪਾਰਾਇ ਨੇ ਹੀ ਆਪਨੂੰ ਲਾਇਬਰੇਰੀ ਸਾਇੰਸ ਵਿਚ ਅਲੀਗੜ੍ਹ ਯੂਨੀਵਰਸਿਟੀ ਵਿਚੋਂ ਡਿਪਲਮਾ ਕਰਨ ਲਈ ਪ੍ਰੇਰਤ ਕੀਤਾ। ਇਸ ਸਮੇਂ ਆਪ ਸ਼ਰੋਮਣੀ ਅਕਾਲੀ ਦਲ ਦੀ ਸਿਆਸਤ ਵਿਚ ਸਰਗਰਮ ਹੋ  ਗਏ। ਜਦੋਂ ਆਪਦੀ ਚੋਣ ਸਰਕਾਰੀ ਨੌਕਰੀ ਲਈ ਬਤੌਰ ਲਾਇਬਰੇਰੀਅਨ ਹੋ ਗਈ ਤਾਂ ਆਪਦੀ ਮੈਡੀਕਲ ਰਾਜਿੰਦਰਾ ਕਾਲਜ ਪਟਿਆਲਾ ਵਿਚ ਨਿਯੁਕਤੀ ਹੋ ਗਈ। ਸਿਆਸਤ ਤਾਂ ਆਪਦੇ ਮਨ ਵਿਚ ਪਹਿਲਾਂ ਹੀ ਪਣਪ ਰਹੀ ਸੀ ਤਾਂ ਆਪ ਕਾਲਜ ਦੀ ਪੈਰਾ ਮੈਡੀਕਲ ਯੂਨੀਅਨ ਦੇ ਪ੍ਰਧਾਨ ਬਣ ਗਏ। ਪਟਿਆਲਾ ਵਿਚ ਨੌਕਰੀ ਦੌਰਾਨ ਆਪਨੂੰ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸਰਪਰਸਤੀ ਮਿਲਦੀ ਰਹੀ, ਜਿਸ ਕਰਕੇ 1968 ਵਿਚ ਆਪਨੇ ਲਾਇਬੇਰੀਅਨ ਦੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਅਤੇ 1969 ਵਿਚ ਲੁਧਿਆਣਾ ਜਿਲ੍ਹੇ ਦੇ ਦਾਖਾ ਰਾਖਵੇਂ ਹਲਕੇ ਤੋਂ ਸ਼ਰੋਮਣੀ ਅਕਾਲੀ ਦਲ ਦੀ ਟਿਕਟ ਤੇ ਚੋਣ ਲੜਕੇ ਵਿਧਾਇਕ ਬਣ ਗਏ। ਪਹਿਲੀ ਵਾਰ ਵਿਧਾਇਕ ਬਣਨ ਤੇ ਹੀ ਆਪਨੂੰ 1970 ਵਿਚ ਸੰਸਦੀ ਸਕੱਤਰ ਕਿਰਤ ਤੇ ਰੋਜ਼ਗਾਰ ਵਿਭਾਗ ਬਣਾ ਦਿੱਤਾ ਗਿਆ। 1972, 1980, 85 ਵਿਚ ਫਿਰ ਆਪ ਦਾਖਾ ਹਲਕੇ ਤੋਂ ਚੋਣ ਜਿੱਤਕੇ ਵਿਧਾਇਕ ਬਣਦੇ ਰਹੇ। ਸ੍ਰ.ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਦੀ ਅਗਵਾਈ ਵਿਚ 1985 ਤੋਂ 87 ਤੱਕ ਪੰਜਾਬ ਦੇ ਸਿਹਤ ਅਤੇ ਸਿਖਿਆ ਵਿਭਾਗ ਦੇ ਮੰਤਰੀ ਰਹੇ। ਸ੍ਰ.ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਨਾਲ ਸਿੱਖ ਮਸਲਿਆਂ ਤੇ ਵਿਚਾਰਾਂ ਵਿਚ ਵਖਰਾਓ ਹੋ ਗਿਆ ਕਿਉਂਕਿ ਸ੍ਰੀ ਹਰਿਮੰਦਰ ਸਾਹਿਬ ਵਿਚ ਪੁਲਿਸ ਭੇਜਣ ਕਰਕੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਕਿਉਂਕਿ ਆਪ ਮਹਿਸੂਸ ਕਰਦੇ ਸਨ ਕਿ ਉਹ ਸਿੱਖ ਪਹਿਲਾਂ ਹਨ ਤੇ ਸਿਆਸਤ ਬਾਅਦ ਦੀ ਗੱਲ ਹੈ। ਸਿਆਸਤ ਕਰਕੇ ਸਿੱਖੀ ਨੂੰ ਆਂਚ ਨਹੀਂ ਆਉਣ ਦਿੱਤੀ ਅਤੇ ਤੁਰੰਤ ਮੰਤਰੀ ਦੇ ਅਹੁਦੇ ਨੂੰ ਠੋਕਰ ਮਾਰ ਦਿੱਤੀ। ਆਪ 1977 ਅਤੇ 1996 ਵਿਚ ਰੋਪੜ ਰਾਖਵੇਂ ਹਲਕੇ ਤੋਂ ਲੋਕ ਸਭਾ ਦੇ ਮੈਂਬਰ ਵੀ ਰਹੇ। ਲੋਕ ਸਭਾ ਅਤੇ ਪੰਜਾਬ ਵਿਧਾਨ ਸਭਾ ਵਿਚ ਪੰਜਾਬ ਦੇ ਮਸਲਿਆਂ ਖਾਸ ਕਰਕੇ ਸਿੱਖਾਂ, ਇਸਤਰੀਆਂ ਅਤੇ ਅਨੁਸੂਚਿਤ ਜਾਤੀਆਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਬਹੁਤ ਸਾਰੀਆਂ ਕਮੇਟੀਆਂ ਜਿਨ੍ਹਾਂ ਵਿਚ ਪਬਲਿਕ ਅਕਾਊਂਟਸ ਅਤੇ ਸ਼ਡਿਊਲਡ ਕਾਸਟ ਅਤੇ ਟਰਾਈਬਜ਼ ਕਮੇਟੀਆਂ ਸ਼ਾਮਲ ਹਨ ਦੇ ਮੈਂਬਰ ਵੀ ਰਹੇ।

  ਸ਼ਰੋਮਣੀ ਅਕਾਲੀ ਦਲ ਵੱਲੋਂ ਲਗਾਏ ਜਾਣ ਵਾਲੇ ਸਾਰੇ ਮੋਰਚਿਆਂ ਵਿਚ ਆਪ ਨੇ ਹਿੱਸਾ ਲਿਆ ਅਤੇ ਗਿ੍ਰਫ਼ਤਾਰੀਆਂ ਦਿੱਤੀਆਂ। ਐਮਰਜੈਂਸੀ ਦੇ ਵਿਰੁਧ ਪਹਿਲੇ ਜਥੇ ਵਿਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਜਾ ਕੇ ਗਿ੍ਰਫ਼ਤਾਰੀ ਦਿੱਤੀ, ਜਿਸ ਕਰਕੇ 19 ਮਹੀਨੇ ਜੇਲ੍ਹ ਵਿਚ ਰਹੇ। ਆਪ ਸ਼ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ, ਸਿਆਸੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਅਤੇ ਨਿਧੜਕ ਬੁਲਾਰੇ ਸਨ। ਆਪ ਇਕ ਸੂਝਵਾਨ, ਦੂਰ ਅੰਦੇਸ਼ ਅਤੇ ਕਰਮਯੋਗੀ ਸਿਆਸਤਦਾਨ ਸਨ। ਆਪ ਬਹੁਤ ਸਾਰੀਆਂ ਸਮਾਜਕ, ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਨਾਲ ਜੁੜੇ ਰਹੇ, ਜਿਵੇਂ ਵਿਚ ਗੁਰੂ ਨਾਨਕ ਇੰਜਿਨੀਅਰਿੰਗ ਕਾਲਜ ਲੁਧਿਆਣਾ ਦੇ ਟਰੱਸਟੀ ਅਤੇ ਵਧੀਕ ਸਕੱਤਰ, ਸ਼੍ਰੀ ਦਸ਼ਮੇਸ਼ ਅਕਾਡਮੀ ਸ਼੍ਰੀ ਆਨੰਦਪੁਰ ਸਾਹਿਬ ਦੀ ਗਵਰਨਿੰਗ ਬਾਡੀ ਦੇ ਮੈਂਬਰ, ਕੇਂਦਰੀ ਸਿੰਘ ਸਭਾ ਦੇ ਜਨਰਲ ਸਕੱਤਰ, ਅਕਾਲਗੜ੍ਹ ਚੈਰੀਟੇਬਲ ਟਰੱਸਟ ਦੇ ਜਨਰਲ ਸਕੱਤਰ ਅਤੇ ਖਾਲਸਾ ਪ੍ਰਤੀਨਿਧੀ ਦੀਵਾਨ ਪੰਜਾਬ ਦੇ ਮੈਂਬਰ ਸਨ। ਬਸੰਤ ਸਿੰਘ ਖਾਲਸਾ ਨੇ ਕੈਨੇਡਾ, ਬੈਲਜੀਅਮ, ਇਟਲੀ, ਹਾਲੈਂਡ, ਪੋਲੈਂਡ ਅਤੇ ਇੰਗਲੈਂਡ ਦੀ ਯਾਤਰਾ ਵੀ ਕੀਤੀ ਹੈ। ਆਪ ਦੀ ਪਤਨੀ ਸ਼੍ਰੀਮਤੀ ਬਲਬੀਰ ਕੌਰ ਖਾਲਸਾ ਵੀ ਇਕ ਵਾਰੀ ਲੋਕ ਸਭਾ ਦੀ ਚੋਣ ਲੜੇ ਸਨ। ਆਪਦੀਆਂ ਤਿੰਨ ਲੜਕੀਆਂ ਐਡਵੋਕੇਟ ਕਰਨ ਜਗਦੀਸ਼ ਕੌਰ,  ਪ੍ਰੋ.ਚਰਨਜੀਤ ਕੌਰ ਪਿ੍ਰੰਸੀਪਲ, ਡਾ ਹਰਪ੍ਰੀਤ ਕੌਰ ਆਪੋ ਆਪਣੇ ਪਰਿਵਾਰਾਂ ਵਿਚ ਸੁੱਖਦਾਇਕ ਜੀਵਨ ਬਤੀਤ ਕਰ ਰਹੀਆਂ ਹਨ। ਉਨ੍ਹਾ ਦਾ ਸਪੁੱਤਰ ਬਿਕਰਮਜੀਤ ਸਿੰਘ ਖਾਲਸਾ ਵਿਧਾਨਕਾਰ,  ਸੰਸਦੀ ਸਕੱਤਰ ਅਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਮੈਂਬਰ ਹੈ। ਆਪਦੀਆਂ ਤਿੰਨੋਂ ਲੜਕੀਆਂ ਸਿੱਖ ਵਿਚਾਰਧਾਰਾ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਦੀ ਲੜਕੀ ਡਾ. ਹਰਪ੍ਰੀਤ ਕੌਰ ਸਿੱਖ ਧਰਮ ਦੀ ਲੇਖਿਕਾ ਅਤੇ ਸਮਾਜ ਸੇਵਿਕਾ ਹੈ, ਜਿਹੜੀ ਦਿਹਾਤੀ ਇਲਾਕਿਆਂ ਦੀਆਂ ਲੜਕੀਆਂ ਦੀ ਪੜ੍ਹਾਈ ਵੱਲ ਵਿਸ਼ੇਸ਼ ਤੌਰ ਤੇ ਤਵੱਜੋ ਦੇ ਰਹੀ ਹੈ। ਇਸ ਮੰਤਵ ਲਈ ਉਸਨੇ ਆਪਣੇ ਪਿਤਾ ਸਗਰਗਵਾਸੀ ਸ੍ਰ.ਬਸੰਤ ਸਿੰਘ ਖਾਲਸਾ ਦੀ ਯਾਦ ਵਿਚ ਸੰਗਰੂਰ ਜਿਲ੍ਹੇ ਦੇ ਦਿੜ੍ਹਬਾ ਕਸਬੇ ਦੇ ਨੇੜੇ ਕੈਂਪਰ ਪਿੰਡ ਵਿਚ ਹਾਇਰ ਸੈਕੰਡਰੀ ‘ਬਸੰਤ ਸਿੰਘ ਖਾਲਸਾ ਪਬਲਿਕ ਸਕੂਲ’ ਖੋਲਿ੍ਹਆ ਹੋਇਆ ਹੈ, ਜਿਥੇ ਗ਼ਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਮੁਫ਼ਤ ਸਿਖਿਆ ਦਿੱਤੀ ਜਾਂਦੀ ਹੈ। ਪਰਿਵਾਰ ਦੀ ਸਾਦਗੀ ਤੇ ਇਮਾਨਦਾਰੀ ਵਰਣਨਯੋਗ ਹੈ। ਬਸੰਤ ਸਿੰਘ ਖਾਲਸਾ ਦੇ ਮਹੱਤਵਪੂਰਨ ਅਹੁਦਿਆਂ ਤੇ ਹੋਣ ਦੇ ਬਾਵਜੂਦ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਬਲਬੀਰ ਕੌਰ ਖਾਲਸਾ ਆਪਣੀ ਅਧਿਆਪਕਾ ਦੀ ਨੌਕਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਰਹੇ।

  21 ਅਕਤੂਬਰ 1996 ਨੂੰ ਇਕ ਸੜਕੀ ਦੁਰਘਟਨਾ ਵਿਚ ਬਸੰਤ ਸਿੰਘ ਖਾਲਸਾ ਸਵਰਗਵਾਸ ਹੋ ਗਏ ਸਨ। ਸਿੱਖ ਕੌਮ ਉਨ੍ਹਾਂ ਦੀ ਪੰਥ ਪ੍ਰਸਤੀ ਲਈ ਹਮੇਸ਼ਾ ਰਿਣੀ ਰਹੇਗੀ।

Comments

Popular posts from this blog

ਹਰਪ੍ਰੀਤ ਕੌਰ ਸੰਧੂ ਦੀ ‘ਜ਼ਿੰਦਗੀ ਦੇ ਰੂਬਰੂ’ ਪੁਸਤਕ ਜ਼ਿੰਦਗੀ ਜਿਓਣ ਦੇ ਬਿਹਤਰੀਨ ਨੁਸਖ਼ੇ

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ

ਪੰਜਾਬੀ ਭਾਸ਼ ਦਾ ਵਿਦੇਸ਼ਾਂ ਵਿਚ ਪਰਚਮ ਲਹਿਰਾਉਣ ਵਾਲਾ ਸਾਹਿਤਕਾਰ ਰਵਿੰਦਰ ਰਵੀ