ਤਿੜਕ ਰਹੇ ਸਮਾਜਿਕ ਰਿਸ਼ਤਿਆਂ ਅਤੇ ਸਰੋਕਾਰਾਂ ਦਾ ਕਵੀ-ਰਣਦੀਪ ਸਿੰਘ ਆਹਲੂਵਾਲੀਆ

 


ਮਾਨਸਾ ਸਾਹਿਤਕਾਰਾਂ ਅਤੇ ਪੱਤਰਕਾਰਾਂ ਦੀ ਜ਼ਰਖੇਜ ਧਰਤੀ ਗਿਣੀ ਜਾਂਦੀ ਹੈ। ਭਾਵੇਂ ਕਿਸੇ ਸਮੇਂ ਮਾਨਸਾ ਦੇ ਇਲਾਕੇ ਨੂੰ ਪੰਜਾਬ ਦਾ ਪਛੜਿਆ ਹੋਇਆ ਇਲਾਕਾ ਗਿਣਿਆਂ ਜਾਂਦਾ ਰਿਹਾ ਹੈ ਪ੍ਰੰਤੂ ਇਥੋਂ ਦੇ ਜੰਮਪਲ ਸਾਹਿਤਕਾਰਾਂ, ਪੱਤਰਕਾਰਾਂ, ਸਮਾਜਿਕ ਕਾਰਕੁਨਾ, ਇਥੋਂ ਤੱਕ ਕਿ ਖੱਬੇ ਪੱਖੀ ਸਿਆਸਤਦਾਨਾ ਨੇ ਵੀ ਇਨਸਾਨੀਅਤ ਦਾ ਪੱਲਾ ਫੜਕੇ ਅਜਿਹੀ ਰਹਿਨੁਮਾਈ ਦਿੱਤੀ, ਜਿਸਨੇ ਸਮਾਜ ਵਿਚ ਜਾਗ੍ਰਤੀ ਲਿਆਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਥੋਂ ਦੇ ਸਾਹਿਤਕਾਰ ਜ਼ਮੀਨ ਨਾਲ ਜੁੜੇ ਲੋਕਾਂ ਦੇ ਦੁੱਖਾਂ, ਦਰਦਾਂ ਅਤੇ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਵਕਾਲਤ ਕਰਦੇ ਰਹੇ ਹਨ। ਵਰਤਮਾਨ ਪਦਾਰਥਵਾਦੀ ਸਮੇਂ ਦੇ ਦੌਰ ਵਿਚ ਇੱਕ ਅਜਿਹਾ ਉਭਰਦਾ ਕਵੀ ਹੈ, ਜਿਹੜਾ ਪੰਜਾਬ ਸਰਕਾਰ ਦੀ ਰੁਝੇਵਿਆਂ ਅਤੇ ਮਾਨਸਿਕ ਤਣਾਓ ਵਾਲੀ ਨੌਕਰੀ ਤੇ ਫਰਜ ਨਿਭਾਉਂਦਿਆਂ ਹੋਇਆਂ ਕੁਝ ਸਮਾਂ ਕੱਢਕੇ ਪੰਜਾਬੀ ਮਾਂ ਬੋਲੀ ਦੀ ਆਪਣੀਆਂ ਤਿੜਕ ਰਹੇ ਮਨੁੱਖੀ ਰਿਸ਼ਤਿਆਂ, ਚਲੰਤ ਮਸਲਿਆਂ ਅਤੇ ਸਮਾਜਿਕ ਸਰੋਕਾਰਾਂ ਵਾਲੀਆਂ ਸੰਜੀਦਾ ਕਵਿਤਾਵਾਂ ਲਿਖਕੇ ਇਨਸਾਨੀ ਹਿੱਤਾਂ ਤੇ ਪਹਿਰਾ ਦੇ ਰਿਹਾ ਹੈ। ਉਹ ਕਵੀ ਹੈ ਰਣਦੀਪ ਸਿੰਘ ਆਹਲੂਵਾਲੀਆ, ਜਿਹੜਾ ਸੂਚਨਾ ਤੇ ਪ੍ਰਸਾਰ ਵਿਭਾਗ ਵਿਚ ਸੰਯੁਕਤ ਸੰਚਾਲਕ ਦੇ ਤੌਰ ਤੇ ਆਪਣੇ ਫਰਜ਼ ਨਿਭਾ ਰਿਹਾ ਹੈ। ਸਮੇਂ ਦੀ ਆਧੁਨਿਕਤਾ ਅਤੇ ਪਦਾਰਥਵਾਦੀ ਰੁਚੀ ਦੇ ਪ੍ਰਫੁਲਤ ਹੋਣ ਨਾਲ ਸਮਾਜਿਕ ਰਿਸ਼ਤਿਆਂ, ਇਥੋਂ ਤੱਕ ਕਿ ਖ਼ੂਨ ਦੇ ਰਿਸ਼ਤਿਆਂ ਵਿਚ ਵੀ ਅਣਕਿਆਸੀ ਗਿਰਾਵਟ ਆ ਗਈ ਹੈ। ਸਾਂਝੇ ਪਰਿਵਾਰ ਬਿਖਰ ਗਏ ਹਨ। ਆਈ ਟੀ ਯੁਗ ਦੇ ਆਉਣ ਨਾਲ ਇਹ ਗਿਰਾਵਟ ਬਹੁਤ ਜ਼ਿਆਦਾ ਵੱਧ ਗਈ ਹੈ ਕਿਉਂਕਿ ਪਰਿਵਾਰਾਂ ਦੇ ਮੈਂਬਰ ਇਕੱਠੇ ਬੈਠਣ ਦੀ ਥਾਂ ਆਪੋ ਆਪਣੇ ਕਮਰਿਆਂ ਵਿਚ ਬੈਠਣ ਨੂੰ ਪਹਿਲ ਦਿੰਦੇ ਹਨ। ਕਿਸੇ ਸਮੇਂ ਪੰਜਾਬੀ ਪਰਿਵਾਰ ਇਕ ਕਮਰੇ ਦੀ ਦਲਾਣ ਵਿਚ ਹੀ ਜੀਵਨ ਗੁਜ਼ਾਰਦੇ ਸਨ। ਇਨਸਾਨ ਵਿਚ ਖੁਦਗਰਜ਼ੀ ਦਾ ਬੋਲਬਾਲਾ ਹੋ ਗਿਆ ਹੈ। ਅੱਜ ਕਲ੍ਹ ਲੋੜ ਤੋਂ ਬਿਨਾ ਰਿਸ਼ਤੇ ਰੱਖੇ ਹੀ ਨਹੀਂ ਜਾਂਦੇ। ਲੋੜ ਰਿਸ਼ਤਿਆਂ ਦਾ ਦੂਜਾ ਨਾਮ ਬਣ ਗਈ ਹੈ। ਅਪਣਤ ਪਰ ਲਾ ਕੇ ਉਡਾਰੀ ਮਾਰ ਗਈ ਹੈ। ਹਰ ਰੋਜ ਅਖ਼ਬਾਰਾਂ ਦੀਆਂ ਸੁਰਖੀਆਂ ਝੰਜੋੜਕੇ ਰੱਖ ਦਿੰਦੀਆਂ ਹਨ, ਜਦੋਂ ਇਹ ਪੜ੍ਹੀਦਾ ਹੈ ਕਿ ਪੁੱਤਰ ਨੇ ਮਾਂ-ਬਾਪ, ਮਾਂ ਨੇ ਪੁੱਤਰ, ਪਤਨੀ ਨੇ ਪਤੀ ਅਤੇ ਭਰਾ ਨੇ ਭਰਾ ਦਾ ਕਤਲ ਕਰ ਦਿੱਤਾ ਹੈ। ਅਜਿਹੇ ਹਾਲਾਤ ਵਿਚ ਰਣਦੀਪ ਸਿੰਘ ਆਹਲੂਵਾਲੀਆ ਦੀਆਂ ਕਵਿਤਾਵਾਂ ਸਾਰਥਕ ਜਾਪਣ ਲੱਗਦੀਆਂ ਹੋਈਆਂ ਅਤੇ ਥੋੜ੍ਹਾ ਢਾਰਸ ਵੀ ਦਿੰਦੀਆਂ ਹਨ। ਉਹ ਇਨ੍ਹਾਂ ਪਰਿਵਾਰਿਕ ਰਿਸ਼ਤਿਆਂ ਨੂੰ ਬਰਕਰਾਰ ਰੱਖਣ ਦੀ ਵਕਾਲਤ ਕਰਦਾ, ਆਪਣੇ ਪੜਦਾਦੇ ਦੀ ਵਿਰਾਸਤ ਉਪਰ ਪਹਿਰਾ ਦੇਣ ਨੂੰ ਤਰਜ਼ੀਹ ਦਿੰਦਾ ਹੋਇਆ ‘ਬਾਗ’ ਸਿਰਲੇਖ ਵਾਲੀ ਕਵਿਤਾ ਅਜਿਹੇ ਢੰਗ ਨਾਲ ਲਿਖ ਗਿਆ ਹੈ ਕਿ ਜੋ ਨਿੱਜ ਦੀ ਥਾਂ ਲੋਕਾਈ ਦਾ ਦਰਦ ਜਾਪਦੀ ਹੈ। ਇਹੋ ਉਸਦੀ ਕਲਮ ਦੀ ਕਰਾਮਾਤ ਹੈ-

ਪੜਦਾਦੇ ਦੀ ਯਾਦ ਵਿਚ ਰੀਝ ਹੈ, ਇਕ ਬਾਗ ਮੁੜ ਲਾਉਣ ਦੀ।

 ਉਸ ਦੂਰ ਅੰਦੇਸ਼ੀ ਦਾ ਕਰਜ਼ਾ ਲਾਹੁਣ ਦੀ।

ਮਿਹਨਤ ਚੜ੍ਹੀ ਪ੍ਰਵਾਨ ਮਿਲਿਆ ਮਾਣ ਸਨਮਾਨ, ਵੱਡਾ ਅਹਿਸਾਨ ਕਰ ਗਏ।

ਖ਼ੂਬਸੂਰਤ ਬਾਗ ਸਾਡੇ ਹੱਥੀਂ ਧਰ ਗਏ।

ਵਕਤ ਨੇ ਲਈ ਅੰਗੜਾਈ ਫਸਲ ਕੰਕਰੀਟ ਦੀ ਬਾਗ ਅੰਦਰ ਉਗ ਆਈ

ਨਵਾਂ ਇੱਕ ਬਾਗ ਲਾਵਾਂਗੇ, ਨੇਕ ਰੂਹ ਦਾ ਕਰਜ਼ ਲਾਹਾਂਗੇ।

ਹੁਣ ਬਾਬੇ ਦੇ ਬਾਗ ਦੇ ਬੂਟੇ, ਭਾਵੇਂ ਦੂਰ ਦੂਰ ਨੇ ।

ਹੈ ਯਕੀਨ ਮੈਨੂੰ ਪੂਰਾ ਬਾਗ ਮੁੜ ਉਹੀ ਲਾਉਣਾ ਸੋਚਦੇ ਹੋਣੇ ਜ਼ਰੂਰ ਨੇ।

  ਇਹ ਕਵਿਤਾ ਸੰਕੇਤਕ ਹੈ ਕਿ ਪਰਿਵਾਰਿਕ ਰਿਸ਼ਤੇ ਬਿਖਰ ਗਏ ਹਨ। ਪਰਿਵਾਰ ਅਤੇ ਪਰਿਵਾਰਾਂ ਦੇ ਮੈਂਬਰ ਆਧੁਨਿਕਤਾ ਦੇ ਦੌਰ ’ਤੇ ਰੋਜ਼ਗਾਰ ਕਰਕੇ ਦੂਰ-ਦੂਰ ਚਲੇ ਗਏ ਹਨ। ਉਨ੍ਹਾਂ ਨੂੰ ਮੁੜ ਸੰਭਾਲਣ ਦੀ ਲੋੜ ਹੈ, ਜਿਵੇਂ ਸਾਡੇ ਬਜ਼ੁਰਗਾਂ ਨੇ ਸਾਂਭ ਕੇ ਰੱਖੇ ਸੀ। ਨਾਨਕੇ ਸਿਰਲੇਖ ਵਾਲੀ ਕਵਿਤਾ ਵੀ ਇਸੇ ਭਾਵਨਾ ਦਾ ਪ੍ਰਤੀਕ ਹੈ-

ਮਾਂ ਨੂੰ ਗਿਆਂ ਗਏ ਬੀਤ ਬਾਈ ਸਾਲ ਜੀ, ਨਾਨਕੇ ਸਾਡੇ ਅੱਜ ਵੀ ਨਿਭਣ ਪੂਰੇ ਨਾਲ ਜੀ।

ਫਗਵਾੜੇ ‘ਚੋਂ ਜਦ ਲੰਘਾਂ ਰਾਣੀਪੁਰ ਨੂੰ ਜਾਵਾਂ ਮੁੜ ਜੀ, ਨਾਨਕਿਆਂ ਤੋਂ ਹਰ ਸਾਲ ਪਹੁੰਚੇ ਗੁੜ ਜੀ।

ਮਾਮੀ ਫੋਨ ਕਰ ਕਹੇ ਕਰ ਫੋਟੋ ਵਾਲੀ ਕਾਲ ਪੁੱਤ, ਤੈਨੂੰ ਦੇਖਾਂ ਨਾਲੇ ਦੱਸ ਆਪਣਾ ਹਾਲ ਪੁੱਤ।

   ਏਸੇ ਤਰ੍ਹਾਂ ਇਕ ਹੋਰ ‘ਜ਼ਿੰਦਗੀ ਬਨਾਮ ਚਣੌਤੀਆਂ’ ਸਿਰਲੇਖ ਵਾਲੀ ਕਵਿਤਾ ਵਿਚ ਉਹ ਲਿਖਦਾ ਹੈ-

ਜ਼ਿੰਦਗੀ ’ਚ ਵਧ ਰਹੀਆਂ ਚਣੌਤੀਆਂ ਰਿਸ਼ਤਿਆਂ ਦਾ ਅਧਾਰ ਬਣੀਆਂ ।

ਚਾਹੁੰਦੇ-ਨਾ ਚਾਹੁੰਦੇ ਕਈ ਮੰਨ-ਮਨੌਤੀਆਂ।

ਕਦੇ-ਕਦੇ ਤਾਂ ਜਾਪੇ ਜਾ ਰਹੇ ਹਾਂ ਵਜੂਦ ਗੁਆਉਂਦੇ।

ਵੱਡਾ ਅਰਸਾ ਬੀਤ ਗਿਆ ਜ਼ਿੰਦਗੀ ਸਥਿਰ ਬਣਾਉਂਦੇ ਕਿੰਝ ਰਹੀਏ ਖ਼ਦੁ ਨੂੰ ਮਨਾਉਂਦੇ।

ਜ਼ਿੰਦਗੀ ’ਚ ਨਵੀਆਂ ਉਲਝਣਾ ਨੇ ਆ ਰਹੀਆਂ ਦਿਨ-ਰਾਤ ਸਤਾ ਰਹੀਆਂ।

 ਦਵੰਧ ਨਿਤ-ਨਵੇਂ ਮਨ ਅੰਦਰ ਨੇ ਪਾ ਰਹੀਆਂ।

ਰੀਝਾਂ ਨੂੰ ਜਾਪੇ ਲੱਗ ਰਿਹੈ ਗ੍ਰਹਿਣ ਗੱਲਾਂ ਢਹਿੰਦੀ ਕਲਾ ਦੀਆਂ ਆਪਣੇ ਹੀ ਕਹਿਣ।

ਰੁਕਦਾ ਜਾਪੇ ਜ਼ਿੰਦਗੀ ਦਾ ਵਹਿਣ।

   ਇਕ ਹੋਰ ਪੈਂਡੇ ਸਿਰਲੇਖ ਵਾਲੀ ਕਵਿਤਾ ਵਿਚ ਰਿਸ਼ਤਿਆਂ ਨੂੰ ਬਣਾਉਣ, ਨਿਭਾਉਣ ਅਤੇ ਬਰਕਰਾਰ ਰੱਖਣ ਵਿਚ ਦੋਹਾਂ ਪੱਖਾਂ ਦੇ ਹੁੰਘਾਰੇ ਦਾ ਜ਼ਿਕਰ ਕਰਦਾ ਹੋਇਆ ਲਿਖਦਾ ਹੈ-

ਹਰ ਰਿਸ਼ਤਾ ਮੁਹਤਾਜ਼ ਏ ਦੋਵੇਂ ਪਾਸਿਉਂ ਹੀ ਨਿਭਣ ਦੇ ਚਾਅ ਦਾ।

ਬੇਨਾਮ ਮੋੜ ਵੀ ਰਹਿ ਜਾਂਦੈ ਜ਼ਿੰਦਗੀ ਦੇ ਰਾਹ ਦਾ।

 ਇਰਾਦਾ ਮਜ਼ਬੂਤ ਹੋਵੇ ਤਾਂ ਛੋਟ-ਛੋਟੇ ਕਦਮ ਵੀ ਮੰਜ਼ਿਲ ਪਾ ਲੈਂਦੇ।

 ਔਖੇ ਪੈਂਡਿਆਂ ਦੇ ਰਾਹੀ ਹੀ ਅਕਸਰ ਯਾਦ ਰਹਿੰਦੇ।

   ਇਸੇ ਤਰ੍ਹਾਂ ਰਣਦੀਪ ਸਿੰਘ ਆਹਲੂਵਾਲੀਆ ਦੀਆਂ ਕਵਿਤਾਵਾਂ ਸਮਾਜਿਕ ਸਰੋਕਾਰਾਂ ਦੀਆਂ ਬਾਤਾਂ ਪਾਉਂਦੀਆਂ ਇਨਸਾਨੀਅਤ ਦੇ ਰਾਹ ਵਿਚ ਆ ਰਹੀਆਂ ਉਲਝਣਾ, ਸਮੱਸਿਆਵਾਂ, ਕੁਦਰਤ ਦੀਆਂ ਦਾਤਾਂ ਨਾਲ ਹੋ ਰਹੇ ਖਿਲਵਾੜ ਅਤੇ ਔਕੜਾਂ ਦੇ ਦਰਦ ਨੂੰ ਪ੍ਰਗਟਾਉਂਦੀਆਂ ਹੋਈਆਂ ਲੋਕ ਹਿਤਾਂ ਦੀ ਗੱਲ ਕਰਦੀਆਂ ਹਨ। ਵਰਤਮਾਨ ਸਮੇਂ ਕਰੋਨਾ ਵਰਗੀ ਮਹਾਂਮਾਰੀ ਦੇ ਭਿਆਨਕ ਸਿਟਿਆਂ ਵਜੋਂ ਪਰਵਾਸੀ ਮਜ਼ਦੂਰਾਂ ਦੀ ਆਪਣੇ ਘਰਾਂ ਨੂੰ  ਪਹੁੰਚਣ ਦੇ ਹੇਰਵੇ ਦੇ ਦਰਦਨਾਕ ਸਫਰ ਬਾਰੇ ਉਨ੍ਹਾਂ ਦੀ ਬੇਬਸੀ ਦਾ ਜ਼ਿਕਰ ਆਪਣੀ ‘ਨਿਰਾਸ਼ਾ ਦਾ ਸਫ਼ਰ’ ਕਵਿਤਾ ਵਿਚ ਕਰਦਾ ਹੈ-

ਨਿਰਾਸ਼ਾ ਦੇ ਸਫ਼ਰ’ਚ ਥੱਕੇ-ਟੁੱਟੇ ਜਿਸਮਾਂ ਤੇ  ਹਾਲੋਂ-ਬੇਹਾਲ,

 ਮਾਸੂਮ ਅੱਖਾਂ ਦਾ ਸਾਹਮਣਾ ਕਰਨ ਦਾ ਹੌਸਲਾ ਨਹੀਂ ਪੈ ਰਿਹਾ।

ਸ਼ਾਇਦ ਹਰ ਚਿਹਰਾ ਹੀ ਸੰਵਿਧਾਨ ’ਚ ਸਭਨਾ ਲਈ,

 ਬਰਾਬਰੀ ਦੇ ਹੱਕ ਦੇ ਜ਼ੋਰ-ਸ਼ੋਰ ਨਾਲ ਗੁਣਗਾਨ ‘ਤੇ ਭਾਰੂ ਪੈ ਰਿਹੈ।

ਵੱਡਿਆਂ ਦੀ ਬੇਪਰਵਾਹੀ ਅਣਕਿਆਸੇ ਰੋਗ ਦਾ ਭੈਅ ਤੇ ਗੁਰਬਤ ਦੀ ਮਾਰ,

ਪਤਾ ਨਹੀਂ ਇੱਕ ਗ਼ਰੀਬ ਕੀ-ਕੀ ਸਹਿ ਰਿਹੈ।

ਕੁਝ ਮਹੀਨੇ ਜਾਂ ਕੁਝ ਸਾਲ ਇਹੋ ਰੁਤ ਰਹਿਣੀ ਨਾਲ ,

ਨੈਣਾ ’ਚੋਂ ਜੋ ਨੀਰ ਵਹਿ ਰਿਹੈ  ਸਮਾਜ ਦੀ ਉਪਰਾਮਤਾ ਦੀ ਕਹਾਣੀ ਕਹਿ ਰਿਹੈ।

      ਰਣਦੀਪ ਸਿੰਘ ਆਹਲੂਵਾਲੀਆ ਸਮਾਜਿਕ ਸਰੋਕਾਰਾਂ ਅਤੇ ਹਰ ਰੋਜ਼ ਵਾਪਰਣ ਵਾਲੀਆਂ ਸਮਾਜਿਕ, ਆਰਥਿਕ, ਸਭਿਆਚਾਰਕ, ਰਾਜਨੀਤਕ ਘਟਨਾਵਾਂ ਅਤੇ ਇਨਸਾਨੀਅਤ ਨਾਲ ਹੋ ਰਹੇ ਦੁਰਾਚਾਰਾਂ ਬਾਰੇ ਕਵਿਤਾਵਾਂ ਲਿਖਕੇ ਸਮਾਜ ਨੂੰ ਸੇਧ ਦੇਣ ਦੀ ਕੋਸ਼ਿਸ ਰਿਹਾ ਹੈ। ਸ਼ਲਾ ਇਹ ਉਭਰਤਾ ਕਵੀ ਏਸੇ ਤਰ੍ਹਾਂ ਆਪਣੀ ਕਲਮ ਦਾ ਕਿਰਦਾਰ ਕਾਇਮ ਰੱਖਦਾ ਹੋਇਆ ਇਨਸਾਨੀਅਤ ਦਾ ਪਹਿਰੇਦਾਰ ਬਣਿਆਂ ਰਹੇ।

Comments

Popular posts from this blog

ਹਰਪ੍ਰੀਤ ਕੌਰ ਸੰਧੂ ਦੀ ‘ਜ਼ਿੰਦਗੀ ਦੇ ਰੂਬਰੂ’ ਪੁਸਤਕ ਜ਼ਿੰਦਗੀ ਜਿਓਣ ਦੇ ਬਿਹਤਰੀਨ ਨੁਸਖ਼ੇ

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ

ਪੰਜਾਬੀ ਭਾਸ਼ ਦਾ ਵਿਦੇਸ਼ਾਂ ਵਿਚ ਪਰਚਮ ਲਹਿਰਾਉਣ ਵਾਲਾ ਸਾਹਿਤਕਾਰ ਰਵਿੰਦਰ ਰਵੀ