ਕੋਵਿਡ-19 ਬਾਰੇ ਅਫਵਾਹਾਂ ਫੈਲਾਉਣ ਵਾਲੇ ਪੰਜਾਬੀਆਂ ਦਾ ਨੁਕਸਾਨ ਕਰ ਰਹੇ ਹਨ


 

   ਕੋਵਿਡ-19 ਦੀ ਬਿਮਾਰੀ ਸੰਬੰਧੀ ਅਫ਼ਵਾਹਾਂ ਫੈਲਾਉਣ ਵਾਲੇ ਪੰਜਾਬੀਆਂ ਦਾ ਨੁਕਸਾਨ ਕਰ ਰਹੇ ਹਨ। ਪੰਜਾਬ ਵਿਚ ਇਸ ਸਮੇਂ ਕਰੋਨਾ ਦੀ ਬਿਮਾਰੀ ਦਾ ਪ੍ਰਕੋਪ ਖ਼ਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਇਸਦਾ ਮੁੱਖ ਕਾਰਨ ਪੰਜਾਬੀਆਂ ਦੀ ਲਾਪਰਵਾਹੀ ਦਾ ਸੁਭਾਅ ਬਣਦਾ ਜਾ ਰਿਹਾ ਹੈ। ਇਹ ਬਿਮਾਰੀ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੀ ਹੈ। ਸੰਸਾਰ ਵਿਚ ਇਸ ਬਿਮਾਰੀ ਦੀ ਦਹਿਸ਼ਤ ਹੈ। ਦਹਿਸ਼ਤ ਦੇ ਮਾਹੌਲ ਵਿਚ ਕਿਸੇ ਵੀ ਇਨਸਾਨ ਦੀ ਕਹੀ ਹੋਈ ਗੱਲ ਸੱਚੀ ਲੱਗਣ ਲੱਗ ਜਾਂਦੀ ਹੈ ਕਿਉਂਕਿ ਇਨਸਾਨ ਮਾਨਸਿਕ ਤੌਰ ਤੇ ਕਮਜ਼ੋਰ ਹੋ ਜਾਂਦਾ ਹੈ। ਸਗੋਂ ਇਸ ਬਿਮਾਰੀ ਦਾ ਮੁਕਾਬਲਾ ਕਰਨ ਲਈ ਇਨਸਾਨ ਦਾ ਮਾਨਸਿਕ ਤੌਰ ਤੇ ਮਜ਼ਬੂਤ ਹੋਣਾ ਅਤਿਅੰਤ ਜ਼ਰੂਰੀ ਹੈ। ਜਦੋਂ ਸਭ ਨੂੰ ਪਤਾ ਹੈ ਕਿ ਇਹ ਲਾਗ ਦੀ ਬਿਮਾਰੀ ਹੈ, ਫਿਰ ਪੰਜਾਬੀ ਇਤਹਾਤ ਕਿਉਂ ਨਹੀਂ ਵਰਤਦੇ। ਇਸਦਾ ਨੁਕਸਾਨ ਉਨ੍ਹਾਂ ਨੂੰ ਖੁਦ, ਉਨ੍ਹਾਂ ਦੇ ਪਰਿਵਾਰਾਂ, ਸੰਬੰਧੀਆਂ ਅਤੇ ਸਮੁਚੇ ਸਮਾਜ ਨੂੰ ਹੋਣਾ ਹੈ। ਇਸ ਦਾ ਭਾਵ ਅਰਥ ਇਹ ਹੈ ਕਿ ਪੰਜਾਬੀ ਆਪਣੇ ਆਪ ਅਤੇ ਆਪਣੇ ਪਰਿਵਾਰਾਂ ਬਾਰੇ ਅਵੇਸਲੇ ਹਨ। ਅਵੇਸਲਾਪਣ ਅਜਿਹੀ ਖ਼ਤਰਨਾਕ ਬਿਮਾਰੀ ਹੈ, ਜਿਹੜੀ ਮੌਤ ਦੇ ਮੂੰਹ ਤੱਕ ਲਿਜਾ ਸਕਦੀ ਹੈ। ਦੂਜੀ ਗੱਲ ਪੰਜਾਬੀ ਪੜ੍ਹੇ ਲਿਖੇ ਹੋਣ ਦੇ ਬਾਵਜੂਤ ਵੀ ਸੁਣੀਆਂ ਸੁਣਾਈਆਂ ਗੱਲਾਂ ਤੇ ਵਿਸ਼ਵਾਸ ਕਰੀ ਜਾ ਰਹੇ ਹਨ। ਅੱਜੋਕਾ ਵਿਗਿਆਨਕ ਯੁਗ ਹੈ। ਹਰ ਗੱਲ ਨਾਪ ਤੋਲਕੇ ਕੀਤੀ ਜਾਂਦੀ ਹੈ। ਅਸੀਂ ਕਈ ਵਾਰੀ ਕਿਸੇ ਗੱਲ ਨੂੰ ਸੁਣਕੇ ਉਸਦੀ ਤਹਿ ਤੱਕ ਜਾਣ ਦੀ ਕੋਸਿਸ਼ ਹੀ ਨਹੀਂ ਕਰਦੇ। ਜੋ ਸੁਣਿਆਂ ਉਹੀ ਸੱਚ ਸਮਝ ਬੈਠਦੇ ਹਾਂ। ਆਪਣੀ ਅਕਲ ਤੋਂ ਕੰਮ ਲੈਣ ਤੋਂ ਵੀ ਗੁਰੇਜ ਕਰਨ ਲੱਗ ਪਏ। ਇਸ ਤੋਂ ਵੀ ਖ਼ਤਰਨਾਕ ਗੱਲ ਇਹ ਹੈ ਕਿ ਪੰਜਾਬ ਵਿਚ ਇਸ ਬਿਮਾਰੀ ਦੇ ਇਲਾਜ ਦੌਰਾਨ ਡਾਕਟਰਾਂ, ਨਰਸਾਂ ਅਤੇ ਹੋਰ ਅਮਲੇ ਫੈਲੇ ਦੀ ਅਣਗਹਿਲੀ ਬਾਰੇ ਅਫ਼ਵਾਹਾਂ ਦਾ ਦੌਰ ਭਾਰੂ ਹੋਇਆ ਪਿਆ ਹੈ। ਅਫ਼ਵਾਹਾਂ ਫੈਲਾਉਣ ਵਿਚ ਸਭ ਤੋਂ ਵੱਧ ਯੋਗਦਾਨ ਸ਼ੋਸ਼ਲ ਮੀਡੀਆ ਪਾ ਰਿਹਾ ਹੈ। ਬਿਨਾ ਤਥਾਂ ਦੀ ਜਾਣਕਾਰੀ ਪ੍ਰਾਪਤ ਕੀਤੇ ਹੀ ਝੂਠੇ ਵਟਸ ਅਪ ਸੰਦੇਸ਼ ਅੱਗੇ ਗਰੁਪਾਂ ਵਿਚ ਭੇਜੇ ਜਾ ਰਹੇ ਹਨ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਪੜ੍ਹੇ ਲਿਖੇ ਲੋਕ ਵੀ ਅਜਿਹੇ ਝੂਠੇ ਸੰਦੇਸਾਂ ਨੂੰ ਅੱਗੇ ਤੋਰੀ ਜਾ ਰਹੇ ਹਨ। ਜੇਕਰ ਉਨ੍ਹਾਂ ਸੰਦੇਸਾਂ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਉਨ੍ਹਾਂ ਦਾ ਕੋਈ ਸਿਰ ਪੈਰ ਹੀ ਨਹੀਂ ਹੁੰਦਾ। ਜਿਹੜੀ ਗੱਲ ਹੋ ਹੀ ਨਹੀਂ ਸਕਦੀ, ਤੱਥਾਂ ਤੇ ਅਧਾਰਤ ਹੀ ਨਹੀਂ, ਉਸ ਬਾਰੇ ਵੀ ਲਿਖਿਆ ਜਾਂਦਾ ਹੈ ਅਤੇ ਲੋਕ ਉਸ ਨੂੰ ਸੱਚ ਮੰਨਕੇ ਅਮਲ ਕਰ ਰਹੇ ਹਨ। ਕੁਝ ਅਖ਼ਬਾਰਾਂ ਵਾਲੇ ਵੀ ਅਫ਼ਵਾਹਾਂ ਸੰਬੰਧੀ ਬਿਆਨ ਵੀ ਪ੍ਰਕਾਸ਼ਤ ਕਰੀ ਜਾ ਰਹੇ ਹਨ ਜਦੋਂ ਕਿ ਉਨ੍ਹਾਂ ਨੂੰ ਸੰਬੰਧਤ ਵਿਭਾਗ ਤੋਂ ਉਨ੍ਹਾਂ ਦਾ ਪੱਖ ਲੈਣਾ ਚਾਹੀਦਾ ਹੈ। ਸਭ ਤੋਂ ਵੱਧ ਗ਼ਲਤ ਖ਼ਬਰਾਂ ਅਤੇ ਅਫਵਾਹਾਂ ਸ਼ੋਸਲ ਮੀਡੀਆ ਫੈਲਾ ਰਿਹਾ ਹੈ ਕਿਉਂਕਿ ਇਸ ਤੇ ਕੋਈ ਵੀ ਅਫਵਾਹ ਪਾਈ ਜਾ ਸਕਦੀ ਹੈ। ਉਦਾਹਰਣ ਲਈ ਸੰਦੇਸਾਂ ਵਿਚ ਲਿਖਿਆ ਜਾਂਦਾ ਹੈ ਕਿ ਕਰੋਨਾ ਦੇ ਮਰੀਜ ਨੂੰ ਟੀਕਾ ਲਗਾਕੇ ਮਾਰ ਦਿੱਤਾ ਜਾਂਦਾ ਹੈ ਤੇ ਇਸ ਬਦਲੇ ਡਾਕਟਰਾਂ ਨੂੰ ਲੱਖਾਂ ਰੁਪਏ ਦਿੱਤੇ ਜਾਂਦੇ ਹਨ। ਇਹ ਵੀ ਲਿਖਿਆ ਜਾਂਦਾ ਹੈ ਕਿ ਮਰੀਜਾਂ ਦੇ ਅੰਗ ਕੱਢ ਲਏ ਜਾਂਦੇ ਹਨ ਕਿਉਂਕਿ ਕਰੋਨਾ ਦੇ ਮਰੀਜ ਦੀ ਡੈਡ ਬਾਡੀ ਨੂੰ ਵੇਖਣ ਵੀ ਨਹੀਂ ਦਿੱਤਾ ਜਾਂਦਾ ਕਿ ਉਸਦੀ ਬਾਡੀ ਸਹੀ ਸਲਾਮਤ ਹੈ ਕਿ ਨਹੀਂ। ਸੋਚਣ ਵਾਲੀ ਗੱਲ ਇਹ ਹੈ ਕਿ ਡਾਕਟਰ ਅਤੇ ਹੋਰ ਮੈਡੀਕਲ ਸਟਾਫ ਮਰੀਜਾਂ ਦੇ ਇਲਾਜ਼ ਵਾਸਤੇ ਹੁੰਦੇ ਹਨ ਨਾ ਕਿ ਮਾਰਨ ਵਾਸਤੇ। ਦੂਜੀ ਗੱਲ ਕਿ ਡਾਕਟਰਾਂ ਨੂੰ ਮਰੀਜਾਂ ਨੂੰ ਮਾਰਨ ਲਈ ਲੱਖਾਂ ਰੁਪਏ ਮਿਲਦੇ ਹਨ, ਇਹ ਰੁਪਏ ਕੌਣ ਤੇ ਕਿਉਂ ਦਿੰਦਾ ਹੈ ? ਡਾਕਟਰਾਂ ਨੂੰ ਪੈਸੇ ਦੇਣ ਵਾਲੇ ਨੂੰ ਕਿਸੇ ਨੂੰ ਮਾਰਨ ਵਿਚ ਕੀ ਦਿਲਚਸਪੀ ਹੋ ਸਕਦੀ ਹੈ। ਇਲਾਜ ਲਈ ਤਾਂ ਕੋਈ ਮਦਦ ਕਰ ਸਕਦਾ ਹੈ, ਮਾਰਨ ਲਈ ਕੌਣ ਦਿੰਦਾ ਹੈ।  ਤੀਜਾ ਮਰੀਜਾਂ ਦੇ ਅੰਗ ਕੱਢਣ ਬਾਰੇ ਹੈ। ਇਹ ਅੰਗ ਕੋਈ ਇਕੱਲਾ ਬੰਦਾ ਕੱਢ ਹੀ ਨਹੀਂ ਸਕਦਾ ਤੇ ਫਿਰ ਕੱਢਕੇ ਕੀ ਕਰੇਗਾ। ਇਸ ਮੰਤਵ ਲਈ ਅਪ੍ਰੇਸ਼ਨ ਥੇਟਰ ਦੀ ਲੋੜ ਹੁੰਦੀ ਹੈ। ਥੇਟਰ ਸਰਕਾਰੀ ਹਸਪਤਾਲਾਂ ਵਿਚ ਬੰਦ ਹਨ। ਇਹ ਸਰਕਾਰੀ ਹਸਪਤਾਲ ਹਨ, ਇਥੇ ਤਾਂ ਪੱਤਾ ਵੀ ਹਿਲਦਾ ਹੈ ਤਾਂ ਪਤਾ ਲੱਗ ਜਾਂਦਾ ਹੈ। ਕੱਢੇ ਅੰਗ ਤਾਂ ਨਿਸਚਤ ਸਮੇਂ , 6 ਘੰਟੇ ਵਿਚ ਦੂਜੇ ਮਰੀਜ਼ ਦੇ ਲਗਾਉਣੇ ਹੁੰਦੇ ਹਨ। ਬਾਕਾਇਦਾ ਅਪ੍ਰੇਸ਼ਨ ਥੇਟਰ ਤੇ ਪੂਰੇ ਸਟਾਫ ਦੀ ਜਰੂਰਤ ਹੁੰਦੀ ਹੈ। ਸੋਚਣ ਵਾਲੀ ਗੱਲ ਇਹ ਵੀ ਹੈ ਕਿ ਬਿਮਾਰ ਵਿਅਕਤੀ ਦੇ ਅੰਗ ਦੂਜੇ ਵਿਅਕਤੀ ਨੂੰ ਬਿਮਾਰ ਕਰਨ ਲਈ ਲਗਾਉਣੇ ਕੀ ਜ਼ਾਇਜ਼ ਹਨ ? ਚੌਥਾ ਡੈਡ ਬਾਡੀ ਵੇਖਣ ਵਾਲੀ ਗੱਲ ਹੈ ਕਿ ਕਿਸੇ ਹੋਰ ਨੂੰ ਇਹ ਬਿਮਾਰੀ ਨਾ ਹੋ ਜਾਵੇ ਇਸ ਕਰਕੇ ਵਿਖਾਈ ਨਹੀਂ ਜਾਂਦੀ । ਸਗੋਂ ਖ਼ਬਰਾਂ ਤਾਂ ਇਹ ਵੀ ਹਨ ਕਿ ਕਰੋਨਾ ਨਾਲ ਮਰਨ ਵਾਲੇ ਵਿਅਕਤੀ ਦੇ ਨਜ਼ਦੀਕੀ ਸੰਬੰਧੀ ਵੀ ਸਸਕਾਰ ਕਰਨ ਲਈ ਨੇੜੇ ਨਹੀਂ ਜਾਂਦੇ। ਮੈਂ ਅੱਜ ਕਲ੍ਹ ਅਮਰੀਕਾ ਵਿਚ ਹਾਂ, ਏਥੇ ਵੀ ਡੈਡ ਬਾਡੀ ਸੰਬੰਧੀਆਂ ਨੂੰ ਨਾ ਦਿੱਤੀ ਜਾਂਦੀ ਹੈ ਅਤੇ ਨਾ ਵਿਖਾਈ ਜਾਂਦੀ ਹੈ। ਇਹ ਵਿਸ਼ਵ ਸਿਹਤ ਸੰਸਥਾ ਦੀਆਂ ਹਦਾਇਤਾਂ ਹਨ। ਭਾਰਤ ਵਿਚ ਵੀ ਉਨ੍ਹਾਂ ਦੀ ਪਾਲਣਾ ਕੀਤੀ ਜਾਂਦੀ ਹੈ। ਚਾਹੀਦਾ ਤਾਂ ਇਹ ਹੈ ਮੈਡੀਕਲ ਸਟਾਫ ਦੀ ਪ੍ਰਸੰਸਾ ਕੀਤੀ ਜਾਵੇ, ਜਿਹੜੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਤੁਹਾਡਾ ਸਾਥ ਦੇ ਰਹੇ ਹਨ। ਅਫਵਾਹਾਂ ਫੈਲਾਉਣ ਵਾਲੇ ਇਤਨੀ ਗਰਮੀ ਵਿਚ ਪੀ ਪੀ ਕਿਟਾਂ ਪਾ ਸਕਦੇ ਹਨ। ਉਹ ਪਾ ਕੇ ਵੇਖਣ ਕਿ ਪਸੀਨੇ ਨਾ ਛੁਟ ਜਾਣ। ਇਤਨੀ ਗਰਮੀ ਵਿਚ ਮੈਡੀਕਲ ਸਟਾਫ ਇਹ ਕਿਟਾਂ ਪਾ ਕੇ ਆਪਣੇ ਫਰਜ ਨਿਭਾ ਰਿਹਾ ਹੈ। ਇਨ੍ਹਾਂ ਕਿਟਾਂ ਵਿਚ ਨਾ ਹਵਾ ਜਾ ਸਕਦੀ ਹੈ ਅਤੇ ਨਾ ਬਾਹਰ ਆ ਸਕਦੀ ਹੈ। ਡਾਕਟਰ ਅਤੇ ਮੈਡੀਕਲ ਸਟਾਫ ਕਈ-ਕਈ ਮਹੀਨੇ ਆਪਣੇ ਪਰਿਵਾਰ ਤੋਂ ਦੂਰ ਰਹਿ ਰਹੇ ਹਨ। ਉਲਟਾ ਉਨ੍ਹਾਂ ਨੂੰ ਖਾਮਖਾਹ ਦੋਸ਼ੀ ਬਣਾਇਆ ਜਾ ਰਿਹਾ ਹੈ।  ਲਗਪਗ ਚਾਰ ਸੌ ਦੇ ਕਰੀਬ ਮੈਡੀਕਲ ਸਟਾਫ ਮੈਂਬਰ ਆਪਣੀ ਡਿਊਟੀ ਕਰਦਿਆਂ ਕਰੋਨਾ ਦੀ ਬਿਮਾਰੀ ਨਾਲ ਸਵਰਗ ਸਿਧਾਰ ਗਏ ਹਨ। ਉਨ੍ਹਾਂ ਨੂੰ ਮਰਨ ਦਾ ਸ਼ੌਕ ਹੈ। ਸ਼ਰਮ ਕਰੋ ਅਫਵਾਹਾਂ ਫੈਲਾਉਣ ਅਤੇ ਉਨ੍ਹਾਂ ਤੇ ਯਕੀਨ ਕਰਨ ਵਾਲਿਓ। ਰੱਬ ਦਾ ਵਾਸਤਾ ਗ਼ਲਤ ਖ਼ਬਰਾਂ ਫੈਲਾ ਕੇ ਇਨਸਾਨੀਅਤ ਦਾ ਨੁਕਸਾਨ ਨਾ ਕਰੋ। ਪੰਜਾਬ ਦਾ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਿਆ ਹੈ। ਵਿਸ਼ਵ ਸਿਹਤ ਸੰਸਥਾ ਦੇ ਨਿਯਮਾ ਅਨੁਸਾਰ ਸਾਰਾ ਕੁਝ ਕੀਤਾ ਜਾਂਦਾ ਹੈ। ਇਕ ਪਾਸੇ ਇਹ ਵੀ ਕਿਹਾ ਜਾਂਦਾ ਹੈ ਕਿ ਹਸਪਤਾਲਾਂ ਵਿਚ ਮਰੀਜਾਂ ਕੋਲ ਡਰਦੇ ਮਾਰੇ ਡਾਕਟਰ ਤੇ ਮੈਡੀਕਲ ਸਟਾਫ ਜਾਂਦਾ ਨਹੀ, ਦੂਜੇ ਪਾਸੇ ਟੀਕਾ ਲਗਾਉਣ ਦੀ ਗੱਲ ਕਰਦੇ ਹਨ। ਅੰਗ ਕੱਢਣ ਲਈ ਵੀ ਮਰੀਜ ਕੋਲ ਜਾਣਾ ਪਵੇਗਾ। ਇਹ ਸਾਰੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਸਰਕਾਰ ਦਾ ਮਰੀਜਾਂ ਨੂੰ ਬਚਾਉਣ ਦਾ ਫਰਜ ਹੈ, ਮਾਰਨ ਦਾ ਨਹੀਂ। ਸਰਕਾਰ ਆਪਣੀ ਬਦਨਾਮੀ ਕਿਉਂ ਕਰਵਾਏਗੀ ? ਸਰਕਾਰ ਭਾਵੇਂ ਕੋਈ ਹੋਵੇ ਉਹ ਅਜਿਹੇ ਗੈਰਕਾਨੂੰਨੀ ਕੰਮਾ ਦੀ ਪ੍ਰਵਾਨਗੀ ਕਦੀ ਵੀ ਨਹੀਂ ਦੇਵੇਗੀ। ਇਹ ਹੋ ਸਕਦਾ ਕਿ ਸਰਕਾਰੀ ਹਸਪਤਾਲਾਂ ਵਿਚ ਉਤਨਾ ਵਧੀਆ ਪ੍ਰਬੰਧ ਨਾ ਹੋਵੇ ਪ੍ਰੰਤੂ ਇਸਦਾ ਅਰਥ ਇਹ ਨਹੀਂ ਕਿ ਝੂਠੀਆਂ ਖ਼ਬਰਾਂ ਫੈਲਾ ਕੇ ਲੋਕਾਂ ਵਿਚ ਡਰ ਅਤੇ ਸਰਕਾਰ ਨੂੰ ਬਦਨਾਮ ਕੀਤਾ ਜਾਵੇ। ਮੈਨੂੰ ਏਥੇ ਮੇਰੇ ਦੋ ਪੜ੍ਹੇ ਲਿਖੇ ਦੋਸਤਾਂ ਦੇ ਫੋਨ ਆਏ ਅਤੇ ਕਿਹਾ ਕਿ ਪੰਜਾਬ ਵਿਚ ਅਜੇ ਵਾਪਸ ਨਾ ਜਾਇਓ ਕਿਉਂਕਿ ਉਥੇ ਮਰੀਜਾਂ ਨੂੰ ਟੀਕੇ ਲਗਾਕੇ ਮਾਰਿਆ ਜਾ ਰਿਹਾ ਹੈ ਅਤੇ ਅੰਗ ਕੱਢ ਲਏ ਜਾਂਦੇ ਹਨ। ਜਦੋਂ ਮੈਂ ਦਲੀਲ ਨਾਲ ਗੱਲ ਕੀਤੀ ਫਿਰ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ। ਮੇਰਾ ਇਹ ਦੱਸਣ ਦਾ ਭਾਵ ਹੈ ਕਿ ਸਭ ਤੋਂ ਵੱਧ ਅਫਵਾਹਾਂ ਕੁਝ ਪੜ੍ਹੇ ਲਿਖੇ ਲੋਕ ਫੈਲਾ ਰਹੇ ਹਨ। ਇਥੇ ਮੈਂ ਅਫਵਾਹਾਂ ਸੰਬੰਧੀ ਇਕ ਹੋਰ ਉਦਾਹਰਣ ਦੇਣੀ ਚਾਹਾਂਗਾ। ਬਲਿਊ ਸਟਾਰ ਅਪ੍ਰੇਸ਼ਨ ਸਮੇਂ ਮੈਂ ਪਟਿਆਲਾ ਵਿਖੇ ਸਹਾਇਕ ਲੋਕ ਸੰਪਰਕ ਅਧਿਕਾਰੀ ਸੀ। ਕਾਫੀ ਸਮਾਂ ਪੰਜਾਬ ਵਿਚ ਕਰਫਿਊ ਲੱਗਿਆ ਰਿਹਾ। ਇਸ ਲਈ ਹਲਵਾਈਆਂ ਦਾ ਸਾਰਾ ਸਾਮਾਨ ਖ਼ਰਾਬ ਹੋ ਗਿਆ। ਕਰਫਿਊ ਖੁਲ੍ਹਣ ਤੋਂ ਇਕ ਦਿਨ ਪਹਿਲਾਂ ਇਕ ਬਹੁਤ ਹੀ ਸੀਨੀਅਰ ਪੱਤਰਕਾਰ ਨੇ ਸ਼ਹਿਰ ਵਿਚ ਕਈ ਲੋਕਾਂ ਨੂੰ ਫੋਨ ਕਰ ਦਿੱਤੇ ਕਿ ਇਕ ਫਿਰਕੇ ਦੇ ਲੋਕਾਂ ਨੇ ਆਪਣੇ ਇਲਾਕੇ ਵਿਚ ਬਲਿਊ ਸਟਾਰ ਅਪ੍ਰੇਸ਼ਨ ਦੀ ਖ਼ੁਸ਼ੀ ਵਿਚ ਲੱਡੂ ਵੰਡੇ ਹਨ। ਸਾਰੇ ਸ਼ਹਿਰ ਵਿਚ ਰੌਲਾ ਪੈ ਗਿਆ। ਹਾਲਾਤ ਟਕਰਾਓ ਵਾਲੇ ਪੈਦਾ ਹੋ ਗਏ। ਜਦੋਂਕਿ ਇਤਨੇ ਦਿਨ ਕਰਫਿਊ ਲੱਗਣ ਕਰਕੇ ਕੋਈ ਹਲਵਾਈ ਮਿਠਾਈ ਤਿਆਰ ਕਿਵੇਂ ਕਰਵਾ ਸਕਦਾ ਸੀ। ਜਦੋਂ ਪੁਲਿਸ ਨੇ ਪਤਾ ਲਗਾਇਆ ਕਿ ਫੋਨ ਕਿਸਨੇ ਕੀਤੇ ਹਨ ਤਾਂ ਉਹ ਪੱਤਰਕਾਰ ਕੋਈ ਜਵਾਬ ਨਾ ਦੇ ਸਕਿਆ। ਉਸਨੇ ਸੁਣੀ ਸੁਣਾਈ ਗੱਲ ਤੇ ਯਕੀਨ ਕਰ ਲਿਆ ਸੀ। ਇਸ ਲਈ ਕਦੀਂ ਵੀ ਗ਼ਲਤ ਅਫਵਾਹ ਨਾ ਫੈਲਾਓ।  

       ਪਰਜਾਤੰਤਰ ਵਿਚ ਪੰਚਾਇਤ ਪਰਜਾਤੰਤਰ ਦਾ ਸਭ ਤੋਂ ਮੁਢਲਾ ਥੰਮ ਹੈ। ਪੰਚਾਇਤਾਂ ਦੀ ਜ਼ਿੰਮੇਵਾਰੀ ਅਜਿਹੇ ਹਾਲਾਤ ਵਿਚ ਹੋਰ ਵੀ ਵੱਧ ਜਾਂਦੀ ਹੈ। ਵੈਸੇ ਵੀ ਪੰਚਾਇਤ ਦੇ ਮੈਂਬਰ ਸਮਝਦਾਰ ਸਿਆਣੇ ਅਤੇ ਸਮਾਜ ਸੇਵਕ ਦਾ ਕੰਮ ਕਰਦੇ ਹਨ। ਉਨ੍ਹਾਂ ਦੀ ਜ਼ਿੰਮੇਵਾਰੀ ਆਪਣੇ ਲੋਕਾਂ ਦੀ ਬਿਹਤਰੀ ਲਈ ਕੰਮ ਕਰਨਾ ਹੁੰਦਾ ਹੈ। ਪ੍ਰੰਤੂ ਕੁਝ ਪੰਚਾਇਤਾਂ ਅਫਵਾਹਾਂ ਦੇ ਮਗਰ ਲੱਗਕੇ ਗੁਮਰਾਹ ਹੋ ਰਹੀਆਂ ਹਨ। ਉਹ ਕਰੋਨਾ ਦੇ ਟੈਸਟ ਕਰਵਾਉਣ ਤੋਂ ਲੋਕਾਂ ਨੂੰ ਰੋਕ ਰਹੀਆਂ ਹਨ। ਇਥੋਂ ਤੱਕ ਕਿ ਕੁਝ ਪੰਚਾਇਤਾਂ ਨੇ ਕਰੋਨਾ ਟੈਸਟ ਨਾ ਕਰਵਾਉਣ ਦੇ ਮਤੇ ਪਾ ਦਿੱਤੇ ਹਨ। ਮਤੇ ਪਾ ਕੇ ਉਹ ਸਮਾਜ ਦੇ ਵਿਰੋਧੀ ਲੋਕਾਂ ਦੇ ਇਸ਼ਾਰੇ ਤੇ ਚਲਕੇ  ਆਪਣੇ ਫਰਜਾਂ ਤੋਂ ਕੁਤਾਹੀ ਕਰ ਰਹੇ ਹਨ। ਸਰਕਾਰ ਲੋਕਾਂ ਦੀ ਹਿਫਾਜ਼ਤ ਕਰਨਾ ਚਾਹੁੰਦੀ ਹੈ ਪ੍ਰੰਤੂ ਲੋਕ ਟੈਸਟ ਕਰਵਾਉਣ ਤੋਂ ਇਨਕਾਰ ਕਰਕੇ ਉਸ ਕਹਾਵਤ ਵਾਲੀ ਗੱਲ ਕਰ ਰਹੇ ਹਨ ਜਿਸ ਵਿਚ ਕਿਹਾ ਜਾਂਦਾ ਹੈ ਕਿ ‘‘ਗਧੇ ਨੂੰ ਦਿੱਤਾ ਲੂਣ ਉਹ ਕਹਿੰਦਾ ਮੇਰੀ ਅੱਖ ਭੰਨ ਰਹੇ ਹੋ’’ੋ। ਜਦੋਂ ਪੁਲਿਸ ਨੇ ਗਲਤ ਅਫਵਾਹਾਂ ਫੈਲਾਉਣ ਸੰਬੰਧੀ ਵੀਡੀਓ ਪਾਉਣ ਵਾਲਿਆਂ ਤੇ ਸਕੰਜਾ ਕਸਿਆ ਹੁਣ ਉਹ ਵੀਡੀਓਜ ਪਾ ਕੇ ਕਹਿ ਰਹੇ ਹਨ ਕਿ ਗ਼ਲਤੀ ਹੋ ਗਈ।

Comments

Popular posts from this blog

ਹਰਪ੍ਰੀਤ ਕੌਰ ਸੰਧੂ ਦੀ ‘ਜ਼ਿੰਦਗੀ ਦੇ ਰੂਬਰੂ’ ਪੁਸਤਕ ਜ਼ਿੰਦਗੀ ਜਿਓਣ ਦੇ ਬਿਹਤਰੀਨ ਨੁਸਖ਼ੇ

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ

ਪੰਜਾਬੀ ਭਾਸ਼ ਦਾ ਵਿਦੇਸ਼ਾਂ ਵਿਚ ਪਰਚਮ ਲਹਿਰਾਉਣ ਵਾਲਾ ਸਾਹਿਤਕਾਰ ਰਵਿੰਦਰ ਰਵੀ