ਨਿਰਮਲ ਰਿਸ਼ੀ ਬਹੁਪੱਖੀ ਐਕਟਰੈਸ ਅਦਾਕਾਰਾ


 


ਇੱਕ ਸਮਾਂ ਸੀ ਜਦੋਂ ਪੰਜਾਬੀ ਅਦਾਕਾਰੀ ਵਿਚ ਗੁਲਾਬੋ ਦੇ ਨਾਮ ਨਾਲ ਜਾਣੀ ਜਾਂਦੀ ਨਿਰਮਲ ਰਿਸ਼ੀ ਤੋਂ ਬਿਨਾ ਕੋਈ ਵੀ ਪੰਜਾਬੀ ਦਾ ਨਾਟਕ ਅਤੇ ਫਿਲਮ ਲੋਕਾਂ ਵਿਚ ਮਾਣਤਾ ਪ੍ਰਾਪਤ ਨਹੀਂ ਕਰਦੀ ਸੀ। ਪੰਜਾਬੀ ਦੀ ਪਹਿਲੀ ਨਾਟਕ ਅਤੇ ਫਿਲਮਾਂ ਦੀ ਐਕਟਰੈਸ ਨਿਰਮਲ ਰਿਸ਼ੀ ਨੇ ਆਪਣੀ ਅਦਾਕਾਰੀ ਦੀ ਛਾਪ ਨਾਲ ਪੰਜਾਬੀਆਂ ਦੇ ਮਨਾਂ ਨੂੰ ਮੋਹ ਲਿਆ ਹੈ। ਪੈਪਸੂ ਦੇ ਸਭ ਤੋਂ ਪਛੜੇ ਇਲਾਕੇ ਮਾਨਸਾ ਵਿਖੇ ਉਸਦਾ ਪਿਤਾ ਬਲਦੇਵ ਕ੍ਰਿਸ਼ਨ ਰਿਸ਼ੀ ਅਤੇ ਮਾਤਾ ਬਚਨੀ ਦੇਵੀ ਦੇ ਘਰ 1 ਨਵੰਬਰ 1943 ਨੂੰ ਜਨਮ ਹੋਇਆ। ਮੁੱਢਲੀ ਪੜ੍ਹਾਈ ਮਾਨਸਾ ਤੋਂ ਹੀ ਪ੍ਰਾਪਤ ਕੀਤੀ। ਅਦਾਕਾਰੀ ਅਤੇ ਖੇਡਾਂ ਦਾ ਸ਼ੌਕ ਆਪਨੂੰ ਸਕੂਲ ਸਮੇਂ ਵਿਚ ਹੀ ਲੱਗ ਗਿਆ ਜੋ ਕਿ ਕਾਲਜ ਵਿਚ ਜਾ ਕੇ ਪ੍ਰਵਾਨ ਚੜਿ੍ਹਆ। ਸਕੂਲ ਅਤੇ ਕਾਲਜ ਦੇ ਸਭਿਆਚਾਰਕ ਪ੍ਰੋਗਰਾਮਾਂ ਵਿਚ ਆਪ ਹਮੇਸ਼ਾ ਮਹੱਤਵਪੂਰਨ ਯੋਗਦਾਨ ਪਾਉਂਦੇ ਰਹੇ। ਉਹ ਸਕੂਲ ਅਤੇ ਕਾਲਜ ਵਿਚ ਐਨ.ਸੀ.ਸੀ.ਦੀ ਕੈਡਟ ਵੀ ਰਹੀ। ਨਿਰਮਲ ਰਿਸ਼ੀ ਖੋਹ ਖੋਹ, ਸ਼ੂਟਿੰਗ, ਬਾਸਕਟਬਾਲ  ਅਤੇ ਅਥਲੈਟਿਕਸ ਦੀ ਖਿਡਾਰਨ ਵੀ ਰਹੀ। ਉਸਨੇ 1966 ਵਿਚ ਰਾਜਸਥਾਨ ਯੂਨੀਵਰਸਿਟੀ ਜੈਪੁਰ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਪਾਸ ਕੀਤੀ। ਖੇਡਾਂ ਅਤੇ ਅਦਾਕਾਰੀ ਬਰਾਬਰ ਚਲਦੇ ਰਹੇ। ਉਸਨੇ ਸਰੀਰਕ ਸਿਖਿਆ ਦੇ ਵਿਸ਼ੇ ਵਿਚ ਐਮ.ਫਿਲ ਸਰਕਾਰੀ ਸਰੀਰਕ ਸਿਖਿਆ ਕਾਲਜ ਪਟਿਆਲਾ ਤੋਂ ਕੀਤੀ। ਸਰੀਰਕ ਸਿਖਿਆ ਉਸਦਾ ਚਹੇਤਾ ਵਿਸ਼ਾ ਸੀ, ਇਸ ਲਈ ਉਸਨੇ ਬੀ.ਪੀ.ਐਡ ਅਤੇ ਐਮ.ਐਡ ਸਰੀਰਕ ਸਿਖਿਆ ਵੀ ਪਾਸ ਕੀਤੀਆਂ। 1969 ਵਿਚ ਨਿਰਮਲ ਰਿਸ਼ੀ ਖਾਲਸਾ ਕਾਲਜ ਫਾਰ ਵਿਮੈਨ ਲੁਧਿਆਣਾ ਵਿਚ ਸਰੀਰਕ ਸਿਖਿਆ ਦੇ ਲੈਕਚਰਾਰ ਲੱਗ ਗਏ। ਸਰੀਰਕ ਸਿਖਿਆ ਕਾਲਜ ਵਿਚ ਪੜ੍ਹਦਿਆਂ ਹੀ ਆਪਨੇ ਮੋਨੋ ਐਕਟਿੰਗ ਵਿਚ ਹਿੱਸਾ ਲਿਆ, ਜਿਸ ਤੋਂ ਬਾਅਦ ਹਰਪਾਲ ਟਿਵਾਣਾ ਅਤੇ ਨੀਨਾ ਟਿਵਾਣਾ ਨੇ ਆਪਦੀ ਅਦਾਕਾਰੀ ਦੀ ਪ੍ਰਤਿਭਾ ਦੀ ਪਛਾਣ ਕੀਤੀ। ਨਿਰਮਲ ਰਿਸ਼ੀ ਨੇ ਫਿਰ ਪੰਜਾਬ ਕਲਾ ਮੰਚ ਵਿਚ ਐਕਟਿੰਗ ਦੀ ਸਿਖਿਆ ਪ੍ਰਾਪਤ ਕੀਤੀ। ਉਸ ਤੋਂ ਬਾਅਦ ਨਿਰਮਲ ਰਿਸ਼ੀ ਨੇ ਨੈਸ਼ਨਲ ਸਕੂਲ ਆਫ ਡਰਾਮਾ ਵਿਚ ਦਾਖ਼ਲਾ ਲੈ ਲਿਆ ਅਤੇ ਉਥੋਂ ਗ੍ਰੈਜੂਏਸ਼ਨ ਦੀ ਡਿਗਰੀ ਪਾਸ ਕੀਤੀ, ਜਿਸ ਨਾਲ ਉਸਦੀ ਅਦਾਕਾਰੀ ਪ੍ਰਵਿਰਤੀ ਵਿਚ ਨਿਖ਼ਾਰ ਆਇਆ। 1966 ਤੋਂ ਉਹ ਥੇਟਰ ਅਤੇ ਫਿਲਮਾਂ ਨਾ ਜੁੜੀ ਆ ਰਹੀ ਹੈ। ਉਹ ਲਗਪਗ 40 ਸਾਲ 2002 ਤੱਕ ਹਰਪਾਲ ਟਿਵਾਣਾ ਦੇ ਇਸ ਗਰੁਪ ਨਾਲ ਜੁੜੀ ਰਹੀ।  17 ਸਾਲ ਦੀ ਅੱਲ੍ਹੜ ਉਮਰ ਵਿਚ ਹੀ ਨਿਰਮਲ ਰਿਸ਼ੀ ਨੇ ਅਦਾਕਾਰੀ ਸ਼ੁਰੂ ਕਰ ਦਿੱਤੀ ਸੀ। ਉਸ ਸਮੇਂ ਹਰਪਾਲ ਟਿਵਾਣਾ ਦੇ ਪੰਜਾਬ ਕਲਾ ਮੰਚ ਵਿਚ ਓਮ ਪੁਰੀ ਅਤੇ ਰਾਜ ਬੱਬਰ ਵੀ ਕੰਮ ਕਰਦੇ ਸਨ। ਡਾ.ਹਰਚਰਨ ਸਿੰਘ ਦੀ ਪਤਨੀ ਬੀਬੀ ਧਰਮ ਕੌਰ ਤੋਂ ਬਾਅਦ ਨਿਰਮਲ ਰਿਸ਼ੀ ਅਤੇ ਨੀਨਾ ਟਿਵਾਣਾਂ ਪਹਿਲੀਆਂ ਲੜਕੀਆਂ ਸਨ, ਜਿਹੜੀਆਂ ਪੰਜਾਬੀ ਦੇ ਨਾਟਕਾਂ ਅਤੇ ਫਿਲਮਾਂ ਵਿਚ ਕੰਮ ਕਰਨ ਲੱਗੀਆਂ ਸਨ। ਉਨ੍ਹਾਂ ਦਿਨਾਂ ਵਿਚ ਲੜਕੀਆਂ ਦਾ ਸਟੇਜ ਤੇ ਆਉਣਾ ਚੰਗਾ ਨਹੀਂ ਸਮਝਿਆ ਜਾਂਦਾ ਸੀ ਪ੍ਰੰਤੂ ਨਿਰਮਲ ਰਿਸ਼ੀ ਦਾ ਪਰਿਵਾਰ ਪੜਿ੍ਹਆ ਲਿਖਿਆ ਹੋਣ ਕਰਕੇ ਮਾਪਿਆਂ ਵੱਲੋਂ ਉਸਨੂੰ ਪੂਰੀ ਸਪੋਰਟ ਮਿਲੀ ਜਿਸ ਕਰਕੇ ਉਸਦੀ ਅਦਾਕਾਰੀ ਵਿਚ ਨਿਖ਼ਾਰ ਆਇਆ। ਹਾਲਾਂ ਕਿ ਮਾਨਸਾ ਦੇ ਇਲਾਕੇ ਨੂੰ ਪਛੜਿਆ ਹੋਇਆ ਸਮਝਿਆ ਜਾਂਦਾ ਸੀ। 1966 ਵਿਚ ਉਸਨੇ ਬਾਕਾਇਦਾ ਨਾਟਕਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਸਭ ਤੋਂ ਪਹਿਲਾਂ ਉਸਨੇ ਅਧੂਰੇ ਸਪਨੇ ਨਾਟਕ ਵਿਚ ਅਦਾਕਾਰੀ ਕੀਤੀ ਸੀ। ਉਸ ਸਮੇਂ ਲੁਧਿਆਣਾ ਵਿਖੇ ਅਦਾਕਾਰੀ ਦੀ ਰੁਚੀ ਨੂੰ ਪ੍ਰਫੁਲਤ ਕਰਨ ਲਈ ਕੋਈ ਸਾਰਥਿਕ ਮੰਚ ਨਾ ਮਿਲਿਆ । ਇਸ ਲਈ ਆਪਣੇ ਅਦਾਕਾਰੀ ਦੇ ਸ਼ੌਕ ਦੀ ਪੂਰਤੀ ਲਈ ਉਹ ਹਰਪਾਲ ਟਿਵਾਣਾ ਦੇ ਨਾਟਕਾਂ ਵਿਚ ਹਿੱਸਾ ਲੈਣ ਲਈ ਲੁਧਿਆਣਾ ਤੋਂ ਪਟਿਆਲਾ ਤੱਕ ਦਾ ਸਫਰ ਕਰਦੇ ਰਹੇ। 1975 ਵਿਚ ਨੀਨਾ ਟਿਵਾਣਾ ਅਤੇ ਹਰਪਾਲ ਟਿਵਾਣਾ ਪੰਜਾਬ ਕਲਾ ਮੰਚ ਦਾ ਕਾਰਜਖੇਤਰ ਪਟਿਆਲਾ ਤੋਂ ਲੁਧਿਆਣਾ ਤਬਦੀਲ ਕਰਕੇ ਲੈ ਗਏ। ਜਿਸ ਕਰਕੇ ਪੰਜਾਬੀ ਭਵਨ ਲੁਧਿਆਣਾ ਸਾਹਿਤਕ ਸਰਗਰਮੀਆਂ ਦਾ ਕੇਂਦਰ ਬਣ ਗਿਆ। ਇਸ ਸਮੇਂ ਦੌਰਾਨ ਨਿਰਮਲ ਰਿਸ਼ੀ ਨੇ ਅਦਾਕਾਰੀ ਵਿਚ ਆਪਣੀ ਠੁਕ ਬਣਾ ਲਈ ਸੀ। ਉਸਦੀ ਆਵਾਜ਼ ਅਤੇ ਅਦਾਕਾਰੀ ਦੀ ਧੜੱਲੇਦਾਰੀ ਦਾ ਅਜੇ ਤੱਕ ਪੰਜਾਬੀ ਜਗਤ ਵਿਚ ਕੋਈ ਮੁਕਾਬਲਾ ਨਹੀਂ ਕਰ ਸਕਿਆ। 1984 ਵਿਚ ਨੀਨਾ ਟਿਵਾਣਾ ਦਾ ਗਰੁਪ ਫਿਰ ਪਟਿਆਲਾ ਆ ਗਿਆ। ਨਿਰਮਨ ਰਿਸ਼ੀ ਨੇ ਫਿਰ ਆਪਣਾ ਕਾਰਜ ਖੇਤਰ ਪਟਿਆਲਾ ਬਣਾ ਲਿਆ। ਲਗਪਗ 40 ਸਾਲ ਨਿਰਮਲ ਰਿਸ਼ੀ ਨਾਟਕਾਂ ਅਤੇ ਫਿਲਮਾਂ ਵਿਚ ਅਦਾਕਾਰੀ ਕਰਦੇ ਰਹੇ। ਅਜੇ ਵੀ ਉਹ ਫਿਲਮਾਂ ਵਿਚ ਅਦਾਕਾਰੀ ਕਰ ਰਹੇ ਹਨ ਭਾਵੇਂ ਵਡੇਰੀ ਉਮਰ ਕਰਕੇ ਬਜ਼ੁਰਗਾਂ ਵਾਲੇ ਕਿਰਦਾਰ ਕਰਨੇ ਪੈਂਦੇ ਹਨ। ਇਸ ਸਮੇਂ ਦੌਰਾਨ ਉਸਨੇ ਬਹੁਤ ਸਾਰੇ ਨਾਟਕ ਆਪ ਲਿਖੇ ਅਤੇ ਉਨ੍ਹਾਂ ਦੀ ਨਿਰਦੇਸ਼ਨਾ ਵੀ ਕੀਤੀ। 2003 ਵਿਚ ਉਹ ਸਰੀਰਕ ਸਿਖਿਆ ਵਿਭਾਗ ਦੇ ਮੁੱਖੀ ਦੇ ਤੌਰ ਤੇ ਸੇਵਾ ਮੁਕਤ ਹੋ ਗਏ, ਉਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਥੇਟਰ ਗਰੁਪ ‘‘ਅਲਾਈਵ ਆਰਟਿਸਟਸ’’ ਬਣਾ ਲਿਆ, ਜਿਸਦੇ ਉਹ ਮੁੱਖੀ ਹਨ। ਨਿਰਮਲ ਰਿਸ਼ੀ ਨੂੰ ਬਹੁਤ ਸਾਰੇ ਅਵਾਰਡ ਅਤੇ ਮਾਨ ਸਨਮਾਨ ਮਿਲੇ ਜਿਨ੍ਹਾਂ ਵਿਚ, ਸੰਗੀਤ ਨਾਟਕ ਅਕਾਡਮੀ ਅਵਾਰਡ, ਸਮਿਤਾ ਪਾਟਿਲ ਅਵਾਰਡ 1999, ਕੈਲਗਰੀ ਸਿੱਖ ਐਸੋਸੀਏਸ਼ਨ ਕੈਨੇਡਾ ਵੱਲੋਂ, ਸ਼ਰੋਮਣੀ ਅਦਾਕਾਰਾ ਭਾਸ਼ਾ ਵਿਭਾਗ ਪੰਜਾਬ, ਸੰਤ ਸਿੰਘ ਸੇਖੋਂ ਯਾਦਗਾਰੀ ਅਵਾਰਡ, ਅਵਾਰਡ ਐਂਡ ਆਨਰ ਫਾਰ ਬੈਸਟ ਕਲਚਰਲ ਸ਼ੋ ਇਨ ਨੇਸ਼ਨਲ ਗੇਮਜ਼, ਦੁਖਦੇ ਕਲੀਰੇ ਲਈ ਪੰਜਾਬ ਆਰਟ ਐਸੋਸੀਏਸ਼ਨ ਟਰਾਂਟੋ, ਪੀ.ਟੀ.ਸੀ.ਬੈਸਟ ਆਰਟਿਸਟ ਅਵਾਰਡ, 2013 ਵਿਚ ਪ੍ਰੈਜੀਡੈਂਟ ਅਵਾਰਡ ਅਤੇ ਲੌਂਗ ਦਾ ਲਿਸ਼ਕਾਰਾ ਫਿਲਮ ਵਿਚ ਅਦਾਕਾਰੀ ਲਈ ਪੰਜਾਬ ਫਿਲਮ ਰਿਵਿਊ ਐਸੋਸੀਏਸ਼ਨ ਮੁੰਬਈ,  ਨੇ ਸਨਮਾਨਤ ਕੀਤਾ।

Comments

Popular posts from this blog

ਹਰਪ੍ਰੀਤ ਕੌਰ ਸੰਧੂ ਦੀ ‘ਜ਼ਿੰਦਗੀ ਦੇ ਰੂਬਰੂ’ ਪੁਸਤਕ ਜ਼ਿੰਦਗੀ ਜਿਓਣ ਦੇ ਬਿਹਤਰੀਨ ਨੁਸਖ਼ੇ

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ

ਪੰਜਾਬੀ ਭਾਸ਼ ਦਾ ਵਿਦੇਸ਼ਾਂ ਵਿਚ ਪਰਚਮ ਲਹਿਰਾਉਣ ਵਾਲਾ ਸਾਹਿਤਕਾਰ ਰਵਿੰਦਰ ਰਵੀ