ਸਮਾਜਿਕ ਕਦਰਾਂ ਕੀਮਤਾਂ ਦਾ ਪਹਿਰੇਦਾਰ ਡਾ.ਧਰਮਵੀਰ ਗਾਂਧੀ
ਇਨਸਾਨ ਦਾ ਜਿਹੋ ਜਹੇ ਪਰਿਵਾਰ ਅਤੇ ਵਾਤਾਵਰਨ
ਵਿਚ ਪਾਲਣ ਪੋਸ਼ਣ ਹੋਵੇ ਉਹੋ ਜਿਹਾ ਹੀ ਉਸਦਾ ਸੁਭਾਅ, ਵਿਚਾਰਧਾਰਾ,
ਵਿਵਹਾਰ, ਸਲੀਕਾ ਅਤੇ ਸਮਾਜ ਵਿਚ ਵਿਚਰਨ ਦਾ ਢੰਗ ਹੁੰਦਾ
ਹੈ। ਡਾ.ਧਰਮਵੀਰ ਗਾਂਧੀ ਦਾ ਪਾਲਣ ਪੋਸ਼ਣ ਇਕ ਦਿਹਾਤੀ ਸਾਧਾਰਣ ਇਨਸਾਨੀ ਕਦਰਾਂ ਕੀਮਤਾਂ ਨਾਲ ਜੁੜੇ
ਪਰਿਵਾਰ ਵਿਚ ਹੋਇਆ ਸੀ ਪ੍ਰੰਤੂ ਲੀਡਰਸ਼ਿਪ ਦੇ ਗੁਣ ਉਸ ਵਿਚੋਂ ਬਚਪਨ ਵਿਚ ਹੀ ਪਣਪਣ ਲੱਗ ਗਏ ਸਨ।
ਆਪਣੇ ਹਾਣ ਦੇ ਬੱਚਿਆਂ ਵਿਚ ਮੋਹਰੀ ਦੀ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਵਿਚ ਰਹਿੰਦਾ ਸੀ। ਕੁਝ ਖਾਸ
ਕਰਨ ਦੀ ਉਤਸੁਕਤਾ ਵੀ ਉਸਨੂੰ ਕੁਰੇਦਦੀ ਰਹਿੰਦੀ ਸੀ। ਹਾਲਾਂ ਕਿ ਬਚਪਨ ਮਾਸੂਮ ਹੁੰਦਾ ਹੈ। ਉਸਦਾ
ਪਿਤਾ ਅਨੁਸ਼ਾਸ਼ਨ ਵਿਚ ਰਹਿਣ ਵਾਲਾ ਅਧਿਆਪਕ ਸੀ, ਜਿਸਨੇ ਆਪਣੀ ਸਾਰੀ
ਉਮਰ ਬੱਚਿਆਂ ਵਿਚ ਇਨਸਾਨੀਅਤ ਦੇ ਗੁਣ ਪੈਦਾ ਕਰਕੇ ਸਮਾਜਕ ਸਰੋਕਾਰਾਂ ਦੇ ਪਹਿਰੇਦਾਰ ਬਣਨ ਨੂੰ
ਤਰਜ਼ੀਹ ਦਿੱਤੀ। ਇਹੋ ਅਨੁਸ਼ਾਸ਼ਨ ਅਤੇ ਇਨਸਾਨੀਅਤ ਦੇ ਗੁਣਾਂ ਦੇ ਪਹਿਰੇਦਾਰ ਉਨ੍ਹਾਂ ਆਪਣੇ ਬੱਚਿਆਂ
ਵਿਚ ਬਣਨ ਲਈ ਪੈਦਾ ਕੀਤੇ। ਜਿਸਦਾ ਜਿਉਂਦਾ ਜਾਗਦਾ ਸਬੂਤ ਡਾ.ਧਰਮਵੀਰ ਗਾਂਧੀ ਹੈ। ਡਾ ਧਰਮਵੀਰ
ਗਾਂਧੀ ਵਿਦਿਆਰਥੀ ਜੀਵਨ ਤੋਂ ਹੀ ਸਮਾਜ ਸੇਵਾ ਨਾਲ ਜੁੜਿਆ ਹੋਇਆ ਹੈ। ਇੱਕ ਆਮ ਦਿਹਾਤੀ ਮੱਧ ਵਰਗੀ
ਪਰਿਵਾਰ ਵਿਚ ਧਰਮਵੀਰ ਗਾਂਧੀ ਦਾ ਜਨਮ ਪਿਤਾ ਸ੍ਰੀ ਭਗਤ ਰਾਮ ਅਤੇ ਮਾਤਾ ਸ਼੍ਰੀਮਤੀ ਤੇਲੋ ਦੇਵੀ ਦੇ
ਘਰ 1 ਜੂਨ 1951
ਨੂੰ ਰੂਪ ਨਗਰ ਜਿਲ੍ਹੇ ਦੇ ਪਿੰਡ ਪੰਚਰੰਦਾ ਵਿਚ ਹੋਇਆ, ਜਿਸਨੂੰ
ਉਦੋਂ ਰੋਪੜ ਕਿਹਾ ਜਾਂਦਾ ਸੀ। ਉਨ੍ਹਾਂ ਦੇ ਪਿਤਾ
ਜਾਤ ਪਾਤ ਦੇ ਵਿਰੁਧ ਸਨ। ਉਨ੍ਹਾਂ ਆਪਣੇ ਬੱਚਿਆਂ ਨੂੰ ਵੀ ਆਪਣੇ ਨਾਵਾਂ ਨਾਲ ਵੀ ਕੋਈ ਜ਼ਾਤ ਜਾਂ
ਗੋਤ ਲਿਖਣ ਤੋਂ ਵਰਜਿਆ। ਧਰਮਵੀਰ ਦਾ ਨਾਮ ਵੀ ਧਰਮਵੀਰ ਬੁਲ੍ਹਾ ਰੱਖਿਆ ਸੀ ਜੋ ਸੂਫ਼ੀ ਫਕੀਰ ਬੁਲ੍ਹੇ
ਸ਼ਾਹ ਤੋਂ ਪ੍ਰੇਰਿਤ ਹੋ ਕੇ ਰੱਖਿਆ ਸੀ। ਧਰਮਵੀਰ ਗਾਂਧੀ ਵੀ ਫ਼ਕਰ ਕਿਸਮ ਦਾ ਇਨਸਾਨ ਹੈ। ਗਾਂਧੀ ਸ਼ਬਦ
ਤਾਂ ਧਰਮਵੀਰ ਵੱਲੋਂ ਸਮਾਜ ਸੇਵਾ, ਲੋਕ ਭਲਾਈ ਅਤੇ ਸਮਾਜਿਕ ਕਦਰਾਂ ਕੀਮਤਾਂ ਤੇ
ਪਹਿਰਾ ਦੇਣ ਕਰਕੇ ਲੋਕਾਂ ਨੇ ਹੀ ਜੋੜ ਦਿੱਤਾ ਸੀ। ਬਸ ਫਿਰ ਉਸ ਤੋਂ ਬਾਅਦ ਗਾਂਧੀ ਸ਼ਬਦ ਉਸਦੇ ਨਾਮ
ਨਾਲ ਜੁੜ ਗਿਆ। ਉਨ੍ਹਾਂ ਐਮ.ਬੀ.ਬੀ.ਐਸ ਦੀ ਡਿਗਰੀ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਚੋਂ 1976 ਵਿਚ ਪਾਸ ਕੀਤੀ। ਉਹ ਡਾਕਟਰਾਂ ਦੀ ਯੂਨੀਅਨ ਦਾ ਸਰਗਰਮ ਮੈਂਬਰ ਰਿਹਾ ਹੈ। ਇਸ
ਦੌਰਾਨ ਭਾਰਤ ਵਿਚ ਐਮਰਜੈਂਸੀ ਲੱਗ ਗਈ। ਡਾ. ਧਰਮਵੀਰ ਗਾਂਧੀ ਨੇ ਮਨੁੱਖੀ ਹੱਕਾਂ ਦੀ ਰਖਵਾਲੀ ਲਈ
ਐਮਰਜੈਂਸੀ ਦੇ ਵਿਰੁੱਧ ਆਪਣੀ ਆਵਾਜ਼ ਉਠਾਈ ਜਿਸ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿਚ
ਭੇਜ ਦਿੱਤਾ ਗਿਆ। ਉਹ ਇੱਕ ਮਹੀਨਾ ਜੇਲ੍ਹ ਵਿਚ ਰਿਹਾ। ਫਿਰ ਉਹ ਪੰਜਾਬ ਸਰਕਾਰ ਦੇ ਸਿਹਤ ਵਿਭਾਗ
ਵਿਚ ਬਤੌਰ ਮੈਡੀਕਲ ਅਧਿਕਾਰੀ ਭਰਤੀ ਹੋ ਗਿਆ। ਉਹ ਜੂਨੀਅਰ ਡਾਕਟਰਜ਼ ਐਸੋਸੀਏਸ਼ਨ ਦਾ ਜਨਰਲ ਸਕੱਤਰ ਵੀ
ਰਿਹਾ ਹੈ। ਡਾ ਧਰਮਵੀਰ ਗਾਂਧੀ 1978 ਵਿਚ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਾਈਟਸ
ਪੰਜਾਬ ਦਾ ਚੁਣਿਆਂ ਹੋਇਆ ਫਾਊਂਡਰ ਜਨਰਲ ਸਕੱਤਰ ਬਣਿਆਂ ਸੀ। ਇਸ ਤੋਂ ਇਲਾਵਾ ਉਹ 1978 ਤੋਂ 82 ਤੱਕ ਆਲ ਇੰਡੀਆ ਫੈਡਰੇਸ਼ਨ ਆਫ ਆਰਗੇਨਾਈਜੇਸ਼ਨ
ਫਾਰ ਡੈਮੋਕਰੈਟਿਕ ਰਾਈਟਸ ਦਾ ਜਨਰਲ ਸਕੱਤਰ ਵੀ ਰਿਹਾ। ਇਸ ਦੌਰਾਨ ਉਨ੍ਹਾਂ ਬਿਮਾਰ ਮਰੀਜਾਂ ਦੀ
ਤਨਦੇਹੀ ਨਾਲ ਸੇਵਾ ਕੀਤੀ। ਨੌਕਰੀ ਦੇ ਸਮੇਂ ਤੋਂ ਬਾਅਦ ਵੀ ਉਹ ਮਰੀਜਾਂ ਨੂੰ ਵੇਖਦਾ ਰਹਿੰਦਾ ਸੀ।
ਜਦੋਂ ਉਹ ਬਿਲਾਸਪੁਰ ਡਿਸਪੈਂਸਰੀ ਵਿਚ ਨੌਕਰੀ ਕਰਦਾ ਸੀ ਤਾਂ ਰਾਤ ਬਰਾਤੇ ਵੀ ਪਿੰਡਾਂ ਵਿਚ ਉਹ
ਮਰੀਜਾਂ ਨੂੰ ਚੈਕ ਕਰਨ ਲਈ ਉਨ੍ਹਾ ਦੇ ਘਰਾਂ ਵਿਚ ਚਲਾ ਜਾਂਦਾ ਸੀ। ਇਸ ਡਿਸਪੈਂਸਰੀ ਨੂੰ ਉਸਨੇ
ਲੋਕਾਂ ਦੇ ਸਹਿਯੋਗ ਨਾਲ-ਮਾਡਲ ਦਿਹਾਤੀ ਮੈਡੀਕਲ ਸੈਂਟਰ-ਬਣਾ ਦਿੱਤਾ ਜਿਸ ਕਰਕੇ ਇਸ ਪਿੰਡ ਦੀ
ਡਿਸਪੈਂਸਰੀ ਨੂੰ‘‘ਬੈਸਟ ਰੂਰਲ ਹੈਲਥ ਸੈਂਟਰ’’ਦਾ ਅਵਾਰਡ ਰਾਜਪਾਲ ਪੰਜਾਬ ਸਿਧਾਰਥ ਸ਼ੰਕਰ ਰੇਅ ਨੇ
ਦਿੱਤਾ ਸੀ। ਸਮੁਚੇ ਦੇਸ਼ ਦੇ ਅਖ਼ਬਾਰਾਂ ਨੇ ਇਸ ਉਦਮ ਦੀ ਸ਼ਲਾਘਾ ਕੀਤੀ। ਇਸ ਤੋਂ ਬਾਅਦ ਡਾ ਧਰਮਵੀਰ ਗਾਂਧੀ
ਸਰਕਾਰੀ ਨੌਕਰੀ ਤੋਂ ਲੰਬੀ ਛੁੱਟੀ ਲੈ ਕੇ ਸਨਅਤੀ ਸ਼ਹਿਰ ਲੁਧਿਆਣਾ ਵਿਖੇ ਦੋ ਸਾਲ 1982 ਤੋਂ 84 ਤੱਕ ਉਤਰ ਪ੍ਰਦੇਸ, ਉੜੀਸਾ ਅਤੇ ਬਿਹਾਰ ਦੇ ਸਲੱਮ ਇਲਾਕਿਆਂ ਵਿਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਨੂੰ
ਮੁਫਤ ਸਿਹਤ ਸਹੂਲਤਾਂ ਦਿੰਦੇ ਰਹੇ ਅਤੇ ਉਨ੍ਹਾਂ ਨੂੰ ਆਪਣੇ ਮਨੁੱਖੀ ਹੱਕਾਂ ਬਾਰੇ ਜਾਗ੍ਰਿਤ ਕੀਤਾ।
ਦਿਹਾਤੀ ਇਲਾਕਿਆਂ ਵਿਚ ਬਿਹਤਰੀਨ ਸਿਹਤ ਸਹੂਲਤਾਂ ਦੇਣ ਕਰਕੇ ਆਪਨੂੰ ਪੰਜਾਬ ਸਰਕਾਰ ਨੇ ਵਿਸ਼ੇਸ਼ ਤੌਰ
ਤੇ ਐਮ ਡੀ ਕਰਨ ਲਈ ਰਾਜਿੰਦਰਾ ਹਸਪਤਾਲ ਵਿਚ ਭੇਜਿਆ। ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ
ਪਟਿਆਲਾ ਵਿਚ ਪਹਿਲਾਂ ਸੀਨੀਅਰ ਲੈਕਚਰਾਰ ਫਿਰ ਸਹਾਇਕ ਪ੍ਰ੍ਰੋਫੈਸਰ ਕਾਰਡਿਆਲੋਜੀ ਵਿਭਾਗ ਵਿਚ
ਨੌਕਰੀ ਕੀਤੀ। ਜਦੋਂ ਉਹ ਰਾਜਿੰਦਰਾ ਹਸਪਤਾਲ ਵਿਚ ਨੌਕਰੀ ਕਰਦੇ ਸਨ ਤਾਂ ਉਹ ਮਰੀਜਾਂ ਦੀ ਸੇਵਾ ਲਈ
ਹਰ ਵਕਤ ਤਿਆਰ ਬਰ ਤਿਆਰ ਰਹਿੰਦੇ ਸਨ। ਰਾਤ ਬਰਾਤੇ ਵੀ ਕੋਈ ਵੀ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਆ ਕੇ
ਮਰੀਜ ਵਿਖਾ ਸਕਦਾ ਸੀ। ਹੈਰਾਨੀ ਦੀ ਗੱਲ ਹੈ ਕਿ ਉਹ ਰਾਤ ਨੂੰ ਆਪਣੇ ਘਰ ਰ ਅਤੇ ਆਪਣੇ ਨਿੱਜੀ ਕਮਰੇ
ਦਾ ਦਰਵਾਜਾ ਵੀ ਖੁਲ੍ਹਾ ਹੀ ਰੱਖਦੇ ਸਨ। ਮੇਰਾ ਨਿੱਜੀ ਤਜ਼ਰਬਾ ਹੈ ਕਿ ਇਕ ਵਾਰ ਅੱਧੀ ਰਾਤ ਮੈਂ
ਉਨ੍ਹਾਂ ਨੂੰ ਮਰੀਜ ਵਿਖਾਉਣ ਗਿਆ ਤਾਂ ਦਰਵਾਜਾ ਖੜਕਾਉਣ ਤੋਂ ਬਾਅਦ ਜਦੋਂ ਉਹ ਬਾਹਰ ਨਾ ਆਏ ਤਾਂ
ਮੈਂ ਮਕਾਨ ਦੇ ਅੰਦਰ ਚਲਾ ਗਿਆ। ਦਰਵਾਜੇ ਖੁਲ੍ਹੇ ਤੇ ਮੈਂ ਉਨ੍ਹਾਂ ਦੇ ਬੈਡ ਰੂਮ ਵਿਚ ਜਾ ਕੇ
ਉਨ੍ਹਾਂ ਨੂੰ ਜਗਾਇਆ। ਉਹ ਤੁਰੰਤ ਨਾਈਟ ਸੂਟ ਵਿਚ ਹੀ ਮੇਰੇ ਨਾਲ ਮਰੀਜ ਵੇਖਣ ਲਈ ਤੁਰ ਪਏ। ਜਿਹੜੇ
ਵੀ ਉਹ ਮਰੀਜਾਂ ਦੇ ਟੈਸਟ ਲਿਖਦੇ ਸੀ ਲਬਾਰਟੀਆਂ ਵਾਲੇ ਉਨ੍ਹਾਂ ਤੋਂ ਅੱਧੇ ਪੈਸੇ ਲੈਂਦੇ ਸਨ। ਇਸ
ਸਮੇਂ ਉਨੀ ਸੌ 1991ਤੋਂ 2001
ਦੌਰਾਨ ਆਪਨੇ ਗ਼ਰੀਬ ਅਤੇ ਲੋੜਬੰਦ ਮਰੀਜਾਂ ਦੀ ਨਿਰਸੁਆਰਥ ਸੇਵਾ ਕੀਤੀ ਜਿਸ ਕਰਕੇ ਆਪਨੂੰ ਪੰਜਾਬ
ਸਰਕਾਰ ਵੱਲੋਂ ਅਨੇਕਾਂ ਪ੍ਰਸੰਸਾ ਪੱਤਰ ਮਿਲੇ। ਆਪਨੇ 1990
ਵਿਚ ਇੱਕ ਸਵੈ ਸੇਵੀ ਸੰਸਥਾ ‘‘ਨੈਸ਼ਨਲ ਵਾਲਟੀਅਰ ਗਰੁਪ’’ ਬਣਾਇਆ ਜਿਹੜਾ ਗ਼ਰੀਬ ਲੋਕਾਂ ਨੂੰ ਘੱਟ
ਕੀਮਤ ਤੇ ਸਿਹਤ ਸਹੂਲਤਾਂ ਦਿੰਦਾ ਸੀ। 2001 ਵਿਚ ਡਾ ਧਰਮਵੀਰ
ਗਾਂਧੀ ਨੇ ਸਰਕਾਰੀ ਨੌਕਰੀ ਤੋਂ ਆਗਾਊਂ ਸੇਵਾ ਮੁਕਤੀ ਲੈ ਕੇ ਪਟਿਆਲਾ ਸ਼ਹਿਰ ਵਿਚ ‘‘ਲੋ ਕਾਸਟ’’
ਅਰਥਾਤ ਨਾਮਾਤਰ ਕੀਮਤ ਉਪਰ ਸਮਾਜ ਦੇ ਗ਼ਰੀਬ, ਦੱਬੇ ਕੁਚਲੇ ਅਤੇ
ਆਰਥਿਕ ਤੌਰ ਤੇ ਕਮਜੋਰ ਲੋਕਾਂ ਲਈ ‘ਮੈਡੀਕਲ ਸ਼ੋਸ਼ਲ ਪ੍ਰਾਜੈਕਟ’ ਅਧੀਨ ਕੰਮ ਕਰਨਾ ਸ਼ੁਰੂ ਕੀਤਾ ਜਿਸ
ਅਧੀਨ ਆਮ ਲੋਕਾਂ ਨੂੰ ਮੁਫਤ ਦੀ ਤਰ੍ਹਾਂ ਦਵਾਈਆਂ ਦਿੱਤੀਆਂ ਜਾਂਦੀਆਂ ਸਨ। ਇਹ ਪ੍ਰਾਜੈਕਟ ਉਦੋਂ
ਤੱਕ ਚਲਦਾ ਰਿਹਾ ਜਦੋਂ ਤੱਕ ਉਹ ਲੋਕ ਸਭਾ ਲਈ ਚੁਣਿਆਂ ਗਿਆ। ਜਦੋਂ ਗਾਂਧੀਵਾਦੀ ਸਮਾਜ ਸੇਵਕ ਸ਼੍ਰੀ
ਅੰਨਾ ਹਜ਼ਾਰੇ ਨੇ 2011ਵਿਚ ਜਨ ਲੋਕ ਪਾਲ ਬਿਲ ਲਈ ਅਤੇ ਐਂਟੀ ਕੁਰਪਸ਼ਨ
ਅੰਦੋਲਨ ਸ਼ੁਰੂ ਕੀਤੇ ਤਾਂ ਆਪ ਉਸ ਵਿਚ ਕੁਦ ਪਏ ਅਤੇ ਧਰਨੇ ਤੇ ਮੁਜ਼ਾਹਰੇ ਕਰਕੇ ਉਸ ਅੰਦੋਲਨ ਨੂੰ
ਪੂਰਾ ਸਮਰਥਨ ਦਿੱਤਾ। ਅਰਵਿੰਦ ਕੇਜਰੀਵਾਲ ਵੱਲੋਂ ਅੰਨਾ ਹਜ਼ਾਰੇ ਨਾਲੋਂ ਵੱਖ ਹੋ ਕੇ ਆਮ ਆਦਮੀ
ਪਾਰਟੀ ਦਾ ਗਠਨ ਕੀਤਾ ਗਿਆ। ਡਾ ਧਰਮਵੀਰ ਗਾਂਧੀ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਗਏ। ਆਪ ਦੀ ਹਰਮਨ
ਪਿਆਰਤਾ ਨੂੰ ਮੁੱਖ ਰੱਖਦਿਆਂ ਆਪ ਨੂੰ ਆਮ ਆਦਮੀ ਪਾਰਟੀ ਦੀ ਰਾਜਨੀਤਕ ਅਫੇਅਰਜ਼ ਕਮੇਟੀ ਅਤੇ ਪਾਰਟੀ
ਦੀ ਕੌਮੀ ਕਾਰਜਕਾਰਨੀ ਦਾ ਮੈਂਬਰ ਬਣਾਇਆ ਗਿਆ। ਜਦੋਂ ਲੋਕ ਸਭਾ ਦੀਆਂ ਮਈ 2014 ਵਿਚ ਚੋਣਾ ਹੋਈਆਂ ਤਾਂ ਆਪ ਨੂੰ ਪਟਿਆਲਾ ਲੋਕ ਸਭਾ ਤੋਂ ਆਮ ਆਦਮੀ ਪਾਰਟੀ ਨੇ
ਉਮੀਦਵਾਰ ਬਣਾਇਆ ਅਤੇ ਆਪ ਨੇ ਇਸ ਚੋਣ ਵਿਚ ਜਿੱਤ ਪ੍ਰਾਪਤ ਕਰਕੇ ਲੋਕ ਸਭਾ ਦੇ ਮੈਂਬਰ ਬਣੇ। ਡਾ
ਧਰਮਵੀਰ ਗਾਂਧੀ ਨੂੰ ਲੋਕ ਸਭਾ ਵਿਚ ਆਮ ਆਦਮੀ ਪਾਰਟੀ ਦਾ ਨੇਤਾ ਬਣਾਇਆ ਗਿਆ। ਡਾ ਧਰਮਵੀਰ ਗਾਂਧੀ
ਦਾ ਵਿਆਹ ਸ਼੍ਰੀਮਤੀ ਜਗਦੰਬਾ ਕੌਸ਼ਲ ਨਾਲ ਹੋਇਆ ਜੋ ਫੂਡ ਕਾਰਪੋਰੇਸ਼ਨ ਆਫ ਇੰਡੀਆ ਵਿਚੋਂ ਸਹਾਇਕ
ਮੈਨੇਜਰ ਸੇਵਾ ਮੁਕਤ ਹੋਏ ਹਨ। ਉਨ੍ਹਾਂ ਨੇ ਆਪਣਾ ਵਿਆਹ ਵੀ ਉਸ ਸਮੇਂ ਬੜਾ ਸਾਦੇ ਢੰਗ ਨਾਲ
ਕਰਵਾਇਆ। ਉਨ੍ਹਾਂ ਦੀ ਲੜਕੀ ਡਾ ਰੋਹਿਨੀ ਪ੍ਰਾਸ਼ਰ ਅਮਰੀਕਾ ਵਿਚ ਡਾਕਟਰ ਹਨ ਅਤੇ ਲੜਕਾ ਨਬੇਂਦੂ
ਪ੍ਰਾਸ਼ਰ ਪਟਿਆਲਾ ਵਿਖੇ ਐਮ ਡੀ ਹੈ।
Comments
Post a Comment