ਕੁਰਬਾਨੀਆਂ ਦੀ ਵਿਰਾਸਤ ਅਤੇ ਸਿਆਸਤ ਦੀ ਖੇਡ
ਰਾਜਨੀਤਕ ਪਾਰਟੀਆਂ ਵੱਲੋੋਂ ਧਾਰਮਕ ਜੋੜ ਮੇਲਿਆਂ ਅਤੇ ਪੁਰਬਾਂ ਦੇ ਸਮਾਗਮਾਂ ਦੀ
ਦੁਰਵਰਤੋਂ ਰੋਕਣਾਂ ਸਮੇਂ ਦੀ ਬਹੁਤ ਵੱਡੀ ਲੋੜ ਹੈ। ਧਾਰਮਕ ਸਮਾਗਮ ਇਸ ਕਰਕੇ ਆਯੋਜਿਤ ਕੀਤੇ ਜਾਂਦੇ
ਹਨ ਤਾਂ ਜੋ ਲੋਕ ਇਹਨਾਂ ਪੁਰਬਾਂ ਦੀ ਮਹੱਤਤਾ ਸਮਝ ਕੇ ਉਹਨਾਂ ਦੀ ਵਿਚਾਰਧਾਰਾ ਨਾਲ ਜੁੜੇ ਰਹਿਣ।
ਅੱਜ ਦੇ ਆਧੁਨਿਕ ਅਤੇ ਤੇਜ਼ੀ ਦੇ ਜ਼ਮਾਨੇ ਵਿੱਚ ਜਦੋਂ
ਨੌਜਵਾਨ ਪੀੜ੍ਹੀ ਆਪਣੇ ਧਰਮ ਅਤੇ ਵਿਰਸੇ ਤੋਂ ਪਛਮੀ ਅਤੇ ਫਿਲਮੀ ਪ੍ਰਭਾਵ ਅਧੀਨ ਦੂਰ
ਹੁੰਦੀ ਜਾ ਰਹੀ ਹੈ। ਅਜਿਹੀ ਹਾਲਤ ਵਿਚ ਧਾਰਮਕ ਜੋੜ ਮੇਲਿਆਂ ਅਤੇ ਗੁਰੂਆਂ ਦੇ ਪੁਰਬਾਂ ਨੂੰ ਧਾਰਮਕ
ਰੀਤੀ-ਰਿਵਾਜਾਂ ਅਨੁਸਾਰ ਮਨਾਉਣਾ ਹੋਰ ਵੀ ਮਹੱਤਵਪੂਰਨ ਹੋ ਗਿਆ ਹੈ। ਪੰਜਾਬ ਵਿੱਚ ਤਕਰੀਬਨ ਸਾਰਾ
ਸਾਲ ਹੀ ਮੇਲੇ ਅਤੇ ਪੁਰਬ ਮਨਾਏ ਜਾਂਦੇ ਹਨ। ਦਸਾਂ ਗੁਰੂਆਂ, ਭਗਤਾਂ,
ਸੰਤਾਂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਅਤੇ
ਛੋਟੇ ਸਹਿਬਜਾਦਿਆਂ ਦੇ ਜਨਮ ਤੇ ਸ਼ਹੀਦੀ ਦਿਵਸਾਂ ਦੇ ਸਮਾਗਮ ਸਿੱਖ ਸੰਗਤਾਂ ਬੜੀ ਸ਼ਰਧਾ ਅਤੇ ਸਤਿਕਾਰ
ਨਾਲ ਮਨਾਉਦੀਆਂ ਹਨ। ਸੰਗਤਾਂ ਬਿਨਾਂ ਬੁਲਾਏ ਆਪਣੀ
ਸ਼ਰਧਾ ਤੇ ਸਤਿਕਾਰ ਦਾ ਪ੍ਰਗਟਾਵਾ ਕਰਨ ਲਈ ਲੱਖਾਂ ਦੀ ਗਿਣਤੀ ਵਿਚ ਵਹੀਰਾਂ ਘੱਤ ਕੇ ਆਉਂਦੀਆਂ ਹਨ।
ਅਜਿਹੇ ਮੌੋਕਿਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ
ਸੰਸਥਾਵਾਂ ਅਤੇ ਹੋਰ ਮਹਾਂਪੁਰਸ਼ਾਂ ਨੂੰ ਧਾਰਮਕ ਦੀਵਾਨ ਅਯੋਜਿਤ ਕਰਨੇ ਚਾਹੀਦੇ ਹਨ, ਜਿਨ੍ਹਾਂ ਵਿੱਚ ਵਿਦਵਾਨ ਪ੍ਰਚਾਰਕ ਸਾਡੇ ਅਮੀਰ ਧਾਰਮਿਕ ਅਤੇ ਸਭਿਆਚਾਰਕ ਵਿਰਸੇ
ਬਾਰੇ ਜਾਣਕਾਰੀ ਦੇ ਕੇ ਸਿੱਖ ਸੰਗਤਾਂ ਨੂੰ ਗੁਰੂਆਂ ਦੀ ਵਿਚਾਰਧਾਰਾ ਨਾਲ ਜੁੜੇ ਰਹਿਣ ਲਈ ਪ੍ਰੇਰਤ
ਕਰਨ। ਇਹ ਸਮਾਗਮ ਪੂਰਨ ਤੌਰ ’ਤੇ ਧਾਰਮਕ ਹੋਣੇ ਚਾਹੀਦੇ ਹਨ। ਰਾਜਨੀਤਕ ਭਾਸ਼ਣ ਨਹੀਂ ਹੋਣਾ ਚਾਹੀਦਾ।
ਐਸ.ਜੀ.ਪੀ.ਸੀ ਤੇ ਭਾਂਵੇ ਅਕਾਲੀ ਦਲ ਦੇ ਕਿਸੇ ਵੀ ਧੜੇ ਦਾ ਕਬਜ਼ਾ ਹੋਵੇ, ਉਹ ਪਾਰਟੀ ਪੱਧਰ ਤੋਂ ਉਪਰ ਉਠ ਕੇ ਸਿਰਫ ਤੇ ਸਿਰਫ ਧਾਰਮਕ ਪ੍ਰੋਗਰਾਮ ਹੀ ਕਰਵਾਏ।
ਕੀਰਤਨ ਦਰਬਾਰ, ਢਾਡੀ ਦਰਬਾਰ ਕਵੀਸ਼ਰੀ ਦਰਬਾਰ ਜਾਂਬੱਚਿਆਂ ਦੇ
ਧਾਰਮਕ ਵਿਸ਼ਿਆਂ ’ਤੇ ਕਵਿਤਾ ਭਾਸ਼ਣ ਮੁਕਾਬਲੇ ਹੀ ਹੋਣ, ਧਾਰਮਕ
ਨਾਟਕ ਵੀ ਹੋ ਸਕਦੇ ਹਨ ਪ੍ਰੰਤੂ ਅਫਸੋਸ ਦੀ ਗੱਲ ਹੈ ਐਸ.ਜੀ.ਪੀ.ਸੀ ਆਪਣਾ ਫਰਜ ਨਿਭਾਉਣ ਤੋਂ ਅਸਮਰਥ
ਰਹੀ ਹੈ। ਉਹ ਅਕਾਲੀ ਦਲ ਦੇ ਅਧੀਨ ਕਾਰਜ ਕਰ ਰਹੀ ਹੈ। ਧਾਰਮਕ ਮੇਲਿਆਂ ਜਾਂ ਪੁਰਬਾਂ ਤੇ ਰਾਜਨੀਤਕ
ਪਾਰਟੀਆਂ ਦੀਆਂ ਕਾਨਫਰੰਸਾਂ ਬੰਦ ਹੋਣੀਆਂ ਚਾਹੀਦੀਆਂ ਹਨ, ਹਰ
ਸਾਲ ਵਿਸਾਖੀ ਦੇ ਮੌਕੇ , ਆਨੰਦਪੁਰ ਸਾਹਿਬ, ਤਲਵੰਡੀ
ਸਾਬੋ , ਸ੍ਰੀ ਅੰਮ੍ਰਿਤਸਰ ਸਾਹਿਬ, ਹੋਲਾ
ਮਹੱਲਾ , ਵੱਡੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਚਮਕੌਰ ਸਾਹਿਬ,
ਰੱਖੜ ਪੁੰਨਿਆ ’ਤੇ ਬਾਬਾ ਬਕਾਲਾ, ਮਾਘੀ ’ਤੇ ਮੁਕਤਸਰ
ਸਾਹਿਬ, ਬਸੰਤ ਪੰਚਮੀ ’ਤੇ ਪਟਿਆਲਾ ਅਤੇ ਛੋਟੇ ਸਾਹਿਬਜ਼ਾਦਿਆਂ ਤੇ
ਮਾਤਾ ਗੁਜਰੀ ਜੀ ਦੀ ਸ਼ਹੀਦੀ ’ਤੇ ਫਤਿਹਗੜ੍ਹ ਬੜੀ ਸ਼ਰਧਾ ਨਾਲ ਲੋਕ ਅਕੀਦਤ ਦੇ ਫੁੱਲ ਭੇਂਟ ਕਰਨ ਲਈ
ਸਮਾਗਮ ਆਉਂਦੇ ਹਨ, ਪ੍ਰੰਤੂ ਇੱਥੇ ਸਾਰੀਆਂ ਪਾਰਟੀਆਂ ਆਪਣੀਆਂ
ਸਿਆਸੀ ਕਾਨਫ਼ਰੰਸਾਂ ਆਯੋਜਿਤ ਕਰਦੀਆਂ ਹਨ, ਇਹ ਪਾਰਟੀਆਂ ਇਹਨਾਂ ਸਮਾਗਮਾਂ ਵਿੱਚ ਸ਼ਰਧਾ
ਪ੍ਰਗਟ ਕਰਨ ਲਈ ਆਈਆਂ ਸੰਗਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੀਆਂ ਹਨ। ਨੇਤਾ ਧਰਮ ਦੀ ਆੜ
ਵਿੱਚ ਆਪਣੀਆਂ ਰੋਟੀਆਂ ਸੇਕਦੇ ਹਨ। ਇੱਕ ਦੂਜੀ ਪਾਰਟੀ ਦੀ ਨਿੰਦਿਆ ਕੀਤੀ ਜਾਂਦੀ ਹੈ, ਤਰ੍ਹਾਂ-ਤ੍ਹਰਾਂ ਦੇ ਦੂਸ਼ਣ ਲਾ ਕੇ ਭੰਡਿਆ
ਜਾਂਦਾ ਹੈ ਤੇ ਅਸਭਿਆ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ। ਧਾਰਮਕ ਸਮਾਗਮ ਬਾਰੇ ਸਿਰਫ ਪਾਸਇੰਗ
ਰੈਫਰੈੇਂਸ ਦਿੱਤੇ ਜਾਂਦੇ ਹਨ ,ਜਦੋਂ ਕਿ ਸਾਰੇ ਦਾ ਸਾਰਾ ਭਾਸ਼ਣ ਧਾਰਮਕ ਹੋਣਾ
ਚਾਹੀਦਾ ਹੈ। ਸਿਆਸੀ ਪਾਰਟੀ ਦੀ ਪੰਜਾਬ ਵਿਚ ਸਰਕਾਰ ਹੁੰਦੀ ਹੈ ਉਹ ਅਜਿਹੇ ਮੌਕਿਆਂ ’ਤੇ ਮਨਮਰਜੀ
ਕਰਦੀ ਹੈ। ਗੁਰਦੁਆਰਾ ਸਾਹਿਬਾਨ ਵਿੱਚ ਪਤਵੰਤੇ ਵਿਅਕਤੀਆਂ ਨੂੰ ਜੇਕਰ ਦੂਸਰੀ ਪਾਰਟੀ ਦੇ ਹੋਣ ਤਾਂ
ਉਹਨਾਂ ਨੂੰ ਸਿਰੋਪਾ ਦੀ ਬਖਸ਼ਿਸ਼ ਵੀ ਨਹੀਂ ਕੀਤੀ ਜਾਂਦੀ। ਫਤਿਹਗੜ੍ਹ ਸਾਹਿਬ ਵਿਖੇ ਹਰ ਸਾਲ ਦੀ
ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਯਾਦ ਵਿਚ ‘ਜੋੜ ਮੇਲ’ 26 ਦਸੰਬਰ ਤੋਂ 28 ਦਸੰਬਰ ਤੱਕ ਆਯੋਜਿਤ ਕੀਤਾ ਜਾਂਦਾ ਹੈ। ਇਕ
ਵਾਰ ਤਾਂ ਇਸ ‘ਜੋੜ ਮੇਲ’ ਦੇ ਮੌਕੇ ’ਤੇ ਕਤਲੋਗਾਰਤ ਵੀ ਹੋਈ ਅਤੇ ਕਈ ਸਿੰਘ ਸ਼ਹੀਦ ਹੋ ਗਏ। ਇਸ ਜੋੜ ਮੇਲ ਨੂੰ ਆਯੋਜਤ ਕਰਨ
ਵਿੱਚ ਤਾਂ ਥੋੜ੍ਹਾ ਸੁਧਾਰ ਆਇਆ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਮੌਕੇ ਐਸ.ਕੇ. ਆਹਲੂਵਾਲੀਆ
ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸੇ ਵਿਚ ਲੈ ਕੇ ਇਸ ‘ਜੋੜ
ਮੇਲ’ ਵਿੱਚ ਧਾਰਮਕ ਦੀਵਾਨਾ ਤੋਂ ਇਲਾਵਾ ਸਰਕਸਾਂ ਤੇ ਹੋਰ ਅਸਭਿਅਕ ਕਿਸਮ ਪ੍ਰੋਗਰਾਮਾਂ ਜਿਨ੍ਹਾਂ
ਵਿੱਚ ਜੂਆ, ਤੰਬੋਲਾ, ਡਾਂਸ
ਅਤੇ ਪੰਜਾਬੀ ਲੋਕ ਗੀਤ ਆਦਿ ਨੂੰ ਆਯੋਜਿਤ ਕਰਨ ’ਤੇ ਪਕੇ ਤੌਰ ’ਤੇ ਪਾਬੰਦੀ ਲਗਾ ਦਿੱਤੀ । ਇਸ ਤੋਂ
ਪਹਿਲਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਪਣੀ ਜਗ੍ਹਾ ਅਜਿਹੇ ਪ੍ਰੋਗਰਾਮ ਕਰਨ ਲਈ ਕਿਰਾਏ
’ਤੇ ਦਿੰਦੀ ਸੀ। ਸ੍ਰੀ ਐਸ.ਕੇ. ਆਹਲੂਵਾਲੀਆ ਨੇ ‘ਸ਼ਹੀਦੀ ਜੋੜ ਮੇਲ’ ਦੀ ਪਵਿੱਤਰਤਾ ਨੂੰ ਮੁੱਖ
ਰਖਦੇ ਲੱਡੂ, ਜਲੇਬੀ ਤੇ ਹੋਰ ਮਠਿਾਈਆਂ ਦੇ ਲੰਗਰ ਲਗਾਉਣ ਦੀ
ਵੀ ਮਨਾਹੀ ਕਰ ਦਿੱਤੀ ਸੀ ਕਿਉਂਕਿ ਇਹ ਸ਼ਹੀਦੀ ਪੁਰਬ ਹੋਣ ਕਾਰਨ, ਇਥੇ
ਖੁਸ਼ੀ ਵਾਲੀ ਕੋਈ ਗੱਲ ਨਹੀਂ ਸੀ। ਇੱਥੇ ਤਾਂ ਸੰਗਤਾਂ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ
ਸ਼ਹੀਦੀ ’ਤੇ ਅਫਸੋਸ ਦਾ ਇਜ਼ਹਾਰ ਕਰਨ ਲਈ ਆਉਂਦੀਆਂ ਹਨ ਪ੍ਰੰਤੂ ਸਿਆਸੀ ਕਾਨਫਰੰਸਾਂ ਅਜੇ ਵੀ
ਹੁੰਦੀਆਂ ਹਨ, ਲੋੜ ਤਾਂ ਇਹ ਹੈ ਕਿ ਇਹਨਾਂ ਕਾਨਫ਼ਰੰਸਾਂ ਨੂੰ
ਕਰਨ ’ਤੇ ਵੀ ਪਾਬੰਦੀ ਲਗਾਈ ਜਾਵੇ। ਤੁਸੀਂ ਹੈਰਾਨ ਹੋਵੋਗੇ ਐਸ.ਜੀ.ਪੀ.ਸੀ. ਨੇ ਤਾਂ ਆਪਣੀ ਥਾਂ
ਵਿੱਚ ਅਕਾਲੀ ਦਲ ਦੀ ਰਾਜਨੀਤਕ ਕਾਨਫ਼ਰੰਸ ਕਰਨ ਲਈ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਸਾਮ੍ਹਣੇ ,
ਪੱਕੀ ਸਟੇਜ ਬਣਾ ਕੇ ਦਿੱਤੀ ਹੋਈ ਹੈ, ਧਾਰਮਕ
ਦਿਵਾਨ ਬਹੁਤ ਸਾਰੀਆਂ ਸਿੱਖ ਸੰਸਥਾਵਾਂ, ਸੰਤ ਮਹਾਤਮਾ, ਬਾਬੇ
ਕਾਰਸੇਵਾ ਵਾਲੇ ਵੀ ਆਯੋਜਿਤ ਕਰਦੇ ਹਨ। ਇਹਨਾਂ ਦੀਵਾਨਾਂ ਦਾ ਵੀ ਕੋਈ ਸਮਾਂ ਅਤੇ ਕਾਇਦਾ ਕਾਨੂੰਨ ਬਣਨਾ ਚਾਹੀਦਾ ਹੈ, ਕਈ ਦੀਵਾਨ ਇਕ-ਦੂਜੇ ਦੇ ਨਾਲ ਹੀ ਲਗਦੇ ਹਨ। ਇੱਕ ਪ੍ਰੋਗਰਾਮ ਦੀ ਆਵਾਜ਼ ਦੂਜੇ
ਪ੍ਰੋਗਰਾਮ ਵਿਚ ਸੁਣਦੀ ਹੈ। ਕਈ ਵਾਰ ਧਾਰਮਕ ਵਿਆਖਿਆ ਸਮਝ ਹੀ ਨਹੀਂ ਆਉਂਦੀ, ਅਤੇ ਆਵਾਜ਼ ਦਾ ਪ੍ਰਦੂਸ਼ਣ ਹੁੰਦਾ ਹੈ।
ਕੋਲ ਖੜ੍ਹੇ ਆਦਮੀ ਦੀ ਆਵਾਜ਼ ਵੀ ਨਹੀਂ ਸੁਣਦੀ, ਜ਼ਿਲ੍ਹਾ
ਪ੍ਰਬੰਧਕਾਂ ਨੂੰ ਅਜਿਹੇ ਸਮਾਗਮ ਆਯੋਜਿਤ ਕਰਨ ਵਾਲਿਆਂ ਨੂੰ ਹੁਕਮ ਦੇਣੇ ਚਾਹੀਦੇ ਹਨ ਕਿ ਉਹਨਾਂ ਦੀ
ਆਵਾਜ਼ ਘੱਟ ਹੋਵੇ ਤੇ ਉਹਨਾਂ ਦੇ ਆਪਣੇ ਏਰੀਏ ਤੱਕ ਹੀ ਸੀਮਤ ਹੋਵੇ। ਸਿਆਸੀ ਕਾਨਫ਼ਰੰਸਾਂ ਵਾਲੇ ਤਾਂ
ਕਈ ਵਾਰ ਇੱਕ-ਇੱਕ ਮੀਲ ਦੂਰ ਤੱਕ ਆਪਣੇ ਸਪੀਕਰ ਲਗਾ ਲੈਂਦੇ ਹਨ, ਲੋਕ
ਜਿਸ ਸ਼ਰਧਾ ਤੇ ਸਤਿਕਾਰ ਨਾਲ ਆਉਂਦੇੇ ਹਨ, ਉਹਨਾਂ ਦਾ ਉਹ ਮਕਸਦ ਪੂਰਾ ਨਹੀਂ ਹੁੰਦਾ। ਅਜੇ
ਵੀ ਫਤਿਹਗੜ੍ਹ ਸਾਹਿਬ ਦੇ ਜੋੜ ਮੇਲੇ ਤੇ ਹੋਰ ਸੁਧਾਰਾਂ ਦੀ ਲੋੜ ਹੈ ਪ੍ਰੰਤੂ ਬਾਕੀ ਪੁਰਬਾਂ ਨੂੰ
ਮਨਾਉਣ ਵਾਲੇ ਪ੍ਰਬੰਧਕਾਂ ਨੂੰ ਘੱਟੋ-ਘੱਟ ਫਤਿਹਗੜ੍ਹ ਸਾਹਿਬ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਨੂੰ
ਆਪੋ-ਆਪਣੇ ਇਲਾਕੇ ਵਿਚ ਲਾਗੂ ਕਰਨਾਂ ਚਾਹੀਦਾ ਹੈ। ਹੋਲਾ ਮਹੱਲਾ ਵਿਸਾਖੀ, ਅਤੇ ਹੋਰ ਪੁਰਬਾਂ ਦੇ ਲੱਚਰ ਕਿਸਮ ਦੇ ਗੀਤ ਸਰਕਸਾਂ ਅਤੇ ਹੋਰ ਪ੍ਰੋਗਰਾਮ ਹਰ ਹਾਲਤ
ਵਿਚ ਬੰਦ ਹੋਣੇ ਚਾਹੀਦੇ ਹਨ। ਸਰਕਾਰ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਫਤਿਹਗੜ੍ਹ ਸਾਹਿਬ ਦੇ ਜੋੜ
ਮੇਲ ਬਾਰੇ ਕੀਤੇ ਫੈਸਲੇ ਤੋਂ ਸਿੱਖਣਾ ਚਾਹੀਦਾ ਹੈ। ਜੇਕਰ ਸਰਕਾਰ ਮਾਘੀ ਦੇ ਮੇਲੇ ’ਤੇ ਫਤਿਹਗੜ੍ਹ
ਸਾਹਿਬ ਦਾ ਮਾਡਲ ਲਾਗੂ ਕਰ ਦੇਵੇ ਤਾਂ ਇਹ ਅਕਾਲੀ ਦਲ ਦੀ ਸਰਕਾਰ ਦਾ ਬੜਾ ਮਹੱਤਵਪੂਰਨ ਫੈਸਲਾ
ਹੋਵੇਗਾ। ਅਕਾਲੀ ਦਲ ਜੋ ਆਪਣੇ ਆਪ ਨੂੰ ਸਿੱਖਾਂ ਦੀ ਨੁੰਮਾਇੰਦਾ ਪਾਰਟੀ ਅਖਵਾਉਂਦਾ ਹੈ ਤੇ ਧਰਮ ਤੇ
ਸਿਆਸਤ ਦਾ ਗੂੜ੍ਹਾ ਸਬੰਧ ਸਮਝਦਾ ਹੈ ਤਾਂ ਉਹਨਾਂ ਨੂੰ ਜ਼ਰੂਰ ਅਜਿਹਾ ਫੈਸਲਾ ਕਰ ਕੇ ਆਪਣੀ ਜ਼ੁਅਰਤ
ਦਿਖਾਉਣੀ ਪਵੇਗੀ। ਪਹਿਲੀ ਗੱਲ ਤਾਂ ਇਹ ਹੋਵੇਗੀ ਕਿ ਧਾਰਮਕ ਪੁਰਬ ਸਹੀ ਮਾਨਿਆਂ ਵਿੱਚ ਧਾਰਮਕ ਰਹਿ
ਜਾਣਗੇ। ਜੇਕਰ ਅਕਾਲੀ ਦਲ ਸਿਆਸੀ ਕਾਨਫ਼ਰੰਸਾ ਤੇ ਮੇਲਿਆਂ ’ਤੇ ਪਾਬੰਦੀ ਲਗਾ ਦੇਵੇ ਤਾਂ ਉਹ ਨਵਾਂ
ਇਤਿਹਾਸ ਸਿਰਜਨ ਵਿੱਚ ਕਾਮਯਾਬ ਹੋ ਜਾਵੇਗਾ। ਹੁਣ ਤਾਂ ਅਕਾਲੀ ਦਲ ਲਈ ਹੋਰ ਵੀ ਸੋਖਾ ਹੋ ਗਿਆ ਹੈ
ਜਦੋਂ ਕਿ ਪੰਜ ਸਿੰਘ ਸਾਹਿਬਾਨਾਂ ਨੇ ਕਿਹਾ ਹੈ ਕਿ ਫਤਿਹਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ
ਦੇ ਸ਼ਹੀਦੀ ਪੁਰਬ ਸਮੇਂ ਸਿਰਫ ਵੈਰਾਗਮਈ ਗੱਲਾਂ ਹੀ ਕੀਤੀਆਂ ਜਾਣ ।ੇ ਉਹਨਾਂ ਇਹ ਵੀ ਕਿਹਾ ਹੈ ਕਿ
ਸਿਆਸੀ ਕਾਨਫ਼ਰੰਸਾਂ ਵਿਚ ਸਿਰਫ ਸਹਿਬਜ਼ਾਦਿਆਂ ਦੀ ਕੁਰਬਾਨੀ ਬਾਰੇ ਹੀ ਸੰਗਤਾਂ ਨੂੰ ਦੱਸਿਆ ਜਾਵੇ।
ਜਥੇਦਾਰ ਗੁਰਬਚਨ ਸਿੰਘ ਨੇ ਤਾਂ ਸਿਆਸੀ ਕਾਨਫਰੰਸਾਂ ’ਤੇ ਪਾਬੰਦੀ ਲਗਾਉਣ ਦੀ ਗੱਲ ਵੀ ਕਹੀ ਸੀ।
ਹੁਣ ਸਰਕਾਰ ਨੂੰ ਅਜਿਹੀਆਂ ਕਾਨਫਰੰਸਾਂ ’ਤੇ ਪਾਬੰਦੀ ਲਗਾਉਣ ਵਿੱਚ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ।
ਅਜਿਹੇ ਮੇਲਿਆਂ ਵਿੱਚ ਸੰਗਤ ਬਹੁਤ ਜਿਆਦਾ ਹੁੰਦੀ ਹੈ। ਸੰਗਤ ਦੇ ਆਉਣ-ਜਾਣ ਨੂੰ ਵੀ ਤਰਤੀਬ ਦੇਣੀ
ਬਹੁਤ ਜ਼ਰੂਰੀ ਹੈ, ਕਿਉਂਕਿ ਅਜਿਹੇ ਧਾਰਮਕ ਸਮਾਗਮਾਂ ਵਿੱਚ
ਇਸਤਰੀਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਸ਼ਰਾਰਤੀ ਕਿਸਮ ਦੇ ਨੌਜਵਾਨ ਭਾਂਵੇ ਆਏ ਤਾਂ ਉਹ ਧਾਰਮਕ ਸ਼ਰਧਾ
ਨਾਲ ਹੁੰਦੇ ਹਨ ਪ੍ਰੰਤੂ ਕਈ ਵਾਰ ਉਹ ਇਸਤਰੀਆਂ ਨਾਲ ਬਦਸਲੂਕੀ ਕਰਦੇ ਹਨ।
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ
ਕਿ ਧਾਰਮਕ ਦਿਵਾਨ ਲਗਾਉਣ ਵਾਲੀਆਂ ਸੰਸਥਾਂਵਾਂ ਨੂੰ ਆਪੋ-ਆਪਣੇ ਸਮਾਗਮਾਂ ਵਿੱਚ ਵਧੀਆ ਤੋਂ ਵਧੀਆਂ
ਰਾਗੀ, ਢਾਡੀ, ਕਵੀਸ਼ਰ ਅਤੇ
ਕੀਰਤਨੀਏ ਸਿੰਘ ਲਿਆਉਣੇ ਚਾਹੀਦੇ ਹਨ ਤਾਂ ਜੋ ਸੰਗਤਾਂ ਜਿਹੜੀ ਸੰਸਥਾ ਦੇ ਚੰਗੇ ਪ੍ਰਚਾਰਕ ਧਾਰਮਕ
ਸਿੱਖਿਆ ਦੇਣਗੇ ,ਉਹਨਾਂ ਦੇ ਸਮਾਗਮਾਂ ਵਿੱਚ ਵਧੇਰੇ ਜਾਣਗੀਆਂ।
ਸਿੱਖ ਸੰਸਥਾਵਾਂ ਨੂੰ ਅਜਿਹੇ ਮੁਕਾਬਲੇ ਵੀ ਕਰਵਾਉਣੇ ਚਾਹੀਦੇ ਹਨ ਤਾਂ ਜੋ ਸੰਗਤਾਂ ਹੋਰ ਧਾਰਮਕ
ਸਮਾਗਮਾਂ ਨਾਲੋਂ ਇਹਨਾਂ ਸੰਸਥਾਵਾਂ ਦੇ ਪ੍ਰੋਗਰਾਮ ਨੂੰ ਤਰਜੀਹ ਦੇਣ। ਸਿੱਖ ਵਿਦਵਾਨ ਵੀ ਇਸ ਮੰਤਵ
ਲਈ ਸ਼੍ਰੀ ਅਕਾਲ ਤੱਖਤ ਸਾਹਿਬ ਵਲੋਂ ਕੀਤੀ ਹਦਾਇਤ ਨੂੰ ਲਾਗੂ ਕਰਵਾਉਣ ਵਿਚ ਆਪਣਾ ਯੋਗਦਾਨ ਪਾਉਣ,ਤਾਂ ਸਿੱਖ ਧਰਮ ਮਰਿਯਾਦਾ ਅਤੇ ਗੌਰਵ ਦਾ ਸਹੀ ਅਰਥਾਂ ਵਿਚ ਪ੍ਰਚਾਰ ਪ੍ਰਸਾਰ ਹੋ
ਸਕੇਗਾ,ਇਸ ਲਈ ਅਜਿਹਾ ਯਕੀਨ ਹੈ।
----------

Comments
Post a Comment