ਪਰਵਾਰਕ ਰਿਸ਼ਤਿਆਂ ਵਿਚ ਤ੍ਰੇੜਾਂ ਸਮਾਜਿਕ ਗ੍ਰਿਾਵਟ ਦੀ ਨਿਸਾਨੀ


 

ਪੰਜਾਬ ਗੁਰੂਆਂ, ਪੀਰਾਂ, ਫਕੀਰਾਂ, ਸੰਤਾਂ, ਭਗਤਾਂ, ਮਹਾਤਮਾਵਾਂ, ਰਿਸ਼ੀਆਂ ਮੁਨੀਆਂ ਦੀ ਧਰਤੀ ਹੈ। ਇਸੇ ਲਈ ਪੰਜਾਬ ਦਾ ਇਤਹਾਸਿਕ ਤੇ ਸਭਿਆਚਾਰਕ ਵਿਰਸਾ ਅਮੀਰ ਹੈ। ਇਸ ਵਿਰਸੇ ਦਾ ਇਥੋ ਦੀ ਲੋਕਾਈ ਤੇ ਬੜਾ ਗੂੜ੍ਹਾ ਪ੍ਰਭਾਵ ਸੀ। ਇਸ ਕਰਕੇ ਪੁਰਾਣੇ ਸਮਿਆਂ ਵਿਚ ਆਪਸੀ ਪਿਆਰ, ਸਤਿਕਾਰ ਅਤੇ ਭਰਾਤਰੀ ਭਾਵ ਦਾ ਬੋਲ ਬਾਲਾ ਸੀ। ਇਕ ਦੂਜੇ ਦਾ ਸਤਿਕਾਰ ਕਰਨਾ ਪੰਜਾਬੀ ਆਪਣਾ ਫਰਜ ਸਮਝਦੇ ਸਨ। ਪਰਿਵਾਰ ਦੇ ਮੁੱਖੀ ਦੇ ਮੁੰਹੋ ਨਿਕਲਿਆ ਹਰ ਸ਼ਬਦ ਪਰਿਵਾਰ ਦੇ ਮੈਂਬਰ ਲਈ ਹੁਕਮ ਹੁੰਦਾ ਸੀ। ਇਥੋ ਤੱਕ ਕਿ ਪਿੰਡਾਂ ਵਿਚ ਬਜੁਰਗਾਂ ਦੇ ਸ਼ਬਦਾਂ ਤੇ ਪਹਿਰਾ ਦਿੱਤਾ ਜਾਂਦਾ ਸੀ।  ਸਮੇ ਦੀ ਤੇਜੀ, ਆਧੁਨਿਕਤਾ ਅਤੇ ਸੰਚਾਰ ਸਾਧਨਾ ਦੇ ਆਉਣ ਨਾਲ ਰਿਸ਼ਤੇ ਨਾਤਿਆਂ ਵਿਚ ਤ੍ਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਪਤਾ ਨਹੀ ਕਿਉਂ ਦਾਜ ਦਹੇਜ ਦੀ ਸਮਜਿਕ ਬੁਰਾਈ ਨੇ ਸਾਡੇ ਸਮਾਜਿਕ ਤਾਣੇ ਬਾਣੇ ਵਿਚ ਏਨੀ ਤਰੇੜ ਕਿਉਂ ਲਿਆਂਦੀ ਹੈ। ਸਟੋਵ ਦੇ ਫਟਣ, ਗੈਸ ਦੇ ਰਿਸਣ ਅਤੇ ਚੁਲੇ ਜਲਾਉਣ ਸਮੇ ਨੂੰਹ ਦੇ ਕਪੜਿਆਂ ਨੂੰ ਹੀ ਅੱਗ ਕਿੳਂੁ ਲਗਦੀ ਹੈ? ਸੱਸ, ਨੰਣਦ ਅਤੇ ਹੋਰ ਕਿਸੇ ਰਿਸ਼ਤੇ ਦੇ ਕੱਪੜਿਆਂ ਨੂੰ ਅੱਗ ਕਿਉ ਨਹੀ ਲਗਦੀ? ਪਰਿਵਾਰਕ ਰਿਸ਼ਤਿਆਂ ਵਿਚ ਤਰੇੜ ਦਾ ਮੁਖ ਕਾਰਨ ਦਾਜ ਦਹੇਜ ਬਣਿਆ ਹੈ।  ਪ੍ਰੰਤੂ ਅਜ ਪੰਜਾਬ ਦੇ ਪਿਆਰ ਨੂੰ ਨਜਰ ਲੱਗ ਗਈ ਹੈ। ਅੱਜ ਭਰਾ ਭਰਾ ਦਾ ਵੈਰੀ ਹੋ ਗਿਆ ਹੈ। ਮਾਂ ਦਾ ਪੀਤਾ ਦੁਧ ਵੀ ਅੱਜ ਜਹਿਰ ਲੱਗਣ ਲੱਗ ਗਿਆ ਹੈ। ਪ੍ਰੋਫੇਸਰ ਮੋਹਨ ਸਿੰਘ ਦੇ ਲਿਖੇ ਸ਼ਬਦ ਅਜ ੳਪਰੇ ਲੱਗਣ ਲੱਗ ਪਏ ਹਨ, ਪ੍ਰੋ ਸਾਹਿਬ ਲਿਖਦੇ ਹਨ:

ਮਾਂ ਵਰਗਾ ਘਣਛਾਵਾਂ ਬੂਟਾ, ਮੈਨੂੰ ਨਜਰ ਨਾ ਆਏ

ਜਿਸ ਤੋਂ ਲੈ ਕੇ ਛਾਂ ਉਧਾਰੀ, ਰੱਬ ਨੇ ਸੁਰਗ ਬਣਾਏ

ਬਾਕੀ ਕੁਲ ਦੁਨੀਆਂ ਦੇ ਬੂਟੇ, ਜੜ ਸੁਕਿਆਂ ਮੁਰਝਾਂਦੇ

ਐਪਰ ਫੁਲਾਂ ਦੇ ਮੁਰਝਾਇਆਂ ਇਹ ਬੂਟਾ ਸੁੱਕ ਜਾਵੇ।

Îਮਾਂ ਦਾ ਰੁਤਬਾ ਸਵਰਗ ਤੋਂ ਵੀ ਉਚਾ ਕਿਹਾ ਗਿਆ ਹੈ, ਜਿਸ ਤੋਂ ਛਾਂ ਉਧਾਰੀ ਲੈ ਕੇ ਰਬ ਨੇ ਸੁਰਗ ਬਣਾਏ ਪ੍ਰੰਤੂ ਅੱਜ ਪੁਤਰ ਮਾਂ ਦੇ ਵੈਰੀ ਹੋ ਗਏ ਹਨ। ਮਾਂਵਾਂ ਦੇ ਕੱਤਲ ਪੁਤਰਾਂ ਹੱਥੋਂ ਹੋ ਰਹੇ ਹਨ ਜਦੋਂ ਕਿ ਸਰਦੀਆਂ ਵਿਚ ਮਾਂ ਆਪਣੇ ਪੁਤੱਰ ਦੇ ਮੂਤਰ ਵਿਚ ਗਿਲੇ ਥਾਂ ਸੋਂਦੀ ਹੈ ਤੇ ਆਪਣੇ ਪੁਤੱਰ ਨੂੰ ਸੁੱਕੇ ਥਾਂ ਸਲਾਉਂਦੀ ਹੈ, ਪੁਤੱਰ ਕਦੀ ਸਰਵਣ ਪੁਤੱਰ ਹੁੰਦਾ ਸੀ। ਹੁਣ ਸਵਰਣ ਪੁਤੱਰ ਕਿਥੋਂ ਲਭ ਕੇ ਲਿਆਈਏ ਜੋ ਆਪਣੇ ਮਾਂ ਬਾਪ ਦੀ ਡੰਗੋਰੀ ਬਣ ਸਕੇ। ਇਸੇ ਤਰਾਂ ਇਕ ਸ਼ਾਇਰ ਮਾਪਿਆਂ ਬਾਰੇ ਲਿਖਦਾ ਹੈ ਕਿ ਉਹਨਾਂ ਦੇ ਸਿਰ ਤੇ ਬੱਚੇ ਕਿਵੇਂ ਐਸ਼ ਕਰਦੇ ਹਨ ਅਤੇ ਆਪਣੀ ਜਿੰਦਗੀ ਦਾ ਆਨੰਦ ਮਾਣਦੇ ਹਨ:

ਸਦਾ ਨਹੀਂ ਹੁਸਨ ਜਵਾਨੀ ਤੇ ਐਸ਼ ਮਾਪੇ

ਸਦਾ ਨਹੀਂ ਜੇ ਕਾਲੜੇ ਕੇਸ ਮੀਆਂ

ਇਹ ਮੁਹਾਵਰੇ, ਗੀਤ ਅਤੇ ਉਦਾਹਰਣਾ ਐਵੇ ਨਹੀਂ ਬਣਦੀਆਂ, ਇਹ ਅਟਲ ਸਚਾਈ ਤੇ ਨਿਰਭਰ ਹੁੰਦੀਆਂ ਹਨ।  ਪ੍ਰੰਤੂ ਹੁਣ ਪਤਾ ਨਹੀ ਕਿਹੜਾ ਘੋੜੇ ਵਾਲਾ ਫਿਰ ਗਿਆ ਹੈ। ਮਾਂ, ਪਿਉ, ਪੁਤੱਰ, ਭੈਣ ਅਤੇ ਭਰਾ ਦੇ ਰਿਸ਼ਤਿਆਂ ਵਿਚ ਤਰੇੜਾਂ ਆ ਗਈਆਂ ਹਨ। ਇਹਨਾਂ ਤਰੇੜਾਂ ਅਤੇ ਰਿਸ਼ਤਿਆਂ ਵਿਚ ਕੁੜਤਣ ਦੇ ਬਹੁਤ ਸਾਰੇ ਕਾਰਨ ਹਨ। ਸਮਾਂ ਬੜੀ ਤੇਜੀ ਨਾਲ ਬਦਲ ਰਿਹਾ ਹੈ। ਸਾਂਝੇ ਪਰਿਵਾਰਾਂ ਦਾ ਸੰਕਲਪ ਇਕ ਸੁਪਨਾ ਬਣ ਗਿਆ ਹੈ। ਕਦੀ ਸਮਾਂ ਹੁੰਦਾ ਸੀ ਇਕ ਪਰਿਵਾਰ ਦੇ ਦਸ ਪੰਦਰਾਂ ਮੈਂਬਰ ਇੱਕ ਛੱਤ ਹੇਠ ਸੌਂਦੇ ਸਨ। ਸਾਰਾ ਟੱਬਰ ਇਕਠਾ ਬੈਠ ਕੇ ਚੁਲੇ ਦੇ ਆਲੇ ਦੁਆਲੇ ਰੋਟੀ ਖਾਂਦਾ ਸੀ। ਦਾਦਾ ਦਾਦੀ, ਨਾਨਾ ਨਾਨੀ ਦੀਆਂ ਬਾਤਾਂ ਸੁਣਦਾ ਸੀ। ਅੱਜ ਪਰਿਵਾਰ ਦੇ ਸਾਰੇ ਮੈਂਬਰ ਆਪੋ ਆਪਣੇ ਕਮਰਿਆਂ ਵਿਚ ਰਹਿੰਦੇ ਹਨ। ਘਰ ਘਰ ਨਹੀਂ ਮਕਾਨ ਬਣ ਗਏ ਹਨ। ਵੈਸੇ ਤਾਂ ਪਰਿਵਾਰ ਇਕਠੇ ਹੀ ਨਹੀਂ ਰਹਿੰਦੇ ਜੇਕਰ ਪ੍ਰਮਾਤਮਾ ਦੀ ਕ੍ਰਿਪਾ ਨਾਲ ਕਿਸੇ ਪਰਿਵਾਰ ਦੇ ਪੰਜ ਸੱਤ ਮੈਂਬਰ ਇਕ ਘਰ ਵਿਚ ਰਹਿੰਦੇ ਹਨ ਤਾਂ ਕਦੀ ਵੀ ਕਿਸੇ ਵੀ ਮੌਕੇ ਤੇ ਇਕਠੇ ਘਟ ਹੀ ਹੁੰਦੇ ਹਨ। ਜਮੀਨ ਜਾਇਦਾਦਾਂ ਦੇ ਝਗੜਿਆਂ ਨੇ ਪਰਿਵਾਰ ਖੰਡਤ ਕਰ ਦਿਤੇ ਹਨ। ਚਾਚੇ ਤਾਇਆਂ ਦਾ ਇਕਠੇ ਇਕੋ ਘਰ ਵਿਚ ਰਹਿਣਾ ਵੀ ਸੁਪਨਾ ਬਣ ਗਿਆ ਹੈ। ਹੁਣ ਤਾਂ ਭਰਾਵਾਂ ਭਰਾਵਾਂ ਦਾ ਵਿਆਹ ਤੋਂ ਬਾਅਦ ਇਕੋ ਛੱਤ ਹੇਠ ਰਹਿਣਾ ਵੀ ਅਸੰਭਵ ਹੋ ਗਿਆ ਹੈ। ਹਰ ਰੋਜ ਸਵੇਰੇ ਸਵੇਰੇ ਅਖਬਾਰਾਂ ਵਿਚ ਇਹ ਖਬਰਾਂ ਪੜਨ ਨੂੰ ਮਿਲਦੀਆਂ ਹਨ ਕਿ ਭਰਾ ਨੇ ਭਰਾ ਦਾ, ਪੁੱਤ ਨੇ ਮਾਂ ਦਾ, ਬਾਪ ਨੇ ਪੁਤਰ ਦਾ, ਪਤੀ ਨੇ ਪਤਨੀ ਦਾ ਕਤਲ ਕਰ ਦਿਤਾ ਹੈ। ਰਿਸ਼ਤਿਆਂ ਵਿਚ ਨਾਂ ਮਿਟਣ ਯੋਗ ਤਰੇੜਾਂ ਆ ਗਈਆਂ ਹਨ। ਲਾਲਚ ਵਸ ਹੋ ਕੇ ਪਰਿਵਾਰ ਖਤਮ ਹੋ ਰਹੇ ਹਨ। ਜਿਸ ਪੁਤ ਦੇ ਜੰਮਣ ਤੇ ਮਾਂਵਾਂ ਅਨੈਕਾਂ ਸੁੱਖਾਂ ਸੁਖਦੀਆਂ ਸਨ ਤੇ ਜੰਮਣ ਤੇ ਲੱਡੂ ਵੰਡਦੀਆਂ ਖੁਸ਼ੀਆਂ ਮਨਾਉਦੀਆਂ ਸਨ ਉਹ ਪੁੱਤ ਹੀ ਮਾਂ ਦੇ ਦੁੱਧ ਦੇ ਦੁਸ਼ਮਣ ਬਣ ਗਏ ਹਨ। ਪੁਤ ਅੱਜ ਆਪਣੇ ਮਾਂ ਬਾਪ ਨੂੰ ਹੀ ਆਪਣੇ ਤੇ ਬੋਝ ਸਮਝਦੇ ਹਨ, ਅੱਜ ਤੋਂ ਪੰਜ ਸਾਲ ਪਹਿਲਾਂ ਪਟਿਆਲਾ ਜਿਲੇ ਦੇ ਸਮਾਣਾ ਇਲਾਕੇ ਵਿਚ ਇਕ ਨੌਜਵਾਨ ਲੜਕੀ ਨੇ ਆਪਣੇ ਪ੍ਰੇਮੀ ਨਾਲ ਰਲ ਕੇ ਸਾਰੇ ਟਬਰ ਨੂੰ ਜਹਿਰ ਦੇ ਕੇ ਮਾਰ ਦਿਤਾ ਸੀ। ਅੱਜ ਤੱਕ ਉਹ ਜੇਲ ਵਿਚ ਧਕੇ ਖਾ ਰਹੀ ਹੈ। ਨਸ਼ਿਆਂ ਨੇ ਵੀ ਪੰਜਾਬ ਦੀ ਮਮਤਾ ਨੂੰ ਡਕਾਰ ਲਿਆ ਹੈ। ਨਸ਼ਿਆਂ ਦੀ ਲੱਤ ਪੂਰੀ ਕਰਨ ਲਈ ਨਸ਼ਈ ਪੁਤ ਕੁਝ ਵੀ ਕਰਨ ਲਈ ਤਿਆਰ ਹੋ ਜਾਂਦਾ ਹੈ। ਪਿਛੇ ਜਹੇ ਸੰਗਰੂਰ ਜਿਲੇ ਵਿਚ ਇਕ ਹਫਤੇ ਦੌਰਾਨ ਤਿੰਨ ਬਜੁਰਗਾਂ ਦੇ ਕਤਲ ਹੋਏ ਤੇ ਇਹ ਤਿੰਨੋ ਕਤਲ ਉਹਨਾਂ ਦੇ ਪੁਤੱਰਾਂ ਦੇ ਹੱਥੋਂ ਹੋਏ।  ਅਜਿਹੇ ਇਕ ਕਤਲ ਵਿਚ ਤਾਂ ਪੁਤਰ ਨੇ ਪਿੳ ਨੂੰ ਕਤਲ ਕਰਕੇ ਘਰ ਵਿਚ ਹੀ ਟੋਆ ਪੁਟ ਕੇ ਦੱਬ ਦਿਤਾ ਤੇ ਫਿਰ ਵਿਹੜਾ ਪੱਕਾ ਕਰਵਾ ਦਿਤਾ।  ਪੰਜਾਬ ਵਿਚ ਰਿਸ਼ਤਿਆਂ ਵਿਚ ਐਨੀ ਕੁੜਤਣ ਪਹਿਲਾਂ ਕਦੇ ਨਹੀ ਦੇਖੀ, ਇਹਨਾਂ ਬਾਰੇ ਡੁੰਘਾਈ ਤੇ ਗੰਭੀਰਤਾ ਨਾਲ ਸੋਚਣ ਵਿਚਾਰਣ ਦੀ ਲੋੜ ਹੈ। ਜੇਕਰ ਇਹ ਪ੍ਰਵਿਰਤੀ ਇਸੇ ਤਰਾਂ ਚਲਦੀ ਰਹੀ ਤਾਂ ਸਾਡਾ ਸਮਾਜਿਕ ਤੇ ਪਰਿਵਾਰਕ ਢਾਂਚਾ ਬਿਖਰ ਜਾਵੇਗਾ। ਮੁੱਖ ਤੋਰ ਤੇ ਇਹਨਾਂ ਘਟਨਾਵਾਂ ਦੇ ਕਾਰਨ ਇਸ਼ਕ ਮੁਸ਼ਕ, ਜਮੀਨੀ ਝਗੜੇ, ਨਸੇ, ਬੇਰੁਜਗਾਰੀ, ਮਹਿੰਗਾਈ, ਫਿਲਮਾਂ ਤੇ ਟੀਵੀ ਸੀਰੀਅਲਾਂ ਦਾ ਪ੍ਰਭਾਵ, ਕਰਜਾ , ਖਾਦ ਪਦਾਰਥਾਂ ਵਿਚ ਮਿਲਾਵਟ ਅਤੇ ਕੀਟਨਾਸ਼ਕ ਦਵਾਈਆਂ ਦੀ ਫਸਲਾਂ ਤੇ ਸਬਜੀਆਂ ਤੇ ਸਪਰੇਅ ਅਤੇ ਰਸਾਇਣਕ ਖਾਦਾਂ ਦੀ ਵਧੇਰੇ ਵਰਤੋਂ ਹਨ। ਸਭ ਤੋਂ ਪਹਿਲਾਂ ਇਸ਼ਕ ਮੁਸ਼ਕ ਦੀ ਗੱਲ ਕਰਦੇ ਹਨ। ਇਸ ਧਰਤੀ ਤੇ ਅਧਿਆਤਮਕ ਅਤੇ ਦੁਨਿਆਵੀ ਇਸ਼ਕ ਦਾ ਵਿਰਸਾ ਬੜਾ ਅਮੀਰ ਹੈ ਅਧਿਆਤਮਕ ਇਸ਼ਕ ਵਿਚ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਇਨਸਾਨ ਮਾਨਸਕ ਤੌਰ ਤੇ ਸੰਤੁਲਤ ਤੇ ਸਮਰਥ ਹੁੰਦਾ ਹੈ। ਦੁਨਿਆਵੀ ਇਸ਼ਕ ਵਿਚ ਵੀ ਹੀਰ ਰਾਂਝਾ, ਸੱਸੀ ਪੁਨੂੰ, ਲੈਲਾ ਮਜਨੂੰ ਇਤਿਹਾਸ ਦਾ ਹਿਸਾ ਹਨ। ਇਸ਼ਕ ਪਿਆਰ ਮੁਹੱਬਤ ਦਾ ਪ੍ਰਤੀਕ ਹੁੰਦਾ ਹੈ। ਅਜ ਦੇ ਸਮੇਂ ਦੇ ਇਸ਼ਕ ਦੀ ਪ੍ਰਾਪਤੀ ਲਈ ਮਾਰਧਾੜ, ਕਟ ਵੱਢ, ਖੂਨ ਖਰਾਬਾ ਤੇ ਕਤਲੇਆਮ ਹੁੰਦੇ ਹਨ। ਕਈ ਵਾਰੀ ਇਕ ਤਰਫਾ ਇਸ਼ਕ ਖੂਨ ਖਰਾਬੇ ਦਾ ਕਾਰਨ ਬਣਦਾ ਹੈ। ਜੇਕਰ ਮਾਪੇ ਪਿਆਰ ਵਿਆਹ ਦੀ ਇਜਾਜਤ ਨਾਂ ਦੇਣ ਤਾਂ ਉਹਨਾਂ ਦਾ ਕੱਤਲ ਕਰ ਦਿਤਾ ਜਾਂਦਾ ਹੈ। ਕਈ ਆਨਰ ਕਿÇਲੰਗ ਦੇ ਨਾਂ ਤੇ ਲੜਕੇ ਜਾਂ ਲੜਕੀ ਦਾ ਕਤੱਲ ਕਰਵਾ ਦਿਤਾ ਜਾਂਦਾ ਹੈ। ਕਈ ਪ੍ਰੇਮਕਾਵਾਂ ਆਪਣੇ ਆਸ਼ਕ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੰਦੇ ਹਨ ਅਤੇ ਕਈ ਆਪਣੀਆਂ ਪਤਨੀਆਂ ਦਾ ਕੱਤਲ ਕਰ ਦਿੰਦੇ ਹਨ। ਕਈ ਵਾਰ ਜੇਕਰ ਪ੍ਰੇਮੀਕਾ ਜੇ ਕਿਸੇ ਹੋਰ ਨਾਲ ਵਿਆਹ ਕਰਵਾ ਲਵੇ ਤਾਂ ਉਸ ਦਾ ਕੱਤਲ ਕਰ ਦਿਤਾ ਜਾਂਦਾ ਹੈ। ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜਦੋਂ ਪ੍ਰੇਮ ਪਿਆਰ ਵਿਚ ਖੂਨ ਖਰਾਬਾ ਹੋਵੇ ਤਾਂ ਅਜਿਹੇ ਪਿਆਰ ਦੀ ਕੀ ਲੋੜ ਹੈ? ਭੱਠ ਪਵੇ ਸੋਨਾ ਜਿਹੜਾ ਕੰਨਾ ਨੂੰ ਖਾਵੇ। ਦੂਜਾ ਵੱਡਾ ਕਾਰਨ ਪਰਿਵਾਰਕ ਤ੍ਰੇੜਾ ਦਾ ਨਸੇ ਹਨ। ਨਸ਼ਿਆਂ ਨੇ ਪੰਜਾਬ ਦੀ ਜਵਾਨੀ ਤਬਾਹ ਕਰ ਦਿਤੀ ਹੈ। ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਲਈ ਨੋਜਵਾਨਾ ਨੂੰ ਨਸ਼ਿਆਂ ਦੀ ਲਤ ਲਗਾਉਣੀ ਇਕ ਸੋਚੀ ਸਮਝੀ ਚਾਲ ਦਾ ਸਿੱਟਾ ਹੈ। ਪੰਜਾਬੀਆਂ ਦੀ ਤਾਕਤ ਤੋਂ ਹਰ ਕੋਈ ਡਰਦਾ ਹੈ ਇਸ ਤਾਕਤ ਨੂੰ ਘਟਾਉਣ ਲਈ ਇਹ ਕਿਸੇ ਏਜੰਸੀ ਦੀ ਚਾਲ ਵੀ ਹੋ ਸਕਦੀ ਹੈ। ਨਸੇ ਦੇ ਪਿਛੇ ਬੇਰੋਜਗਾਰੀ ਵੀ ਹੋ ਸਕਦੀ ਹੈ। ਅਜਕਲ ਮਾਪਿਆਂ ਅਤੇ ਹੋਰ ਰਿਸ਼ਤਿਆਂ ਦੇ ਬਹੁਤੇ ਕਤਲ ਨਸੇ ਕਰਕੇ ਹੋ ਰਹੇ ਹਨ। ਨਸ਼ਈ ਵਿਅਕਤੀ ਨਸ਼ੇ ਲਈ ਪੈਸੇ ਨਾ ਮਿਲਣ ਕਰਕੇ ਮਾਂ ਬਾਪ, ਭਰਾ, ਇਸਤਰੀ ਦਾ ਕਤਲ ਕਰ ਦਿੰਦਾ ਹੈ। ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਬੇਰੋਜਗਾਰੀ ਦਾ ਖਾਤਮਾ ਕਰਨ ਲਈ ਕੋਈ ਰੋਜਗਾਰ ਦੇਣ ਦੀ ਨੀਤੀ ਬਣਾਵੇ ਤਾਂ ਜੋ ਇਸ ਲਾਹਨਤ ਤੋਂ ਛੁਟਕਾਰਾ ਪਾਇਆ ਜਾ ਸਕੇ। ਜਾਇਦਾਦ ਤੇ ਵਪਾਰਕ ਝਗੜਿਆਂ ਨੇ ਵੀ ਇਨਸਾਨ ਦਾ ਖੂਨ ਚਿਟਾ ਕਰ ਦਿਤਾ ਹੈ। ਭੈਣਾਂ, ਭਰਾਵਾਂ ਦੇ ਜਮੀਨੀ ਝਗੜੇ ਵੀ ਕਤਲੋਗਾਰਤ ਦਾ ਕਾਰਣ ਬਣਦੇ ਹਨ। ਇਹ ਆਮ ਕਹਾਵਤ ਹੈ ਕਿ ਜੱਟ ਬੰਨੇ ਪਿਛੇ ਕਤਲ ਕਰ ਦਿੰਦਾ ਹੈ। ਕਈ ਵਾਰੀ ਬੁਢੇ ਮਾਂ ਬਾਪ ਦਾ ਕਤਲ ਜਮੀਨ ਦਾ ਜਲਦੀ ਮਾਲਕ ਬਣਨ ਲਈ ਕਰ ਦਿਤਾ ਜਾਂਦਾ ਹੈ। ਚਾਰ ਪੰਜ ਸਾਲ ਪਹਿਲਾਂ ਲੁਧਿਆਣਾ ਵਿਖੇ ਇਕ ਵਪਾਰੀ ਨੇ ਆਪਣੀ ਵਿਧਵਾ ਭਰਜਾਈ ਦਾ ਕਤਲ ਕਰਕੇ ਫੈਕਟਰੀ ਦੇ ਗਟਰ ਵਿਚ ਹੀ ਲਾਸ਼ ਸੁਟ ਦਿਤੀ ਤਾਂ ਜੋ ਸਾਰੇ ਵਪਾਰ ਦਾ ਖੁਦ ਮਾਲਕ ਬਣ ਸਕੇ।  ਇਥੇ ਇਨਸਾਨੀ ਕਦਰਾਂ ਕੀਮਤਾ ਵਿਚ ਆਈ ਗਿਰਾਵਟ ਬਾਰੇ ਇਕ ਉਦਾਹਰਣ ਦੇਣੀ ਚਾਹੁੰਦਾ ਹਾਂ ਕਿ ਬਿਜਲੀ ਬੋਰਡ ਦੇ ਇਕ ਡਿਪਟੀ ਚੀਫ ਇੰਜਨੀਅਰ ਨੇ ਆਪਣੀ ਮਾਂ ਨੂੰ ਇਹ ਬਹਾਨਾ ਬਣਾ ਕੇ ਕਿ ਉਸ ਨੇ ਆਪਣੀ ਲੜਕੀ ਕੋਲ ਅਮਰੀਕਾ ਜਾਣਾ ਹੈ ਆਪਣੀ ਮਾਂ ਨੂੰ ਬਿਰਧ ਆਸ਼ਰਮ ਵਿਚ ਛੱਡ ਦਿਤਾ, ਜਦੋਂ ਮਾਂ ਬਿਮਾਰ ਹੋ ਗਈ ਤਾਂ ਉਸਨੂੰ ਦਵਾਈ ਦਵਾਉਣ ਲਈ ਵੀ ਉਹ ਨਹੀ ਆਇਆ, ਅਖੀਰ ਉਸ ਦੀ ਮਾਂ ਦੀ ਮੌਤ ਹੋਣ ਤੋਂ ਬਾਅਦ ਆ ਕੇ ਬਿਰਧ ਆਸ਼ਰਮ ਤੋਂ ਹੀ ਸਿਧਾ ਸ਼ਮਸ਼ਾਨ ਘਾਟ ਉਸ ਦਾ ਸਸਕਾਰ ਕਰ ਦਿਤਾ। ਖਾਦ ਪਦਾਰਥਾਂ ਵਿਚ ਮਿਲਾਵਟ ਵੀ ਸਾਡੀ ਬੁਧੀ ਨੂੰ ਭਰਿਸ਼ਟ ਕਰ ਰਹੀ ਬਿਮਾਰੀਆਂ ਲਗਦੀਆਂ ਹਨ ਉਹਨਾਂ ਦੇ ਇਲਾਜ ਲਈ ਪੈਸੇ ਦੀ ਲੋੜ ਹੈ। ਇਹ ਮਿਲਾਵਟ ਸਾਡਾ ਮਾਨਸਕ ਸੰਤੁਲਨ ਖਰਾਬ ਕਰਦੀ ਹੈ ਤੇ ਕਰਾਈਮ ਕਰਨ ਲਈ ਉਤੇਜਤ ਕਰਦੀ ਹੈ। ਅਗਲੀ ਗਲ ਆਧੁਨਿਕ ਯੁਗ ਵਿਚ ਇਲੈਕਟਰਾਨਿਕ ਡੀਵਾਈਸਜ ਵੀ ਕਰਾਈਮ ਦਾ ਕਾਰਣ ਬਣਦੀਆਂ ਹਨ। ਇਹਨਾਂ ਦੀ ਲੋੜ ਤੋਂ ਵੱਧ ਵਰਤੋਂ ਸਾਡੀ ਮਾਨਸਕਤਾ ਤੇ ਪ੍ਰਭਾਵ ਪਾੳਂੁਦੀ ਹੈ। ਖੂਨ ਦਾ ਵਹਾਅ ਤੇਜ ਕਰਦੀ ਹੈ। ਇਹਨਾਂ ਵਿਚ ਟੀ.ਵੀ, ਕੰਪਿਊਟਰ, ਲੈਬ ਟਾਪ, ਆਈ ਪੈਡ ਦਾ ਪ੍ਰਯੋਗ ਵਧ ਤੋਂ ਵਧ ਹੋ ਰਿਹਾ ਹੈ। ਬੱਚੇ ਟੀ ਵੀ , ਤੋਂ ਹੀ ਫਿਲਮਾਂ ਅਤੇ ਅਜੀਬ ਕਿਸਮ ਦੇ ਸੀਰੀਅਲ ਵੇਖਦੇ ਹਨ। ਇਹਨਾਂ ਵਿਚੋਂ ਕਰਾਈਮ ਨਾਲ ਸੰਬੰਧਤ ਸੀਰੀਅਲ ਬੱਚਿਆਂ ਤੇ ਸਭ ਤੋਂ ਮਾੜਾ ਪ੍ਰਭਾਵ ਪਾਂਉਦੇ ਹਨ। ਜੋ ਇਹਨਾਂ ਸੀਰੀਅਲ ਵਿਚ ਵੇਖਦੇ ਹਨ ਉਸ ਨੂੰ ਪ੍ਰੈਕਟੀਕਲ ਤੌਰ ਤੇ ਕਰਦੇ ਹਨ ਜਦੋਂ ਕਿ ਇਹ ਸੀਰੀਅਲ ਅਸਲੀ ਨਹੀਂ ਹੁੰਦੇ।

ਉਪਰੋਕਤ ਸਾਰੇ ਕਾਰਨਾਂ ਤੇ ਨਜਰ ਮਾਰਨ ਤੋਂ ਬਾਅਦ ਮਹਿਸੂਸ ਹੁੰਦਾ ਹੈ ਕਿ ਅਸੀਂ ਆਪਣੇ ਵਿਰਸੇ ਨੂੰ ਭੁਲ ਗਏ ਹਾਂ, ਸਾਨੂੰ ਆਪਣੇ ਅਤੀਤ ਬਾਰੇ ਡੁੰਘਾਈ ਨਾਲ ਸੋਚਣਾ ਪਵੇਗਾ। ਜੇਕਰ ਅਸੀਂ ਆਪਣੇ ਪਿਛੋਕੜ ਨੂੰ ਘੋਖੀਏ ਤਾਂ ਸਪਸ਼ਟ ਹੁੰਦਾ ਹੈ ਕਿ ਸਾਡੇ ਦਾਦੇ ਪੜਦਾਦੇ, ਮਾਪੇ, ਨਾਨੇ ਨਾਨੀਆਂ ਸਭ ਕਿਥੇ ਹਨ, ਉਹ ਕੋਈ ਚੀਜ ਆਪਣੇ ਨਾਲ ਨਹੀਂ ਲੈ ਗਏ। ਸਭ ਕੁਝ ਇਥੇ ਹੀ ਛੱਡ ਗਏ ਹਨ ਫਿਰ ਅਸੀ ਕਿਉ ਦੁਨਿਆਵੀ ਪ੍ਰਾਪਤੀਆਂ ਦੇ ਮਗਰ ਲਗੇ ਫਿਰਦੇ ਹਾਂ। ਕਾਰਾਂ, ਕੋਠੀਆਂ, ਬੰਗਲੇ, ਜਮੀਨਾਂ, ਵਪਾਰ, ਸਭ ਏਥੇ ਹੀ ਰਹਿ ਜਾਣੇ ਹਨ। ਸਾਡੇ ਕਰਮ ਹੀ ਸਾਡੇ ਨਾਲ ਜਾਣੇ ਹਨ।  ਇਹ ਦੁਨੀਆਂ ਚੰਗੇ ਕੰਮ ਕਰਨ ਵਾਲਿਆਂ ਨੂੰ ਹੀ ਯਾਦ ਰਖਦੀ ਹੈ, ਬਾਕੀ ਸਭ ਨੂੰ ਭੁਲ ਜਾਂਦੀ ਹੈ। ਇਸ ਲਈ ਪਰਿਵਾਰਕ ਰਿਸ਼ਤਿਆਂ ਨੂੰ ਬਰਕਰਾਰ ਰੱਖਣ ਲਈ ਗੰਭੀਰਤਾ ਤੋਂ ਕੰਮ ਲੈਣਾ ਚਾਹੀਦਾ ਹੈ। ਸਰਕਾਰਾਂ ਨੂੰ ਵੀ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕਰਨਾ ਚਾਹੀਦਾ ਹੈ। ਚੋਰ ਮੋਰੀਆਂ ਬੰਦ ਕਰਨੀਆਂ ਚਾਹੀਦੀਆਂ ਹਨ। ਬੇਰੋਜਗਾਰੀ ਤੇ ਅਣਪੜਤਾ ਖਤਮ ਕਰਨੀ ਚਾਹੀਦੀ ਹੈ ਤਾਂ ਜੋ ਨੌਜਵਾਨੀ ਆਪਣੇ ਕੰਮ ਕਾਜ ਵਿਚ ਮਸਤ ਹੋ ਕੇ ਆਪਣਾ ਸੋਨੇ ਵਰਗਾ ਇਨਸਾਨੀ ਜਾਅ ਸੁੱਚਜੇ ਢੰਗ ਨਾਲ ਸਮਾਜ ਵਿਚ ਵਿਚਰਕੇ ਉਸਦਾ ਆਨੰਦ ਮਾਣ ਸਕਣ।

 

 

 

 

Comments

Popular posts from this blog

ਹਰਪ੍ਰੀਤ ਕੌਰ ਸੰਧੂ ਦੀ ‘ਜ਼ਿੰਦਗੀ ਦੇ ਰੂਬਰੂ’ ਪੁਸਤਕ ਜ਼ਿੰਦਗੀ ਜਿਓਣ ਦੇ ਬਿਹਤਰੀਨ ਨੁਸਖ਼ੇ

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ

ਪੰਜਾਬੀ ਭਾਸ਼ ਦਾ ਵਿਦੇਸ਼ਾਂ ਵਿਚ ਪਰਚਮ ਲਹਿਰਾਉਣ ਵਾਲਾ ਸਾਹਿਤਕਾਰ ਰਵਿੰਦਰ ਰਵੀ