ਹਰਿਆਣਾ, ਮਹਾਰਾਸ਼ਟਰ ਵਿਧਾਨ ਸਭਾਵਾਂ ਅਤੇ ਉਪ ਚੋਣਾਂ ਦੇ ਨਤੀਜੇ ਬੀ.ਜੇ.ਪੀ.ਨੂੰ ਖ਼ੋਰਾ



 

     ਹਰਿਆਣਾ ਅਤੇ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਅਤੇ ਦੇਸ਼ ਵਿਚ ਹੋਈਆਂ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ ਉਪ ਚੋਣਾਂ ਦੇ ਨਤੀਜਿਆਂ ਤੋਂ ਸਾਫ਼ ਵਿਖਾਈ ਦਿੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਖ਼ੋਰਾ ਲੱਗਣਾ ਸ਼ੁਰੂ ਹੋ ਗਿਆ ਹੈ। ਭਾਰਤੀ ਜਨਤਾ ਪਾਰਟੀ ਦਾ ਨੇ ਇਨ੍ਹਾਂ ਚੋਣਾ ਨੂੰ ਜਿੱਤਣ ਲਈ ਸਾਰੇ ਸੋਮੇ ਝੋਕ ਦਿੱਤੇ ਸਨ ਪ੍ਰੰਤੂ ਫਿਰ ਵੀ ਅਕਸ ਬਰਕਰਾਰ ਨਹੀਂ ਰੱਖ ਸਕੇ। ਹਰਿਆਣਾ ਅਤੇ ਮਹਾਰਾਸ਼ਟਰ ਦੇ ਨਤੀਜਿਆਂ ਅਨੁਸਾਰ ਦੋਹਾਂ ਰਾਜਾਂ ਵਿਚ ਭਾਰਤੀ ਜਨਤਾ ਪਾਰਟੀ ਨੂੰ ਮਈ 2019 ਵਿਚ ਹੋਈਆਂ ਲੋਕ ਸਭਾ ਅਤੇ 2014 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਮੁਕਾਬਲੇ ਨੁਕਸਾਨ ਹੋਇਆ ਹੈ। ਮਈ 2019 ਵਿਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਵਿਚ ਹਰਿਆਣਾ ਦੀਆਂ ਸਾਰੀਆਂ 10 ਸੀਟਾਂ ਤੇ ਭਾਰਤੀ ਜਨਤਾ ਪਾਰਟੀ ਨੇ ਕਬਜ਼ਾ ਕਰ ਲਿਆ ਸੀ ਅਤੇ 90 ਵਿਧਾਨ ਸਭਾ ਹਲਕਿਆਂ ਵਿਚੋਂ 79 ਵਿਚ ਬੜ੍ਹਤ ਬਣਾਈ ਰੱਖੀ ਸੀ। ਲੋਕ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੂੰ 73 ਲੱਖ ਵੋਟਰਾਂ ਨੇ ਵੋਟਾਂ ਪਾਈਆਂ ਸਨ ਜਦੋਂ ਕਿ ਵਿਧਾਨ ਸਭਾ ਚੋਣਾਂ ਵਿਚ 90 ਮੈਂਬਰੀ ਵਿਧਾਨ ਸਭਾ ਵਿਚ 40 ਸੀਟਾਂ ਤੱਕ ਸਿਮਟ ਕੇ ਸਿਰਫ਼ 45 ਲੱਖ ਵੋਟਰਾਂ ਦਾ ਸਹਿਯੋਗ ਮਿਲਿਆ ਹੈ। ਇਸ ਪ੍ਰਕਾਰ ਲੋਕ ਸਭਾ ਨਾਲੋਂ 37 ਫ਼ੀ ਸਦੀ ਘੱਟ ਵੋਟਾਂ ਪਈਆਂ ਹਨ। ਵਿਧਾਨ ਸਭਾ ਚੋਣਾ ਵਿਚ ਭਾਰਤੀ ਜਨਤਾ ਪਾਰਟੀ ਨੇ 75 ਸੀਟਾਂ ਜਿੱਤਣ ਦਾ ਨਿਸ਼ਾਨਾ ਰੱਖਿਆ ਸੀ। ਜਦੋਂ ਕਿ 2014 ਦੀਆਂ ਵਿਧਾਨ ਸਭਾ ਵਿਚ ਭਾਰਤੀ ਜਨਤਾ ਪਾਰਟੀ ਨੇ 47 ਸੀਟਾਂ ਤੇ ਜਿੱਤ ਪ੍ਰਾਪਤ ਕਰਕੇ ਰਾਜਨੀਤੀ ਵਿਚ ਅਨਾੜੀ ਮਨੋਹਰ ਲਾਲ ਖੱਟਰ ਨੂੰ ਮੁੱਖ ਮੰਤਰੀ ਬਣਾਇਆ ਸੀ। ਇਸ ਵਾਰ 10 ਵਿਚੋਂ 8 ਮੰਤਰੀ ਅਤੇ ਹਰਿਆਣਾ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਸ਼ੁਭਾਸ਼ ਬਰਾਲਾ ਚੋਣ ਹਾਰ ਗਏ ਹਨ। 2 ਮੰਤਰੀ ਅਨਿਲ ਵਿਜ ਅਤੇ ਬਨਬਾਰੀ ਲਾਲ ਹੀ ਜਿੱਤ ਸਕੇ ਹਨ। ਸੈਲੀਵਰਿਟੀ ਟਿਕ ਟਾਕ ਦੀ ਫੋਗਟ ਚੋਣ ਹਾਰ ਗਈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ 2014 ਵਿਚ 63 ਹਜ਼ਾਰ ਵੋਟਾਂ ਦੇ ਅੰਤਰ ਨਾਲ ਜਿਤਿਆ ਸੀ, ਇਸ ਵਾਰ ਇਹ ਅੰਤਰ ਘਟਕੇ 45 ਹਜ਼ਾਰ ਰਹਿ ਗਿਆ ਹੈ। ਮਨੋਹਰ ਲਾਲ ਖੱਟਰ ਦਾ ਕਿ੍ਰਸ਼ਮਾ ਨਹੀਂ ਚਲਿਆ। ਸ੍ਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਹਰਿਆਣਾ ਵਿਚ ਧੂੰਆਂ ਧਾਰ ਪ੍ਰਚਾਰ ਕੀਤਾ ਸੀ। ਲੋਕ ਸਭਾ ਵਿਚ ਭਾਰਤੀ ਜਨਤਾ ਪਾਰਟੀ ਨੂੰ 58.6 ਫ਼ੀ ਸਦੀ ਵੋਟਾਂ ਪਈਆਂ ਸਨ ਜਦੋਂ ਕਿ ਵਿਧਾਨ ਸਭਾ ਵਿਚ 36.5 ਫ਼ੀ ਸਦੀ ਵੋਟਾਂ ਪਈਆਂ ਹਨ। ਇਸ ਪ੍ਰਕਾਰ ਭਾਰਤੀ ਜਨਤਾ ਪਾਰਟੀ ਨੂੰ 22 ਫ਼ੀ ਸਦੀ ਵੋਟਾਂ ਦਾ ਨੁਕਸਾਨ ਹੋਇਆ ਹੈ। ਮਨੋਹਰ ਲਾਲ ਖੱਟਰ ਮੁੱਖ ਮੰਤਰੀ ਦੇ ਕਰਨਾਲ ਜਿਲ੍ਹੇ ਦੀਆਂ 8 ਸੀਟਾਂ ਵਿਚੋਂ 5 ਸੀਟਾਂ ਤੇ ਭਾਰਤੀ ਜਨਤਾ ਪਾਰਟੀ ਹਾਰ ਗਈ। ਰੋਹਤਕ ਜਿਲ੍ਹੇ ਦੀਆਂ 4 ਜਾਟ ਅਬਾਦੀ ਵਾਲੀਆਂ ਸੀਟਾਂ ਤੋਂ ਵੀ ਬੀ.ਜੇ.ਪੀ.ਹਾਰ ਗਈ। ਇੰਡੀਅਨ ਲੋਕ ਦਲ ਦੇ ਦੋਫਾੜ ਹੋਣ ਨਾਲ ਬਣੀ ਜੇ.ਜੇ.ਪੀ. 10 ਸੀਟਾਂ ਜਿੱਤ ਗਈ ਹੈ। ਚੌਟਾਲਾ ਧੜੇ ਨੂੰ ਸਿਰਫ ਇਕ ਸੀਟ ਤੇ ਸਬਰ ਕਰਨਾ ਪਿਆ। ਭਾਰਤੀ ਜਨਤਾ ਪਾਰਟੀ ਨੇ ਜੇ.ਜੇ.ਪੀ.ਅਤੇ 8 ਅਜ਼ਾਦ ਜੇਤੂਆਂ ਦੀ ਮਦਦ ਨਾਲ ਸਰਕਾਰ ਬਣਾਉਣੀ ਪਈ। ਜੇ.ਜੇ.ਪੀ. ਦੇ ਮੁੱਖ ਦੁਸ਼ਿਅੰਤ ਚੌਟਾਲਾ ਨੂੰ ਉਪ ਮੁੱਖ ਮੰਤਰੀ ਬਣਾਉਣਾ ਪਿਆ। ਜੇ.ਜੇ.ਪੀ.ਨੂੰ 19.9 ਫ਼ੀ ਸਦੀ ਅਤੇ ਚੌਟਾਲਾ ਧੜੇ ਨੂੰ ਸਿਰਫ਼ 2.44 ਫ਼ੀ ਸਦੀ ਵੋਟਾਂ ਪਈਆਂ ਹਨ। ਸਾਰੀਆਂ ਪਾਰਟੀਆਂ ਵਿਚ ਚੌਟਾਲਾ ਪਰਿਵਾਰ ਦੇ 5 ਮੈਂਬਰ ਦੁਸ਼ਿਅੰਤ ਚੌਟਾਲਾ, ਨੈਨਾ ਚੌਟਾਲਾ, ਰਣਜੀਤ ਸਿੰਘ ਚੌਟਾਲਾ ਅਭੈ ਚੌਟਾਲਾ ਅਤੇ ਜਗਦੀਸ਼ ਚੋਣ ਜਿੱਤ ਗਏ ਹਨ। ਕਾਂਗਰਸ ਪਾਰਟੀ 2014 ਦੀਆਂ 15 ਸੀਟਾਂ ਦੇ ਮੁਕਾਬਲੇ ਇਸ ਵਾਰ 31 ਸੀਟਾਂ ਤੇ ਚੋਣ ਜਿੱਤ ਗਈ ਹੈ ਪ੍ਰੰਤੂ ਕਾਂਗਰਸ ਪਾਰਟੀ ਦੇ ਦਿਗਜ਼ ਕਰਨ ਸਿੰਘ ਦਲਾਲ, ਕੁਲਦੀਪ ਕੁਮਾਰ ਸ਼ਰਮਾ ਅਤੇ ਰਣਦੀਪ ਸਿੰਘ ਸੁਰਜੇਵਾਲਾ ਚੋਣ ਹਾਰ ਗਏ ਹਨ। ਕਾਂਗਰਸ ਪਾਰਟੀ ਦੇ ਕਿਸੇ ਸੀਨੀਅਰ ਨੇਤਾ ਨੇ ਹਰਿਆਣਾ ਵਿਚ ਪ੍ਰਚਾਰ ਵੀ ਨਹੀਂ ਕੀਤਾ ਤਾਂ ਵੀ ਉਹ ਹਰਿਆਣਾ ਵਿਚ ਆਪਣਾ ਆਧਾਰ ਵਧਾਉਣ ਵਿਚ ਸਫਲ ਰਹੇ। ਅਕਾਲੀ ਦਲ ਜਿਹੜਾ ਭਾਰਤੀ ਜਨਤਾ ਪਾਰਟੀ ਤੋਂ 30 ਸੀਟਾਂ ਦੀ ਮੰਗ ਕਰ ਰਿਹਾ ਸੀ ਉਹ ਇਕ ਵੀ ਸੀਟ ਜਿੱਤ ਨਹੀਂ ਸਕਿਆ। ਹਰਿਆਣਾ ਦਲਬਦਲੀ ਵਿਚ ਜਿਸਨੂੰ ਆਇਆ ਰਾਮ ਤੇ ਗਿਆ ਰਾਮ ਦਾ ਜਨਮਦਾਤਾ ਕਿਹਾ ਜਾਂਦਾ ਹੈ, ਇਸ ਵਾਰ ਜਿਹੜੇ ਵੀ ਨੇਤਾ ਪਾਰਟੀਆਂ ਬਦਲਕੇ ਚੋਣ ਲੜੇ ਉਹ ਸਾਰੇ ਹੀ ਹਾਰ ਗਏ ਹਨ। ਜਾਟ ਭਾਈਚਾਰਾ ਅਤੇ ਸਿਰਸਾ ਡੇਰੇ ਦੇ ਵੋਟਰਾਂ ਨੇ ਭਾਰਤੀ ਜਨਤਾ ਪਾਰਟੀ ਤੋਂ ਕਿਨਾਰਾ ਕਰ ਲਿਆ। ਹਰਿਆਣਾ ਵਿਚ ਬਰਾਦਰਵਾਦ ਹਮੇਸ਼ਾ ਭਾਰੂ ਰਹਿੰਦਾ ਹੈ। ਭੁਪਿੰਦਰ ਸਿੰਘ ਹੁਡਾ ਸਰਵੋਤਮ ਨੇਤਾ ਬਣਕੇ ਵਾਪਸ ਆ ਗਿਆ ਹੈ।

     ਮਹਾਰਾਸ਼ਟਰ ਵਿਧਾਨ ਸਭਾ ਦੀਆਂ ਚੋਣਾਂ ਵਿਚ ਵੀ ਭਾਰਤੀ ਜਨਤਾ ਪਾਰਟੀ ਨੂੰ ਖ਼ੋਰਾ ਲੱਗਿਆ ਹੈ। 2014 ਦੀਆਂ ਵਿਧਾਨ ਸਭਾ ਦੀਆਂ 288 ਸੀਟਾਂ ਵਿਚੋਂ ਭਾਰਤੀ ਜਨਤਾ ਪਾਰਟੀ ਨੇ 122 ਸੀਟਾਂ ਜਿੱਤੀਆਂ ਸਨ। ਉਸ ਸਮੇਂ ਉਨ੍ਹਾਂ ਸ਼ਿਵ ਸੈਨਾ ਨਾਲੋਂ ਵੱਖਰੇ ਹੋ ਕੇ ਚੋਣਾ ਲੜੀਆਂ ਸਨ। ਇਸ ਵਾਰ ਸ਼ਿਵ ਸੈਨਾ ਨਾਲ ਸਾਂਝੇ ਤੌਰ ਤੇ ਚੋਣਾਂ ਲੜਨ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ 105 ਸੀਟਾਂ ਜਿੱਤ ਸਕੀ ਹੈ। ਭਾਵ 17 ਸੀਟਾਂ 2014 ਨਾਲੋਂ ਘੱਟ ਸੀਟਾਂ ਜਿੱਤੀਆਂ ਹਨ, ਸਗੋਂ ਸਮਝੌਤੇ ਕਰਕੇ ਜ਼ਿਆਦਾ ਸੀਟਾਂ ਜਿੱਤਣੀਆਂ ਚਾਹੀਦੀਆਂ ਸਨ। ਸ਼ਿਵ ਸੈਨਾ ਨਾਲ ਵੀ ਭਾਰਤੀ ਜਨਤਾ ਪਾਰਟੀ ਵਾਲੀ ਗੱਲ ਹੋਈ ਹੈ 2014 ਵਿਚ ਸ਼ਿਵ ਸੈਨਾ ਨੇ 63 ਸੀਟਾਂ ਵੱਖਰੇ ਚੋਣ ਲੜਕੇ ਜਿੱਤੀਆਂ ਸਨ। ਇਸ ਵਾਰ ਸ਼ਿਵ ਸੈਨਾ ਨੇ ਭਾਰਤੀ ਜਨਤਾ ਪਾਰਟੀ ਨਾਲ ਸਾਂਝੇ ਤੌਰ ਤੇ ਸਮਝੌਤੇ ਅਧੀਨ ਚੋਣਾਂ ਲੜੀਆਂ ਪ੍ਰੰਤੂ 56 ਸੀਟਾਂ ਜਿੱਤ ਸਕੀ। 2014 ਨਾਲੋਂ 7 ਸੀਟਾਂ ਦਾ ਸ਼ਿਵ ਸੈਨਾ ਨੂੰ ਨੁਕਸਾਨ ਹੋਇਆ। ਸਰਬ ਭਾਰਤੀ ਕਾਂਗਰਸ  ਪਾਰਟੀ ਅਤੇ ਨੈਸ਼ਨਲ ਕਾਂਗਰਸ ਕਾਰਟੀ ਨੇ ਪਿਛਲੀ ਵਾਰੀ ਦੀ ਤਰ੍ਹਾਂ ਇਸ ਵਾਰ ਵੀ ਸਾਂਝਿਆਂ ਚੋਣਾਂ ਲੜੀਆਂ ਸਨ। ਨੈਸ਼ਨਲ ਕਾਂਗਰਸ ਪਾਰਟੀ ਨੂੰ ਇਸ ਵਾਰ ਲਾਭ ਹੋਇਆ ਹੈ, ਉਸਨੇ 54 ਸੀਟਾਂ ਜਿੱਤ ਲਈਆਂ ਹਨ ਅਤੇ ਤੀਜੀ ਵੱਡੀ ਪਾਰਟੀ ਦੇ ਤੌਰ ਤੇ ਸਾਹਮਣੇ ਆਈ ਹੈ। ਇਸਦਾ ਮੁੱਖ ਕਾਰਨ ਚੋਣਾਂ ਤੋਂ ਪਹਿਲਾਂ ਨੈਸ਼ਨਲ ਕਾਂਗਰਸ ਪਾਰਟੀ ਦੇ ਨੇਤਾਵਾਂ ਅਤੇ ਪਾਰਟੀ ਦੇ ਸੁਪਰੀਮੋ ਸ਼ਰਦ ਪਵਾਰ ਦੇ ਵਿਓਪਾਰ ਅਤੇ ਘਰ ਤੇ ਸੀ.ਬੀ.ਆਈ.ਨੇ ਛਾਪੇ ਮਾਰੇ ਸਨ, ਜਿਸ ਨਾਲ ਮਰਾਠਾ ਸਮੁਦਾਏ ਨੂੰ ਠੇਸ ਲੱਗੀ ਸੀ। ਕਾਂਗਰਸ ਪਾਰਟੀ ਨੇ 44 ਸੀਟਾਂ ਜਿੱਤੀਆਂ ਹਨ। 2014 ਵਿਚ ਕਾਂਗਰਸ ਪਾਰਟੀ ਨੇ 42 ਸੀਟਾਂ ਜਿੱਤੀਆਂ ਸਨ। ਇਸ ਵਾਰ ਛੋਟੀਆਂ ਪਾਰਟੀਆਂ ਅਤੇ ਅਜ਼ਾਦ 29 ਉਮੀਦਵਾਰ ਚੋਣ ਜਿੱਤ ਗਏ ਹਨ ਜਿਨ੍ਹਾਂ ਵਿਚੋਂ 20  ਜੇਤੂ ਉਮੀਦਵਾਰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ ਹਨ।

   ਇਨ੍ਹਾਂ ਚੋਣਾਂ ਦੇ ਨਾਲ ਹੀ ਦੇਸ ਦੇ ਰਾਜਾਂ ਵਿਚ ਹੋਈਆਂ ਉਪ ਚੋਣਾਂ ਦੇ ਨਤੀਜੇ ਇਸ ਪ੍ਰਕਾਰ ਹਨ: ਪੰਜਾਬ ਦੀਆਂ 4 ਸੀਟਾਂ ਵਿਚੋਂ 3 ਕਾਂਗਰਸ ਅਤੇ ਇਕ ਅਕਾਲੀ ਦਲ, ਅਰੁਣਾਚਲ ਪ੍ਰਦੇਸ਼ ਦੀ ਇਕੋ ਸੀਟ ਅਜ਼ਾਦ, ਅਸਾਮ ਦੀਆਂ 4 ਵਿਚੋਂ 3 ਭਾਜਪਾ ਇਕ ਹੋਰ, ਬਿਹਾਰ 5 ਵਿਚੋਂ 2 ਆਰ.ਜੇ.ਡੀ ਇਕ ਹਰ, ਛੱਤੀਸਗੜ੍ਹ ਦੀ ਇਕੋ ਸੀਟ ਕਾਂਗਰਸ, ਗੁਜਰਾਤ 6 ਵਿਚੋਂ 3 ਭਾਜਪਾ 3 ਕਾਂਗਰਸ, ਹਿਮਾਚਲ 2 ਸੀਟਾਂ ਦੋਵੇਂ ਭਾਜਪਾ, ਕੇਰਲ  5 ਸੀਟਾਂ 2 ਸੀ.ਪੀ.ਐਮ. 2 ਕਾਂਗਰਸ ਇਕ ਹੋਰ, ਮੱਧ ਪ੍ਰਦੇਸ਼ ਇਕੋ ਸੀਟ ਕਾਂਗਰਸ, ਮੇਘਾਲਿਆ ਇਕੋ ਸੀ ਯੂ.ਡੀ.ਐਫ., ਉੜੀਸਾ ਇਕੋ ਸੀਟਟ ਬੀ.ਜੇ.ਡੀ., ਪੁਡੂਚਰੀ ਇਕੋ ਸੀਟ ਕਾਂਗਰਸ, ਤੇਲੰਗਨਾ ਇਕੋ ਟੀ.ਆਰ.ਐਸ, ਰਾਜਸਥਾਨ 3 ਸੀਟਾਂ 2 ਕਾਂਗਰਸ ਇਕ ਆਰ.ਐਲ.ਪੀ., ਸਿਕਮ 3 ਸੀਟਾਂ 2 ਭਾਜਪਾ ਇਕ ਐਸ.ਕੇ.ਐਮ. ਅਤੇ ਉਤਰ ਪ੍ਰਦੇਸ਼ 11 ਸੀਟਾਂ ਵਿਚੋਂ 7 ਕਾਂਗਰਸ 3 ਸਮਾਜਵਾਦੀ ਅਤੇ ਇਕ ਅਪਨਾ ਦਲ ਨੇ ਜਿੱਤੀਆਂ ਹਨ। ਇਸ ਪ੍ਰਕਾਰ 17 ਰਾਜਾਂ ਵਿਚ 51 ਵਿਧਾਨ ਸਭਾਵਾਂ ਅਤੇ 2 ਲੋਕ ਸਭਾ ਦੀਆਂ ਉਪ ਚੋਣਾ ਹੋਈਆਂ ਸਨ। ਇਹ ਨਤੀਜੇ ਵੀ ਭਾਰਤੀ ਜਨਤਾ ਪਾਰਟੀ ਲਈ ਨਮੋਸ਼ੀ ਦਾ ਕਾਰਨ ਬਣ। ਸਮਸਤੀਪੁਰ ਅਤੇ ਸਤਾਰਾ ਲੋਕ ਸਭਾ ਉਪ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਮਹਾਰਾਸ਼ਟਰ ਦੀ ਸਤਾਰਾ ਲੋਕ ਸਭਾ ਸੀਟ ਨੈਸ਼ਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਜਿੱਤ ਲਈ ਹੈ। ਭਾਰਤੀ ਜਨਤਾ ਪਾਰਟੀ ਨੇ ਐਨ.ਸੀ.ਪੀ. ਚੋਂ ਦਲ ਬਦਲੀ ਕਰਵਾਕੇ ਭਾਜਪਾ ਵਿਚ ਲਏ ਉਮੀਦਵਾਰ ਨੂੰ ਟਿਕਟ ਦਿੱਤੀ ਸੀ, ਉਹ ਹਾਰ ਗਿਆ। ਇਸੇ ਤਰ੍ਹਾਂ ਸਮਸਤੀਪੁਰ ਵੀ ਐਲ.ਜੇ.ਪੀ.ਨੇ ਜਿੱਤ ਲਈ ਹੈ। ਭਾਰਤੀ ਜਨਤਾ ਪਾਰਟੀ ਨੇ 51 ਵਿਧਾਨ ਸਭਾ ਉਪ ਚੋਣਾਂ ਵਿਚੋਂ 17, ਕਾਂਗਰਸ ਪਾਰਟੀ ਨੇ 12 ਅਤੇ ਬਾਕੀ ਸੀਟਾਂ ਰੀਜਨਲ ਪਾਰਟੀਆਂ ਨੇ ਜਿੱਤੀਆਂ ਹਨ। ਪੰਜਾਬ, ਗੁਜਰਾਤ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਚ ਕਾਂਗਰਸ ਪਾਰਟੀ ਦੀ ਹਾਲਤ ਸੁਧਰੀ ਹੈ। ਇਕ ਕਿਸਮ ਨਾਲ ਇਹ ਚੋਣਾਂ ਕਾਂਗਰਸ ਪਾਰਟੀ ਲਈ ਸੰਜੀਵਨੀ ਬੂਟੀ ਦਾ ਕੰਮ ਕਰੇਗੀ।

Comments

Popular posts from this blog

ਹਰਪ੍ਰੀਤ ਕੌਰ ਸੰਧੂ ਦੀ ‘ਜ਼ਿੰਦਗੀ ਦੇ ਰੂਬਰੂ’ ਪੁਸਤਕ ਜ਼ਿੰਦਗੀ ਜਿਓਣ ਦੇ ਬਿਹਤਰੀਨ ਨੁਸਖ਼ੇ

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ

ਪੰਜਾਬੀ ਭਾਸ਼ ਦਾ ਵਿਦੇਸ਼ਾਂ ਵਿਚ ਪਰਚਮ ਲਹਿਰਾਉਣ ਵਾਲਾ ਸਾਹਿਤਕਾਰ ਰਵਿੰਦਰ ਰਵੀ