ਪਰੰਪਰਾ ਤੋਂ ਹੱਟਕੇ ਸਾਹਿਤ ਲਿਖਣ ਵਾਲੀ ਸਾਹਿਤਕਾਰ : ਅੰਮ੍ਰਿਤਾ ਪ੍ਰੀਤਮ
ਅੰਮ੍ਰਿਤਾ ਪ੍ਰੀਤਮ ਪੰਜਾਬੀ ਦੀ ਪਹਿਲੀ ਅਜਿਹੀ ਸਾਹਿਤਕਾਰ ਹੈ ਜਿਸਨੇ ਪਰੰਪਰਾ ਤੋਂ ਹੱਟਕੇ
ਇਸਤਰੀ ਜਾਤੀ ਨੂੰ ਜਾਗ੍ਰਤ ਕਰਨ ਲਈ ਨਾਰੀ ਦ੍ਰਿਸ਼ਟੀਕੋਣ ਤੋਂ ਕਵਿਤਾ, ਕਹਾਣੀਆਂ,
ਨਾਵਲ ਅਤੇ ਜੀਵਨੀਆਂ ਲਿਖੀਆਂ। ਉਸਨੇ ਇਸਤਰੀ ਜਾਤੀ ਨੂੰ ਮਰਦ ਉਪਰ ਨਿਰਭਰ ਹੋਣ ਦੀ
ਥਾਂ ਆਰਥਿਕ ਤੌਰ ਮਜ਼ਬੂਤ ਹੋਣ ਦੀ ਪ੍ਰੇਰਨਾ ਦਿੱਤੀ। ਉਹ ਕੁਲਵਕਤੀ ਸਾਹਿਤਕਾਰ ਸੀ, ਜਿਹੜੀ ਉਭਰਦੇ ਲੇਖਕਾਂ ਖਾਸ ਤੌਰ ਤੇ ਇਸਤਰੀ ਲੇਖਕਾਂ ਦਾ ਪ੍ਰੇਰਨਾ ਸਰੋਤ ਬਣੀ।
ਉਸਦੀਆਂ ਰਚਨਾਵਾਂ ਦਾ ਕੇਂਦਰ ਬਿੰਦੂ ਇਸਤਰੀਆਂ ਦੇ ਕਤਲ, ਆਤਮ
ਹੱਤਿਆਵਾਂ, ਬਲਾਤਕਾਰ, ਭਰੂਣ
ਹੱਤਿਆਵਾਂ, ਦਹੇਜ ਅਤੇ ਤਲਾਕ ਸਨ। ਇਨ੍ਹਾਂ ਸਮਾਜਕ
ਬਿਮਾਰੀਆਂ ਨੂੰ ਉਸਨੇ ਸਮੂਹ ਇਸਤਰੀ ਜਾਤੀ ਦੇ ਦਰਦ ਨੂੰ ਲੋਕ ਦਰਦ ਬਣਾਕੇ ਲਿਖਿਆ। ਲਗਪਗ 1 ਸਦੀ ਉਸਨੇ ਆਪਣੀ ਵਿਸ਼ੇਸ਼ ਅਤੇ ਵੱਖਰੀ ਪਛਾਣ ਬਣਾਕੇ ਰੱਖੀ ਅਤੇ ਸਾਹਿਤ ਪ੍ਰਤਿਭਾ
ਦੀ ਛਾਪ ਛੱਡੀ। ਆਪ ਨੂੰ ਫੋਟੋਗ੍ਰਾਫੀ, ਨਿ੍ਹਤ ਅਤੇ ਸੰਗੀਤ ਦਾ ਸ਼ੌਕ ਸੀ। ਅੰਮ੍ਰਿਤਾ ਕੌਰ ਦਾ ਜਨਮ 31 ਅਗਸਤ 1919 ਨੂੰ ਗੁਜਰਾਂਵਾਲਾ ਵਿਖੇ ਮਾਤਾ ਰਾਜ ਬੀਬੀ
ਅਤੇ ਪਿਤਾ ਕਰਤਾਰ ਸਿੰਘ ਹਿਤਕਾਰੀ ਦੇ ਘਰ ਹੋਇਆ। ਕਰਤਾਰ ਸਿੰਘ ਬਰਜ ਭਾਸ਼ਾ ਦੇ ਅਧਿਆਪਕ ਅਤੇ
ਧਾਰਮਿਕ ਪ੍ਰਵਿਰਤੀ ਵਾਲੇੇ ਵਿਅਕਤੀ ਸਨ। ਆਪ ਸਿਖ ਧਰਮ ਦੇ ਪ੍ਰਚਾਰਕ ਦੇ ਤੌਰ ਤੇ ਵੀ ਕੰਮ ਕਰਦੇ
ਸਨ। ਅੰਮ੍ਰਿਤਾ ਕੌਰ ਦੀ ਮਾਂ ਜਦੋਂ ਅੰਮ੍ਰਿਤਾ ਅਜੇ 11
ਸਾਲਾਂ ਦੇ ਹੀ ਸਨ ਤਾਂ ਸਵਰਗਵਾਸ ਹੋ ਗਏ ਸਨ, ਜਿਸ ਕਰਕੇ
ਅੰਮ੍ਰਿਤਾ ਕੌਰ ਆਪਣੀ ਮਾਂ ਦੇ ਪਿਆਰ ਤੋਂ ਵਾਂਝੇ ਰਹਿ ਗਏ। ਅੰਮ੍ਰਿਤਾ ਕੌਰ ਨੂੰ ਆਪਣੀ ਮਾਂ ਦੇ
ਵਿਛੋੜੇ ਦਾ ਹਮੇਸ਼ਾ ਹੀ ਪਛਤਾਵਾ ਰਿਹਾ। ਇਸ ਪਛਤਾਵੇ ਕਰਕੇ ਆਪ ਨੇ ਇਕੱਲਾਪਣ ਮਹਿਸੂਸ ਕਰਦਿਆਂ ਹੀ
ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਉਸਨੇ ਲਾਹੌਰ ਤੋਂ ਨਵੀਂ ਦੁਨੀਆਂ ਰਸਾਲਾ ਵੀ ਪ੍ਰਕਾਸ਼ਤ
ਕਰਨਾ ਸ਼ੁਰੂ ਕੀਤਾ ਸੀ ਜਿਹੜਾ ਦੇਸ਼ ਦੀ ਵੰਡ ਤੋਂ ਬਾਅਦ ਬੰਦ ਹੋ ਗਿਆ। ਦਿੱਲੀ ਆ ਕੇ ਆਪਨੇ ਨਾਗਮਣੀ
ਰਸਾਲਾ ਸ਼ਰੂ ਕੀਤਾ। ਆਪ ਦੀ ਪਹਿਲੀ ਕਵਿਤਾਵਾਂ ਦੀ ਕਿਤਾਬ ‘ਅੰਮ੍ਰਿਤ ਲਹਿਰਾਂ’ 1936 ਵਿਚ ਸਿਰਫ 17 ਸਾਲ ਦੀ ਉਮਰ ਵਿਚ ਹੀ ਪ੍ਰਕਾਸ਼ਤ ਹੋ ਗਈ ਸੀ।
ਪੁਸਤਕ ਪ੍ਰਕਾਸ਼ਤ ਹੋਣ ਤੋਂ ਬਾਅਦ ਆਪ ਦਾ ਵਿਆਹ 1 ਦਸੰਬਰ 1936 ਨੂੰ ਪ੍ਰੀਤਮ ਸਿੰਘ ਕਵਾਤੜਾ ਨਾਲ ਹੋ ਗਿਆ ਸੀ ਜੋ ਕਿ ਇੱਕ ਹੌਜਰੀ ਦੇ ਵਪਾਰੀ ਦਾ
ਲੜਕਾ ਸੀ। ਪ੍ਰੀਤਮ ਸਿੰਘ ਆਪਣੇ ਪਿਤਾ ਨਾਲ ਅਨਾਰਕਲੀ ਬਾਜ਼ਾਰ ਲਾਹੌਰ ਵਿਚ ਦੁਕਾਨਦਾਰੀ ਕਰਦਾ ਸੀ।
ਵਿਆਹ ਤੋਂ ਬਾਅਦ ਅੰਮ੍ਰਿਤਾ ਨੇ ਆਪਣੇ ਨਾਂ ਦੇ ਨਾਲ ਪ੍ਰੀਤਮ ਸ਼ਬਦ ਜੋੜ ਲਿਆ ਅਤੇ ਆਪ ਅੰਮ੍ਰਿਤਾ
ਕੌਰ ਤੋਂ ਅੰਮ੍ਰਿਤਾ ਪ੍ਰੀਤਮ ਬਣ ਗਈ। ਇਸ ਤੋਂ ਬਾਅਦ ਆਪ ਘਰ ਗ੍ਰਹਿਸਤੀ ਵਿਚ ਰੁਝ ਗਈ। ਇਸ ਸਮੇਂ
ਦੌਰਾਨ ਵੀ ਆਪ ਕਵਿਤਾਵਾਂ ਲਿਖਦੀ ਰਹੀ। 1943 ਤੱਕ ਆਪ ਦੀਆਂ 6 ਪੁਸਤਕਾਂ ਪ੍ਰਕਾਸ਼ਤ ਹੋ ਗਈਆਂ ਸਨ। ਸ਼ੁਰੂ ਵਿਚ ਆਪ ਦੀਆਂ ਕਵਿਤਾਵਾਂ ਆਪਣੇ ਪਿਤਾ
ਦੇ ਪ੍ਰਭਾਵ ਕਰਕੇ ਧਾਰਮਿਕ ਸਨ, ਇਸ ਤੋਂ ਬਾਅਦ ਆਪ ਦੀਆਂ ਕਵਿਤਾਵਾਂ ਦੇ ਵਿਸ਼ੇ
ਰਮਾਂਟਿਕ ਅਤੇ ਅਖ਼ੀਰ ਵਿਚ ਪ੍ਰਾਗਰੈਸਿਵ ਹੋ ਗਏ। ਹੁਣ ਆਪ ਥੋੜ੍ਹੀ ਮੈਚਿਉਰ ਵੀ ਹੋ ਗਈ ਸੀ,
ਇਸ ਕਰਕੇ ਆਪ ਦੇ ਵਿਸ਼ੇ ਪਹਿਾਂ ਨਿੱਜੀ ਪੀੜਾ ਅਤੇ ਫਿਰ ਲੋਕ ਪੀੜਾ ਵਲ ਨੂੰ ਵੀ
ਪ੍ਰੇਰਤ ਹੋ ਗਏ। ਇਸ ਤੋਂ ਬਾਅਦ ਆਪ ਨੇ ਵਾਰਤਕ ਤੇ ਵੀ ਹੱਥ ਅਜਮਾਉਣੇ ਸ਼ੁਰੂ ਕਰ ਦਿੱਤੇ। ਨਾਵਲਾਂ
ਅਤੇ ਕਹਾਣੀਆਂ ਰਾਹੀਂ ਲੋਕ ਪੀੜਾ ਨੂੰ ਕਲਮਬੰਦ ਕਰਨਾ ਸ਼ੁਰੂ ਕਰ ਦਿੱਤਾ। ਦੇਸ਼ ਦੀ 1947 ਦੀ ਵੰਡ ਨੇ ਅੰਮ੍ਰਿਤਾ ਪ੍ਰੀਤਮ ਦੀ ਮਾਨਸਿਕਤਾ ਨੂੰ ਝੰਜੋੜ ਕੇ ਰੱਖ ਦਿੱਤਾ,
ਇਸਦੇ ਸਿੱਟੇ ਵਜੋਂ ਉਨ੍ਹਾਂ ਪਿੰਜਰ ਨਾਵਲ ਲਿਖਿਆ ਜਿਹੜਾ ਦੇਸ਼ ਦੀ ਵੰਡ ਦੀ ਤਰਾਸਦੀ
ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦਾ ਹੈ ਜੋ ਕਿ ਆਪਦੀ ਸ਼ਾਹਕਾਰ ਰਚਨਾ ਹੈ। ਏਸੇ ਸਮੇਂ ਦੌਰਾਨ ਜਦੋਂ
ਆਪ 1947 ਵਿਚ 28 ਸਾਲ ਦੀ ਉਮਰ ਵਿਚ
ਦੇਹਰਾਦੂਨ ਤੋਂ ਦਿੱਲੀ ਨੂੰ ਟ੍ਰੇਨ ਰਾਹੀਂ ਜਾ ਰਹੀ ਸੀ ਤੇ ਆਪ ਗਰਭਵਤੀ ਵੀ ਸੀ ਤੇ ਉਸਤੋਂ ਬਾਅਦ
ਉਹਦਾ ਲੜਕਾ ਨਵਰਾਜ ਪੈਦਾ ਹੋਇਆ ਸੀ ਤਾਂ ਟ੍ਰੇਨ ਦੇ ਸਫਰ ਵਿਚ ਹੀ ਦੇਸ਼ ਦੀ ਵੰਡ ਦੇ ਦਰਦ ਨੂੰ
ਕਵਿਤਾ ਦੇ ਰੂਪ ਵਿਚ ਲਿਖਿਆ ਤੇ ਉਹ ਕਵਿਤਾ ਆਪ ਦੀ ਸਰਵੋਤਮ ਰਚਨਾ ਬਣ ਗਈ ਤੇ ਹਰ ਵਿਅਕਤੀ ਦੀ
ਜ਼ੁਬਾਨ ਤੇ ਸੀ। ਇਹ ਕਵਿਤਾ ਇਸਤਰੀ ਜਾਤੀ ਨਾਲ ਹੋਏ ਦੁਰਵਿਵਹਾਰ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੀ
ਹੈ-
ਅੱਜ ਆਖਾਂ ਵਾਰਿਸ ਸ਼ਾਹ ਨੂੰ, ਕਿਤੇ ਕਬਰਾਂ ਵਿਚੋਂ ਬੋਲ,
ਤੇ ਅੱਜ ਕਿਤਾਬੇ ਇਸ਼ਕ ਦਾ ਕੋਈ, ਅਗਲਾ ਵਰਕਾ ਫੋਲ,
ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ,
ਅੱਜ ਲੱਖਾਂ ਧੀਆਂ ਰੋਂਦੀਆਂ, ਤੈਨੂੰ ਵਾਰਿਸ਼ ਸ਼ਾਹ ਨੂੰ ਕਹਿਣ,
ਵੇ ਦਰਦਮੰਦਾਂ ਦਿਆ ਦਰਦੀਆ, ਉਠ ਤੱਕ ਆਪਣਾ ਪੰਜਾਬ,
ਅੱਜ ਵੇਲੇ ਲਾਸ਼ਾਂ ਵਿਸ਼ੀਆਂ, ਲਹੂ ਦੀ ਭਰੀ ਚਨਾਬ।
ਇਸ ਕਵਿਤਾ ਨੂੰ ਖਾਸ ਤੌਰ 1947 ਦਾ ਸੰਤਾਪ ਭੋਗਣ ਵਾਲੇ ਹਰ ਵਿਅਕਤੀ ਨੇ ਆਪਣੇ
ਦਿਲ ਵਿਚ ਉਤਾਰ ਲਿਆ। ਆਪ ਦੀ ਕਵਿਤਾ ਅਤੇ ਵਾਰਤਕ ਭਾਰਤ ਅਤੇ ਪਾਕਿਸਤਾਨ ਵਿਚ ਇੱਕੋ ਜਿੰਨੀ ਪੜ੍ਹੀ
ਗਈ। ਆਪ ਨੂੰ 1956 ਵਿਚ ‘ਸੁਨੇਹੇ ਪੁਸਤਕ’ ਤੇ ਭਾਰਤੀ ਸਾਹਿਤ
ਅਕਾਡਮੀ ਨੇ ਇਨਾਮ ਦਿੱਤਾ। ਇੱਕ ਸਮਾਜ ਸੇਵਕ ਗੁਰੂ ਰਾਧਾ ਕ੍ਰਿਸ਼ਨ ਨਾਲ ਰਲਕੇ ਆਪ ਨੇ ਸਮਾਜ ਸੇਵਾ
ਦਾ ਕੰਮ ਵੀ ਸ਼ੁਰੂ ਕਰ ਦਿੱਤਾ। ਦਿੱਲੀ ਵਿਚ ਉਸ ਦੇ ਸਹਿਯੋਗ ਨਾਲ ਇੱਕ ਜਨਤਾ ਲਾਇਬਰੇਰੀ ਦੀ ਸਥਾਪਨਾ
ਕੀਤੀ। ਇਹ ਲਾਇਬਰੇਰੀ ਅਜੇ ਵੀ ਘੰਟਾ ਘਰ ਦਿੱਲੀ ਵਿਚ ਸਥਿਤ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਆਪ ਨੇ
ਲਾਹੌਰ ਰੇਡੀਓ ਸ਼ਟੇਸ਼ਨ ਤੋਂ ਅਨਾਊਂਸਰ ਦੀ ਨੌਕਰੀ ਵੀ ਸ਼ੁਰੂ ਕਰ ਦਿੱਤੀ ਸੀ, ਕਿਹਾ ਜਾਂਦਾ ਹੈ ਕਿ ਉਸ ਸਮੇਂ ਆਪਨੇ ਸਾਹਿਰ ਲੁਧਿਆਣਵੀ ਨਾਲ ਇਕ ਤਰਫਾ ਪਿਆਰ
ਕੀਤਾ। ਜਿਸ ਕਰਕੇ ਆਪਦੇ ਅਤੇ ਪ੍ਰੀਤਮ ਸਿੰਘ ਕਵਾਤੜਾ ਦੇ ਸੰਬੰਧਾਂ ਵਿਚ ਤ੍ਰੇੜ ਆ ਗਈ। ਉਨ੍ਹਾਂ ਇਹ
ਨੌਕਰੀ 1961 ਤੱਕ ਜਾਰੀ ਰੱਖੀ। ਅੰਮ੍ਰਿਤਾ ਪ੍ਰੀਤਮ ਦਾ
ਪਿਤਾ ਕਰਤਾਰ ਸਿੰਘ ਹਿਤਕਾਰੀ ਸਿੱਖ ਧਰਮ ਦਾ ਧਾਰਮਿਕ ਪ੍ਰਚਾਰਕ ਸੀ ਪ੍ਰੰਤੂ ਅੰਮ੍ਰਿਤਾ ਖੁਦ ਇੱਕ
ਦਬੰਗ ਤੇ ਬਹੁਤ ਹੀ ਨਿਡਰ ਕਿਸਮ ਦੀ ਖ਼ੂਬਸੂਰਤ ਲੜਕੀ ਸੀ। ਇਸ ਕਰਕੇ ਕਈ ਵਾਦਵਿਵਾਦ ਉਸ ਦੀ ਸੁੰਦਰਤਾ
ਕਰਕੇ ਬਿਨਾ ਵਜਾਹ ਹੀ ਉਸ ਦੇ ਨਾਂ ਨਾਲ ਜੁੜ ਜਾਂਦੇ ਸਨ। ਆਪ ਦੇ ਰੁਮਾਂਸ ਬਾਰੇ ਵੀ ਕਈ ਅਫਵਾਹਾਂ
ਉਡਦੀਆਂ ਰਹੀਆਂ। ਇਹ ਵੀ ਕਿਹਾ ਜਾਂਦਾ ਹੈ ਕਿ ਉਸ ਦੇ ਸੁਭਾਅ ਕਰਕੇ, ਸਾਹਿਰ
ਲੁਧਿਆਣਵੀ ਨਾਲ ਸੰਬੰਧਾਂ ਦੀ ਅਫਵਾਹ ਕਰਕੇ 8 ਜਨਵਰੀ 1963 ਵਿਚ ਆਪ ਦਾ ਪ੍ਰੀਤਮ ਸਿੰਘ ਨਾਲੋਂ ਤਲਾਕ ਹੋ ਗਿਆ ਪ੍ਰੰਤੂ ਅੰਮ੍ਰਿਤਾ ਨੇ ਆਪਣੇ
ਨਾਂ ਨਾਲ ਪ੍ਰੀਤਮ ਸ਼ਬਦ ਹਮੇਸ਼ਾ ਜੋੜਕੇ ਰੱਖਿਆ, ਸ਼ਾਇਦ ਇਹ ਉਸਦੀ
ਸੱਚੀ ਸੁਚੀ ਸ਼ਖਸ਼ੀਅਤ ਦਾ ਹੀ ਪ੍ਰਤੀਕ ਸੀ। ਪ੍ਰੀਤਮ ਸਿੰਘ ਦੇ ਵਿਆਹ ਤੋਂ ਆਪਦੇ ਇੱਕ ਲੜਕੀ ਕੰਦਲਾ
ਅਤੇ ਇੱਕ ਲੜਕਾ ਨਵਰਾਜ ਪੈਦਾ ਹੋਏ। ਇਹ ਵੀ ਅਟਕਲਾਂ ਹਨ ਕਿ ਸਾਹਿਰ ਦਾ ਕਿਸੇ ਹੋਰ ਇਸਤਰੀ ਨਾਲ
ਪਿਆਰ ਹੋ ਗਿਆ ਤਾਂ ਅੰਮ੍ਰਿਤਾ ਨੇ ਇਸ ਤੋਂ ਬਾਅਦ ਬਿਨਾ ਵਿਆਹ ਹੀ 1964
ਤੋਂ ਸਾਰੀ ਉਮਰ ਚਿਤਰਕਾਰ ਤੇ ਕਵੀ ਇੰਦਰਜੀਤ ਸਿੰਘ ਜੋ ਕਿ ਇਮਰੋਜ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ,
ਨਾਲ ਗੁਜ਼ਾਰ ਦਿੱਤੀ। ਭਾਰਤ ਸਰਕਾਰ ਨੇ 1969
ਵਿਚ ਆਪ ਨੂੰ ਪਦਮ ਵਿਭੂਸ਼ਣ ਅਤੇ 1982 ਵਿਚ ਪਦਮ ਸ੍ਰੀ ਦੇ ਖਿਤਾਬ ਦਿੱਤੇ। 1986 ਵਿਚ ਆਪਨੂੰ ਰਾਜ
ਸਭਾ ਦੇ ਮੈਂਬਰ ਨਾਮਜਦ ਕੀਤਾ ਗਿਆ। ਆਪ ਨੂੰ ਦਿੱਲੀ ਯੂਨੀਵਰਸਿਟੀ ਨੇ 1973 ਵਿਚ, ਜਬਲਪੁਰ ਯੂਨੀਵਰਸਿਟੀ ਨੇ ਵੀ 1973 ਅਤੇ ਵਿਸ਼ਵ ਭਾਰਤੀ ਯੂਨੀਵਰਸਿਟੀ ਨੇ 1987
ਵਿਚ ਡੀ.ਲਿਟ ਦੀਆਂ ਆਨਰੇਰੀ ਡਿਗਰੀਆਂ ਪ੍ਰਦਾਨ ਕੀਤੀਆਂ। ਆਪ ਨੇ ਆਪਣੀ 86 ਸਾਲ ਦੀ ਜੋਖਮ ਭਰੀ ਜ਼ਿੰਦਗੀ ਵਿਚ 100
ਪੁਸਤਕਾਂ ਸਾਹਿਤ ਦੀ ਝੋਲੀ ਵਿਚ ਪਾਈਆਂ। ਇਹ ਪੁਸਤਕਾਂ ਪੰਜਾਬੀ, ਹਿੰਦੀ,
ਅਤੇ ਅੰਗਰੇਜ਼ੀ ਭਾਸ਼ਾਵਾਂ ਵਿਚ ਹਨ। ਇਨ੍ਹਾਂ ਵਿਚੋਂ ਕੁਝ ਪੁਸਤਕਾਂ ਦੇ ਅਨੁਵਾਦ
ਅੰਗਰੇਜ਼ੀ, ਹਿੰਦੀ, ਫਰੈਂਚ, ਦੈਨਿਮ, ਜਾਪਾਨੀ ਅਤੇ ਉਰਦੂ ਵਿਚ ਵੀ ਹੋਏ ਹਨ। ਆਪ
ਦੀਆਂ ਕਹਾਣੀਆਂ ਅਤੇ ਨਾਵਲਾਂ ਤੇ ਕਈ ਫਿਲਮਾਂ ਵੀ ਬਣੀਆਂ ਹਨ। ਆਪ ਨੇ ਦੁਨੀਆਂ ਦੇ ਬਹੁਤ ਸਾਰੇ
ਦੇਸ਼ਾਂ ਵਿਚ ਸਾਹਿਤਕ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਯਾਤਰਾਵਾਂ ਵੀ ਕੀਤੀਆਂ। ਭਾਰਤ ਦਾ ਸਭ ਤੋਂ
ਵੱਡਾ ਸਾਹਿਤਕ ਅਵਾਰਡ ‘ਗਿਆਨ ਪੀਠ’ ਆਪ ਨੂੰ 1982 ਵਿਚ ਆਪ ਦੀ
ਪੁਸਤਕ ‘ਕਾਗਜ ਤੇ ਕੈਨਵਸ’ ਤੇ ਮਿਲਿਆ। ਪੰਜਾਬ ਸਰਕਾਰ ਵਲੋਂੇ ਵੀ 2004
ਵਿਚ ਕੈਪਟਨ ਅਮਰਿੰਦਰ ਸਿੰਘ ਮੁਖ ਮੰਤਰੀ ਪੰਜਾਬ ਨੇ ਆਪ ਨੂੰ ਭਾਸ਼ਾ ਵਿਭਾਗ ਦੀ ਤਰਫੋਂ ਆਪ ਦੇ ਘਰ
ਦਿੱਲੀ ਜਾ ਕੇ ‘ਪੰਜਾਬ ਰਤਨ’ ਅਵਾਰਡ ਦੇ ਕੇ ਸਨਮਾਨਤ ਕੀਤਾ। ਭਾਰਤੀ ਸਾਹਿਤ ਅਕਾਡਮੀ ਨਵੀਂ ਦਿੱਲੀ
ਨੇ ਆਪ ਨੂੰ ਲਾਈਫ ਟਾਈਮ ਫੈਲੋਸ਼ਿਪ 2004 ਵਿਚ ਦਿੱਤੀ। ਆਪ ਲਗਾਤਾਰ ਪੰਜਾਬੀ ਦਾ ਮਾਸਕ
ਪੱਤਰ ਨਾਗਮਣੀ ਦਿੱਲੀ ਤੋਂ ਪ੍ਰਕਾਸ਼ਤ ਕਰਦੇ ਰਹੇ, ਜਿਸ ਨੇ ਪੰਜਾਬੀ
ਦੇ ਬਹੁਤ ਸਾਰੇ ਉਭਰਦੇ ਲੇਖਕਾਂ ਨੂੰ ਲਿਖਣ ਲਈ ਪ੍ਰੇਰਤ ਕੀਤਾ। ਇਮਰੋਜ ਇਸ ਮਾਸਕ ਪੱਤਰ ਅਤੇ
ਅੰਮ੍ਰਿਤਾ ਦੀਆਂ ਸਾਰੀਆਂ ਪੁਸਤਕਾਂ ਦੇ ਮੁਖ਼ ਕਵਰ ਬਣਾਕੇ ਸਾਥ ਦਿੰਦਾ ਰਿਹਾ।
ਆਪ 31 ਅਕਤੂਬਰ 2005
ਨੂੰ ਦਿੱਲੀ ਵਿਖੇ ਸਵਰਗ ਸਿਧਾਰ ਗਏ।
Comments
Post a Comment