ਬਹੁਪੱਖੀ ਤੇ ਬਹੁਰੰਗੀ ਕਲਾਕਾਰ, ਨਿਰਦੇਸ਼ਕ, ਰੌਸ਼ਨੀ ਵਿਉਂਤਕਾਰ ਅਤੇ ਮੰਚ ਸਜਾਕਾਰ ਹਰਜੀਤ ਕੈਂਥ
ਅਦਾਕਾਰੀ ਅਤੇ ਨਿਰਦੇਸ਼ਨਾਂ ਕਲਾਕਾਰ ਦੀ ਮਾਨਸਿਕਤਾ ਦਾ ਪ੍ਰਗਟਾਵਾ ਹੁੰਦੀ ਹੈ। ਜੇਕਰ
ਅਦਾਕਾਰੀ ਦੇ ਨਾਲ ਨਿਰਦੇਸ਼ਨ ਅਤੇ ਰੌਸ਼ਨੀ ਵਿਉਂਤਕਾਰ ਦੀ ਮੁਹਾਰਤ ਵੀ ਹੋਵੇ ਤਾਂ ਸੋਨੇ ਤੇ ਸੁਹਾਗੇ
ਵਾਲੀ ਗੱਲ ਹੁੰਦੀ ਹੈ। ਮਾਲਵੇ ਦੀ ਦਿਹਾਤੀ ਵਿਰਾਸਤ ਦਾ ਮਾਲਕ ਹਰਜੀਤ ਕੈਂਥ ਇਕ ਅਜਿਹਾ ਬਹੁੱਪੱਖੀ
ਕਲਾਕਾਰ ਹੈ, ਜਿਹੜਾ ਅਦਾਕਾਰੀ, ਨਿਰਦੇਸ਼ਨਾਂ,
ਰੌਸ਼ਨੀ ਵਿਉਂਤਕਾਰ ਅਤੇ ਮੰਚ ਤੇ ਦ੍ਰਿਸ਼ ਚਿਤਰਕੇ ਸਜਾਉਣ ਦਾ ਮਾਹਰ ਹੈ। ਉਸਨੂੰ ਇਸ
ਗੱਲ ਦਾ ਮਾਣ ਜਾਂਦਾ ਹੈ ਕਿ ਉਸਨੇ ਰੰਗ ਮੰਚ ਦੇ ਮਹਾਂਰਥੀਆਂ ਬਲਵੰਤ ਗਾਰਗੀ, ਭਾਅ ਗੁਰਸ਼ਰਨ ਸਿੰਘ, ਹਰਪਾਲ ਟਿਵਾਣਾ, ਸੋਭੂ
ਮਿਤਰਾ, ਵੀ ਰਾਮਾਮੂਰਥੀ, ਡਾ.ਹਰਚਰਨ
ਸਿੰਘ, ਬਾਦਲ ਸਿਰਕਾਰ, ਨੀਲਮ
ਮਾਨ ਸਿੰਘ ਚੌਧਰੀ, ਹਰਬਕਸ ਲਾਟਾ, ਸੁਰਜੀਤ
ਸਿੰਘ ਸੇਠੀ, ਰਾਣੀ ਬਲਬੀਰ ਕੌਰ ਅਤੇ ਤਪਸ ਸੇਨ ਨਾਲ ਕੰਮ
ਕੀਤਾ ਹੈ। ਹਰਜੀਤ ਕੈਂਥ ਦਾ ਜਨਮ ਪਿਤਾ ਲੈਫ਼.ਮਾਨ ਸਿੰਘ ਅਤੇ ਮਾਤਾ ਰਾਮ ਕੌਰ ਦੇ ਘਰ ਪਟਿਆਲਾ ਵਿਖੇ
8 ਸੰਤਬਰ 1949
ਨੂੰ ਹੋਇਆ। ਉਸਨੇ ਦਸਵੀਂ ਤੱਕ ਦੀ ਪੜ੍ਹਾਈ ਮਲਟੀਪਰਜ਼ ਸਕੂਲ ਪਟਿਆਲਾ ਤੋਂ ਕੀਤੀ। ਦੋ ਸਾਲ ਖਾਲਸਾ
ਕਾਲਜ ਪਟਿਆਲਾ ਵਿਚ ਪੜ੍ਹਾਈ ਕੀਤੀ ਉਸਤੋਂ ਬਾਅਦ ਬੀ.ਏ.ਪ੍ਰਾਈਵੇਟ ਉਮੀਦਵਾਰ ਦੇ ਤੌਰ ਤੇ ਪਾਸ
ਕੀਤੀ। ਐਮ.ਏ.ਪੰਜਾਬੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਾਸ ਕੀਤੀ। ਸਕੂਲ ਵਿਚ ਪੜ੍ਹਦਿਆਂ ਸਵੇਰ
ਦੀ ਪ੍ਰਾਰਥਨਾ ਵਿਚ ਗਾਉਣ ਵਜਾਉਣ ਦੇ ਸ਼ੌਕ ਨੇ ਸਭਿਆਚਾਰਕ ਸਰਗਰਮੀਆਂ ਵਿਚ ਹਿੱਸਾ ਲੈਣ ਦਾ ਹੌਸਲਾ
ਦਿੱਤਾ। ਜਿਸ ਕਰਕੇ ਰੰਗ ਮੰਚ ਨਾਲ ਉਸਨੂੰ ਲਗਾਓ ਹੋ ਗਿਆ। ਜਦੋਂ ਹਰਜੀਤ ਕੈਂਥ ਖਾਲਸਾ ਕਾਲਜ ਵਿਚ
ਪੜ੍ਹ ਰਿਹਾ ਸੀ ਤਾਂ ਹਰਪਾਲ ਟਿਵਾਣਾ ਨੇ ਕਾਲਜ ਵਿਚ ਚਮਕੌਰ ਦੀ ਗੜ੍ਹੀ ਨਾਟਕ ਖੇਡਿਆ ਜਿਹੜਾ ਹਰਜੀਤ
ਕੈਂਥ ਦੀ ਜ਼ਿੰਦਗੀ ਵਿਚ ਤਬਦੀਲੀ ਲਿਆਉਣ ਵਿਚ ਸਹਾਈ ਹੋਇਆ। ਉਸ ਦਿਨ ਤੋਂ ਬਾਅਦ ਲਗਾਤਾਰ ਉਹ ਰੰਗ
ਮੰਚ ਨੂੰ ਸਮਰਪਿਤ ਰਿਹਾ ਹੈ। ਉਸਨੇ ਰੰਗ ਮੰਚ ਨੂੰ ਮਨੋਰੰਜਨ ਦੇ ਸਾਧਨ ਦੀ ਥਾਂ ਸਫਲ ਜਿੰਦਗੀ ਜਿਓਣ
ਲਈ ਕੋਈ ਸੰਦੇਸ਼ ਦੇਣ ਨੂੰ ਆਧਾਰ ਬਣਾਇਆ ਹੈ। 1972 ਵਿਚ ਸਹਿਕਾਰਤਾ
ਵਿਭਾਗ ਵਿਚ ਸਬ ਇਨਸਪੈਕਟਰ ਭਰਤੀ ਹੋ ਗਿਆ ਪ੍ਰੰਤੂ ਤਿੰਨ ਮਹੀਨੇ ਬਾਅਦ ਨੌਕਰੀ ਛੱਡ ਕੇ ਪੰਜਾਬੀ
ਯੂਨੀਵਰਸਿਟੀ ਵਿਚ ਡਰਾਮੈਟਿਕ ਆਰਟ ਦੇ ਕੋਰਸ ਵਿਚ ਡਿਪਾਰਟਮੈਂਟ ਆਫ਼ ਸਪੀਚ ਐਂਡ ਡਰਾਮਾ ਵਿਚ ਦਾਖ਼ਲਾ
ਲੈ ਕੇ ਨਾਟਕ ਨਿਰਦੇਸ਼ਨ ਅਤੇ ਅਦਾਕਾਰੀ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ। ਇਥੇ ਉਸਨੇ ਨਾਟਕ ਅਤੇ
ਫ਼ਿਲਮਾਂ ਦੇ ਨਿਰਦੇਸ਼ਨ ਦੀ ਮੁਹਾਰਤ ਹਾਸਲ ਕੀਤੀ। ਨੌਕਰੀ ਛੱਡਣ ਕਰਕੇ ਦੁਬਾਰਾ ਨੌਕਰੀ ਲੈਣ ਲਈ
ਜਦੋਜਹਿਦ ਕਰਨੀ ਪਈ ਅਖ਼ੀਰ 1980 ਵਿਚ ਆਪ ਨੇ ਸਹਿਕਾਰਤਾ ਵਿਭਾਗ ਵਿਚ
ਇਨਸਪੈਕਟਰ ਦੀ ਨੌਕਰੀ ਦੁਬਾਰਾ ਕਰਨੀ ਸ਼ੁਰੂ ਕਰ ਦਿੱਤੀ। ਡਿਪਲੋਮਾ ਕਰਨ ਤੋਂ ਬਾਅਦ ਅਦਾਕਾਰੀ ਅਤੇ
ਨਿਰਦੇਸ਼ਨਾਂ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਪ੍ਰੰਤੂ ਆਪਨੂੰ ਸੰਤੁਸ਼ਟੀ ਨਾ ਹੋਈ, ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਇੰਡੀਅਨ ਥੇਟਰ ਵਿਚ ਡਿਪਲੋਮਾ ਕਰਨ ਲਈ
ਦਾਖ਼ਲਾ ਲੈ ਲਿਆ। ਡਿਪਲੋਮਾ ਕਰਨ ਤੋਂ ਬਾਅਦ ਰੰਗ ਮੰਚ ਦੀ ਸਿੱਖਿਆ ਲੈਣ ਲਈ ਆਪਨੂੰ ਹਰਦਿਲਜੀਤ ਸਿੰਘ
ਸਿੱਧੂ ਲਾਲੀ ਨੇ ਕਲਕੱਤੇ ਭੇਜ ਦਿੱਤਾ ਕਿਉਂਕਿ ਕਲਕੱਤਾ ਰੰਗਮੰਚ ਦਾ ਗੜ੍ਹ ਸਮਝਿਆ ਜਾਂਦਾ ਹੈ। ਉਥੇ
ਆਪ ਲਗਪਗ 3 ਮਹੀਨੇ ਸਿੱਖਿਆ ਲੈਣ ਤੋਂ ਬਾਅਦ ਮੁੜਕੇ ਪੰਜਾਬ ਆ ਗਏ।
ਭਾਅ ਗੁਰਸ਼ਰਨ ਸਿੰਘ ਨਾਲ ਪਿੰਡਾਂ ਵਿਚ ਰੰਗਮੰਚ ਦੀਆਂ ਸਰਗਰਮੀਆਂ ਰਾਹੀਂ ਲੋਕਾਂ ਨੂੰ ਜਾਗ੍ਰਤ
ਕੀਤਾ। ਸਰਕਾਰੀ ਨੌਕਰੀ ਦੇ ਨਾਲ ਹੀ ਆਪ ਨਾਟਕਾਂ
ਵਿਚ ਅਦਾਕਾਰੀ ਕਰਕੇ ਆਪਣਾ ਸ਼ੌਕ ਪੂਰਾ ਕਰਦੇ ਰਹੇ। ਆਪਣੇ ਸ਼ੌਕ ਨੂੰ ਰਾਹ ਦੇਣ ਲਈ ਹਰਦਿਲਜੀਤ ਸਿੱਧੂ
ਲਾਲੀ ਦੇ ਸੁਝਾਅ ਤੇ ਆਪਨੇ ਆਪਣਾ ‘‘ਆਦਿ ਮੰਚ’’ ਰੰਗ ਮੰਚ ਨੂੰ ਸਮਰਪਤ ਸੰਸਥਾ ਬਣਾਈ, ਜਿਹੜੀ, ਨਾਟਕ ਨਿਰਦੇਸ਼ਤ ਕਰਦੀ ਸੀ। 1975 ਵਿਚ ਪੰਜਾਬ ਕਲਾ ਮੰਚ ਦੇ ਸਹਾਇਕ ਡਾਇਰੈਕਟਰ ਦੇ ਤੌਰ ਤੇ ਨਾਟਕਾਂ ਦਾ ਨਿਰਦੇਸ਼ਨ
ਕੀਤਾ, ਇਸੇ ਤਰ੍ਹਾਂ 1976
ਤੋਂ 78 ਤੱਕ ਨਾਟਕ ਨਿਰਦੇਸ਼ਤ ਕਰਕੇ ਕਾਲਜਾਂ ਅਤੇ ਯੂਨੀਵਰਸਿਟੀਆਂ
ਵਿਚ ਖੇਡੇ ਗਏ। ਰੰਗ ਮੰਚ ਨੂੰ ਪ੍ਰਫੁਲਤ ਕਰਨ ਲਈ ਵਰਕਸ਼ਾਪਾਂ ਅਤੇ ਸੈਮੀਨਾਰ ਵੀ ਕਰਵਾਏ ਗਏ। 1979 ਤੋਂ 80 ਤੱਕ ਮੋਹਾਲੀ ਵਿਖੇ ਬਲਰਾਜ ਸਾਹਨੀ ਓਪਨ ਏਅਰ
ਥੇਟਰ ਦੇ ਇਨਚਾਰਜ ਰਹੇ। ਸਟੇਜ ਸਜਾਵਟ, ਦ੍ਰਿਸ਼ ਚਿਤਰਣ ਅਤੇ ਰੌਸ਼ਨੀ ਦੀ ਵਿਉਂਤਬੰਦੀ ਦੀ
ਮੁਹਾਰਤ ਕਰਕੇ ਆਪਨੇ ਮੋਹਨ ਰਾਕੇਸ਼ ਦੇ ਅਸ਼ਾੜ ਕਾ ਏਕ ਦਿਨ ਅਤੇ ਧੇਲੇ ਕੀ ਜ਼ਮੀਨ, ਬਲਵੰਤ ਗਾਰਗੀ ਦਾ ਲੋਹਾ ਕੁਟ ਤੇ ਗਗਨ ਮੇਂ ਥਾਲ, ਹਰਪਾਲ
ਟਿਵਾਣਾ ਦਾ ਸਰਹੰਦ ਦੀ ਦੀਵਾਰ, ਡਾ.ਹਰਚਰਨ ਸਿੰਘ ਦਾ ਹਿੰਦ ਦੀ ਚਾਦਰ,
ਸ਼ੇਰੇ ਪੰਜਾਬ ਤੇ ਬੋਲੇ ਸੌ ਨਿਹਾਲ, ਬਾਦਲ
ਸਿਰਕਾਰ ਦਾ ਪਾਗਲ ਘੋੜਾ, ਸ਼ਰਦ ਜੋਸ਼ੀ ਦਾ ਏਕ ਥਾ ਗਧਾ, ਸਵਦੇਸ਼ ਦੀਪਕ ਦਾ ਬਾਲ ਭਗਵਾਨ, ਗੁਰਬਖ਼ਸ਼ ਸਿੰਘ
ਪ੍ਰੀਤਲੜੀ ਦਾ ਭਾਬੀ ਮੈਨਾ ਅਤੇ ਗਿਰੀਸ਼ ਕਰਨਾਰਡ ਦਾ ਤੁਗਲਕ ਨਾਟਕਾਂ ਦੀ ਰੌਸ਼ਨੀ ਦੀ ਵਿਉਂਤਬੰਦੀ,
ਸਟੇਜ ਸਜਾਵਟ ਅਤੇ ਦ੍ਰਿਸ਼ ਚਿਤਰਣ ਕੀਤਾ। ਇਸ ਤੋਂ ਇਲਾਵਾ ਚੋਟੀ ਦੇ ਨਾਟਕਕਾਰਾਂ ਦੇ
ਨਾਟਕਾਂ ਜਿਨ੍ਹਾਂ ਵਿਚ ਆਦੀਵਾਸੀ, ਬਾਕੀ ਇਤਿਹਾਸ, ਚਾਂਦਨੀ
ਚੌਕ ਤੋਂ ਸਰਹੰਦ ਤੱਕ, ਦੁਲਾਰੀ ਬਾਈ, ਗਿਰਗਟ,
ਅੱਜ ਕਲ੍ਹ ਤੇ ਭਲਕ, ਕਣਕ ਦੀ ਬੱਲੀ, ਕਿੰਗ
ਓਡੀਪਸ ਅਤੇ ਦਾ ਰਾਈਜਿੰਗ ਆਫ ਦਾ ਮੂਨ ਨਾਟਕਾਂ ਦੀ ਨਿਰਦੇਸ਼ਨਾ ਵੀ ਕੀਤੀ। ਹਰਜੀਤ ਕੈਂਥ ਨੇ ਅਦਾਕਾਰ
ਦੇ ਤੌਰ ਤੇ ਜਿਨ੍ਹਾਂ ਟੀ.ਵੀ.ਸੀਰੀਅਲਾਂ, ਡਾਕੂਮੈਂਟਰੀ ਅਤੇ ਫੀਚਰ ਫ਼ਿਲਮਾਂ ਵਿਚ ਕੰਮ
ਕੀਤਾ ਉਨ੍ਹਾਂ ਵਿਚੋਂ ਕੁਝ ਇਹ ਹਨ-ਮਸਿਆ ਦੀ ਰਾਤ, ਇਹ ਹਮਾਰਾ ਜੀਵਣਾ,
ਸ਼ਿਵ ਕੁਮਾਰ ਬਟਾਲਵੀ, ਏਕ ਸਾਧਾਰਣ ਆਦਮੀ, ਕਿਰਪਾਨ,
ਲਾਹੌਰੀਏ, ਮਿਸਟਰ ਐਂਡ ਮਿਸਿਜ਼ 420 ਅਤੇ ਮੈਂ ਜੀਓਂਗੀ। ਹਰਜੀਤ ਕੈਂਥ ਨੇ ਆਪਣੀ ਹਿੰਮਤ, ਦਿੜ੍ਹਤਾ
ਅਤੇ ਲਗਨ ਨਾਲ ਥੇਟਰ ਅਤੇ ਫਿਲਮਾਂ ਵਿਚ ਅਦਾਕਾਰੀ ਅਤੇ ਨਿਰਦੇਸ਼ਨਾ ਕਰਕੇ ਨਾਮ ਕਮਾਇਆ। ਇਸ ਮੰਤਵ ਦੀ
ਪੂਰਤੀ ਲਈ ਉਸਨੂੰ ਬੜੀ ਜਦੋਜਹਿਦ ਕਰਨੀ ਪਈ ਪ੍ਰੰਤੂ ਉਸਨੂੰ ਉਸਦੇ ਮਾਤਾ ਪਿਤਾ ਅਤੇ ਪਤਨੀ ਰਾਜਿੰਦਰ
ਕੌਰ ਵੱਲੋਂ ਪੂਰਾ ਸਹਿਯੋਗ ਮਿਲਿਆ ਜਿਸ ਕਰਕੇ ਉਹ ਸਫਲ ਹੋਇਆ ਹੈ। ਉਸਦੇ ਰੰਗ ਮੰਚ ਦੇ ਯੋਗਦਾਨ
ਕਰਕੇ ਉਸਨੂੰ ਬਹੁਤ ਸਾਰੇ ਮਾਨ ਸਨਮਾਨ ਵੀ ਮਿਲੇ ਹਨ ਜਿਨ੍ਹਾਂ ਵਿਚ ਭਾਸ਼ਾ ਵਿਭਾਗ ਨੇ 1976 ਵਿਚ ਸਰਵੋਤਮ ਨਿਰਦੇਸ਼ਕ ਅਵਾਰਡ, ਪੰਜਾਬੀ ਫੋਕ ਥੇਟਰ
ਇੰਟਰਨੈਸ਼ਨਲ ਵੱਲੋਂ ਟੈਕਨੀਕਲ ਨਿਰਦੇਸ਼ਕ ਅਵਾਰਡ, ਵਿਸ਼ਵ ਰੰਗਮੰਚ
ਦਿਵਸ ਤੇ 2002 ਵਿਚ ਭਾਸ਼ਾ ਵਿਭਾਗ ਨ ਅਵਾਰਡ, ਸਰਵੋਤਮ ਅਦਾਕਾਰ ਅਵਾਰਡ ਭਾਸ਼ਾ ਵਿਭਾਗ ਹਰਿਆਣਾ ਨੇ 1977, ਪੰਜਾਬੀ ਅਤੇ ਪੰਜਾਬ ਯੂਨੀਵਰਸਿਟੀਆਂ ਨੇ ਸਕਾਲਰਸ਼ਿਪ ਦਿੱਤੇ ਅਤੇ ਪੰਜਾਬ
ਯੂਨੀਵਰਸਿਟੀ ਚੰਡੀਗੜ੍ਹ ਨੇ ਸਰਵੋਤਮ ਵਿਦਿਆਰਥੀ ਅਦਾਕਾਰ ਅਵਾਰਡ ਦੇ ਕੇ ਸਨਮਾਨਤ ਕੀਤਾ। ਹਰਜੀਤ
ਕੈਂਥ ਦੇ ਨਿਰਦੇਸ਼ਤ ਕੀਤੇ ਨਾਟਕ ਪੰਜਾਬ, ਹਰਿਆਣਾ, ਹਿਮਾਚਲ,
ਬੰਗਲੌਰ, ਭੋਪਾਲ, ਜੰਮੂ,
ਕਲਕੱਤਾ, ਚਨਈ, ਹੈਦਰਾਬਾਦ,
ਰਾਜਸਥਾਨ, ਬਿਹਾਰ ਅਤੇ ਨਵੀਂ ਦਿੱਲੀ ਵਿਚ ਵੀ ਖੇਡੇ ਗਏ।
ਇਸ ਤੋਂ ਇਲਾਵਾ ਇੰਗਲੈਂਡ, ਪਾਕਿਸਤਾਨ, ਅਮਰੀਕਾ,
ਕੈਨੇਡਾ ਅਤੇ ਥਾਈਲੈਂਡ ਵਿਚ ਵੀ ਜਾ ਕੇ ਨਾਟਕ ਖੇਡੇ ਹਨ। ਹਰਜੀਤ ਕੈਂਥ ਨੇ ਨਾਟਕਾਂ
ਅਤੇ ਫਿਲਮਾਂ ਵਿਚ ਅਦਾਕਾਰੀ ਕਰਦਿਆਂ ਆਪਣੀ ਦਿਖ ਨਹੀਂ ਬਦਲੀ। ਹਮੇਸਸ਼ਾ ਸਿੱਖੀ ਸਰੂਪ ਵਿਚ
ਰਹਿੰਦਿਆਂ ਅਦਾਕਾਰੀ ਕਰਦਾ ਰਿਹਾ। ਆਮ ਤੌਰ ਤੇ ਫਿਲਮਾਂ ਵਿਚ ਕੰਮ ਕਰਨ ਵਾਲੇ ਵੇਸ ਭੂਸ਼ਾ ਬਦਲ
ਲੈਂਦੇ ਹਨ। ਨੌਜਵਾਨ ਪੀੜ੍ਹੀ ਨੂੰ ਅਦਾਕਾਰੀ ਦੀ ਸਿੱਖਿਆ ਦੇਣ ਕਰਕੇ ਉਸਦਾ ਯੋਗਦਾਨ ਹਮੇਸ਼ਾ ਯਾਦ
ਕੀਤਾ ਜਾਂਦਾ ਰਹੇਗਾ।
Comments
Post a Comment