ਪੰਜਾਬ ਨਾਲ ਮਤ੍ਰੇਈ ਮਾਂ ਵਾਲਾ ਸਲੂਕ ਕਿਉਂ?
ਕੇਂਦਰ ਸਰਕਾਰ ਵੱਲੋਂ ਸੰਸਦ ਦੇ ਸਰਦ ਰੁੱਤ ਇਜਲਾਸ ਵਿੱਚ ਪੇਸ਼ ਕਰਨ ਵਾਲੇ 10 ਬਿਲਾਂ ਦੀ ਤਜ਼ਵੀਜਤ ਸੂਚੀ ਦੇ ਜ਼ਾਰੀ ਹੋਣ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਹਲਚਲ ਮੱਚ ਗਈ , ਇੱਕ ਕਿਸਮ ਨਾਲ ਭੂਚਾਲ ਹੀ ਆ ਗਿਆ , ਕਿਉਂਕਿ ਉਸ ਸੂਚੀ ਵਿੱਚ ਕੇਂਦਰ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਲਈ ਕੇਂਦਰ ਸਰਕਾਰ ਦੀ ਕਾਨੂੰਨ ਬਣਾਉਣ ਦੀ ਪ੍ਰਕ੍ਰਿਆ ਨੂੰ ਸਰਲ ਬਣਾਉਣ ਦਾ ਪ੍ਰਸਤਾਵ ਸ਼ਾਮਲ ਸੀ । ਪੰਜਾਬੀਆਂ ਨੇ ਮਹਿਸੂਸ ਕੀਤਾ ਕਿ ਇਹ ਬਿਲ ਪਾਸ ਹੋਣ ‘ ਤੇ ਕੇਂਦਰ ਦਾ ਚੰਡੀਗੜ੍ਹ ‘ ਤੇ ਸਿੱਧਾ ਕੰਟਰੋਲ ਹੋ ਜਾਵੇਗਾ । ਇੱਥੋਂ ਤੱਕ ਕਿ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਲੀਡਰਸ਼ਿਪ ਵੀ ਬੁਖਲਾ ਲਈ । ਉਨ੍ਹਾਂ ਨੇ ਵੀ ਆਨ ਲਾਈਨ ਕੋਰ ਕਮੇਟੀ ਦੀ ਮੀਟਿੰਗ ਬੁਲਾਕੇ ਇਸ ਦਾ ਵਿਰੋਧ ਕੀਤਾ । ਪੰਜਾਬ ਭਾਰਤੀ ਜਨਤਾ ਪਾਰਟੀ ਦੀ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ , ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਭਾਰਤੀ ਜਨਤਾ ਪਾਰਟੀ ਦੇ ਐਕਟਿੰਗ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਇਸ ਬਿਲ ਦੇ ਵਿਰੋਧ ਵਿੱਚ ਸਾਹਮਣੇ ਆ ਗਏ । ਪੰਜਾਬੀ ਬਹੁਤ ਸੰਵੇਦਨਸ਼ੀਲ ਹਨ , ਕਈ ਵਾਰੀ ਕਿਸੇ ਗੱਲ ਦੀ ਤਹਿ ਤੱਕ ਜਾਣ ਤੋਂ ਪਹਿਲਾਂ ਹੀ ਗਰਮ ਜਿਹੀ ਪ੍ਰਤੀਕ੍ਰਿਆ ਦੇ ਦਿੰਦੇ ਹਨ , ਜਿਵੇਂ ਇਸ ਬਿਲ ਬਾਰੇ ਹੋਇਆ ਹੈ...