ਅਵਤਾਰ ਸਿੰਘ ਮਾਨ ਦਾ ‘ਪਾਣੀ ‘ਤੇ ਮੂਰਤ’ ਸਮਾਜਿਕਤਾ ਦੇ ਰੰਗਾਂ ਵਿੱਚ ਰੰਗਿਆ ਗ਼ਜ਼ਲ ਸੰਗ੍ਰਹਿ
ਅਵਤਾਰ ਸਿੰਘ ਮਾਨ ਦਾ ਪਲੇਠਾ ‘ ਪਾਣੀ ‘ ਤੇ ਮੂਰਤ ’ ਗ਼ਜ਼ਲ ਸੰਗ੍ਰਹਿ ਸਮਾਜ ਵਿੱਚ ਫ਼ੈਲੀਆਂ ਸਮਾਜਿਕ ਵਿਸੰਗਤੀਆਂ ਦਾ ਪ੍ਰਗਟਾਵਾ ਕਰਦਾ ਹੋਇਆ , ਲੋਕਾਈ ਨੂੰ ਉਨ੍ਹਾਂ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਦੀ ਪ੍ਰੇਰਨਾਂ ਦੇ ਰਿਹਾ ਹੈ । ਭਾਵੇਂ ਉਸ ਦਾ ਇਹ ਪਲੇਠਾ ਕਾਵਿ ਸੰਗ੍ਰਹਿ ਹੈ , ਪ੍ਰੰਤੂ ਬਹੁਤ ਸਾਰੇ ਸਾਂਝੇ ਕਾਵਿ ਸੰਗ੍ਰਹਿਆਂ ਵਿੱਚ ਉਸ ਦੀਆਂ ਗ਼ਜ਼ਲਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ । ਇਸ ਗ਼ਜ਼ਲ ਸੰਗ੍ਰਹਿ ਵਿੱਚ ਉਸ ਦੀਆਂ 94 ਗ਼ਜ਼ਲਾਂ ਸ਼ਾਮਲ ਹਨ । ਉਸ ਦੀ ਹਰ ਗ਼ਜ਼ਲ ਦੇ ਵੱਖੋ - ਵੱਖਰੇ ਰੰਗਾਂ ਵਾਲੇ 4 ਤੋਂ 6 ਸ਼ਿਅਰ ਹਨ । ਹਰ ਸ਼ਿਅਰ ਵਿੱਚ ਕਿਸੇ ਨਾ ਕਿਸੇ ਸਮਾਜਿਕ ਬੁਰਾਈ ਦੀ ਕੁੜੱਤਣ ਦਾ ਜ਼ਿਕਰ ਹੁੰਦਾ ਹੈ । ਮੁੱਖ ਤੌਰ ‘ ਤੇ ਉਹ ਆਪਣੀਆਂ ਗ਼ਜ਼ਲਾਂ ਰਾਹੀਂ ਸਮਾਜ ਵਿੱਚ ਵਾਪਰ ਰਹੀਆਂ ਅਣਸੁਖਾਵੀਂਆਂ ਘਟਨਾਵਾਂ ਦਾ ਵਰਣਨ ਕਰਕੇ ਲੋਕਾਈ ਦੇ ਦਰਦ ਦਾ ਪ੍ਰਗਟਾਵਾ ਕਰਦਾ ਹੈ । ਕੁਝ ਗ਼ਜ਼ਲਾਂ ਵਿੱਚ ਸ਼ਾਇਰ ਮੁਹੱਬਤ ਨਾਲ ਲਬਰੇਜ ਭਾਵਨਾਤਮਿਕ ਤੁਣਕੇ ਵੀ ਲਾਉਂਦਾ ਹੈ । ਉਸ ਦੀਆਂ ਗ਼ਜ਼ਲਾਂ ਸਿੰਬਾਲਿਕ ਵੀ ਹੁੰਦੀਆਂ ਹਨ , ਸ਼ਬਦਾਂ ਦੀ ਜਾਦੂਗਿਰੀ ਹੁੰਦੀ ਹੈ । ਗ਼ਜ਼ਲਗੋ ਆਪਣੀਆਂ ਗ਼ਜ਼ਲਾਂ ਵਿੱਚ ਦਰਸਾ ਰਿਹਾ ਹੈ ਕਿ ਭਾਰਤ ਦੇ ਵਰਤਮਾਨ ਪ੍ਰਜਾਤੰਤਰਿਕ ਸਿਆਸੀ ਢਾਂਚੇ ਵਿੱਚ ਲੋਕਾਈ ਨੂੰ ਇਨਸਾਫ਼...