ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਮੌਕਾਪ੍ਰਸਤ ਗਠਜੋੜ
ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਗਠਜੋੜ ਮੌਕਾਪ੍ਰਸਤੀ ਦਾ ਬਿਹਤਰੀਨ ਨਮੂਨਾ ਹੈ। ਇਹ ਗਠਜੋੜ ਦੋਹਾਂ ਪਾਰਟੀਆਂ ਦੀ ਮਜ਼ਬੂਰੀ ਦੀ ਮੂੰਹ ਬੋਲਦੀ ਤਸਵੀਰ ਵੀ ਪੇਸ਼ ਕਰਦਾ ਹੈ। ਸਿਆਸਤ ਮੌਕਾ ਪ੍ਰਸਤੀ ਦੀ ਖੇਡ ਹੀ ਬਣਕੇ ਰਹਿ ਗਈ ਹੈ। ਵਿਚਾਰਧਾਰਾ ਦੀ ਰਾਜਨੀਤੀ ਤਾਂ ਖੰਭ ਲਾ ਕੇ ਉਡ ਗਈ ਹੈ। ਵੈਸੇ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ 1996 ਦੀਆਂ ਲੋਕ ਸਭਾ ਚੋਣਾ ਸਮੇਂ ਵੀ ਗਠਜੋੜ ਕੀਤਾ ਸੀ , ਜਿਸਦੇ ਨਤੀਜੇ ਬਹੁਤ ਵਧੀਆ ਨਿਕਲੇ ਸਨ। ਅਕਾਲੀ ਦਲ 8 ਅਤੇ ਬਹੁਜਨ ਸਮਾਜ ਪਾਰਟੀ 3 ਲੋਕ ਸਭਾ ਦੀਆਂ ਸੀਟਾਂ ਜਿੱਤ ਗਏ ਸਨ। ਉਦੋਂ ਕਾਸ਼ੀ ਰਾਮ ਦੀ ਬਹੁਜਨ ਸਮਾਜ ਪਾਰਟੀ ਸੀ , ਇਸ ਸਮੇਂ ਬੀਬੀ ਮਾਇਆ ਵਤੀ ਦੀ ਬਹੁਜਨ ਸਮਾਜ ਪਾਰਟੀ ਹੈ। ਦੋਹਾਂ ਦੀ ਕਾਰਜ਼ਸ਼ੈਲੀ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੈ। ਬਹੁਜਨ ਸਮਾਜ ਪਾਰਟੀ ਸ਼ੁਰੂ ਹੀ ਕਾਸ਼ੀ ਰਾਮ ਨੇ ਪੰਜਾਬ ਵਿਚੋਂ ਕੀਤੀ ਸੀ। ਕਾਸ਼ੀ ਰਾਮ ਨੇ ਪਾਰਟੀ ਦਾ ਆਧਾਰ ਮਜ਼ਬੂਤ ਕੀਤਾ ਸੀ ਪ੍ਰੰਤੂ ਮਾਇਆ ਵਤੀ ਤੋਂ ਬਾਅਦ ਪੰਜਾਬ ਵਿਚ ਪਾਰਟੀ ਦਾ ਆਧਾਰ ਖ਼ਤਮ ਹੋਣ ਦੇ ਕਿਨਾਰੇ ਪਹੁੰਚ ਗਿਆ ਹੈ। ਇਸੇ ਤਰ੍ਹਾਂ ਅਕਾਲੀ ਦਲ ਵੀ ਉਦੋਂ ਇਕਮੁੱਠ ਸੀ ਪ੍ਰੰਤੂ ਹੁਣ ਖਖੜੀਆਂ ਖਖੜੀਆਂ ਹੋਇਆ ਪਿਆ ਹੈ। 1996 ਵਿਚ ਲੋਕ ਸਭਾ ਦੀਆਂ ਚੋਣਾ ਜਿੱਤਣ ਤੋਂ ਬਾਅਦ ਅਕਾਲੀ ਦਲ ਨੇ 1997 ਵਿਚ ਹਿੰਦੂ ਵਰਗ ਦੀਆਂ ਵੋਟਾਂ ਵਟੋਰਨ ਦੇ ਇਰਾਦੇ ਨਾਲ ਆਪਣੀ ਰਣਨੀਤੀ ਬਦਲਕੇ ਸ਼ਰੋਮਣੀ ਅਕਾਲੀ ਦਲ ਨੇ ਮੋਗਾ ਵਿਖੇ ਕਾਨਫ਼ਰੰਸ ਕਰਕ...