ਗੁਣਾ ਦੀ ਗੁਥਲੀ ਡਾ ਰਣਬੀਰ ਸਿੰਘ ਸਰਾਓ
ਇਨਸਾਨ ਦੀ ਕਾਬਲੀਅਤ ਦਾ ਪ੍ਰਗਟਾਵਾ ਉਸਦੇ ਕਿੱਤੇ ਵਿੱਚ ਪਾਏ ਪੂਰਨਿਆਂ ਤੋਂ ਬੇਸ਼ਕ ਜਾਣੀ ਜਾਂਦੀ ਹੋਵੇ ਪ੍ਰੰਤੂ ਜੇਕਰ ਉਸਦੇ ਵਿਅਕਤਿਤਵ ਅਤੇ ਸਮਾਜ ਨਾਲ ਵਿਵਹਾਰ ਵਿੱਚੋਂ ਸ਼ਪਸ਼ਟ ਨਾ ਹੋਵੇ ਤਾਂ ਉਸਦੀ ਕਾਬਲੀਅਤ ਦਾ ਸਮਾਜ ਬਹੁਤਾ ਮੁੱਲ ਨਹੀਂ ਪਾਉਂਦਾ । ਉਸ ਵਿਅਕਤੀ ਦੇ ਲੋਕਾਂ ਨਾਲ ਵਿਚਰਣ ਤੋਂ ਉਸ ਦੀ ਮਾਨਸਿਕਤਾ ਦੀ ਅਸਲੀਅਤ ਦਾ ਪ੍ਰਗਟਾਵਾ ਹੁੰਦਾ ਹੈ । ਡਾ ਰਣਬੀਰ ਸਿੰਘ ਸਰਾਓ ਅਜਿਹੇ ਵਿਅਕਤੀ ਸਨ , ਜਿਹੜੇ ਆਪਣੇ ਕਿੱਤੇ ਜਾਣੀ ਕਿ ਅਧਿਆਪਨ ਵਿੱਚ ਸਰਬਕਲਾ ਸੰਪੂਰਨ ਤਾਂ ਸਨ ਹੀ ਪ੍ਰੰਤੂ ਇਨਸਾਨ ਦੇ ਤੌਰ ਤੇ ਹਲੀਮੀ , ਸਾਦਗੀ , ਸਲੀਕਾ ਅਤੇ ਸ਼ਰਾਫ਼ਤ ਦੇ ਪੁਤਲਾ ਸਨ । ਬਿਹਤਰੀਨ ਇਨਸਾਨ ਵਿੱਚ ਜਿਹੜੇ ਗੁਣ ਹੋਣੇ ਚਾਹੀਦੇ ਹਨ , ਉਹ ਸਾਰੇ ਡਾ ਰਣਬੀਰ ਸਿੰਘ ਸਰਾਓ ਵਿੱਚ ਮੌਜੂਦ ਸਨ । ਜੇਕਰ ਉਨ੍ਹਾਂ ਨੂੰ ਗੁਣਾਂ ਦੀ ਗੁਥਲੀ ਕਹਿ ਲਿਆ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ । ਹਰ ਇਨਸਾਨ ਵਿਰਾਸਤ ਵਿੱਚੋਂ ਮਿਲੇ ਗੁਣਾਂ ਦੇ ਪ੍ਰਭਾਵ ਅਧੀਨ ਵਿਕਸਤ , ਪਰਿਵਾਰ , ਆਲਾ ਦੁਆਲਾ ਅਤੇ ਸਕੂਲ ਦੇ ਵਾਤਾਵਰਨ ਦੇ ਪ੍ਰਭਾਵ ਅਧੀਨ ਹੁੰਦਾ ਹੈ । ਇਸੇ ਤਰ੍ਹਾਂ ਰਣਬੀਰ ਸਿੰਘ ਸਰਾਓ ਦਾ ਪਰਿਵਾਰਿਕ ਪਿਛੋਕੜ ਧਾਰਮਿਕ ਬਿਰਤੀ ਵਾਲਾ ਹੋਣ ਕਰਕੇ ਉਨ੍ਹਾਂ ਵਿੱਚ ਨਮ੍ਰਤਾ ਵਧੇਰੇ ਸੀ । ...