ਰੰਗਮੰਚ ਨੂੰ ਪ੍ਰਣਾਈ ਕਲਾਕਾਰ : ਪ੍ਰਮਿੰਦਰ ਪਾਲ ਕੌਰ



 

ਕਈ ਇਨਸਾਨ ਐਸੇ ਹੁੰਦੇ ਹਨ ਜਿਹੜੇ ਆਪਣੀ ਸਮਾਜਕ, ਪਰਿਵਾਰਿਕ ਅਤੇ ਦੁਨਿਆਵੀ ਜ਼ਿੰਦਗੀ ਨਾਲੋਂ ਆਪਣੀ ਕਲਾਤਮਿਕ ਪ੍ਰਵਿਰਤੀ ਨੂੰ ਸੰਤੁਸ਼ਟ ਕਰਨ ਨੂੰ ਤਰਜ਼ੀਹ ਦਿੰਦੇ ਹਨ। ਉਹ ਫ਼ਕਰ ਕਿਸਮ ਦੇ ਹਮੇਸ਼ਾ ਹੀ ਆਪਣੀ ਕਲਾ ਨੂੰ ਪ੍ਰਣਾਏ ਰਹਿੰਦੇ ਹਨ।  ਉਹ ਉਠਦਿਆਂ, ਬੈਠਦਿਆਂ, ਖਾਂਦਿਆਂ, ਪੀਂਦਿਆ ਅਤੇ ਸਮਾਜ ਵਿਚ ਵਿਚਰਦਿਆਂ ਕਲਾ ਵਿਚ ਹੀ ਸਮੋਏ ਰਹਿੰਦੇ ਹਨ। ਅਜਿਹੇ ਕਲਾਕਾਰਾਂ ਵਿਚ ਪੰਜਾਬੀ ਸਭਿਆਚਾਰ, ਸਭਿਅਤਾ, ਪਹਿਰਾਵਾ ਅਤੇ ਪਰੰਪਰਾਵਾਂ ਤੇ ਪਹਿਰਾ ਦੇਣ ਵਾਲੇ ਸਰਬਕਲਾ ਸੰਪੂਰਨ ਇਨਸਾਨ ਅਤੇ ਕਲਾਕਾਰ ਹਨ, ਪ੍ਰਮਿੰਦਰਪਾਲ ਕੌਰ ਜਿਹੜੇ ਕਲਾ ਨੂੰ ਸਮੁੱਚੇ ਤੌਰ ਤੇ ਸਮਰਪਤ ਹਨ। ਕਲਾ ਉਨ੍ਹਾਂ ਦੇ ਰੋਮ ਰੋਮ ਵਿਚ ਰਸੀ ਹੋਈ ਹੈ। ਖਾਸ ਤੌਰ ਤੇ ਰੰਗਮੰਚ ਦੀ ਉਹ ਲੱਟੂ ਹੈ। ਨਾਟਕ ਤਿਆਰ ਕਰਨੇ ਉਨ੍ਹਾਂ ਦੀ ਨਿਰਦੇਸ਼ਨਾ ਕਰਨੀ ਅਤੇ ਆਪ ਹੀ ਉਨ੍ਹਾਂ ਨਾਟਕਾਂ ਵਿਚ ਨਾਇਕਾ ਦੀ ਭੂਮਿਕਾ ਨਿਭਾਉਣੀ ਉਸਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਘਰ ਫ਼ੂਕ ਤਮਾਸ਼ਾ ਵੇਖਣ ਵਾਲੀ ਨਾਇਕਾ ਹੈ। ਉਸਦੇ ਨਾਟਕਾਂ ਦੇ ਵਿਸ਼ੇ ਹਮੇਸ਼ਾ ਵਿਲੱਖਣ ਅਤੇ ਸਮਾਜਿਕ ਬੁਰਾਈਆਂ ਦੇ ਵਿਰੁਧ ਹੁੰਦੇ ਹਨ। ਖਾਸ ਤੌਰ ਤੇ ਇਸਤਰੀ ਜਾਤੀ ਤੇ ਹੋ ਰਹੀਆਂ ਘਿਨਾਉਣੀਆਂ ਹਰਕਤਾਂ ਦਾ ਪਰਦਾ ਫਾਸ ਕਰਨ ਵਾਲੇ ਹੁੰਦੇ ਹਨ। ਉਹ ਅਜਿਹੇ ਵਿਸ਼ੇ ਚੁਣਦੀ ਹੈ ਜਿਨ੍ਹਾਂ ਦੇ ਕਈ ਵਾਰ ਆਮ ਲੋਕ ਨਾਮ ਲੈਣ ਤੋਂ ਵੀ ਝਿਜਕਦੇ ਹਨ। ਬਲਾਤਕਾਰ, ਨਸ਼ੇ, ਵਿਧਵਾ ਇਸਤਰੀਆਂ ਦਾ ਜੀਉਣਾ, ਦਾਜ ਅਤੇ ਆਦਿ। ਪ੍ਰੰਤੂ ਉਨ੍ਹਾਂ ਵਿਚ ਇੱਕ ਖ਼ੂਬੀ ਇਹ ਵੀ ਹੈ ਕਿ ਉਸਨੇ ਪਹਿਲਾਂ ਆਪਣੇ ਪਰਿਵਾਰ ਨੂੰ ਆਪਣੇ ਪੈਰਾਂ ਤੇ ਖੜ੍ਹਾ ਕੀਤਾ ਅਤੇ ਫਿਰ ਆਪਣੀ ਪ੍ਰਵਿਰਤੀ ਨੂੰ ਅਮਲੀ ਰੂਪ ਦੇਣ ਲਈ ਆਪਣੇ ਆਪ ਨੂੰ ਸਮਰਪਤ ਕੀਤਾ। ਪ੍ਰਮਿੰਦਰ ਪਾਲ ਕੌਰ ਦਾ ਜਨਮ ਪਿਤਾ ਅਵਤਾਰ ਸਿੰਘ ਅਤੇ ਮਾਤਾ ਸੁਖਵੰਤ ਕੌਰ ਦੇ ਘਰ ਪਟਿਆਲਾ ਜਿਲ੍ਹੇ ਦੇ ਨਾਭਾ ਸ਼ਹਿਰ ਵਿਚ 16 ਜਨਵਰੀ 1950 ਨੂੰ ਹੋਇਆ। ਆਪ ਨੇ ਗ੍ਰੈਜੂਏਸ਼ਨ ਸਰਕਾਰੀ ਗਰਲਜ਼ ਕਾਲਜ ਪਟਿਆਲਾ ਤੋਂ ਪਾਸ ਕੀਤੀ। ਆਪ ਨੇ ਐਮ.ਏ. ਸੰਗੀਤ ਵਿਚ ਵੀ ਦਾਖਲਾ ਲੈ ਲਿਆ ਸੀ ਪ੍ਰੰਤੂ 24 ਦਸੰਬਰ 1972 ਵਿਚ ਆਪ ਦਾ ਵਿਆਹ ਗੁਰਬਖਸ਼ ਸਿੰਘ ਨਾਲ ਹੋ ਗਿਆ ਤੇ ਆਪ ਨੂੰੇ ਅੱਗੋਂ ਆਪਣੀ ਪੜ੍ਹਾਈ ਛੱਡਣੀ ਪਈ ਪ੍ਰੰਤੂ ਉਸਨੇ ਨਾਟਕਾਂ ਨਾਲ ਆਪਣੀ ਸਾਂਝ ਬਰਕਰਾਰ ਰੱਖੀ। ਗੁਰਬਖਸ਼ ਸਿੰਘ ਬਟਾਲਾ ਦੇ ਨੇੜੇ ਬਹਾਦਰਪੁਰਾ ਪਿੰਡ ਦਾ ਰਹਿਣ ਵਾਲਾ ਸੀ ਅਤੇ ਰੁੜਕੀ ਤੋਂ ਉਸ ਨੇ ਐਮ.ਐਸ.ਸੀ.ਕੈਮਿਸਟਰੀ ਕਰਕੇ ਲੈਕਚਰਾਰ ਲੱਗ ਗਏ। ਉਹ ਵਿਗਿਆਨਕ ਸੋਚ ਦਾ ਮਾਲਕ ਸੀ। ਪ੍ਰਮਿੰਦਰ ਪਾਲ ਕੌਰ ਕੋਮਲ ਕਲਾ ਵਾਲੀ ਕਲਾਕਾਰ ਸੀ। ਉਹ 1975 ਵਿਚ ਪੰਜਾਬ ਰਾਜ ਬਿਜਲੀ ਬੋਰਡ ਵਿਚੋਂ ਸੀਨੀਅਰ ਅਕਾਊਂਟਸ ਆਫੀਸਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ। ਆਪ ਨੂੰ ਸਕੂਲ ਦੇ ਸਮੇਂ ਤੋਂ ਹੀ ਨੱਚਣ ਦਾ ਸ਼ੌਕ ਸੀ। ਇਸ ਲਈ ਸਕੂਲ ਦੇ ਸਭਿਆਚਾਰਕ ਪ੍ਰੋਗਰਾਮਾਂ ਵਿਚ ਆਪ ਨੇ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਇਸ ਤੋਂ ਇਲਾਵਾ ਸਕੂਲ ਦੇ ਮੋਨੋ ਐਕਟਿੰਗ, ਭਾਸ਼ਣ ਪ੍ਰਤੀਯੋਗਤਾ ਅਤੇ ਗਿੱਧੇ ਦੇ ਮੁਕਾਬਲਿਆਂ ਵਿਚ ਵੀ ਹਿੱਸਾ ਲੈਣਾ ਸ਼ੁਰੂ ਕੀਤਾ, ਜਿਸ ਕਰਕੇ ਅਧਿਆਪਕਾਂ ਨੇ ਆਪ ਨੂੰ ਸਾਰੇ ਸਭਿਆਚਾਰਕ ਪ੍ਰੋਗਰਾਮਾਂ ਖਾਸ ਤੌਰ ਤੇ ਨਾਟਕਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਆ। ਬਸ ਫਿਰ ਤਾਂ ਆਪ ਨੂੰ ਆਪਣੀ ਕਲਾ ਦੇ ਜੌਹਰ ਵਿਖਾਉਣ ਦਾ ਮੌਕਾ ਮਿਲ ਗਿਆ। ਵਿਮੈਨ ਕਾਲਜ ਵਿਚ ਆਪ ਦੀ ਕਲਾ ਨੂੰ ਚੰਗਾ ਮੌਕਾ ਮਿਲਿਆ ਜਦੋਂ ਆਪ ਨੂੰ 15 ਅਗਸਤ ਅਤੇ 26 ਜਨਵਰੀ ਦੇ ਸਮਾਗਮਾਂ ਵਿਚ ਸ਼ਾਮਲ ਕੀਤਾ ਜਾਣ ਲੱਗ ਪਿਆ। ਆਪ ਨੂੰ 26 ਜਨਵਰੀ 1969 ਵਿਚ ਰਾਜ ਪੱਧਰ ਦੇ ਪ੍ਰੋਗਰਾਮ ਵਿਚ ਫੋਕ ਡਾਨਸਜ਼ ਵਿਚ ਚੰਗੀ ਕਲਾ ਦੇ ਜ਼ੌਹਰ ਵਿਖਾਉਣ ਕਰਕੇ ਸਟੇਟ ਕਲਰ ਮਿਲਿਆ, ਜਿਸਤੋਂ ਬਾਅਦ ਆਪਦੀ ਕਲਾ ਵਿਚ ਹੋਰ ਨਿਖਾਰ ਆ ਗਿਆ। ਯੂਨੀਵਰਸਿਟੀ ਦੇ ਯੂਥ ਫ਼ੈਸਟੀਵਲਾਂ ਦਾ ਵੀ ਆਪ ਸ਼ਿੰਗਾਰ ਹੁੰਦੀ ਸੀ। ਪੰਜਾਬੀ ਯੂਨੀਵਰਸਿਟੀ ਨੇ ਆਪ ਨੂੰ ਮੋਨੋ ਐਕਟਿੰਗ ਵਿਚ ਸੋਨੇ ਦਾ ਤਮਗ਼ਾ ਪ੍ਰਦਾਨ ਕੀਤਾ। ਇਸ ਉਤਸ਼ਾਹ ਨਾਲ ਆਪ ਨੇ ਨਾਟਕਾਂ ਵਿਚ ਰੋਲ ਕਰਨਾ ਸ਼ੁਰੂ ਕਰ ਦਿੱਤਾ ਅਤੇ 1978 ਵਿਚ ਆਈ.ਸੀ.ਨੰਦਾ ਦਾ ਨਾਟਕ ਕਿਰਾਏਦਾਰ ਆਪ ਨਿਰਦੇਸ਼ਤ ਕੀਤਾ ਅਤੇ ਉਸ ਵਿਚ ਆਪ ਨੇ ਐਕਟਿੰਗ ਵੀ ਕੀਤੀ। ਇਸ ਤੋਂ ਬਾਅਦ ਆਪ ਨੇ ਅਨੇਕਾਂ ਨਾਟਕਾਂ ਵਿਚ ਐਕਟਿੰਗ ਕੀਤੀ। ਆਪ ਦੀ ਕਲਾ ਤੇ ਨਾਟਕ ਨਿਰਦੇਸ਼ਨ ਦੀ ਪ੍ਰਤਿਭਾ ਨੂੰ ਵੇਖਕੇ ਪੰਜਾਬ ਰਾਜ ਬਿਜਲੀ ਬੋਰਡ ਨੇ ਆਪ ਨੂੰ ਡਿਪਟੀ ਡਾਇਰੈਕਟਰ ਸਭਿਆਚਾਰਕ ਲਗਾ ਦਿੱਤਾ। ਇਸ ਤੋਂ ਬਾਅਦ ਆਪ ਨੂੰ ਰੇਡੀਓ ਅਤੇ ਟੀ.ਵੀ. ਨੇ ਵੀ ਏ.ਗਰੇਡ ਕਲਾਕਾਰ ਪ੍ਰਵਾਣਤ ਕਰ ਦਿੱਤਾ। ਆਪ ਨੇ ਟੀ.ਵੀ.,ਫਿਲਮਾਂ ਅਤੇ ਟੈਲੀ ਫਿਲਮਾਂ ਵਿਚ ਵੀ ਕੰਮ ਕੀਤਾ। ਫਿਰ ਆਪ ਨੂੰ ਫਿਲਮਾਂ ਵਿਚ ਕੰਮ ਕਰਨ ਦੀਆਂ ਪੇਸ਼ਕਸ਼ਾਂ ਆਉਣ ਲੱਗ ਪਈਆਂ ਪ੍ਰੰਤੂ ਆਪਦੇ ਪਤੀ ਗੁਰਬਖਸ਼ ਸਿੰਘ ਦੀ ਅਚਾਨਕ ਅਚਾਨਕ 24 ਦਸੰਬਰ 1977 ਨੂੰ ਦਿਲ ਫੇਲ੍ਹ ਹੋਣ ਕਰਕੇ ਮੌਤ ਹੋ ਗਈ, ਜਿਸ ਕਰਕੇ ਆਪਣੇ ਛੋਟੇ ਬੱਚਿਆਂ ਦੀ ਪਰਵਰਿਸ਼ ਦੇ ਮੱਦੇ ਨਜ਼ਰ ਆਪ ਨੇ ਪਟਿਆਲਾ ਤੋਂ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ। ਆਪ ਇੱਕ ਦਬੰਗ ਨਿਰਦੇਸ਼ਕ ਅਤੇ ਕਲਾਕਾਰ ਹਨ। ਇਸਤਰੀਆਂ ਦੇ ਹੱਕਾਂ ਦੀ ਰਾਖੀ ਕਰਨ ਲਈ ਵਚਨਬੱਧ ਹੈ। ਆਪ ਨੂੰ ਪੰਜਾਬੀ ਅਕਾਦਮੀ ਨਵੀਂ ਦਿੱਲੀ ਨੇ 1989 ਵਿਚ ਨਾਟਕ ‘ਕੰਧਾਂ ਤੋਂ ਬਿਨਾ’ ਅਤੇ 1992 ਵਿਚ ‘ਉਧਾਰੀ ਕੁੱਖ’ ਕਿਰਪਾਲ ਕਜਾਕ ਵਲੋਂ ਲਿਖੇ ਨਾਟਕਾਂ ਨੂੰ ਨਿਰਦੇਸ਼ਤ ਕਰਨ ਲਈ ਸਰਵੋਤਮ ਨਿਰਦੇਸ਼ਕ ਦੇ ਅਵਾਰਡ ਦਿੱਤੇ ਗਏ। ਆਪ ਨੇ ਇੱਕ ਕਲਾਤਮਕ ਸੰਸਥਾ ਕਲਾਕ੍ਰਿਤੀ ਬਣਾਈ ਹੋਈ ਹੈ, ਜਿਸਦੇ ਆਪ ਡਾਇਰੈਕਟਰ ਹਨ। ਆਪ ਇਸ ਸੰਸਥਾ ਵਲੋਂ ਪਿਛਲੇ 20 ਸਾਲਾਂ ਤੋਂ ਇਸਤਰੀਆਂ ਦੀਆਂ ਸਮੱਸਿਆਵਾਂ ਜਿਹਨਾਂ ਵਿਚ ਦਾਜ, ਭਰੂਣ ਹੱਤਿਆ, ਬਲਾਤਕਾਰ ਵਰਗੇ ਸੰਜੀਦਾ ਵਿਸ਼ਿਆਂ ਤੇ ਸੈਮੀਨਾਰ ਕਰਵਾਕੇੋ ਇਸਤਰੀਆਂ ਨੂੰ ਸਮਾਜਕ ਬੁਰਾਈਆਂ ਬਾਰੇ ਜਾਗਰੂਕ ਕਰ ਰਹੇ ਹਨ। ਆਪ ਵਲੋਂ ਨਿਰਦੇਸ਼ਤ ਕੀਤੇ ਜਾਂਦੇ ਨਾਟਕਾਂ ਦੇ ਵਿਸ਼ੇ ਵੀ ਵਿਲੱਖਣ ਹੁੰਦੇ ਹਨ, ਜਿਨ੍ਹਾਂ ਬਾਰੇ ਆਮ ਤੌਰ ਤੇ ਨਿਰਦੇਸ਼ਕ ਕੰਮ ਕਰਨ ਨੂੰ ਤੇ ਲੋਕ ਸੁਣਨ ਨੂੰ ਤਿਆਰ ਨਹੀਂ ਹੁੰਦੇ । ਉਦਾਹਰਨ ਲਈ ਵਿਧਵਾ ਇਸਤਰੀਆਂ ਦੀ ਜ਼ਿੰਦਗੀ, ਜਦੋਜਹਿਦ ਅਤੇ ਮੁਸ਼ਕਲਾਂ ਅਤੇ ਬਲਾਤਕਾਰ ਵਰਗੇ ਗੰਭੀਰ ਵਿਸ਼ਿਆਂ ਤੇ ਵੀ ਆਪ ਨੇ ਆਪਣੀ ਪ੍ਰਤਿਭਾ ਨਾਲ ਨਾਟਕ ਨਿਰਦੇਸ਼ਤ ਕਰਕੇ ਨਾਮਣਾਂ ਖੱਟਿਆ ਹੈ। ਨਸ਼ਿਆਂ ਦੀ ਸਮਾਜਕ ਬੁਰਾਈ ਬਾਰੇ ਆਪਦਾ ਨਿਰਦੇਸ਼ਤ ਕੀਤਾ ਨਾਟਕ ‘ਕੋਈ ਦਿਓ ਜਵਾਬ’ ਦੇ ਅਨੇਕਾਂ ਸ਼ੋ ਹੋ ਚੁੱਕੇ ਹਨ ਤੇ ਜਿਸਨੂੰ ਲੋਕਾਂ ਵਲੋਂ ਬੇਹਦ ਸਲਾਹਿਆ ਜਾ ਰਿਹਾ ਹੈ। ਆਪ ਨੇ ਅਗਸਤ 1989 ਵਿਚ ਜਾਪਾਨ ਵਿਚ ਹੋਏ ਥੇਟਰ ਫੈਸਟੀਵਲ ਵਿਚ ਵੀ ਹਿੱਸਾ ਲਿਆ। ਨੌਕਰੀਆਂ ਕਰ ਰਹੀਆਂ ਇਸਤਰੀਆਂ ਤੇ ਦਫਤਰਾਂ ਵਿਚ ਹੋ ਰਹੇ ਜ਼ੁਲਮਾਂ ਬਾਰੇ ਬਣੀਆਂ ਕਮੇਟੀਆਂ ਦੇ ਵੀ ਆਪ ਮੈਂਬਰ ਹਨ। ਆਪ ਰੋਟਰੀ ਕਲੱਬ ਦੇ ਵੀ ਪ੍ਰਧਾਨ ਰਹੇ ਹਨ। ਆਪ ਨੂੰ ਫਾਊਂਡੇਸ਼ਨ ਆਫ ਰੋਟਰੀ ਇੰਟਰਨੈਸ਼ਨਲ ਵਲੋਂ ਪਾਲ ਹੈਰਿਸ ਫੈਲੋ ਆਫ ਦਾ ਰੋਟਰੀ ਵੀ ਮਿਲੀ ਹੋਈ ਹੈ। ਆਪ ਆਪਣੀ ਸੰਸਥਾ ਰਾਹੀਂ ਗ਼ਰੀਬ ਲੜਕੀਆਂ ਦੇ ਵਿਆਹਾਂ ਅਤੇ ਸਕੂਲਾਂ ਦੀਆਂ ਗ਼ਰੀਬ ਬੱਚੀਆਂ ਨੂੰ ਵਰਦੀਆਂ, ਕਾਪੀਆਂ ਕਿਤਾਬਾਂ ਆਦਿ ਦੇ ਕੇ ਵੀ ਸਮਾਜ ਸੇਵਾ ਕਰ ਰਹੀ ਹੈ। ਪ੍ਰਮਿੰਦਰ ਪਾਲ ਕੌਰ ਇੱਕ ਸੰਸਥਾ ਤੋਂ ਵੀ ਵੱਧ ਕੰਮ ਕਰ ਰਹੀ ਹੈ। ਪ੍ਰਮਿੰਦਰ ਪਾਲ ਕੌਰ ਦੀ ਸਭ ਤੋਂ ਵੱਡੀ ਖ਼ੂਬੀ, ਦਲੇਰੀ ਅਤੇ ਬਹਾਦਰੀ ਇਸੇ ਵਿਚ ਹੈ ਕਿ ਉਸਨੇ ਜ਼ਿੰਦਗੀ ਦੀਆਂ ਠੋਕਰਾਂ, ਵਕਤ ਦੀਆਂ ਕਰੋਪੀਆਂ, ਸਮਾਜ ਦੀਆਂ ਪਾਬੰਦੀਆਂ, ਹਾਲਾਤ ਦੀਆਂ ਮਜ਼ਬੂਰੀਆਂ, ਦਿਲ ਦੀਆਂ ਤਨਹਾਈਆਂ ਅਤੇ ਅਨੇਕਾਂ ਔਕੜਾਂ ਜਿਹੜੀਆਂ 27 ਸਾਲ ਦੀ ਭਰ ਜਵਾਨੀ ਵਿਚ ਸਿਰ ਦੇ ਸਾਂਈ ਦਾ ਸਾਇਆ ਉੱਠ ਜਾਣ ਤੇ ਆਉਂਦੀਆਂ ਹਨ, ਦੇ ਬਾਵਜੂਦ ਵੀ ਦਿਲ ਨਹੀਂ ਛੱਡਿਆ, ਹਥਿਆਰ ਨਹੀਂ ਸੁੱਟੇ ਅਤੇ ਨਾ ਹੀ ਹਾਰ ਮੰਨੀ ਹੈ, ਬਲਿਕ ਤਲਖ ਹਕੀਕਤਾਂ ਦਾ ਮੁਕਾਬਲਾ ਕਰਦਿਆਂ ਜ਼ਿੰਦਗੀ ਨੂੰ ਖ਼ੁਸੀ ਖ਼ੁਸ਼ੀ ਜੀਵਿਆ ਅਤੇ ਬੱਚਿਆਂ ਦੀ ਜ਼ਿੰਦਗੀ ਨੂੰ ਸੰਵਾਰਕੇ ਸੰਭਲਦੇ ਹੋਏ, ਉਨ੍ਹਾਂ ਨੂੰ ਸਮਾਜ ਵਿਚ ਇੱਜਤ ਤੇ ਮਾਣ ਨਾਲ ਜੀਵਨ ਜਿਓਣ ਦਾ ਢੰਗ ਸਿਖਾਇਆ ਹੈ। ਹਮੇਸ਼ਾ ਚੜ੍ਹਦੀ ਕਲਾ ਵਿਚ ਜੀਵਨ ਜਿਓਣ ਨੂੰ ਅਪਣਾਇਆ ਹੈ। ਅਸਲ ਵਿਚ ਉਨ੍ਹਾਂ ਹਾਲਾਤ ਨੂੰ ਹਰਾਕੇ ਸਮੁੱਚੀ ਇਸਤਰੀ ਜਾਤੀ ਦਾ ਮਾਰਗ ਦਰਸ਼ਨ ਕੀਤਾ ਹੈ ਅਤੇ ਇਹ ਦੱਸਿਆ ਹੈ ਕਿ ਔਰਤ ਅਬਲਾ ਨਹੀਂ ਸਗੋਂ ਜ਼ਿੰਦਗੀ ਦੇ ਹਰ ਸੋਹਬੇ ਵਿਚ ਸਫਲਤਾ ਪ੍ਰਾਪਤ ਕਰਨ ਦੇ ਸਮਰੱਥ ਹੈ।

Comments

Popular posts from this blog

ਹਰਪ੍ਰੀਤ ਕੌਰ ਸੰਧੂ ਦੀ ‘ਜ਼ਿੰਦਗੀ ਦੇ ਰੂਬਰੂ’ ਪੁਸਤਕ ਜ਼ਿੰਦਗੀ ਜਿਓਣ ਦੇ ਬਿਹਤਰੀਨ ਨੁਸਖ਼ੇ

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ

ਪੰਜਾਬੀ ਭਾਸ਼ ਦਾ ਵਿਦੇਸ਼ਾਂ ਵਿਚ ਪਰਚਮ ਲਹਿਰਾਉਣ ਵਾਲਾ ਸਾਹਿਤਕਾਰ ਰਵਿੰਦਰ ਰਵੀ