ਡਾ.ਸਰਬਜੀਤ ਕੰਗਣੀਵਾਲ ਦੀ ‘ਪੰਜਾਬ ਦੀ ਖੱਬੀ ਲਹਿਰ (ਬਸਤੀਵਾਦ ਤੋਂ ਮੁਕਤੀ ਤੱਕ)’ ਖੋਜੀ ਪੁਸਤਕ
ਡਾ . ਸਰਬਜੀਤ ਸਿੰਘ ਕੰਗਣੀਵਾਲ ਖੋਜੀ ਪੱਤਰਕਾਰ , ਲੇਖਕ ਤੇ ਸੰਪਾਦਕ ਹੈ । ਉਹ ਜਿਹੜਾ ਵੀ ਕਾਰਜ਼ ਕਰਦਾ ਹੈ , ਉਸਦੀ ਡੂੰਘਾਈ ਤੱਕ ਜਾਣਕਾਰੀ ਪ੍ਰਾਪਤ ਕਰਕੇ ਮੁਕੰਮਲ ਕਰਦਾ ਹੈ , ਭਾਵੇਂ ਕਿਤਨਾ ਵੀ ਸਮਾਂ ਲੱਗ ਜਾਵੇ । ਮੁੱਢਲੇ ਤੌਰ ‘ ਤੇ ਉਹ ਖੱਬੇ ਪੱਖੀ ਸੋਚ ਦਾ ਧਾਰਨੀ ਹੈ । ਸਰਬਜੀਤ ਕੰਗਣੀਵਾਲ ਸਿਰੜ੍ਹੀ , ਮਿਹਨਤੀ ਅਤੇ ਦ੍ਰਿੜ੍ਹਤਾਵਾਦੀ ਲੇਖਕ ਹੈ । ਇਸ ਕਰਕੇ ਉਸਨੇ ਖੱਬੇ ਪੱਖੀ ਲਹਿਰ ਨੂੰ ਪੰਜ ਜਿਲਦਾਂ ਵਿੱਚ ਪ੍ਰਕਾਸ਼ਤ ਕਰਨ ਦਾ ਦ੍ਰਿੜ੍ਹ ਨਿਸਚਾ ਕੀਤਾ , ਇਸ ਦੀ ਪਹਿਲੀ ਜਿਲਦ ‘ ਪੰਜਾਬ ਦੀ ਖੱਬੀ ਲਹਿਰ ’ ( ਬਸਤੀਵਾਦ ਤੋਂ ਮੁੱਕਤੀ ਤੱਕ ) ਪ੍ਰਕਾਸ਼ਤ ਕੀਤੀ ਹੈ । ਇਸ ਪੁਸਤਕ ਨੂੰ ਉਸਨੇ 7 ਅਧਿਆਇ ਵਿੱਚ ਵੰਡਿਆ ਹੈ । ਉਸਨੇ ਖੱਬੇ ਪੱਖੀ ਲਹਿਰ ਦੀ ਸੰਸਾਰ , ਭਾਰਤ ਅਤੇ ਪੰਜਾਬ ਵਿੱਚ ਸ਼ੁਰੂ ਤੋਂ ਲੈ ਕੇ ਅਖ਼ੀਰ ਤੱਕ ਇਤਿਹਾਸਕ ਪ੍ਰਗਤੀ ਅਤੇ ਖੋਜ ਭਰਪੂਰ ਤੱਥਾਂ ‘ ਤੇ ਅਧਾਰਤ ਜਾਣਕਾਰੀ ਦਿੱਤੀ ਹੈ । ਪਹਿਲੇ ਅਧਿਆਇ ਵਿੱਚ ਲਹਿਰ ਦੀ ਪੰਜਾਬ ਵਿੱਚ ਸ਼ੁਰੂਆਤ ਤੋਂ ਜਾਣਕਾਰੀ ਦਿੱਤੀ ਗਈ ਹੈ । ਭੂਗੋਲਿਕ ਤੌਰ ‘ ਤੇ ਵੈਦਿਕ ਕਾਲ ਵਿੱਚ ਸੱਤ ਦਰਿਆ ਦੇ ਇਲਾਕੇ ਨੂੰ ਸਪਤ ਸਿੰਧੂ ਤੇ ਯੂਨਾਨੀਆਂ ਦੇ ਸਮੇਂ ਪੰਜ ਦਰਿਆ ਹੋਣ ਕਰਕੇ ਪੰਜਾਬ ਬਣ ਗਿਆ । ਪੰਦ...