ਰਵਿੰਦਰ ਸਿੰਘ ਸੋਢੀ ਦਾ ਕਾਵਿ ਸੰਗ੍ਰਹਿ ‘ਰਾਵਣ ਹੀ ਰਾਵਣ’ ਸਮਾਜਿਕ ਸਰੋਕਾਰਾਂ ਦਾ ਪ੍ਰਤੀਕ

ਰਵਿੰਦਰ ਸਿੰਘ ਸੋਢੀ ਸਰਬੰਗੀ ਸਾਹਿਤਕਾਰ ਹੈ । ਉਹ ਪੰਜਾਬੀ ਦਾ ਅਧਿਆਪਕ ਰਿਹਾ ਹੈ । ਇਸ ਲਈ ਉਸਦੀ ਸਾਹਿਤ ਦੇ ਹਰ ਰੂਪ ਦੀ ਮੁਹਾਰਤ ਹੈ । ਉਸਨੇ ਸਾਹਿਤ ਦੇ ਸਾਰੇ ਰੂਪਾਂ ‘ ਤੇ ਹੱਥ ਅਜਮਾਇਆ ਹੈ । ਮੁੱਖ ਤੌਰ ‘ ਤੇ ਉਹ ਵਾਰਤਕਾਰ ਹੈ । ਉਸ ਦੀਆਂ ਡੇਢ ਦਰਜਨ ਪੁਸਤਕਾਂ ਸਾਹਿਤ ਦੀਆਂ ਵੱਖ - ਵੱਖ ਵਿਧਾਵਾਂ ਵਿੱਚ ਪ੍ਰਕਾਸ਼ਤ ਹੋ ਚੁੱਕੀਆਂ ਹਨ , ਪ੍ਰੰਤੂ ਉਸਨੇ ਬਹੁਤੇ ਨਾਟਕ ਲਿਖੇ ਹਨ । ਉਸ ਦੀਆਂ ਨਾਟਕ , ਆਲੋਚਨਾ , ਖੋਜ , ਜੀਵਨੀ , ਕਹਾਣੀ ਅਤੇ ਕਵਿਤਾ ਦੀਆਂ ਪੁਸਤਕਾਂ ਸਾਹਿਤਕ ਖੇਤਰ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਹਨ । ਕਵੀ ਹੋਣ ਕਰਕੇ ਉਸ ਦੀ ਵਾਰਤਕ ਰਸਦਾਇਕ ਹੁੰਦੀ ਹੈ । ਉਸ ਦੀਆਂ ਕਵਿਤਾ ਦੀਆਂ ਦੋ ਪੁਸਤਕਾਂ ‘ ਧੰਨਵਾਦ ! ਧੰਨਵਾਦ ! ਧੰਨਵਾਦ !’ ਅਤੇ ‘ ਅੱਧਾ ਅੰਬਰ ਅੱਧੀ ਧਰਤੀ ’ ਪ੍ਰਕਾਸ਼ਤ ਹੋ ਚੁੱਕੀਆਂ ਹਨ । ਚਰਚਾ ਅਧੀਨ ‘ ਰਾਵਣ ਹੀ ਰਾਵਣ ’ ਉਸਦਾ ਤੀਜਾ ਕਾਵਿ ਸੰਗ੍ਰਹਿ ਹੈ । ਇਸ ਕਾਵਿ ਸੰਗ੍ਰਹਿ ਵਿੱਚ 43 ਰਚਨਾਵਾਂ , ਜਿਨ੍ਹਾਂ ਵਿੱਚ 18 ਗ਼ਜ਼ਲਾਂ , 19 ਕਵਿਤਾਵਾਂ ਅਤੇ 6 ਗੀਤ ਸ਼ਾਮਲ ਹਨ । ਕਵੀ ਨੇ ਸਮਾਜਿਕ ਅਲਾਮਤਾਂ ਨੂੰ ਰਾਵਣ ਦਾ ਦਰਜਾ ਦਿੱਤਾ ਹੈ । ਸਮਾਜ ਆਪਣੇ ਅੰਦਰਲੇ ਰਾਵਣ ਨੂੰ ਤਾਂ ਮਾਰਦਾ ਨਹੀਂ ਪ੍ਰੰਤੂ ਹਰ ਸਾਲ ਰਾਵਣ ਦੇ ਪੁਤਲੇ ਨੂੰ ਸ...