ਬਿੰਦਰ ਸਿੰਘ ਖੁੱਡੀ ਕਲਾਂ ਦਾ ਕਹਾਣੀ ਸੰਗ੍ਰਹਿ ‘ਵਾਪਸੀ ਟਿਕਟ’ ਮਾਨਵੀ ਦਰਦ ਦੀ ਦਾਸਤਾਂ

‘ ਵਾਪਸੀ ਟਿਕਟ ’ ਬਿੰਦਰ ਸਿੰਘ ਖੁੱਡੀ ਕਲਾਂ ਦਾ ਦੂਜਾ ਕਹਾਣੀ ਸੰਗ੍ਰਹਿ ਹੈ । ਇਸ ਤੋਂ ਪਹਿਲਾਂ ਉਸਦਾ ਮਿੰਨਂੀ ਕਹਾਣੀ ਸੰਗ੍ਰਹਿ ‘ ਕੋਸੀ ਕੋਸੀ ਧੁੱਪ ’ ਪ੍ਰਕਾਸ਼ਤ ਹੋਇਆ ਸੀ । ‘ ਵਾਪਸੀ ਟਿਕਟ ’ ਕਹਾਣੀ ਸੰਗ੍ਰਹਿ ਵਿੱਚ 16 ਕਹਾਣੀਆਂ ਹਨ । ਇਨ੍ਹਾਂ ਕਹਾਣੀਆਂ ਦੀ ਸ਼ਬਦਾਵਲੀ ਠੇਠ ਮਲਵਈ ਹੈ । ਕਹਾਣੀਆਂ ਵਾਰਤਾਲਾਪ ਸ਼ੈਲੀ ਵਿੱਚ ਲਿਖੀਆਂ ਗਈਆਂ ਹਨ । ਕਹਾਣੀਆਂ ਦੇ ਵਿਸ਼ੇ ਰੋਜ਼ ਮਰਰ੍ਹਾ ਦੀ ਸ਼ਹਿਰੀ ਤੇ ਦਿਹਾਤੀ ਜ਼ਿੰਦਗੀ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਅਤੇ ਉਨ੍ਹਾਂ ਦੀਆਂ ਪ੍ਰਤੀਕਿ੍ਰਆਵਾਂ ਹਨ । ਭਾਵ ਉਨ੍ਹਾਂ ਦੀਆਂ ਕਹਾਣੀਆਂ ਦੀ ਇਹ ਪੁਸਤਕ ਸਮਜਿਕ ਸਰੋਕਾਰਾਂ ਨਾਲ ਸੰਬੰਧਤ ਹੈ । ਸਾਰੀਆਂ ਕਹਾਣੀਆਂ ਵਿੱਚ ਦਿਲਚਸਪੀ ਵੀ ਬਰਕਰਾਰ ਰਹਿੰਦੀ ਹੈ , ਇਹ ਜਾਨਣ ਲਈ ਕਿ ਅੱਗੇ ਕੀ ਹੋਵੇਗਾ ? ਸਮਾਜਿਕ ਪ੍ਰਣਾਲੀ ਵਿੱਚ ਜੋ ਵਾਪਰ ਰਿਹਾ ਹੈ , ਕਹਾਣੀਕਾਰ ਨੂੰ ਉਹ ਪ੍ਰਭਾਵਤ ਕਰ ਰਿਹਾ ਹੈ । ਬਿੰਦਰ ਸਿੰਘ ਖੁੱਡੀ ਕਲਾਂ ਨੂੰ ਯਥਾਰਥਵਾਦੀ ਕਹਾਣੀਕਾਰ ਵੀ ਕਿਹਾ ਜਾ ਸਕਦਾ ਹੈ । ਉਸ ਦੀਆਂ ਕਹਾਣੀਆਂ ਸਮਾਜਿਕ ਜੀਵਨ ਵਿੱਚ ਆ ਰਹੀ ਗਿਰਾਵਟ ਦੀ ਤ੍ਰਾਸਦੀ ਦਾ ਜ਼ਿਕਰ ਵੀ ਕਰਦੀਆਂ ਹਨ । ਸਮਾਜਿਕ ਤਾਣੇ ਬਾਣੇ ਵਿੱਚ ਲੋਭ , ਲਾਲਚ , ਫਰੇਬ , ਨਸ਼ੇ , ਗ਼ਰੀਬੀ , ਇਸਤਰੀਆਂ ਦੀ ਦੁਰਦਸ਼ਾ ਅਤੇ ਰਿਸ਼ਤਿਆਂ ਵਿੱਚ ਆ...