ਸੀਨੀਅਰ ਸਿਟੀਜ਼ਨਜ਼ ਦੀ ਸ਼ਹਿਰੀ ਸੱਥ ਦੀ ਮਹਿਫਲ ਦੀਆਂ ਖ਼ੁਸ਼ਬੋਆਂ
ਪਿੰਡਾਂ ਦੀਆਂ ਸੱਥਾਂ ਦੀਆਂ ਰੌਣਕਾਂ ਅਲੋਪ ਹੋ ਗਈਆਂ ਹਨ । ਆਧੁਨਿਕਤਾ ਦੀ ਪਾਣ ਚੜ੍ਹਨ ਕਰਕੇ ਪੰਜਾਬ ਦੇ ਪਿੰਡਾਂ ਵਿੱਚ ਸੱਥਾਂ ਦੀ ਪ੍ਰਵਿਰਤੀ ਖ਼ਤਮ ਹੋ ਗਈ ਹੈ । ਕਿਸੇ ਸਮੇਂ ਪਿੰਡਾਂ ਦੇ ਲੋਕਾਂ ਨੂੰ ਸੰਸਾਰ ਵਿੱਚ ਵਾਪਰ ਰਹੀਆਂ ਘਟਨਾਵਾਂ ਬਾਰੇ ਦਰਵਾਜ਼ਿਆਂ ਵਿੱਚ ਬੈਠੀਆਂ ਸੱਥਾਂ ਤੋਂ ਹੀ ਜਾਣਕਾਰੀ ਮਿਲਦੀ ਸੀ । ਇਥੋਂ ਤੱਕ ਕਿ ਪਿੰਡ ਦੀਆਂ ਸਮਾਜਕ , ਸਿਆਸੀ ਸਰਗਰਮੀਆਂ ਅਤੇ ਨਿੱਕੀਆਂ ਨਿੱਕੀਆਂ ਗੱਲਾਂ ਬਾਰੇ ਜਾਣਕਾਰੀ ਵੀ ਇਨ੍ਹਾਂ ਸੱਥਾਂ ਵਿੱਚੋਂ ਹੀ ਲੈਣੀ ਪੈਂਦੀ ਸੀ । ਇਹ ਸੱਥਾਂ ਪਿੰਡਾਂ ਦੇ ਲੋਕਾਂ ਵਿੱਚ ਸਦਭਾਵਨਾ ਪੈਦਾ ਕਰਨ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਸਨ । ਇਥੋਂ ਤੱਕ ਕਿ ਛੋਟੇ ਮੋਟੇ ਝਗੜੇ ਇਨ੍ਹਾਂ ਸੱਥਾਂ ਵਿੱਚ ਹੀ ਨਿਪਟਾ ਲਏ ਜਾਂਦੇ ਸਨ । ਇਕ ਕਿਸਮ ਨਾਲ ਉਹ ਪਿੰਡਾਂ ਦੀਆਂ ਸੱਥਾਂ ਅੱਜ ਦੇ ਵਟਸ ਅਪ ਗਰੁਪਾਂ ਵਰਗੀਆਂ ਹੀ ਹੁੰਦੀਆਂ ਸਨ ਕਿਉਂਕਿ ਇਕ ਥਾਂ ਤੋਂ ਹਰ ਤਰ੍ਹਾਂ ਦੀ ਖ਼ੁਸ਼ੀ ਤੇ ਗ਼ਮੀ ਦੀ ਖ਼ਬਰ ਮਿਲਦੀ ਸੀ । ਉਨ੍ਹਾਂ ਦਿਨਾ ਵਿੱਚ ਅਖ਼ਬਾਰ ਵੀ ਬਹੁਤ ਘੱਟ ਪ੍ਰਕਾਸ਼ਤ ਹੁੰਦੇ ਸਨ , ਜਿਹੜੇ ਪੰਜਾਬੀ / ਹਿੰਦੀ / ਉਰਦੂ ਦੇ ਮੁੱਖ ਅਖ਼ਬਾਰ ਪੰਜਾਬ ਵਿੱਚ ਜਲੰਧਰ ਤੋਂ ਪ੍ਰਕਾਸ਼ਤ ਹੁੰਦੇ ਸਨ , ਉਦੋਂ ਅਖ਼ਬਾਰ ਪਿੰਡਾਂ ਵਿੱਚ ਆਉਂਦੇ ਨਹੀਂ ਸਨ । ਸ਼ਹਿ...